ਜਗਤਾਰ ’ਤੇ ਕਦੇ ਸ਼ੱਕ ਨਹੀਂ ਹੋਇਆ - ਜਗਤਾਰ ਦੇ ਸਹੁਰੇ

ਜਗਤਾਰ ਦੀ ਸੱਸ (ਖੱਬੇ ਪਾਸੇ) ਤੇ ਉਸਦਾ ਇੱਕ ਰਿਸ਼ਤੇਦਾਰ
ਫੋਟੋ ਕੈਪਸ਼ਨ ਜਗਤਾਰ ਦੀ ਸੱਸ (ਖੱਬੇ ਪਾਸੇ) ਤੇ ਉਸਦਾ ਇੱਕ ਰਿਸ਼ਤੇਦਾਰ

ਪੰਜਾਬ ਵਿੱਚ ਹੋਏ ਸਿਆਸੀ ਕਤਲਾਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਬ੍ਰਿਤਾਨੀ ਨਾਗਰਿਕ ਜਗਤਾਰ ਜੌਹਲ ਦੇ ਸੁਹਰੇ ਪਰਿਵਾਰ ਨੇ ਆਪਣੀ ਧੀ ਦੇ ਜਗਤਾਰ ਨਾਲ ਰਿਸ਼ਤੇ ਬਾਰੇ ਕੁਝ ਅਹਿਮ ਤੱਥ ਦੱਸੇ ਹਨ।

ਜਗਤਾਰ ਸਿੰਘ ਜੌਹਲ ਨੂੰ ਸ਼ੁਕਰਵਾਰ ਨੂੰ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਵਿਆਹ ਤੇ ਕਰੀਬ 10 ਦਿਨਾਂ ਬਾਅਦ 4 ਨਵੰਬਰ ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੀ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਦਾ ਇਲਜ਼ਾਮ ਹੈ ਕਿ ਪੰਜਾਬ ਵਿੱਚ ਹੋਏ ਸਿਆਸੀ ਕਤਲਾਂ ਲਈ ਪੈਸਾ ਜਗਤਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ। ਜਗਤਾਰ ਦੇ ਵਕੀਲ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਤੱਥਾਂ ਤੋਂ ਪਰੇ ਦੱਸਿਆ ਹੈ।

ਬ੍ਰਿਟੇਨ ਦੀ ਜਗਤਾਰ ਜੌਹਲ ਮਾਮਲੇ 'ਤੇ ਨਜ਼ਰ

ਭਗਵੰਤ ਮਾਨ ਵੱਲੋਂ ਜਗਤਾਰ ਦੇ ਕਨੂੰਨੀ ਹੱਕਾਂ ਦੀ ਗੱਲ

ਫ਼ਿਲਹਾਲ ਜਗਤਾਰ ਜੁਲਾਈ 2017 ਵਿੱਚ ਹੋਏ ਪਾਦਰੀ ਸੁਲਤਾਨ ਮਸੀਹ ਦੇ ਕਤਲ ਮਾਮਲੇ ਵਿੱਚ ਪੁਲਿਸ ਰਿਮਾਂਡ 'ਤੇ ਹੈ।

'ਸਾਰਾ ਕੁਝ ਦੇਖਭਾਲ ਕੇ ਵਿਆਹ ਕੀਤਾ'

ਜਗਤਾਰ ਸਿੰਘ ਜੌਹਲ ਬਾਰੇ ਉਨ੍ਹਾਂ ਦੇ ਸੁਹਰੇ ਬਲਵਿੰਦਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਜਗਤਾਰ ਬਾਰੇ ਪੂਰੀ ਪੁੱਛ-ਪੜਤਾਲ ਕਰਕੇ ਕੀ ਆਪਣੀ ਕੁੜੀ ਦਾ ਵਿਆਹ ਉਸ ਨਾਲ ਕੀਤਾ ਸੀ।

ਉਨ੍ਹਾਂ ਕਿਹਾ, "ਅਸੀਂ ਸਾਰਾ ਕੁਝ ਦੇਖਭਾਲ ਕੇ ਵਿਆਹ ਕੀਤਾ।''

ਬਾਘਾ ਪੁਰਾਣਾ ਅਦਾਲਤ ਦੇ ਬਾਹਰ ਬਲਵਿੰਦਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਜਗਤਾਰ ਜੌਹਲ 2 ਅਕਤੂਬਰ ਨੂੰ ਭਾਰਤ ਆਇਆ ਸੀ ਅਤੇ ਵਿਆਹ ਤੋਂ ਦੋ ਹਫ਼ਤਿਆਂ ਬਾਅਦ ਮੋਗਾ ਜ਼ਿਲ੍ਹੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।''

ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣਵਾਲੇ ਬਲਵਿੰਦਰ ਨੇ ਕਿਹਾ ਕਿ ਇਹ ਇੱਕ ਮੁਕੰਮਲ ਵਿਆਹ ਵਾਂਗ ਸੀ।

ਫੋਟੋ ਕੈਪਸ਼ਨ ਜਗਤਾਰ ਜੌਹਲ ਦੀ ਗੁਰਪ੍ਰੀਤ ਨਾਲ ਮੁਲਾਕਾਤ ਇੱਕ ਰਿਸ਼ਤੇਦਾਰ ਨੇ ਕਰਵਾਈ ਸੀ

ਬਲਵਿੰਦਰ ਨੇ ਕਿਹਾ, "ਸਾਡੀ ਧੀ ਗੁਰਪ੍ਰੀਤ 29 ਸਾਲ ਦੀ ਹੈ ਅਤੇ ਜਗਤਾਰ ਦੀ ਉਮਰ 30 ਸਾਲ ਹੈ। ਸਾਡੀ ਧੀ ਸੁੰਦਰ ਹੈ ਤੇ ਜਗਤਾਰ ਵੀ ਸੋਹਣਾ ਹੈ ਤੇ ਉਹ ਦੋਵੇਂ ਮੇਲ ਖਾਂਦੇ ਹਨ। ਫਿਰ ਸਾਡੀ ਦੂਜੀ ਧੀ ਦਾ ਵਿਆਹ ਵੀ ਯੂ ਕੇ ਵਿੱਚ ਹੀ ਹੋਇਆ ਹੈ।"

'ਜਗਤਾਰ 'ਤੇ ਕਦੇ ਸ਼ੱਕ ਨਹੀਂ ਹੋਇਆ'

ਗੁਰਪ੍ਰੀਤ ਫਗਵਾੜਾ ਦੇ ਨੇੜੇ ਨਰਸਿੰਗ ਕੋਰਸ ਕਰ ਰਹੀ ਸੀ ਉੱਥੇ ਹੀ ਉਸਦੀ ਜਗਤਾਰ ਨਾਲ ਇੱਕ ਦੂਰ ਦੇ ਰਿਸ਼ਤੇਦਾਰ ਨੇ ਮੁਲਾਕਾਤ ਕਰਵਾਈ।

ਜਦੋਂ ਜਗਤਾਰ ਦੀ ਸੱਸ ਅਮਨਦੀਪ ਤੋਂ ਪੁੱਛਿਆ ਕਿ ਉਨ੍ਹਾਂ ਵੱਲੋਂ ਜਗਤਾਰ ਦੇ ਪਿਛੋਕੜ ਬਾਰੇ ਪੁੱਛਗਿੱਛ ਕੀਤੀ ਗਈ ਸੀ ਤਾਂ ਉਨ੍ਹਾਂ ਕਿਹਾ, "ਜਗਤਾਰ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਸਾਲ ਪਹਿਲਾਂ ਹੋਈ ਸੀ।''

ਬਲਵਿੰਦਰ ਅਤੇ ਅਮਨਦੀਪ ਨੇ ਕਿਹਾ, "ਪਰ ਜਗਤਾਰ 'ਤੇ ਸਾਨੂੰ ਕਦੇ ਕੋਈ ਸ਼ੱਕ ਨਹੀਂ ਹੋਇਆ।"

ਫੋਟੋ ਕੈਪਸ਼ਨ ਜਗਤਾਰ ਦੇ ਰਿਸ਼ਤੇਦਾਰ ਬਾਘਾ ਪੁਰਾਣਾ ਕੋਰਟ ਦੇ ਬਾਹਰ

ਪੰਜ ਮਹੀਨਿਆਂ ਪਹਿਲਾਂ ਹੀ ਜਗਤਾਰ ਦੀ ਮੰਗਣੀ ਹੋਈ ਸੀ। ਫਿਰ ਨਕੋਦਰ ਦੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਹੋਇਆ ਸੀ। ਵਿਆਹ ਸਮਾਗਮ ਲਈ ਯੂ ਕੇ ਤੋਂ ਜਗਤਾਰ ਦੇ ਪਰਿਵਾਰ ਦੇ ਕੁਲ 50 ਮੈਂਬਰ ਆਏ ਸਨ।

ਬਲਵਿੰਦਰ ਨੇ ਕਿਹਾ, "ਜੇ ਕੋਈ ਸ਼ੱਕ ਦੀ ਗੱਲ ਹੁੰਦੀ ਤਾਂ ਕੀ ਪਰਿਵਾਰ ਉਸ ਨੂੰ ਪਿੱਛੇ ਛੱਡ ਕੇ ਜਾਂਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)