#BBCInnovators: ਬਾਲ ਵਿਆਹ ਨੂੰ ਰੋਕ ਸਕੇਗੀ 'ਕੁੜੀਆਂ ਪੜ੍ਹਾਓ' ਮੁਹਿੰਮ?

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
20 ਲੱਖ ਕੁੜੀਆਂ ਨੂੰ ਸਕੂਲ ਪਹੁੰਚਾਉਣ ਦਾ ਕੀ ਹੈ ਤਰੀਕਾ?

ਰਾਜਸਥਾਨ ਵਿੱਚ ਕੁੜੀਆਂ ਨੂੰ ਸਕੂਲ ਜਾਣ ਲਈ ਕਿੰਨੀਆਂ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ ਇਸਦਾ ਸ਼ਾਇਦ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ।

ਸਕੂਲ ਭੇਜਣ ਦੀ ਬਜਾਏ ਮਾਪਿਆਂ ਨੇ ਬੱਚੀਆਂ ਨੂੰ ਘਰ ਦੇ ਕੰਮਾਂ ਦੀ ਅਹਿਮੀਅਤ ਵੱਧ ਦੱਸੀ ਹੈ।

'ਕੁੜੀਆਂ ਪੜ੍ਹਾਓ' ਸੰਸਥਾ ਇਸ ਵਿੱਚ ਬਦਲਾਅ ਲਿਆ ਰਹੀ ਹੈ। ਇਹ ਸੰਸਥਾ ਕੁੜੀਆਂ ਨੂੰ ਸਕੂਲ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਕੰਮ ਕਰ ਰਹੀ ਹੈ।

ਟਾਇਲਟ ਹੀ ਦੂਰ ਕਰੇਗਾ ਟਾਇਲਟ ਦੀ ਸਮੱਸਿਆ?

ਇਸ ਸ਼ਖ਼ਸ ਨੇ ਕੀਤੀਆਂ 140 ਤੋਂ ਵੱਧ ਖੋਜਾਂ

ਭਗਵੰਤੀ ਲਾਸੀ ਰਾਮ ਦਾ ਦਿਨ ਰੋਟੀ ਪਕਾਉਣ ਨਾਲ ਸ਼ੁਰੂ ਹੋ ਜਾਂਦਾ ਹੈ। ਰੋਟੀ ਬਣਾਉਣ ਤੋਂ ਬਾਅਦ ਉਹ ਮੁਰਗੀਆਂ ਨੂੰ ਦਾਣਾ ਪਾਉਂਦੀ ਹੈ ਅਤੇ ਭਾਂਡੇ ਧੋਂਦੀ ਹੈ।

ਇੱਕ ਕੰਮ ਖ਼ਤਮ ਨਹੀਂ ਹੁੰਦਾ ਕਿ ਉਸਦੇ ਪਿਤਾ ਉਸਨੂੰ ਦੂਜਾ ਕੰਮ ਯਾਦ ਕਰਵਾ ਦਿੰਦੇ ਹਨ।

ਉਹ ਕਹਿੰਦੇ ਹਨ, "ਉਸਨੇ ਬੱਕਰੀਆਂ ਨੂੰ ਖੇਤ ਲੈ ਕੇ ਜਾਣਾ ਹੈ। ਉਹ ਉਡੀਕ ਨਹੀਂ ਕਰ ਸਕਦੀਆਂ।"

ਤੁਰੰਤ ਉਹ ਅਪਣੇ ਵਾਲ ਵਾਹ ਕੇ ਹੋਰ ਕੁੜੀਆਂ ਵਾਂਗ ਗਲੇ ਵਿੱਚ ਚੁੰਨੀ ਪਾ ਕੇ ਚਾਰ ਕਿਲੋਮੀਟਰ ਦੂਰ ਸਕੂਲ ਵੱਲ ਨੂੰ ਤੁਰ ਪੈਂਦੀ ਹੈ।

ਉਹ ਦੱਸਦੀ ਹੈ, "ਸਕੂਲ ਦੂਰ ਹੋਣ ਕਰਕੇ ਸਾਡੇ ਪਿੰਡ ਦੀਆਂ ਕਈ ਕੁੜੀਆਂ ਸਕੂਲ ਨਹੀਂ ਜਾਂਦੀਆਂ।"

ਉਹ ਅੱਗੇ ਦੱਸਦੀ ਹੈ, "ਜੇ ਸਾਡੇ ਪਿੰਡ ਵਿੱਚ ਪੰਦਰਾਂ ਸਾਲ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਹੁੰਦਾ ਤਾਂ ਵਾਧੂ ਕੁੜੀਆਂ ਪੜ ਲਿਖ ਜਾਂਦੀਆਂ।"

