ਕਿਉਂ ਵੱਡੇ ਪੱਧਰ ’ਤੇ ਨੇਪਾਲੀ ਕੁੜੀਆਂ ਦੀ ਹੁੰਦੀ ਹੈ ਤਸਕਰੀ?

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਇੱਥੇ ਹਰ ਸਾਲ ਵਿਕਦੀਆਂ ਹਨ ਕਰੀਬ 12 ਹਜ਼ਾਰ ਕੁੜੀਆਂ'

ਨੇਪਾਲ ਦੇ ਸ਼ਹਿਰ ਦੀਆਂ ਤੇਜ਼ ਰੌਸ਼ਨੀਆਂ ਨਾਲ ਚਮਕਦੀਆਂ ਗਲੀਆਂ ਕਿਸੇ ਨਾ ਕਿਸੇ ਡਾਂਸ ਬਾਰ 'ਤੇ ਜਾ ਕੇ ਖ਼ਤਮ ਹੁੰਦੀਆਂ ਹਨ।

ਇੱਥੇ ਰਾਤ ਹੁੰਦੇ ਹੀ ਮਹਫ਼ਿਲ ਸੱਜਦੀ ਹੈ ਅਤੇ ਸੱਜ-ਸੰਵਰ ਕੇ ਨੱਚ ਰਹੀਆਂ ਕੁੜੀਆਂ ਦੇ ਨਾਲ ਫਿਲਮੀ ਧੁੰਨਾਂ 'ਤੇ ਲੋਕ ਨੱਚਣ ਲੱਗਦੇ ਹਨ।

ਰਾਤ ਹੁੰਦੇ ਹੀ ਇੱਕ ਹੋਰ ਗਰੁੱਪ ਇਨ੍ਹਾਂ ਡਾਂਸ ਬਾਰਸ ਵਿੱਚ ਪਹੁੰਚਦਾ ਹੈ।

ਯੇਰੋਸ਼ਲਮ ਇਜ਼ਰਾਈਲ ਦੀ ਰਾਜਧਾਨੀ: ਡੌਨਲਡ ਟਰੰਪ

ਬਲਾਤਕਾਰ ਪੀੜਤ ਬੱਚੀ ਦੀ ਧੀ ਨੂੰ ਮਿਲੇ ‘ਮਾਪੇ’

ਕੁੜੀਆਂ ਦੀ ਬੋਲੀ ਲੱਗਦੀ ਹੈ

ਇਹ ਲੋਕ ਖਰੀਦਦਾਰ ਹਨ ਜੋ ਬਾਰ ਵਿੱਚ ਮੌਜੂਦ ਕੁੜੀਆਂ ਦੀਆਂ ਬੋਲੀਆਂ ਲਾਉਂਦੇ ਹਨ। ਸੌਦਾ ਤੈਅ ਹੋ ਜਾਂਦਾ ਹੈ ਅਤੇ ਇਹ ਮਹਫ਼ਿਲ ਸਵੇਰ ਤੱਕ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ।

ਫੋਟੋ ਕੈਪਸ਼ਨ ਨੇਪਾਲ ਤੋਂ ਕੁੜੀਆਂ ਦੀ ਵੱਡੇ ਪੱਧਰ ਤੇ ਤਸਕਰੀ ਕੀਤੀ ਜਾ ਰਹੀ ਹੈ

ਇਸ ਤੋਂ ਬਾਅਦ ਇਹ ਕੁੜੀਆਂ ਵੱਡੇ-ਵੱਡੇ ਸ਼ਹਿਰਾਂ ਵਿੱਚ ਮੌਜੂਦ ਡਾਂਸ਼ ਬਾਰਸ ਵਿੱਚ ਲਿਜਾਈਆਂ ਜਾਂਦੀਆਂ ਹਨ।

ਨੇਪਾਲ ਦੇ ਲਈ ਕੁੜੀਆਂ ਦੀ ਤਸਕਰੀ ਕੋਈ ਸਮੱਸਿਆ ਨਹੀਂ ਹੈ।

2015 ਵਿੱਚ ਆਏ ਤਬਾਹੀ ਮਚਾਉਣ ਵਾਲੇ ਭੁਚਾਲ ਤੋਂ ਬਾਅਦ ਕੁੜੀਆਂ ਦੀ ਤਸਕਰੀ ਵਿੱਚ ਅਚਾਨਕ ਦੇਖੇ ਗਏ ਵਾਧੇ ਨੇ ਨੇਪਾਲ ਸਰਕਾਰ ਤੇ ਨੇਪਾਲ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ।

