ਕੀ ਗੁਜਰਾਤ 'ਸੀਐੱਮ' ਮੋਦੀ ਨੂੰ ਮਿਸ ਕਰ ਰਿਹਾ ਹੈ ?

ਗੁਜਰਾਤ ਵਿੱਚ ਭਾਜਪਾ

ਗੱਲ 2010 ਦੀ ਹੈ ਜਦੋਂ ਗੁਜਰਾਤ ਆਪਣਾ 50ਵਾਂ ਜਨਮਦਿਨ ਮਨਾਉਣ ਲਈ ਤਿਆਰ ਸੀ। ਗੁਜਰਾਤ ਨਾਲ ਸੰਪਰਕ ਰੱਖਣ ਵਾਲੇ ਸਾਰੇ ਕਾਰਪੋਰੇਟ ਹਾਊਸ ਵੀ ਇੱਕ ਮਈ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ 'ਸਹਿਯੋਗ' ਦੇ ਰਹੇ ਸਨ।

ਦੇਸ ਦੇ ਨਾਮੀ ਵਪਾਰਕ ਗਰੁੱਪ ਨੇ ਭਾਰਤ ਦੇ ਸਭ ਤੋਂ ਮਸ਼ਹੂਰ ਸੰਗੀਤਕਾਰ ਨਾਲ ਇਕ ਜਿੰਗਲ ਬਣਵਾਉਣ ਦਾ ਪਲਾਨ ਕੀਤਾ।

ਕਰੋੜਾਂ ਦੀ ਲਾਗਤ ਵਾਲਾ ਜਿੰਗਲ ਲੈ ਕੇ ਕਾਰਪੋਰੇਟ ਗਰੁੱਪ ਦੇ ਉੱਚ ਅਫ਼ਸਰ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਕੋਲ ਨੂੰ ਸੁਣਾਉਣ ਲਈ ਪਹੁੰਚੇ।

ਨਰਿੰਦਰ ਮੋਦੀ ਨੇ ਸੁਣਨ ਤੋਂ ਪਹਿਲਾਂ ਪੁੱਛਿਆ, "ਜਿੰਗਲ ਬਣਾਉਣ ਵਾਲੇ ਕਿੱਥੇ ਹਨ?" ਜਵਾਬ ਮਿਲਿਆ "ਸਰ, ਉਹ ਤਾਂ ਨਹੀਂ ਆ ਸਕਣਗੇ।"

ਗੁਜਰਾਤ: ਮੋਦੀ ਨੂੰ ਟੱਕਰ ਦੇ ਸਕਣਗੇ ਰਾਹੁਲ?

ਗੁਜਰਾਤ ਚੋਣ: ਭਾਜਪਾ ਦੇ 22 ਸਾਲ ਬਾਅਦ...

ਖ਼ੈਰ, ਮੁੱਖ ਮੰਤਰੀ ਨੂੰ ਜਿੰਗਲ ਜ਼ਿਆਦਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਆਪਣੇ ਅਫ਼ਸਰਾਂ ਨੂੰ ਕਿਹਾ , "ਹੋਰ ਲੱਭੋ ਭਾਈ, ਬਹੁਤ ਟੈਲੇਂਟ ਹੈ ਸਾਡੇ ਗੁਜਰਾਤ ਵਿੱਚ।"

ਆਖ਼ਰਕਾਰ, ਜਿਸ ਦਾ ਜਿੰਗਲ ਚੁਣਿਆ ਗਿਆ, ਉਹ ਅਜਿਹਾ ਨੌਜਵਾਨ ਸੀ, ਜਿਸ ਬਾਰੇ ਪਹਿਲਾਂ ਕਦੀ ਕਿਸੇ ਨੇ ਸੁਣਿਆ ਤੱਕ ਨਹੀਂ ਸੀ।