"ਕੁੜੀਆਂ ਸਕੂਲ ਜਾਣ ਤੋਂ ਡਰਦੀਆਂ ਹਨ ਕਿਉਂਕਿ ਹਾਈਵੇ ਟੱਪਣ ਵੇਲੇ ਸ਼ਰਾਬੀ ਚਾਲਕਾਂ ਦਾ ਡਰ ਰਹਿੰਦਾ ਹੈ।"

ਸਕੂਲ ਤੋਂ ਵਾਂਝੀਆਂ ਕੁੜੀਆਂ

"ਕੁੜੀਆਂ ਪੜ੍ਹਾਓ" ਸੰਸਥਾ ਦੇ ਕਾਰਕੁੰਨਾਂ ਦੀਆਂ ਟੀਮਾਂ ਪਿੰਡਾਂ ਵਿੱਚ ਘਰ ਘਰ ਜਾਂਦੀਆਂ ਹਨ। ਉਹ ਸਕੂਲ ਤੋਂ ਵਾਂਝੀਆਂ ਰਹੀਆਂ ਕੁੜੀਆਂ ਨੂੰ ਲੱਭਦੇ ਹਨ।

ਉਹ ਮਾਪਿਆਂ ਨੂੰ ਕੁੜੀਆਂ ਦੀ ਸਿੱਖਿਆ ਦੀ ਅਹਿਮੀਅਤ ਤੋਂ ਜਾਣੂ ਕਰਾਉਂਦੇ ਹਨ ਅਤੇ ਕੁੜੀਆਂ ਦੇ ਦਾਖਲੇ ਕਰਵਾਉਂਦੇ ਹਨ।

ਕਾਰਕੁੰਨ ਸਕੂਲਾਂ ਨਾਲ ਜੁੜ ਕੇ ਕੰਮ ਕਰਦੇ ਹਨ।

ਉਹ ਯਕੀਨੀ ਬਣਾਉਂਦੇ ਹਨ ਕਿ ਸਕੂਲਾਂ ਵਿੱਚ ਕੁੜੀਆਂ ਲਈ ਵੱਖਰੇ ਪਖਾਨਿਆਂ, ਚੰਗੇ ਅਧਿਆਪਕਾਂ ਅਤੇ ਸੁਰੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਉਹ ਅੰਗਰੇਜ਼ੀ, ਹਿਸਾਬ ਅਤੇ ਹਿੰਦੀ ਦੀਆਂ ਖਾਸ ਕਲਾਸਾਂ ਲਾਉਂਦੇ ਹਨ।

ਉਹ ਹੁਣ ਤੱਕ ਲੱਖਾਂ ਬੱਚਿਆਂ ਦੀ ਮੱਦਦ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਡੇਢ ਲੱਖ ਕੁੜੀਆਂ ਦਾ ਸਕੂਲਾਂ 'ਚ ਦਾਖ਼ਲ ਕਰਾਉਣਾ ਸ਼ਾਮਲ ਹੈ।

"ਕੁੜੀਆਂ ਪੜ੍ਹਾਓ" ਸੰਸਥਾ ਦੀ ਮੀਨਾ ਭੱਟੀ ਸਾਨੂੰ ਉਸ ਘਰ ਵਿੱਚ ਲੈਕੇ ਗਈ ਜਿੱਥੇ ਚਾਰ ਅਜਿਹੀਆਂ ਕੁੜੀਆਂ ਹਨ ਜਿਨ੍ਹਾਂ ਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਗਿਆ।

ਹੁਣ ਪੰਜਵੀਂ ਕੁੜੀ ਦਾ ਵਿਆਹ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਲਈ ਉਸਨੂੰ ਚੌਦਾਂ ਸਾਲ ਦੀ ਉਮਰ ਵਿੱਚ ਹੀ ਸਕੂਲ ਤੋਂ ਹਟਾ ਲਿਆ ਗਿਆ ਹੈ।

ਮੀਨਾ ਦੱਸਦੀ ਹੈ, "ਇੱਥੇ ਮਾਂ ਬਾਪ ਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ।"

ਝੁੱਗੀਆਂ ਦੀ ਸਮੱਸਿਆ ਦਾ ਅਨੋਖਾ ਹੱਲ ਕੱਢਣ ਵਾਲਾ ਕਾਢੀ

ਪੀਲਾ ਸੂਟਕੇਸ ਨੇਪਾਲ ਦੇ ਲੋਕਾਂ ਲਈ ਬਣਿਆ ਮਸੀਹਾ

ਮਾਪੇ ਖੇਤੀ ਜਾਂ ਮਜ਼ਦੂਰੀ ਕਰਨ ਬਾਹਰ ਜਾਂਦੇ ਹਨ। ਕੁੜੀ ਦਾ ਕੰਮ ਮਾਪਿਆਂ ਦੀ ਗ਼ੈਰਹਾਜ਼ਰੀ ਵਿੱਚ ਚੁੱਲਾ-ਚੌਂਕਾ ਸਾਂਭਣਾ, ਜਵਾਕ ਪਾਲਣਾ ਅਤੇ ਪਸ਼ੂਆਂ ਦੀ ਦੇਖਭਾਲ ਕਰਨਾ ਹੈ।