ਨੇਪਾਲ ਪੁਲਿਸ ਦੇ ਬੁਲਾਰੇ ਮਨੋਜ ਨੇਓਪਾਨੇ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਸਮੱਸਿਆ ਕਿੰਨੀ ਵੱਡੀ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਾਲ ਨਵੰਬਰ ਮਹੀਨੇ ਤੱਕ ਨੇਪਾਲ ਪੁਲਿਸ ਨੇ 2,700 ਤੋਂ ਵੀ ਜ਼ਿਆਦਾ ਨੇਪਾਲੀ ਕੁੜੀਆਂ ਨੂੰ ਤਸਕਰੀ ਅਤੇ ਦਲਾਲਾਂ ਤੋਂ ਛੁਡਵਾਇਆ ਹੈ।''

'ਸਾਲਾਨਾ 12,000 ਕੁੜੀਆਂ ਦੀ ਤਸਕਰੀ'

ਮਨੋਜ ਨੇਓਪਾਨੇ ਕਹਿੰਦੇ ਹਨ, "ਮਨੁੱਖੀ ਤਸਕਰੀ ਦਾ ਇਹ ਜਾਲ ਬਹੁਤ ਵੱਡਾ ਹੈ ਅਤੇ ਇਸਦੇ ਤਾਰ ਇੱਥੋਂ ਲੈ ਕੇ ਭਾਰਤ ਤੇ ਵਿਦੇਸ਼ਾਂ ਤੱਕ ਫੈਲੇ ਹੋਏ ਹਨ।''

ਉਨ੍ਹਾਂ ਅੱਗੇ ਕਿਹਾ, "ਮਨੁੱਖੀ ਤਸਕਰੀ ਦੀ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਨੇਪਾਲ ਵਿੱਚ ਅਸੀਂ ਇੱਕ ਵਿਸ਼ੇਸ਼ ਸੈੱਲ ਬਣਾਇਆ ਹੈ। ਸਾਨੂੰ ਸਫਲਤਾ ਵੀ ਮਿਲ ਰਹੀ ਹੈ ਪਰ ਉੰਨੀ ਨਹੀਂ।''

ਫੋਟੋ ਕੈਪਸ਼ਨ ਮਨੋਜ ਨੇਓਪਾਨੇ, ਨੇਪਾਲ ਪੁਲਿਸ

ਇਸ ਅਮਰੀਕੀ ਸੰਸਥਾਨ ਦੀ ਰਿਸਰਚ ਮੁਤਾਬਕ ਹਰ ਸਾਲ 12,000 ਨੇਪਾਲੀ ਕੁੜੀਆਂ ਤਸਕਰੀ ਦਾ ਸ਼ਿਕਾਰ ਹੁੰਦੀਆਂ ਹਨ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰ ਰੋਜ਼ ਨੇਪਾਲ ਤੋਂ 4,000 ਕੁੜੀਆਂ ਸਰਹੱਦ ਪਾਰ ਕਰਕੇ ਭਾਰਤ ਜਾਂਦੀਆਂ ਹਨ।

ਤਸਕਰੀ ਰੋਕਣਾ ਨਾਮੁਮਕਿਨ

ਨੇਪਾਲ-ਭਾਰਤ ਦੀ ਸਰਹੱਦ ਦੀ ਚੌਕਸੀ ਕਰਨ ਵਾਲੇ ਸੁਰੱਖਿਆ ਮੁਲਾਜ਼ਮਾਂ ਮੁਤਾਬਕ ਭਾਰਤ ਅਤੇ ਨੇਪਾਲ ਦੀ 1,751 ਕਿਲੋਮੀਟਰ ਲੰਬੀ ਸਰਹੱਦ 'ਤੇ ਤਸਕਰੀ ਰੋਕਣਾ ਮੁਸ਼ਕਿਲ ਹੀ ਨਹੀਂ ਹੈ ਸਗੋਂ ਨਾਮੁਮਕਿਨ ਹੈ।

