ਕੀ ਬਾਬਰੀ ਮਸਜਿਦ ਢਾਹੁਣਾ ਪਹਿਲਾਂ ਤੋਂ ਤੈਅ ਸੀ?

ਅਯੋਧਿਆ Image copyright Praveen Jain

6 ਦਸੰਬਰ 1992 ਨੂੰ ਉੱਤਰ ਪ੍ਰਦੇਸ਼ ਦੇ ਅਯੋਧਿਆ ਸ਼ਹਿਰ ਵਿੱਚ ਹਿੰਦੂਆਂ ਦੀ ਭੀੜ ਨੇ 16ਵੀਂ ਸਦੀ ਵਿੱਚ ਬਣੀ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ। ਮਸਜਿਦ ਢਹਿਢੇਰੀ ਹੋਣ ਤੋਂ ਬਾਅਦ ਹੋਏ ਦੰਗਿਆਂ ਵਿੱਚ 2,000 ਲੋਕਾਂ ਦੀ ਮੌਤ ਹੋਈ ਸੀ।

ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਫੋਟੋਗ੍ਰਾਫਰ ਪ੍ਰਵੀਣ ਜੈਨ ਇੱਕ ਗਰੁੱਪ ਦਾ ਹਿੱਸਾ ਬਣੇ ਜਿਨ੍ਹਾਂ ਨੂੰ ਉਨ੍ਹਾਂ ਮੁਤਾਬਿਕ ਬਾਬਰੀ ਮਸਜਿਦ ਢਾਹੁਣ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਸੀ।

ਪ੍ਰਵੀਨ ਨੇ ਉਸ ਦਿਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨਾਲ ਹੀ ਉਸ ਦਿਨ ਹੋਏ ਘਟਨਾਕ੍ਰਮ ਬਾਰੇ ਦੱਸਿਆ।

ਕੀ ਫ਼ਿਰ ਤੋਂ ਉਸਾਰੀ ਜਾ ਸਕੇਗੀ ਬਾਬਰੀ ਮਸਜਿਦ?

ਭਾਰਤ ਮੁਸਲਮਾਨਾਂ ਦੀ ਕਦਰ ਕਰੇ: ਓਬਾਮਾ ਦੀ ਨਸੀਹਤ

4 ਦਸੰਬਰ, 1992 ਦੀ ਧੁੰਦ ਭਰੀ ਸ਼ਾਮ ਨੂੰ ਮੈਂ ਅਯੋਧਿਆ ਪਹੁੰਚਿਆ।

ਮੈਂ ਪਾਇਨੀਰ ਅਖ਼ਬਾਰ ਵੱਲੋਂ ਕਾਰ ਸੇਵਕਾਂ (ਹਿੰਦੂ ਕਾਰਕੁੰਨ) ਤੇ ਬਾਬਰੀ ਮਸਜਿਦ ਦੇ ਨੇੜੇ ਇੱਕਠੇ ਹੋਣ ਵਾਲੇ ਹਿੰਦੂ ਆਗੂਆਂ ਦੀਆਂ ਤਸਵੀਰਾਂ ਲੈਣ ਆਇਆ ਸੀ।

ਵੱਡੀ ਗਿਣਤੀ 'ਚ ਕਾਰਕੁੰਨ ਇੱਕਠੇ ਹੋਏ

ਹਜ਼ਾਰਾਂ ਦੀ ਗਿਣਤੀ ਵਿੱਚ ਆਰਐੱਸਐੱਸ ਕਾਰਕੁੰਨ ਸ਼ਹਿਰ ਵਿੱਚ ਪਹਿਲਾਂ ਹੀ ਇੱਕਠਾ ਹੋ ਚੁੱਕੇ ਸੀ।

ਆਰਐੱਸਐੱਸ ਹਿੰਦੂਆਂ ਦੀ ਮੁੱਢਲੀ ਜੱਥੇਬੰਦੀ ਹੈ। ਬੀਜੇਪੀ ਵੀ ਇਸਦਾ ਹਿੱਸਾ ਹੈ ਜੋ ਹੁਣ ਦੇਸ 'ਤੇ ਰਾਜ ਕਰ ਰਹੀ ਹੈ।