ਮਾਪਿਆਂ ਦੀ ਨਜ਼ਰ ਵਿੱਚ ਕੁੜੀਆਂ ਲਈ ਪੜ੍ਹਾਈ ਸਮੇਂ ਦੀ ਬਰਬਾਦੀ ਕਰਨਾ ਹੈ।

"ਕੁੜੀਆਂ ਪੜ੍ਹਾਓ " ਸੰਸਥਾ ਨੂੰ ਚਲਾਉਣ ਵਾਲੀ ਸਫ਼ੀਨਾ ਹੁਸੈਨ ਦਾ ਯਕੀਨ ਹੈ ਕਿ ਪੜ੍ਹਾਈ ਦੇ ਕਾਰਨ ਹੀ ਉਹ ਜ਼ਿੰਦਗੀ ਨੂੰ ਮਨ-ਮੁਤਾਬਕ ਜੀ ਸਕੀ ਹੈ।

ਭਾਰਤ ਵਿੱਚ ਦਸ ਤੋਂ ਚੌਦਾਂ ਸਾਲ ਦੀਆਂ 30 ਲੱਖ ਕੁੜੀਆਂ ਦੇ ਸਕੂਲ ਤੋਂ ਵਾਂਝੇ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

ਬਾਲ ਵਿਆਹ

ਕੁੜੀਆਂ ਨੂੰ ਪੜ੍ਹਾਈ ਤੋਂ ਵਾਂਝੇ ਰੱਖਣ ਦਾ ਇੱਕ ਮੁੱਖ ਕਾਰਨ ਬਾਲ ਵਿਆਹ ਹੈ।

ਸਫ਼ੀਨਾ ਦੱਸਦੀ ਹੈ, "ਰਾਜਸਥਾਨ ਵਿੱਚ 50 ਤੋਂ 60 ਫ਼ੀਸਦ ਕੁੜੀਆਂ ਦਾ ਬਾਲ ਵਿਆਹ ਕਰ ਦਿੱਤਾ ਜਾਂਦਾ ਹੈ ਯਾਨਿ ਕਿ 18 ਸਾਲ ਤੋਂ ਘੱਟ ਉਮਰ ਵਿੱਚ ਹੀ। 10 ਤੋਂ 15 ਫ਼ੀਸਦ ਬੱਚੇ ਦਸ ਸਾਲ ਤੋਂ ਘੱਟ ਦੀ ਉਮਰ ਵਿੱਚ ਵਿਆਹੇ ਜਾਂਦੇ ਹਨ।

ਯੁਨਾਇਟਡ ਨੇਸ਼ਨਸ ਚਿਲਡਰੰਸ ਫੰਡ (ਯੂਨੀਸੈਫ) ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਬਾਲ-ਵਿਆਹ ਹੁੰਦੇ ਹਨ।

ਭਾਰਤੀ ਔਰਤਾਂ ਵਿੱਚੋ ਲਗਭਗ ਅੱਧੀਆਂ ਔਰਤਾਂ ਵਿਆਹ ਲਈ ਲਾਜ਼ਮੀ ਕਨੂੰਨੀ ਉਮਰ ਅਠਾਰਾਂ ਸਾਲ ਤੋਂ ਘੱਟ ਉਮਰ ਵਿੱਚ ਵਿਆਹੀਆਂ ਗਈਆਂ ਸਨ।

'ਕੁੜੀਆਂ ਪੜ੍ਹਾਓ' ਸੰਸਥਾ ਦੀ ਕਾਰਕੁੰਨ ਨੀਲਮ ਵੈਸ਼ਨਵ ਪੀੜਤਾਂ ਵਿੱਚ ਸ਼ਾਮਲ ਰਹੀ ਹੈ ਅਤੇ ਬਾਲ-ਵਿਆਹ ਦਾ ਦਬਾਅ ਉਸਨੇ ਹੰਢਾਇਆ ਹੈ।

ਚੌਦਾਂ ਸਾਲ ਦੀ ਉਮਰ ਵਿੱਚ ਉਸਦਾ ਵਿਆਹ ਭਾਬੀ ਦੇ ਭਰਾ ਨਾਲ ਕਰ ਦਿੱਤਾ ਗਿਆ ਸੀ।

ਰਸਮ ਮੁਤਾਬਕ ਉਹ ਘਰਵਾਲੇ ਦੇ ਪਰਿਵਾਰ ਨਾਲ ਰਹਿਣ ਲੱਗੀ ਪਰ ਆਪਸੀ ਸਹਿਮਤੀ ਨਾਲ ਉਸਨੇ ਸਕੂਲ ਜਾਣਾ ਜਾਰੀ ਰੱਖਿਆ।

