ਇਹ ਹਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਦਾਅਵੇਦਾਰ?

ਸ਼੍ਰੋਮਣੀ ਕਮੇਟੀ Image copyright Ravinder Singh Robin

ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀਆਂ ਚੋਣਾਂ ਨਵੰਬਰ 29 ਨੂੰ ਹੋਣੀਆਂ ਹਨ। ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਂ ਤੇ ਫੈਸਲਾ ਲੈਣ ਦਾ ਹੱਕ ਦੇ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਦਾਅਵੇਦਾਰੀ ਲਈ ਕਈ ਚਿਹਰੇ ਨਜ਼ਰ ਆ ਰਹੇ ਹਨ। ਆਓ ਇੱਕ ਨਜ਼ਰ ਮਾਰੀਏ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਦੇ ਪਿਛੋਕੜ 'ਤੇ

Image copyright Ravinder Singh Robin

ਪ੍ਰੋ. ਕਿਰਪਾਲ ਸਿੰਘ ਬਡੂੰਗਰ

ਪ੍ਰੋ. ਕਿਰਪਾਲ ਸਿੰਘ ਬਡੂੰਗਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਨ। 2016 ਵਿਚ ਪ੍ਰੋ. ਬਡੂੰਗਰ, ਅਵਤਾਰ ਸਿੰਘ ਮੱਕੜ ਦੀ ਜਗ੍ਹਾ ਦੂਜੀ ਵਾਰ ਪ੍ਰਧਾਨ ਬਣੇ। ਇਸ ਤੋਂ ਪਹਿਲਾਂ ਉਹ ਨਵੰਬਰ 2001 ਤੋਂ ਜੁਲਾਈ 2003 ਤੱਕ ਪ੍ਰਧਾਨ ਰਹੇ ਸਨ।

73 ਸਾਲ ਦੇ ਪ੍ਰੋ. ਬਡੂੰਗਰ ਸਿੱਖ ਧਰਮ ਸ਼ਾਸਤਰ 'ਤੇ ਉਨ੍ਹਾਂ ਦੇ ਸਾਹਿਤਕ ਕੰਮਾਂ ਲਈ ਪ੍ਰਸਿੱਧ ਹੈ। ਉਹ ਸਿੱਖ ਜੀਵਨ-ਜਾਂਚ ਅਤੇ ਸੱਭਿਆਚਾਰ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਹਨ।

ਬਡੂੰਗਰ ਦੇ ਉੱਦਮ ਸਦਕਾ ਸਿੱਖ ਭਾਈਚਾਰੇ ਨੇ 2003 ਵਿੱਚ ਨਾਨਕਸ਼ਾਹੀ ਕੈਲੇਂਡਰ ਅਪਣਾਇਆ ਸੀ। ਉਹ ਪੰਜਾਬੀ ਸਾਹਿਤ ਅਕੈਡਮੀ ਦੇ ਜੀਵਨ ਭਰ ਦੇ ਮੈਂਬਰ ਹੈ।

Image copyright Ravinder Singh Robin

ਬੀਬੀ ਜਗੀਰ ਕੌਰ

ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਮਹਿਲਾ ਪ੍ਰਧਾਨ ਸਨ। ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਤਿੰਨ ਵਾਰ ਚੁਣੇ ਗਏ ਸਨ। ਉਨ੍ਹਾਂ ਨੂੰ ਉਨ੍ਹਾਂ ਦੀ ਬੇਟੀ ਦੀ ਹੱਤਿਆ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਕਾਰਨ ਅਸਤੀਫ਼ਾ ਦੇਣਾ ਪਿਆ ਸੀ।

ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਕ ਸਰਗਰਮ ਆਗੂ ਹਨ ਅਤੇ ਅਕਾਲੀ ਦਲ/ਭਾਜਪਾ ਸਰਕਾਰ ਵਿੱਚ ਕੈਬਿਨੇਟ ਮੰਤਰੀ ਵੀ ਬਣੇ। ਬੀਬੀ ਜਗੀਰ ਕੌਰ ਨੂੰ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਪੂਰਨ ਸਿੰਘ ਵਲੋਂ ਸਿੱਖ ਪੰਥ ਚੋਂ ਛੇਕਿਆ ਗਿਆ ਸੀ।

ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਮੁਖੀ ਬੀਬੀ ਜਗੀਰ ਕੌਰ ਨੇ ਬਾਅਦ ਵਿੱਚ ਜਥੇਦਾਰ ਗਿਆਨੀ ਪੂਰਨ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ।

Image copyright Facebook/Sewa Singh Sekhwan

ਸੇਵਾ ਸਿੰਘ ਸੇਖਵਾਂ

ਸੇਖਵਾਂ ਗੁਰਦਾਸਪੁਰ ਤੋਂ ਸੀ਼ਨੀਅਰ ਅਕਾਲੀ ਤੇ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਭਰੋਸੇਯੋਗ ਲੋਕਾਂ ਵਿੱਚੋ ਹਨ।