ਉੱਤਰ ਪ੍ਰਦੇਸ਼ ਦੇ ਗੋਰਖਪੁਰ ਨਾਲ ਲੱਗਦੀ ਸੋਨੌਲੀ ਸਰਹੱਦ 'ਤੇ ਤਾਇਨਾਤ ਦਿਲੀਪ ਕੁਮਾਰ ਝਾ ਕਹਿੰਦੇ ਹਨ, "ਉਨ੍ਹਾਂ ਕੁੜੀਆਂ ਨੂੰ ਰੋਕਣਾ ਮੁਸ਼ਕਿਲ ਹੈ ਜੋ ਬਾਲਿਗ ਹਨ ਅਤੇ ਆਪਣੀ ਮਰਜ਼ੀ ਨਾਲ ਸਰਹੱਦ ਪਾਰ ਕਰ ਰਹੀਆਂ ਹਨ। ਕਈ ਕੁੜੀਆਂ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਹੁੰਦੇ ਹਨ।''

ਦਿਲੀਪ ਝਾ ਦੱਸਦੇ ਹਨ, "ਸਾਨੂੰ ਪਤਾ ਹੈ ਕਿ ਇਹ ਕੁੜੀਆਂ ਤਸਕਰੀ ਦਾ ਸ਼ਿਕਾਰ ਹੋ ਸਕਦੀਆਂ ਹਨ ਪਰ ਜਾਣਦੇ ਹੋਏ ਵੀ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੇ ਕੋਲ ਸਹੀ ਦਸਤਾਵੇਜ਼ ਹੁੰਦੇ ਹਨ ਅਤੇ ਉਹ ਬਾਲਿਗ ਹੁੰਦੀਆਂ ਹਨ।''

"ਕਦੇ-ਕਦੇ ਸ਼ੱਕ ਪੁਖ਼ਤਾ ਹੁੰਦਾ ਹੈ ਤਾਂ ਅਸੀਂ ਅਜਿਹੀ ਕੁੜੀਆਂ ਨੂੰ ਨੇਪਾਲ ਪੁਲਿਸ ਦੇ ਅਫ਼ਸਰ ਜਾਂ ਉੱਥੇ ਮੌਜੂਦ ਸਮਾਜਿਕ ਜੱਥੇਬੰਦੀਆਂ ਦੇ ਸਪੁਰਦ ਕਰ ਦਿੰਦੇ ਹਾਂ ਪਰ ਇਹ ਸਮੱਸਿਆ ਕਾਫ਼ੀ ਵੱਡੀ ਹੈ।''

ਨੇਪਾਲ ਦੇ ਅਧਿਕਾਰੀਆਂ ਅਤੇ ਭਾਰਤ ਦੀ ਸਰਹੱਦ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਨੁੱਖੀ ਤਸਕਰੀ ਦਾ ਸਭ ਤੋਂ ਵੱਡਾ ਕਾਰਨ ਗਰੀਬੀ ਹੈ।

'ਗਰੀਬੀ ਹੈ ਵਜ੍ਹਾ'

ਨੇਪਾਲ ਦੇ ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਰੋਜ਼ਗਾਰ ਦੇ ਮੌਕੇ ਨਾ ਹੋਣ ਕਰਕੇ ਵੱਡੇ ਪੱਧਰ 'ਤੇ ਹਿਜ਼ਰਤ ਹੋ ਰਹੀ ਹੈ।

ਸੁਨੀਤਾ ਦਾਨੁਵਰ ਘੱਟ ਉਮਰ ਵਿੱਚ ਹੀ ਤਸਕਰੀ ਦਾ ਸ਼ਿਕਾਰ ਹੋ ਗਈ ਸੀ।

ਉਨ੍ਹਾਂ ਨੂੰ ਮੁੰਬਈ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦਾ ਬਲਾਤਕਾਰ ਹੋਇਆ ਫਿਰ ਉਨ੍ਹਾਂ ਨੂੰ ਜ਼ਬਰਨ ਦੇਹ ਵਪਾਰ ਦੇ ਕੰਮ ਵਿੱਚ ਧੱਕ ਦਿੱਤਾ ਗਿਆ।

ਇੱਕ ਦਿਨ ਉਸ ਥਾਂ 'ਤੇ ਪੁਲਿਸ ਦਾ ਛਾਪਾ ਪਿਆ ਜਿੱਥੇ ਸੁਨੀਤਾ ਨੂੰ ਰੱਖਿਆ ਗਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਉੱਥੋਂ ਕੱਢਿਆ ਤੇ ਵਾਪਸ ਨੇਪਾਲ ਭੇਜ ਦਿੱਤਾ।