Image copyright PIB
ਫੋਟੋ ਕੈਪਸ਼ਨ ਆਨੰਦੀਬੇਨ ਪਟੇਲ ਸਾਬਕਾ ਸੀਐੱਮ ਗੁਜਰਾਤ।

ਬਤੌਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਕੰਮ ਦਾ ਇਹੀ ਸਟਾਇਲ ਸੀ।

ਬਾਲੀਵੁੱਡ ਦੀ ਮਿਸਾਲ ਨਾਲ ਦੇਖੀਏ ਤਾਂ ਇਹੀ ਕਹਿ ਸਕਦੇ ਹਾਂ, "ਮੈਂ ਜਿੱਥੇ ਖੜਾ ਹੋ ਜਾਂਦਾ ਹਾਂ ਲਾਇਨ ਉੱਥੋਂ ਸ਼ੁਰੂ ਹੋ ਜਾਂਦੀ ਹੈ।"

ਆਨੰਦਾਬੇਨ ਨੇ ਸਿਖਾਇਆ ਫਾਇਲਾਂ 'ਤੇ ਜਿਲਦ ਚੜਾਉਣਾ

ਇਸ ਤੋਂ 5 ਸਾਲ ਬਾਅਦ ਸਾਲ 2015 ਦੀ ਇੱਕ ਦੁਪਹਿਰ ਉਸੇ ਸੀਐੱਮ ਦਫ਼ਤਰ 'ਚ ਆਨੰਦੀਬੇਨ ਬੈਠੀ ਕੁਝ ਫਾਇਲਾਂ ਦੇਖ ਰਹੇ ਸਨ।

ਇੱਕ-ਇੱਕ ਕਰਕੇ ਉਨ੍ਹਾਂ ਨੇ ਕਰਮਚਾਰੀਆਂ ਨੂੰ ਬੁਲਾਇਆ ਅਤੇ ਕਰੀਬ 20 ਮਿੰਟ ਤੱਕ ਉਨ੍ਹਾਂ ਨੂੰ ਇਹ ਸਿਖਾਇਆ ਕਿ 'ਕਿਤਾਬਾਂ 'ਤੇ ਕਵਰ ਕਿਵੇਂ ਚੜ੍ਹਾਉਣੇ ਚਾਹੀਦੇ ਹਨ ਤਾਂ ਜੋ ਉਹ ਪਾਟਣ ਨਾ ਅਤੇ ਬੁਰੀਆਂ ਵੀ ਨਾ ਲੱਗਣ। ਨਾਲ ਹੀ ਫਾਇਲਾਂ ਨੂੰ ਤਰੀਕੇ ਨਾਲ ਰੱਖਣਾ ਵੀ ਸਿਖਾਇਆ।

ਸਿਆਸਤ 'ਚ ਆਉਣ ਅਤੇ ਗੁਜਰਾਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਆਨੰਦੀਬੇਨ ਇੱਕ ਸਕੂਲ ਅਧਿਆਪਕ ਅਤੇ ਪ੍ਰਿੰਸੀਪਲ ਸੀ।

ਰੂਪਾਣੀ ਨੂੰ ਜਿੱਤ ਦੀ ਆਸ ਨਹੀਂ ਸੀ

ਇਸ ਤੋਂ ਕਰੀਬ ਇਸ ਸਾਲ ਬਾਅਦ ਗੁਜਰਾਤ ਦੇ ਮੌਜੂਦਾ ਮੁੱਖ ਮੰਤਰੀ ਵਿਜੈ ਰੂਪਾਣੀ ਉਸੇ ਦਫ਼ਤਰ ਦੇ 'ਇੰਚਾਰਜ' ਬਣੇ।