ਸੇਵਾ ਸਿੰਘ ਸੇਖਵਾਂ 1990 ਵਿਚ ਆਪਣੇ ਪਿਤਾ ਦੀ ਮੌਤ ਪਿੱਛੋਂ ਰਾਜਨੀਤੀ ਵਿਚ ਦਾਖਲ ਹੋਏ। ਉਨ੍ਹਾਂ 14 ਸਾਲ ਤੱਕ ਇਕ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ। ਉਹ 1997 ਵਿਚ ਕਾਹਨੂੰਵਾਨ ਤੋਂ ਵਿਧਾਇਕ ਚੁਣੇ ਗਏ ਸਨ।

ਉਨ੍ਹਾਂ ਨੂੰ ਮਾਲ, ਪੁਨਰਵਾਸ ਅਤੇ ਜਨ ਸੰਪਰਕ ਮੰਤਰੀ ਬਣਾਇਆ ਗਿਆ ਸੀ। ਸੇਖਵਾਂ ਸ਼੍ਰੋਮਣੀ ਕਮੇਟੀ ਦੇ ਵੀ ਲਗਾਤਾਰ ਮੈਂਬਰ ਰਹੇ ਹਨ।

Image copyright Ravinder Singh Robin

ਤੋਤਾ ਸਿੰਘ

ਤੋਤਾ ਸਿੰਘ ਪੰਜਾਬ ਦੇ ਮਾਲਵੇ ਖਿੱਤੇ ਦੇ ਸੀਨੀਅਰ ਅਕਾਲੀ ਹਨ ਜੋ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਹੋਰ ਭਰੋਸੇਮੰਦ ਹੈ। ਪੰਜਾਬ ਵਿਚ ਅਕਾਲੀ ਦਲ ਦੇ ਸ਼ਾਸਨਕਾਲ ਵੇਲੇ ਬਾਦਲ ਨੇ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਸੀ।

ਉਹ ਸਿੱਖ ਰਾਜਨੀਤੀ ਵਿਚ ਟਕਸਾਲੀ ਅਕਾਲੀ ਦੇ ਤੌਰ 'ਤੇ ਜਾਣੇ ਜਾਂਦੇ ਹਨ। ਮੌਜੂਦਾ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਨ।

ਉਨ੍ਹਾਂ ਨੇ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਦੇ ਦੌਰਾਨ ਸੀਨੀਅਰ ਮੀਤ ਪ੍ਰਧਾਨ ਅਤੇ ਐੱਸਜੀਪੀਸੀ ਦੇ ਜਨਰਲ ਸਕੱਤਰ ਵਜੋਂ ਵੀ ਕੰਮ ਕੀਤਾ ਹੈ। ਤੋਤਾ ਸਿੰਘ ਨੂੰ ਅਕਾਲੀਆਂ ਦੇ ਸ਼ਾਸਨ ਦੌਰਾਨ ਮੰਤਰੀ ਹੋਣ ਦੇ ਸਮੇਂ ਸਰਕਾਰੀ ਕਾਰ ਦਾ ਦੁਰਵਰਤੋਂ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ।

Image copyright Ravinder Singh Robin

ਬਲਵੀਰ ਸਿੰਘ ਘੁੰਨਸ

ਸੰਤ ਬਲਵੀਰ ਸਿੰਘ ਘੁੰਨਸ, ਜਿਨ੍ਹਾਂ ਦੀ ਉਮਰ 60 ਤੋਂ ਉੱਪਰ ਹੈ, ਇਕ ਹੋਰ ਨਾਂ ਹੈ ਜੋ ਕਿ ਸੀਨੀਅਰ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਦੇ ਮੁਖੀ ਵਜੋਂ ਵਿਚਾਰਿਆ ਜਾ ਸਕਦਾ ਹੈ। ਘੁੰਨਸ ਮਾਲਵਾ ਪੱਟੀ ਤੋਂ ਤਿੰਨ ਵਾਰ ਵਿਧਾਇਕ ਸਨ।

ਉਹ ਮਸਤੂਆਣਾ ਸੰਪ੍ਰਦਾਇ ਨਾਲ ਜੁੜੇ ਹੋਏ ਹਨ ਅਤੇ ਸੰਗਰੂਰ ਜ਼ਿਲੇ ਵਿਚ ਗੁਰਦੁਆਰਾ ਗੁਰਸਾਗਰ ਸਾਹਿਬ, ਮਸਤੁਆਣਾ ਦੇ ਮੁਖੀ ਹਨ।

Image copyright Ravinder Singh Robin

ਅਵਤਾਰ ਸਿੰਘ ਮੱਕੜ

ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਪ੍ਰਧਾਨਗੀ ਨੂੰ ਵਾਪਸ ਹਾਸਲ ਕਰਨ ਦੀ ਦੌੜ 'ਚ ਹਨ। ਭਾਈਚਾਰੇ ਦੀ ਸਹਿਮਤੀ ਲੈਣ ਤੋਂ ਬਿਨਾਂ ਕਈ ਵਾਰ ਮੱਕੜ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕੀਤੀ।

ਉਨ੍ਹਾਂ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ। "ਸਰਬੱਤ ਖਾਲਸਾ" ਦੇ ਸਮਾਰੋਹ ਦੇ ਜਥੇਦਾਰਾਂ ਦੀ ਨਿਯੁਕਤੀ ਵੇਲੇ ਮੱਕੜ ਦੀ ਅਲੋਚਨਾ ਕੀਤੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