ਇਹ ਸਿਲਸਿਲਾ ਸਿਰਫ਼ ਭਾਰਤ ਦੇ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਹੈ। ਸੁਨੀਤਾ ਕਹਿੰਦੀ ਹੈ ਕਿ ਨੇਪਾਲੀ ਕੁੜੀਆਂ ਨੂੰ ਤਸਕਰੀ ਤੋਂ ਬਾਅਦ ਚੀਨ, ਸ੍ਰੀਲੰਕਾ ਅਤੇ ਅਰਬ ਦੇਸਾਂ ਵਿੱਚ ਵੇਚਿਆ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਦੇਹ ਵਪਾਰ ਵਿੱਚ ਧੱਕ ਦਿੱਤਾ ਜਾਂਦਾ ਹੈ।

ਫੋਟੋ ਕੈਪਸ਼ਨ 'ਹਰ ਰੋਜ਼ 4,000 ਕੁੜੀਆਂ ਰੋਜ਼ ਨੇਪਾਲ ਤੋਂ ਭਾਰਤ ਪਹੁੰਚਦੀਆਂ ਹਨ'

ਘਰ ਪਹੁੰਚਣ 'ਤੇ ਵੀ ਮਨੁੱਖੀ ਤਸਕਰੀ ਦੀ ਪੀੜਤਾਂ ਲਈ ਮੁਸ਼ਕਿਲਾਂ ਘੱਟ ਨਹੀਂ ਹੁੰਦੀਆਂ ਕਿਉਂਕਿ ਨਾ ਤਾਂ ਉਨ੍ਹਾਂ ਦਾ ਪਰਿਵਾਰ ਤੇ ਨਾ ਹੀ ਸਮਾਜ ਉਨ੍ਹਾਂ ਨੂੰ ਸਵੀਕਾਰ ਕਰਦਾ ਹੈ।

ਕਾਠਮਾਂਡੂ ਦੇ ਇੱਕ ਮੁੜ ਵਸੇਬਾ ਕੇਂਦਰ ਵਿੱਚ ਰਹਿਣ ਵਾਲੀ ਇੱਕ ਪੀੜਤ ਨੇਪਾਲੀ ਕੁੜੀ ਦਾ ਕਹਿਣਾ ਹੈ, "ਮੈਨੂੰ ਚੰਗੀ ਨੌਕਰੀ ਦਾ ਵਾਅਦਾ ਕਰਕੇ ਦਿੱਲੀ ਲੈ ਜਾਇਆ ਗਿਆ ਪਰ ਉੱਥੇ ਮੈਨੂੰ ਇੱਕ ਛੋਟੇ ਤੇ ਗੰਦੇ ਜਿਹੇ ਕਮਰੇ ਵਿੱਚ ਪਹੁੰਚਾਇਆ ਗਿਆ।''

ਫੋਟੋ ਕੈਪਸ਼ਨ ਮੁੜ ਵਸੇਬਾ ਵੀ ਪੀੜਤ ਕੁੜੀਆਂ ਲਈ ਚੁਣੌਤੀ ਹੈ।

"ਉੱਥੇ ਹੋਰ ਵੀ ਨੇਪਾਲੀ ਕੁੜੀਆਂ ਮੌਜੂਦ ਸਨ। ਮੈਂ ਬੇਵਸ ਸੀ ਅਤੇ ਮੈਨੂੰ ਜਿਸਮਫਰੋਸ਼ੀ ਦਾ ਕੰਮ ਕਰਨ ਨੂੰ ਮਜਬੂਰ ਕੀਤਾ ਗਿਆ। ਕਈ ਮਹੀਨਿਆਂ ਬਾਅਦ ਮੈਂ ਉੱਥੋਂ ਨਿਕਲ ਸਕੀ।''

ਨਾਂ ਲੁਕਾਉਣ ਦੀ ਸ਼ਰਤ 'ਤੇ ਗੱਲ ਕਰਨ ਨੂੰ ਤਿਆਰ ਹੋਈ ਮਨੁੱਖੀ ਤਸਕਰੀ ਦੀ ਸ਼ਿਕਾਰ ਇੱਕ ਹੋਰ ਨੇਪਾਲੀ ਕੁੜੀ ਨੇ ਕਿਹਾ ਕਿ ਉਹ ਵਿਆਹ ਦੇ ਬਹਿਕਾਵੇ ਵਿੱਚ ਆ ਗਈ ਸੀ ਅਤੇ ਹੋਸ਼ ਸਾਂਭਿਆ ਤਾਂ ਖੁਦ ਨੂੰ ਉਸਨੇ ਜਿਸਮਫਰੋਸ਼ੀ ਦੀ ਮੰਡੀ ਵਿੱਚ ਪਾਇਆ।