ਉਨ੍ਹਾਂ ਵੱਲੋਂ ਮੰਦਰ ਦੀ ਉਸਾਰੀ ਦੀ ਤਿਆਰੀ ਕੀਤੀ ਜਾ ਰਹੀ ਸੀ ਜਿੱਥੇ ਕਿਹਾ ਜਾਂਦਾ ਹੈ ਕਿ ਭਗਵਾਨ ਰਾਮ ਦਾ ਜਨਮ ਹੋਇਆ ਸੀ।

ਉਨ੍ਹਾਂ ਨੇ ਇਹ ਭਰੋਸਾ ਦਿੱਤਾ ਸੀ ਕਿ ਮਸਜਿਦ ਨੂੰ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਤੇ ਸਿਰਫ਼ ਮੰਦਰ ਦਾ ਨੀਂਹ ਪੱਥਰ ਰੱਖਣ ਦੀ ਰਸਮ ਕੀਤੀ ਜਾਵੇਗੀ।

Image copyright Praveen Jain

ਇੱਕ ਬੀਜੇਪੀ ਐੱਮਪੀ ਜਿਨ੍ਹਾਂ ਦੇ ਮੈਂ ਸੰਪਰਕ ਵਿੱਚ ਸੀ, ਉਨ੍ਹਾਂ ਨੇ ਦੱਸਿਆ ਕਿ 5 ਦਸੰਬਰ ਦੀ ਸਵੇਰ ਨੂੰ ਬਾਬਰੀ ਮਸਜਿਦ ਨੂੰ ਢਾਹੁਣ ਦਾ ਅਭਿਆਸ ਕੀਤਾ ਜਾਵੇਗਾ।

ਉਨ੍ਹਾਂ ਨੇ ਮੈਨੂੰ ਦੱਸਿਆ, "ਮੈਨੂੰ ਹੁਕਮ ਮਿਲਿਆ ਹੈ ਕਿ ਮੀਡੀਆ ਨੂੰ ਇਸ ਰਿਹਰਸਲ ਬਾਰੇ ਜਾਣਕਾਰੀ ਨਹੀਂ ਮਿਲਣੀ ਚਾਹੀਦੀ, ਤੁਸੀਂ ਮੇਰੇ ਮਿੱਤਰ ਹੋ ਇਸਲਈ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਹਾਂ।''

ਮੈਨੂੰ ਵੀ ਹਿੰਦੂ ਕਾਰਕੁੰਨ ਦਾ ਰੂਪ ਧਾਰਨ ਕਰਨਾ ਪਿਆ। ਮੈਂ ਸਿਰ 'ਤੇ ਭਗਵਾ ਕੱਪੜਾ ਤੇ ਮੱਥੇ 'ਤੇ ਬੈਂਡ ਬੰਨਿਆ। ਦਾਖਲ ਹੋਣ ਦੇ ਲਈ ਇੱਕ ਵੱਖਰਾ ਬਿੱਲਾ ਮੇਰੀ ਜੈਕਟ 'ਤੇ ਲਾਇਆ ਗਿਆ।

ਮੈਨੂੰ ਮੀਟਿੰਗ ਦੇ ਗ੍ਰਾਊਂਡ ਵੱਲ ਲਿਜਾਇਆ ਗਿਆ। ਇਹ ਇੱਕ ਫੁੱਟਬਾਲ ਗ੍ਰਾਊਂਡ ਜਿੰਨਾ ਵੱਡਾ ਸੀ ਜੋ ਬਾਬਰੀ ਮਸਜਿਦ ਤੋਂ ਕੁਝ ਗਜ਼ ਦੀ ਦੂਰੀ 'ਤੇ ਸੀ।

'ਨਾਅਰੇ ਵੀ ਲਾਏ, ਤਸਵੀਰਾਂ ਵੀ ਖਿੱਚੀਆਂ'

ਉੱਥੇ ਮੌਜੂਦ ਇੱਕ ਕਾਰਕੁੰਨ ਨੇ ਮੈਨੂੰ ਦੱਸਿਆ, "ਰਿਹਰਸਲ ਦੀ ਤਸਵੀਰਾਂ ਲੈਣ ਦਾ ਸਿਰਫ਼ ਇੱਕੋ ਤਰੀਕਾ ਹੈ। ਤੁਸੀਂ ਮੇਰੇ ਨਾਲ ਰਹੋ, ਕਾਰਕੁੰਨਾਂ ਵਾਂਗ ਨਾਅਰੇ ਲਾਓ ਨਾਲ ਹੀ ਤਸਵੀਰਾਂ ਵੀ ਲਓ। ਇਸ ਤਰੀਕੇ ਨਾਲ ਤੁਸੀਂ ਸੁਰੱਖਿਅਤ ਰਹੋਗੇ।''