ਕੁਝ ਦਿਨ ਪਹਿਲਾਂ ਹੀ ਉਹ ਕਿਸੇ ਨਾਲ ਸ਼ੇਅਰ ਕਰ ਚੁੱਕੇ ਸਨ, "ਮੈਨੂੰ ਯਕੀਨ ਨਹੀਂ ਸੀ ਕਿ ਮੈਂ ਰਾਜਕੋਟ ਦੱਖਣੀ ਸੀਟ ਤੋਂ ਚੋਣ ਲੜ ਸਕਾਂਗਾ, ਜਿੱਤਣਾ ਤਾਂ ਬਾਅਦ ਦੀ ਗੱਲ ਹੈ।"

Image copyright Getty Images

ਦਰਅਸਲ, ਇਹ ਸੀਟ ਪ੍ਰਦੇਸ਼ ਭਾਜਪਾ ਦੇ ਸਿਰਕੱਢ ਆਗੂ ਵਜੁਭਾਈ ਵਾਲਾ ਦੀ ਸੀ। ਜੋ 1985 ਤੋਂ ਜਿੱਤ ਰਹੇ ਸਨ ਅਤੇ ਉਨ੍ਹਾਂ 2002 ਦੀਆਂ ਉੱਪ-ਚੋਣਾਂ ਲਈ ਇਹ ਸੀਟ ਨਰਿੰਦਰ ਮੋਦੀ ਲਈ 'ਖਾਲੀ ਕੀਤੀ ਸੀ'।

ਕੇਂਦਰ 'ਚ ਮੋਦੀ ਸਰਕਾਰ ਆਉਣ ਤੋਂ ਕੁਝ ਮਹੀਨੇ ਬਾਅਦ ਵਜੁਭਾਈ ਵਾਲਾ ਦੀ ਨਿਯੁਕਤੀ ਬਤੌਰ ਕਰਨਾਟਕ ਗਵਰਨਰ ਕਰ ਦਿੱਤੀ ਗਈ ਸੀ ਅਤੇ ਰੂਪਾਣੀ ਨੂੰ ਪਹਿਲਾਂ ਸੀਟ ਅਤੇ ਡੇਢ ਸਾਲ ਬਾਅਦ ਮੁੱਖ ਮੰਤਰੀ ਦਾ ਅਹੁਦਾ ਵੀ ਮਿਲਿਆ।

ਗੁਜਰਾਤ ਦੇ ਮੁੱਖ ਮੰਤਰੀ ਨੇ ਦਿੱਤੇ 7 ਸਵਾਲਾਂ ਦੇ ਜਵਾਬ

ਗੁਜਰਾਤ: 'ਡਰਾਉਣੇ ਸੁਪਨੇ ਹਾਲੇ ਵੀ ਸੌਣ ਨਹੀਂ ਦਿੰਦੇ'

ਕੀ ਹਾਰਦਿਕ ਪਟੇਲ ਪੈਣਗੇ ਮੋਦੀ 'ਤੇ ਭਾਰੂ?

ਕਿਵੇਂ ਦਾ ਸੀ ਮੁੱਖ ਮੰਤਰੀ ਮੋਦੀ ਦਾ ਕਾਰਜਕਾਲ ?

ਨਰਿੰਦਰ ਮੋਦੀ ਦਾ ਸ਼ਾਸਨ ਉਨ੍ਹਾਂ ਦੇ ਆਸੇ-ਪਾਸੇ ਮੰਡਰਾਉਂਦਾ ਸੀ, ਜਦ ਕਿ ਆਨੰਦੀਬੇਨ ਅਤੇ ਰੂਪਾਣੀ ਦੇ ਦੌਰ 'ਚ ਇਹ ਖਿੱਲਰਦਾ ਦਿਖਿਆ ਹੈ।

ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 4,610 ਦਿਨ ਤੱਕ ਮੁੱਖ ਮੰਤਰੀ ਰਹੇ ਮੋਦੀ ਦਾ ਕਦ ਗੁਜਰਾਤ 'ਚ ਖ਼ਾਸਾ ਵੱਧ ਚੁੱਕਿਆ ਹੈ।