ਫੋਟੋ ਕੈਪਸ਼ਨ ਤਸਕਰੀ ਦੀ ਪੀੜਤ ਹੋਣ ਬਾਰੇ ਪਤਾ ਚੱਲਣ 'ਤੇ ਲੋਕ ਫਾਇਦਾ ਚੁੱਕਣਾ ਚਾਹੁੰਦੇ ਹਨ।

ਉਹ ਕਹਿੰਦੀ ਹੈ, "ਮੈਨੂੰ ਜਿਸ ਮੁੰਡੇ ਨਾਲ ਪਿਆਰ ਸੀ ਉਸਨੇ ਮੈਨੂੰ ਮੁੰਬਈ ਵਿੱਚ ਬੇਹਤਰ ਜ਼ਿੰਦਗੀ ਦਾ ਭਰੋਸਾ ਦਿੱਤਾ। ਮੈਂ ਉਸਦੇ ਨਾਲ ਦਿੱਲੀ ਚਲੀ ਗਈ ਪਰ ਉਹ ਮੈਨੂੰ ਬਜ਼ੁਰਗ ਸ਼ਖਸ ਕੋਲ ਛੱਡ ਕੇ ਭੱਜ ਗਿਆ। ਉਸ ਸ਼ਖਸ ਨੇ ਮੇਰਾ ਬਲਾਤਕਾਰ ਕੀਤਾ, ਫਿਰ ਮੈਂ ਜਿਸਮਫਰੋਸ਼ੀ ਦੀ ਮੰਡੀ ਵਿੱਚ ਫਸ ਗਈ।''

ਮੁੜ ਵਸੇਬੇ ਦੀਆਂ ਮੁਸ਼ਕਿਲਾਂ

ਸੁਨੀਤਾ ਦਾਨੁਵਰ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਆਪਬੀਤੀ ਸੁਣਾਉਣ ਵਿੱਚ ਝਿੱਝਕਦੀ ਨਹੀਂ ਹੈ ਬਲਕਿ ਹੁਣ ਉਹ ਸਮਾਜਿਕ ਜੱਥੇਬੰਦੀ ਬਣਾ ਕੇ ਪੀੜਤ ਕੁੜੀਆਂ ਦੇ ਮੁੜ ਵਸੇਬੇ ਲਈ ਕੰਮ ਕਰ ਰਹੀ ਹੈ। ਸੁਨੀਤਾ ਮੁਤਾਬਕ ਇਹ ਕੰਮ ਇੰਨਾ ਵੀ ਸੌਖਾ ਨਹੀਂ ਹੈ।

ਫੋਟੋ ਕੈਪਸ਼ਨ ਕੁੜੀਆਂ ਨੂੰ ਰੋਜ਼ਗਾਰ ਦੇ ਝੂਠੇ ਵਾਅਦੇ ਕੀਤੇ ਜਾਂਦੇ ਹਨ।

ਉਹ ਦੱਸਦੀ ਹੈ, "ਸ਼ੁਰੂਆਤ ਵਿੱਚ ਅਸੀਂ ਪੀੜਤਾਂ ਨੂੰ ਟ੍ਰੇਨਿੰਗ ਦੇਣਾ ਸ਼ੁਰੂ ਕੀਤਾ ਤਾਕਿ ਉਹ ਬਾਹਰ ਜਾ ਕੇ ਨੌਕਰੀ ਕਰ ਸਕਣ ਅਤੇ ਆਪਣਾ ਢਿੱਡ ਭਰ ਸਕਣ।''

"ਅਜਿਹਾ ਹੋਇਆ ਵੀ ਪਰ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਕੁੜੀਆਂ ਤਸਕਰੀ ਦਾ ਸ਼ਿਕਾਰ ਹੋਈਆਂ ਹਨ ਤਾਂ ਉਹ ਵੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ। ਹੁਣ ਅਸੀਂ ਇੱਥੇ ਹੀ ਇਨ੍ਹਾਂ ਦੇ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)