ਇੱਕ ਹੱਟਾ-ਕੱਟਾ ਆਦਮੀ ਅਚਾਨਕ ਮੇਰੇ ਸਾਹਮਣੇ ਖੜ੍ਹਾ ਹੋ ਗਿਆ ਤੇ ਮੈਨੂੰ ਤਸਵੀਰਾਂ ਖਿੱਚਣ ਤੋਂ ਮਨ੍ਹਾ ਕਰਨ ਲੱਗਾ।

ਮੈਂ ਉਸਨੂੰ ਆਪਣਾ ਬਿੱਲਾ ਦਿਖਾਇਆ ਤੇ ਜ਼ੋਰ ਨਾਲ ਹੋਰ ਕਾਰਕੁੰਨਾਂ ਵਾਂਗ ਨਾਅਰੇ ਲਾਉਣ ਲੱਗਾ।

ਉਸ ਨੇ ਫ਼ਿਰ ਮੇਰੇ ਨਾਲ ਸਹਿਮਤੀ ਜਤਾਈ ਤੇ ਮੈਨੂੰ ਉੱਥੇ ਭੇਜਿਆ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਖੜ੍ਹੇ ਸੀ।

Image copyright Praveen Jain

ਮੈਂ ਆਪਣਾ ਕੈਮਰਾ ਕੱਢਿਆ ਤੇ ਸਾਹਮਣੇ ਹੁੰਦੇ ਇੱਕ ਅਨੋਖੇ ਘਟਨਾਕ੍ਰਮ ਦੀਆਂ ਤਸਵੀਰਾਂ ਲੈਣ ਲੱਗਾ। ਵੱਡੀ ਗਿਣਤੀ ਵਿੱਚ ਆਦਮੀ ਕਹੀ, ਕੁਹਾੜੇ ਤੇ ਲੋਹੇ ਦੀਆਂ ਸਲਾਖਾਂ ਨਾਲ ਇੱਕ ਵੱਡੇ ਟਿੱਬੇ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੇ ਸੀ।

ਇੱਕ ਫੌਜੀ ਮੁੰਹਿਮ ਵਾਂਗ ਸਭ ਹੋ ਰਿਹਾ ਸੀ। ਉੱਥੇ ਸਿਰਫ਼ ਕਾਰਕੁੰਨ ਹੀ ਨਹੀਂ ਸਗੋਂ ਪੇਸ਼ੇਵਰ ਲੋਕ ਵੀ ਸੀ ਜਿਨ੍ਹਾਂ ਨੂੰ ਇਮਾਰਤਾਂ ਢਾਹੁਣ ਦਾ ਤਜਰਬਾ ਸੀ।

2009 ਵਿੱਚ ਬਾਬਰੀ ਮਸਜਿਦ ਢਾਹੁਣ ਦੀ ਜਾਂਚ ਲਈ ਬਣਾਏ ਲਿਬਰਹਾਨ ਕਮਿਸ਼ਨ ਨੇ ਇਹ ਟਿੱਪਣੀ ਕੀਤੀ।

"ਇਹ ਕਮਿਸ਼ਨ ਅੱਗੇ ਸਪੱਸ਼ਟ ਹੋ ਗਿਆ ਸੀ ਕਿ ਵਿਵਾਦਤ ਢਾਂਚੇ ਨੂੰ ਢਾਹੁਣ ਲਈ ਇੱਕ ਰਿਹਰਸਲ ਕੀਤੀ ਗਈ ਸੀ। ਕਮਿਸ਼ਨ ਦੇ ਸਾਹਮਣੇ ਕੁਝ ਤਸਵੀਰਾਂ ਵੀ ਪੇਸ਼ ਕੀਤੀਆਂ ਗਈਆਂ ਸੀ ਪਰ ਪੱਕੇ ਸਬੂਤਾਂ ਦੀ ਅਣਹੌਂਦ ਕਰਕੇ ਇਸਦੀ ਤਸਦੀਕ ਕਰਨਾ ਜਾਇਜ਼ ਨਹੀਂ ਹੋਵੇਗਾ।''