ਲੰਬੇ ਸਮੇਂ ਤੋਂ ਉਨ੍ਹਾਂ ਨਾਲ ਕੰਮ ਕਰ ਚੁੱਕੇ ਲੋਕ ਦੱਸਦੇ ਹਨ, "ਮੋਦੀ ਬੋਲਦੇ ਘੱਟ ਸਨ ਪਰ ਸਮੇਂ ਮੁਤਾਬਕ ਟੀਚਾ ਨਾ ਪੂਰੇ ਹੋਣ 'ਤੇ ਖ਼ੌਫਨਾਕ ਵੀ ਲੱਗਦੇ ਸਨ।

Image copyright Getty Images

ਆਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੀਨੀਅਰ ਆਈਏਐੱਸ ਅਧਿਕਾਰੀਆਂ 'ਚੋਂ ਉਨ੍ਹਾਂ ਦੀ 'ਪਛਾਣ ਕਰ ਲਈ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਕਰੀਬ ਰੱਖਣਾ ਸੀ।

ਮੋਦੀ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹ ਲਾਉਣ ਨਿਕਲੀ ਕੁੜੀ ਕੌਣ?

ਦਲਿਤਾਂ ਦੀਆਂ ਜੀਨਾਂ ਤੇ ਮੁੱਛਾਂ ਕਿਉਂ ਖਟਕਦੀਆਂ ਹਨ?

ਗਾਂਧੀਨਗਰ ਮੁੱਖ ਮੰਤਰੀ ਨਿਵਾਸ 'ਚ ਸਿਰਫ ਉਨ੍ਹਾਂ ਅਧਿਕਾਰੀਆਂ ਨੂੰ ਹੀ ਜਾਣ ਦੀ ਇਜਾਜ਼ਤ ਸੀ। ਮੰਤਰੀ, ਐੱਮਐੱਲਏ ਤਾਂ ਉਥੇ 'ਆਉਣ ਤੋਂ ਵੀ ਘਬਰਾਉਂਦੇ ਸਨ', ਜਦਕਿ ਇਸ ਤੋਂ ਪਹਿਲਾਂ ਕੇਸ਼ੂਭਾਈ ਪਟੇਲ ਦੇ ਕਾਰਜਕਾਲ 'ਚ ਸਾਰੇ ਉੱਥੇ ਅਕਸਰ ਇਕੱਠੇ ਹੁੰਦੇ ਸਨ।

ਸਾਲ 2006 ਦੇ ਵਿਧਾਨ ਸਭਾ ਸੈਸ਼ਨ ਦੌਰਾਨ ਇੱਕ ਪਾਰਟੀ ਵਿਧਾਇਕ ਦੀ ਸ਼ਿਕਾਇਤ ਸੀ, "ਸਾਢੇ ਤਿੰਨ ਸਾਲ ਬਾਅਦ ਨਰਿੰਦਰ ਭਾਈ ਨਾਲ ਨਿੱਜੀ ਮੁਲਾਕਾਤ ਹੋਈ।"

ਕੁਝ ਕਰੀਬੀ ਦੱਸਦੇ ਹਨ, "ਨਰਿੰਦਰ ਮੋਦੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇੱਕ ਵੀ ਚੋਣ ਨਹੀਂ ਲੜੇ ਸਨ ਸ਼ਾਇਦ ਇਸ ਲਈ ਚੁਣੇ ਹੋਏ ਆਗੂਆਂ 'ਤੇ ਪੂਰਾ ਭਰੋਸਾ ਕਰਨ 'ਚ ਉਨ੍ਹਾਂ ਨੂੰ ਥੋੜ੍ਹੀ ਝਿਝਕ ਸੀ।"

