ਨਰਿੰਦਰ ਮੋਦੀ ਦੀ ਖੱਲ ਉਧੜਵਾ ਲਵਾਂਗੇ : ਤੇਜ ਪ੍ਰਤਾਪ

ਤੇਜ ਪ੍ਰਤਾਪ Image copyright Facebook

ਕੇਂਦਰ ਸਰਕਾਰ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਦੀ ਜ਼ੈੱਡ ਪਲੱਸ ਸੁਰੱਖਿਆ ਹਟਾ ਲਈ ਹੈ। ਉਸ ਤੋਂ ਬਾਅਦ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ।

ਇਸ ਫੈਸਲੇ ਉੱਤੇ ਨਾਰਾਜ਼ਗੀ ਦਿਖਾਉਣ ਦੇ ਚੱਕਰ ਵਿੱਚ ਲਾਲੂ ਦਾ ਪੁੱਤ ਭਾਸ਼ਾ ਦੀ ਮਰਿਯਾਦਾ ਵੀ ਲੰਘ ਗਿਆ।

ਜਦੋਂ ਮੀਡੀਆ ਨੇ ਇਸ ਬਾਰੇ ਸਵਾਲ ਕੀਤਾ ਤਾਂ ਲਾਲੂ ਯਾਦਵ ਦੇ ਵੱਡੇ ਪੁੱਤ ਤੇਜ਼ ਪ੍ਰਤਾਪ ਯਾਦਵ ਨੇ ਕਿਹਾ, ''ਜੋ ਸੁਰੱਖਿਆ ਵਾਪਸ ਲਈ ਗਈ ਹੈ, ਉਹ ਠੀਕ ਨਹੀਂ ਹੈ। ਸਾਡਾ ਪ੍ਰੋਗਰਾਮ ਹੈ ਅਤੇ ਲਾਲੂ ਜੀ ਵੀ ਪ੍ਰੋਗਰਾਮਾਂ ਵਿੱਚ ਜਾ ਰਹੇ ਹਨ ਤਾਂ ਇਹ ਕਤਲ ਕਰਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।''

ਉਸ ਨੇ ਅੱਗੇ ਕਿਹਾ, ''ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ। ਨਰਿੰਦਰ ਮੋਦੀ ਦੀ ਖੱਲ ਉਧੜਵਾ ਲਵਾਂਗੇ। ''

ਨਰਿੰਦਰ ਮੋਦੀ ਦੇਸ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਲਈ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਨਾ ਸਹੀ ਹੈ, ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, '' ਸਾਡੇ ਪਿਤਾ ਨੂੰ ਕੁਝ ਹੋਵੇਗਾ, ਤਾਂ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ? ਕੌਣ ਇਸਦੀ ਜ਼ਿੰਮੇਦਾਰੀ ਲਵੇਗਾ। ਸਾਡੇ ਪਿਤਾ ਦੀ ਜਾਨ, ਜਾਨ ਨਹੀਂ ਹੈ? ''

Image copyright Facebook

ਤੇਜ਼ ਨੇ ਕਿਹਾ, ''ਨਿੱਜੀ ਪੱਧਰ 'ਤੇ ਉਹ ਹਮਲੇ ਕਰ ਰਹੇ ਹਨ ਤਾਂ ਅਸੀਂ ਇਸ ਤੋਂ ਡਰਨ ਵਾਲਿਆਂ ਵਿੱਚੋਂ ਨਹੀਂ ਹਾਂ। ਬਿਹਾਰ ਦੇ ਲੋਕ ਇਨ੍ਹਾਂ ਨੂੰ ਪੁੱਟ ਸੁੱਟਣਗੇ।''

ਲਾਲੂ ਯਾਦਵ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਉਹ ਕਹਿੰਦੇ ਹਨ, ''ਜੇ ਨਰਿੰਦਰ ਮੋਦੀ ਇਹ ਸਮਝਦੇ ਹਨ ਕਿ ਮੈਂ ਡਰ ਜਾਵਾਂਗਾ, ਤਾਂ ਅਜਿਹਾ ਨਹੀਂ ਹੈ। ਸਾਰੇ ਲੋਕ ਇੱਥੋਂ ਤੱਕ ਕਿ ਬਿਹਾਰ ਦਾ ਬੱਚਾ-ਬੱਚਾ ਮੇਰੀ ਸੁਰੱਖਿਆ ਕਰਦਾ ਹੈ। ''

Image copyright AFP

ਐਤਵਾਰ ਨੂੰ ਲਾਲੂ ਦੇ ਨਾਂ ਉਨ੍ਹਾਂ ਵੀਵੀਆਈਪੀਜ਼ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਕਿ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਸੀ।

ਤੇਜ ਪ੍ਰਤਾਪ ਹਾਲ ਵਿੱਚ ਇੱਕ ਹੋਰ ਖ਼ਬਰ ਕਰਕੇ ਚਰਚਾ ਵਿੱਚ ਰਹੇ ਹਨ। ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਉਨ੍ਹਾਂ ਨੂੰ ਆਪਣੇ ਬੇਟੇ ਦੇ ਵਿਆਹ ਦਾ ਸੱਦਾ ਦਿੱਤਾ ਸੀ।

ਇਸ 'ਤੇ ਉਸ ਨੇ ਕਿਹਾ ਸੀ ਕਿ ਜੇਕਰ ਉਹ ਵਿਆਹ ਵਿੱਚ ਜਾਂਦੇ ਹਨ ਤਾਂ ਸੁਸ਼ੀਲ ਮੋਦੀ 'ਤੇ ਹਮਲਾ ਕਰਨਗੇ। ਮੋਦੀ ਨੇ ਸੁਰੱਖਿਆ ਦੇ ਕਾਰਨਾਂ ਕਰਕੇ ਵਿਆਹ ਸਮਾਗਮ ਦੀ ਥਾਂ ਬਦਲਣ ਦੀ ਗੱਲ ਕਹੀ ਸੀ।

Image copyright AFP/Getty Images

ਫਿਰ ਤੇਜ ਪ੍ਰਤਾਪ ਨੇ ਕਿਹਾ ਕਿ ਭਾਜਪਾ ਆਗੂ ਨੂੰ ਬਿਨਾਂ ਕਿਸੇ ਡਰ ਦੇ ਤੈਅ ਯੋਜਨਾ ਦੇ ਹਿਸਾਬ ਪ੍ਰੋਗਰਾਮ ਕਰਨਾ ਚਾਹੀਦਾ ਹੈ।

ਭਾਜਪਾ ਨੇ ਇਸ ਉੱਤੇ ਗੰਭੀਰ ਪ੍ਰਤੀਕਿਰਿਆ ਦਿੱਤੀ ਹੈ।

Image copyright Twitter

ਪਾਰਟੀ ਦੇ ਸੀਨੀਅਰ ਆਗੂ ਸੰਬਿਤ ਪਾਤਰਾ ਨੇ ਕਿਹਾ, "ਖਾਲ ਉਧੇੜ ਲੇਂਗੇ .. .." .. "ਸ਼ਾਦੀ ਮੇਂ ਘੁਸ ਕਰ ਮਾਰੇਗੇ .." ਇਹੀ ਹੁੰਦਾ ਹੈ "ਜੰਗ ਰਾਜ" ਦਾ ਸ਼ਬਦਕੋਸ਼ .. ਇਹ ਆਗੂ ਆਪਣੇ ਆਪ ਨੂੰ ਜ਼ਮੀਦਾਰ ਅਤੇ ਹੋਰਾਂ ਨੂੰ ਕੀ ਪ੍ਰਜਾ ਸਮਝਦੇ ਹਨ ??

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