"ਭਾਵੇਂ ਹਾਲਾਤੀ ਗਵਾਹੀ ਭਰਦੇ ਕੁਝ ਸਬੂਤ ਤੇ ਬਿਆਨ ਹਨ ਜੋ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਮਸਜਿਦ ਢਾਹੁਣ ਲਈ ਟ੍ਰੇਨਿੰਗ ਦਿੱਤੀ ਗਈ ਸੀ।''

'ਮੈਂ ਇੱਕਲਾ ਪੱਤਰਕਾਰ ਸੀ'

ਮੇਰੀ ਤਸਵੀਰਾਂ ਵਿੱਚ ਇੱਕ ਸ਼ਖਸ ਸੀ। ਸਿਰਫ਼ ਉਸ ਨੇ ਪੂਰੀ ਭੀੜ ਵਿੱਚ ਮੂੰਹ ਨਕਾਬ ਨਾਲ ਢਕਿਆ ਹੋਇਆ ਸੀ ਤੇ ਟਿੱਬੇ ਨੂੰ ਪੁੱਟ ਰਹੀ ਭੀੜ ਨੂੰ ਹਦਾਇਤਾਂ ਦੇ ਰਿਹਾ ਸੀ।

ਉਹ ਕਿਸੇ ਸੱਜੇਪੱਖੀ ਪਾਰਟੀ ਦਾ ਆਗੂ ਲੱਗ ਰਿਹਾ ਸੀ ਅਤੇ ਇਸੇ ਕਰਕੇ ਉਹ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਟਿੱਬੇ ਨੂੰ ਢਹਿਢੇਰੀ ਕਰਨ ਵਿੱਚ ਕਾਮਯਾਬੀ ਮਿਲੀ ਤੇ ਕਾਰਕੁੰਨਾਂ ਵੱਲੋਂ ਜ਼ੋਰ ਨਾਲ ਨਾਅਰੇ ਲਾਏ ਗਏ।

ਮੈਂ ਆਪਣੇ ਕੈਮਰੇ ਨੂੰ ਜੈਕਟ ਵਿੱਚ ਲੁਕਾ ਕੇ ਨਾਅਰੇ ਲਾਉਂਦਾ ਹੋਇਆ ਉੱਥੋਂ ਨਿਕਲ ਗਿਆ।

Image copyright Praveen Jain

ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਸਿਰਫ਼ ਇੱਕੋ-ਇੱਕ ਪੱਤਰਕਾਰ ਸੀ ਜਿਸਨੇ ਇਸ ਰਿਹਰਸਲ ਦੀ ਗਵਾਹੀ ਭਰੀ ਨਾਲ ਹੀ ਅੱਗੇ ਦੀ ਪੀੜ੍ਹੀ ਵਾਸਤੇ ਤਸਵੀਰਾਂ ਵੀ ਖਿੱਚੀਆਂ।

ਅਗਲੇ ਦਿਨ ਮੈਂ ਆਪਣੇ ਹੋਰ ਪੱਤਰਕਾਰ ਸਾਥੀਆਂ ਸਣੇ ਮਸਜਿਦ ਦੇ ਸਾਹਮਣੇ ਵਾਲੀ ਚਾਰ ਮੰਜ਼ਿਲਾ ਇਮਾਰਤ ਦੀ ਛੱਤ 'ਤੇ ਮੋਰਚੇ ਲਾ ਲਏ।

ਸਾਡੇ ਸਾਹਮਣੇ ਇੱਕ ਮੰਚ ਤਿਆਰ ਸੀ ਜਿੱਥੇ ਵਿਸ਼ਵ ਹਿੰਦੂ ਪਰਿਸ਼ਦ ਤੇ ਬੀਜੇਪੀ ਦੇ ਮੁੱਖ ਆਗੂ 15000 ਕਾਰਕੁੰਨਾਂ ਦੀ ਰੈਲੀ ਦੀ ਅਗਵਾਈ ਕਰ ਰਹੇ ਸੀ।

'ਜਦੋਂ ਭੀੜ ਹਿੰਸਕ ਹੋਈ'