ਗੁਜਰਾਤ ਵਿੱਚ ਮੋਦੀ ਦਾ ਰੁਤਬਾ ਬਰਕਰਾਰ

ਸ਼ਾਇਦ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀ ਗੁਜਰਾਤ ਸਰਕਾਰ ਅਤੇ ਪ੍ਰਸ਼ਾਸਨ 'ਤੇ ਮੁੱਖ ਮੰਤਰੀ ਮੋਦੀ ਵਰਗੀ ਪਕੜ 'ਆਪਣੇ ਪਸੰਦੀਦਾ ਬਿਓਰੋਕ੍ਰੈਟਸ' ਰਾਹੀਂ ਬਣਾ ਰੱਖੀ ਹੈ।

ਕੇ.ਕੈਲਾਸ਼ਨਾਥਨ ਉਹ ਅਧਿਕਾਰੀ ਹਨ, ਜਿਨ੍ਹਾਂ ਨੂੰ 2013 'ਚ ਰਿਟਾਇਰਡ ਹੋਣ ਤੋਂ ਬਾਅਦ ਇੱਕ ਖ਼ਾਸ ਅਹੁਦੇ 'ਚੀਫ਼ ਪ੍ਰਿਸੀਪਲ ਸਕੱਤਰ' 'ਤੇ ਨਿਯੁਕਤ ਕੀਤਾ ਗਿਆ।

ਗੁਜਰਾਤ ਚੋਣਾਂ: ਇਹ ਹਨ ਕਾਂਗਰਸ ਦੀਆਂ 5 ਮੁਸ਼ਕਲਾਂ

ਘਰਾਂ ਦੀ ਨਿਸ਼ਾਨਦੇਹੀ ਤੋਂ ਕਿਉਂ ਘਬਰਾਏ ਗੁਜਰਾਤੀ ਲੋਕ?

Image copyright Vijay Rupani/instagram

ਕੈਲਾਸ਼ਨਾਥ ਦੀ ਇਹ ਪੋਸਟ ਆਨੰਦੀਬੇਨ ਪਟੇਲ ਅਤੇ ਵਿਜੈ ਰੂਪਾਣੀ ਦੇ ਕਾਰਜਕਾਲ 'ਚ ਵੀ ਜਾਰੀ ਹੈ। ਉਨ੍ਹਾਂ ਨੂੰ ਲੋਕ ਕੇਕੇ ਵੀ ਕਹਿੰਦੇ ਹਨ।

ਉਨ੍ਹਾਂ ਦੇ ਇੱਕ ਕਰੀਬੀ ਮੁਤਾਬਕ, "ਕੇਕੇ ਗੁਜਰਾਤ 'ਚ ਓਨੇ ਹੀ ਸ਼ਕਤੀਸ਼ਾਲੀ ਹਨ, ਜਿਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ"।

ਅਜਿਹੇ ਵੀ ਕਈ ਅਧਿਕਾਰੀ ਹਨ, ਜਿਨ੍ਹਾਂ ਨੂੰ ਮੋਦੀ ਨੇ ਸਿੱਧਾ ਦਿੱਲੀ ਹੀ ਬੁਲਾ ਲਿਆ ਅਤੇ ਵੱਡੇ ਅਹੁਦਿਆਂ 'ਤੇ ਨਿਯੁਕਤ ਕੀਤਾ।

ਮਿਸਾਲ ਵਜੋਂ ਰੈਵੇਨਿਊ ਸਕੱਤਰ ਹਸਮੁੱਖ ਅਢਿਆ, ਉਨ੍ਹਾਂ ਦੇ ਸਹਾਇਕ ਪ੍ਰਿੰਸੀਪਲ ਸਕੱਤਰ ਪੀਕੇ ਮਿਸ਼ਰਾ ਅਤੇ ਪੀਐਮਓ 'ਚ ਪਬਲਿਕ ਰਿਲੇਸ਼ਨ ਦੇ ਚੀਫ਼ ਜੇਐੱਮ ਠੱਕਰ ਆਦਿ ਕੁਝ ਅਜਿਹੇ ਨਾਂਅ ਹਨ।