ਜਦੋਂ ਸਹੁਰਿਆਂ ਨੇ ਵਾਅਦਾ-ਖ਼ਿਲਾਫ਼ੀ ਕੀਤੀ ਤਾਂ ਨੀਲਮ ਨੇ ਵਿਆਹ ਤੋੜ ਦੇਣਾ ਬਿਹਤਰ ਸਮਝਿਆ।

ਉਹ ਦੱਸਦੀ ਹੈ, "ਜਦੋਂ ਮੈਂ ਤਲਾਕ ਦਾ ਫ਼ੈਸਲਾ ਲਿਆ ਤਾਂ ਮੇਰੇ ਉੱਤੇ ਮੁਸ਼ਕਲਾਂ ਦਾ ਪਹਾੜ ਟੁੱਟ ਪਿਆ। ਪਿੰਡ ਵਾਲੇ ਹੁਣ ਤੱਕ ਮੇਰਾ ਮਖੌਲ ਉਡਾਉਂਦੇ ਹਨ ਅਤੇ ਟਿੱਚਰਾਂ ਕਰਦੇ ਹਨ। ਮੇਰੇ ਸਹੁਰਿਆਂ ਨੇ ਮੈਨੂੰ ਬੇਸ਼ਰਮ ਤੱਕ ਕਹਿ ਦਿੱਤਾ।

ਸਭ ਤੋਂ ਕੀਮਤੀ ਧਨ

ਭਗਵੰਤੀ ਸਕੂਲ ਵਿੱਚ ਪੜ੍ਹਦੀ ਹੋਈ ਭਵਿੱਖ ਦੇ ਸੁਪਨੇ ਸਜਾਉਂਦੀ ਹੈ।

ਉਹ ਕਹਿੰਦੀ ਹੈ, "ਮੈਂ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਅਧਿਆਪਕ ਬਣਨਾ ਚਾਹੁੰਦੀ ਹਾਂ ਅਤੇ ਹੋਰ ਕੁੜੀਆਂ ਨੂੰ ਪੜ੍ਹਾਉਣਾ ਚਾਹੁੰਦੀ ਹਾਂ। ਸਿੱਖਿਆ ਮਨੁੱਖ ਨੂੰ ਹੌਸਲੇਮੰਦ ਬਣਾਉਂਦੀ ਹੈ।"

ਸਭ ਤੋਂ ਘੱਟ ਉਮਰ ਦੀ ਸਮਾਜਿਕ ਉੱਦਮੀ

ਬਣਾਵਟੀ ਗਲੇਸ਼ੀਅਰ ਪਾਣੀ ਦੀ ਪੂਰਤੀ ਕਰ ਸਕਦੇ ਹਨ?

"ਜੇ ਮੈਂ ਅਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਨੌਕਰੀ ਲੱਭ ਸਕੀ ਤਾਂ ਮੈਂ ਅਪਣੇ ਪਰਿਵਾਰ ਦੀ ਵਿੱਤੀ ਮੱਦਦ ਕਰ ਸਕਾਂਗੀ।"

ਸਫ਼ੀਨਾ ਨੂੰ ਪੱਕਾ ਯਕੀਨ ਹੈ ਕਿ ਔਰਤਾਂ ਆਪਣੇ ਪਰਿਵਾਰ ਦੀ ਸਿਹਤ ਅਤੇ ਪੋਸ਼ਣ ਵਿੱਚ ਅਹਿਮ ਹਿੱਸਾ ਪਾਉਂਦੀਆਂ ਹਨ।

ਯੂਨੈਸਕੋ ਮੁਤਾਬਕ ਹਰ ਸਾਲ ਸਿੱਖਿਆ ਦੀ ਵੱਧਦੀ ਰੋਸ਼ਨੀ ਨਾਲ ਨਵ-ਜੰਮਿਆਂ ਦੀ ਮੌਤ ਦਰ 5 ਤੋਂ 10 ਫ਼ੀਸਦ ਘੱਟ ਰਹੀ ਹੈ।

ਸਫ਼ੀਨਾ ਕਹਿੰਦੀ ਹੈ, "ਤੁਸੀਂ ਤਰੱਕੀ ਦੇ ਕਿਸੇ ਵੀ ਸੂਚਕ ਦਾ ਨਾਮ ਲਵੋ। ਇਹ ਕੁੜੀਆਂ ਦੀ ਸਿੱਖਿਆ ਨਾਲ ਸੁਧਾਰਿਆ ਜਾ ਸਕਦਾ ਹੈ। ਅਸਲ ਵਿੱਚ ਔਰਤਾਂ ਸਾਡਾ ਕੀਮਤੀ ਖ਼ਜ਼ਾਨਾ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)