ਵਿਵਾਦਤ ਢਾਂਚੇ ਵਿੱਚ ਲੱਗੇ ਸੁਰੱਖਿਆ ਮੁਲਾਜ਼ਮ ਵੀ ਨਾਅਰੇ ਲਾ ਰਹੇ ਸੀ। ਤਕਰੀਬਨ ਦੁਪਹਿਰ 12.15 ਵਜੇ ਭੀੜ ਹਿੰਸਕ ਹੋ ਗਈ ਤੇ ਬਾਬਰੀ ਮਸਜਿਦ ਦੀ ਰਾਖੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵੱਲ ਵਧੀ।

ਭੀੜ ਵਿੱਚੋਂ ਕੁਝ ਲੋਕ ਚੌਥੀ ਮੰਜ਼ਿਲ 'ਤੇ ਚੜ੍ਹੇ ਜਿੱਥੇ ਪੱਤਰਕਾਰ ਮੌਜੂਦ ਸੀ। ਉਨ੍ਹਾਂ ਨੇ ਪੱਤਰਕਾਰਾਂ ਦੇ ਕੈਮਰੇ ਭੰਨੇ ਤਾਂ ਜੋ ਕੁਝ ਮੀਟਰ ਦੂਰ ਮਸਜਿਦ ਢਾਹੁਣ ਦੀ ਕਾਰਵਾਈ ਦੀਆਂ ਤਸਵੀਰਾਂ ਨਾਲ ਜੁੜਿਆ ਕੋਈ ਸਬੂਤ ਨਾ ਬਚ ਸਕੇ।

ਕੁਝ ਘੰਟਿਆਂ ਵਿੱਚ ਮਸਜਿਦ ਨੂੰ ਢਹਿਢੇਰੀ ਕਰ ਦਿੱਤਾ ਗਿਆ। ਮੈਂ ਜਿੰਨੀ ਤੇਜ਼ ਭੱਜ ਸਕਦਾ ਸੀ ਉੰਨੀ ਤੇਜ਼ ਹੋਟਲ ਵੱਲ ਭੱਜਿਆ।

ਦੰਗੇ ਸ਼ੁਰੂ ਹੋ ਚੁੱਕੇ ਸੀ। ਮੈਂ ਮਦਦ ਲਈ ਪੁਲਿਸ ਮੁਲਾਜ਼ਮ ਜਾਂ ਕਿਸੇ ਸ਼ਖਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।

ਲੋਕ ਆਪਣੀਆਂ ਦੁਕਾਨਾਂ ਦੇ ਸ਼ਟਰ ਤੇ ਘਰਾਂ ਦੇ ਬੂਹੇ ਅਤੇ ਖਿੜਕੀਆਂ ਬੰਦ ਕਰ ਰਹੇ ਸੀ।

Image copyright Praveen Jain

ਜਿਸ ਦਿਨ ਮਸਜਿਦ ਢਹਿਢੇਰੀ ਹੋਈ ਉਸ ਦਿਨ ਮੈਂ ਖੁਦ ਦੇ ਹਿੰਦੂ ਹੋਣ 'ਤੇ ਸ਼ਰਮ ਮਹਿਸੂਸ ਕਰ ਰਿਹਾ ਸੀ।

ਮੈਂ ਲਿਬਰਹਾਨ ਕਮਿਸ਼ਨ ਦੇ ਸਾਹਮਣੇ ਗਵਾਹ ਦੇ ਤੌਰ 'ਤੇ ਪੇਸ਼ ਹੋਇਆ।

ਹੁਣ ਵੀ ਕਈ ਵਾਰ ਮਸਜਿਦ ਢਾਹੁਣ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਗਵਾਹੀ ਲਈ ਸੀਬੀਆਈ ਵੱਲੋਂ ਸੱਦਿਆ ਜਾਂਦਾ ਹੈ।

ਹੁਣ 25 ਸਾਲ ਬੀਤ ਚੁੱਕੇ ਹਨ ਪਰ ਮਸਜਿਦ ਢਾਹੁਣ ਲਈ ਜ਼ਿੰਮੇਵਾਰ ਲੋਕਾਂ ਵਿੱਚੋਂ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ।

(ਇੰਡੀਅਨ ਐੱਕਸਪ੍ਰੈਸ ਦੇ ਸਲਾਹਾਕਾਰ ਫੋਟੋਗ੍ਰਾਫਰ ਪ੍ਰਵੀਨ ਜੈਨ ਦੀ ਅਨਾਸੁਇਆ ਬਾਸੂ ਨਾਲ ਗੱਲਬਾਤ ਦੇ ਆਧਾਰ 'ਤੇ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)