ਉਨ੍ਹਾਂ ਦੇ ਨਿੱਜੀ ਸਕੱਤਰ ਆਈਏਐੱਸ ਅਧਿਕਾਰੀ ਰਾਜੀਵ ਟੋਪਨੋ ਵੀ ਗੁਜਰਾਤ ਕੈਡਰ ਤੋਂ ਹੀ ਲਿਆਂਦੇ ਗਏ ਹਨ।

ਅਜਿਹੇ ਅਧਿਕਾਰੀ ਵੀ ਹਨ, ਜਿਨ੍ਹਾਂ ਨੂੰ ਮੋਦੀ ਦੀ 'ਅਗਨੀ ਪ੍ਰੀਖਿਆ' 'ਚੋਂ ਵੀ ਨਿਕਲਣਾ ਪਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗੁਜਰਾਤ ਦੇ ਇਸ ਪਿੰਡ ਦੀਆਂ ਕੁੜੀਆਂ ਨੂੰ ਕਦੋਂ ਮਿਲੇਗਾ ਸਿੱਖਿਆ ਦਾ ਅਧਿਕਾਰ?

ਜਦੋਂ ਮੋਦੀ ਨੇ ਦਿੱਤਾ ਜ਼ੀਰੋ

ਇੱਕ ਅਹਿਮ ਵਿਭਾਗ ਦੇ ਮੁੱਖ ਸਕੱਤਰ ਜੋ ਕਿ ਅੱਗੇ ਜਾ ਕੇ 'ਮੋਦੀ ਦੇ ਖ਼ਾਸ ਵੀ ਬਣੇ' ਇੱਕ ਦਿਨ ਇੱਕ ਪ੍ਰੇਜੈਂਟੇਸ਼ਨ ਦੇ ਰਹੇ ਸਨ।

ਜਿਸ ਵਿੱਚ ਉਨ੍ਹਾਂ ਨੇ ਆਪਣੇ ਵਿਭਾਗ ਦੀਆਂ ਅਜਿਹੀਆਂ ਚੀਜ਼ਾਂ ਦੱਸੀਆਂ ਜੋ 'ਬਿਹਤਰੀਨ ਸਨ'।

ਸਭ ਕੁਝ ਗੌਰ ਨਾਲ ਸੁਣਨ ਤੋਂ ਬਾਅਦ ਮੁੱਖ ਮੰਤਰੀ ਬੋਲੇ "ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਪਰ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਜ਼ੀਰੋ ਨੰਬਰ ਦਵਾਂਗਾ।"

ਉਨ੍ਹਾਂ ਨੇ ਅੱਗੇ ਕਿਹਾ, "ਜਦ ਤੱਕ ਇਹਨਾਂ ਚੰਗੇ ਕੰਮ ਬਾਰੇ ਲੋਕਾਂ ਨੂੰ ਪਤਾ ਨਹੀਂ ਲੱਗੇਗਾ, ਮੇਰੀ ਸਰਕਾਰ ਨੂੰ ਕੀ ਮਾਇਲੇਜ਼ ਮਿਲੇਗੀ। ਇਸ ਦੀ ਪਬਲੀਸਿਟੀ ਕਿੱਥੇ ਹੈ?"

ਇਹ ਮੋਦੀ ਦਾ ਤਰੀਕਾ ਸੀ। ਇੱਕ ਸੀਨੀਅਰ ਅਧਿਕਾਰੀ ਮੁਤਾਬਕ, "ਅਧਿਕਾਰੀਆਂ ਨੇ ਮੋਦੀ ਦੇ ਦਿੱਲੀ ਜਾਣ 'ਤੇ ਸੁੱਖ ਦਾ ਸਾਹ ਲਿਆ ਸੀ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਸੀ।"

ਆਨੰਦੀਬੇਨ ਵੇਲੇ ਅਜਿਹਾ ਕੀ ਹੋਇਆ ?

ਆਨੰਦੀਬੇਨ ਦੇ ਕਮਾਨ ਸਾਂਭਦਿਆਂ ਹੀ ਚੀਜ਼ਾਂ ਬਦਲਣ ਲੱਗੀਆਂ ਸਨ। ਉਨ੍ਹਾਂ ਦੇ ਕਰੀਬੀਆਂ ਦੀ ਰਾਏ ਭਾਵੇਂ ਚੰਗੀ ਹੈ ਜਾਂ ਮਾੜੀ , ਇਕੋ ਜਿਹੀ ਹੀ ਹੈ।

ਜ਼ਿਆਦਾਤਰ ਮੰਨਦੇ ਹਨ ਕਿ ਮੋਦੀ ਦੇ ਮੁਕਾਬਲੇ ਆਨੰਦੀਬੇਨ ਹੀ ਉਹ ਦਿੱਗਜ਼ ਨੇਤਾ ਸੀ, ਜਿਸ ਨੂੰ ਕਮਾਨ ਮਿਲਣੀ ਚਾਹੀਦੀ ਸੀ ਅਤੇ ਖ਼ੁਦ ਮੋਦੀ ਨੇ ਉਨ੍ਹਾਂ ਨੂੰ ਚਣਿਆ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕਿਵੇਂ ਬਾਈਕ ਸਵਾਰ ਕੁੜੀਆਂ ਨੇ ਜਾਣੀਆਂ ਗੁਜਰਾਤ ਦੀਆਂ ਮੁਸ਼ਕਲਾਂ?

ਉਹ ਸਿੱਖਿਆ ਅਤੇ ਰੈਵੇਨਿਊ ਵਰਗੇ ਅਹਿਮ ਮੰਤਰਾਲੇ ਨੀ ਸਾਂਭ ਚੁੱਕੇ ਸੀ। ਆਨੰਦੀਬੇਨ ਦੇ ਰਾਜ ਵਿੱਚ ਸਕੱਤਰੇਤ 'ਚ ਮੰਤਰੀਆਂ ਅਤੇ ਪਾਰਟੀ ਨੇਤਾਵਾਂ ਦਾ ਆਉਣਾ ਜਾਣਾ ਵੀ ਵੱਧ ਗਿਆ ਸੀ।

ਪਰ ਉਨ੍ਹਾਂ ਦੀ ਦਿੱਕਤ ਉਨ੍ਹਾਂ ਦਾ ਮਿਜਾਜ਼ ਸੀ ਕਿਉਂਕਿ ਪਲ ਵਿੱਚ ਗੁੱਸਾ ਅਤੇ ਅਗਲੇ ਹੀ ਪਲ ਸਾਧਾਰਣ ਹੋ ਜਾਂਦੀ ਸੀ।

ਉਨ੍ਹਾਂ ਦੇ ਕਾਰਜਕਾਲ ਵਿੱਚ ਕੁੜੀਆਂ 'ਚ ਸਕੂਲੀ ਸਿੱਖਿਆ ਵਧਾਉਣ ਦੀ ਮੁਹਿੰਮ ਚੱਲੀ ਸੀ। ਜਿਸ ਦਾ ਨਾਂ ਸੀ 'ਕੰਨਿਆ ਕੇਲਵਣੀ ਯੋਜਨਾ'।

ਇਸ ਨਾਲ ਜੁੜੇ ਇੱਕ ਵੱਡੇ ਅਧਿਕਾਰੀ ਇਸੇ ਵੇਲੇ ਕਿਸੇ ਕਾਰਨ ਛੁੱਟੀ 'ਤੇ ਚਲੇ ਗਏ।

ਵਾਪਸ ਆਉਣ 'ਤੇ ਮੁੱਖ ਮੰਤਰੀ ਆਨੰਦੀਬੇਨ ਨੇ ਉਨ੍ਹਾਂ ਨੂੰ ਅਤੇ ਦੋ ਹੋਰ ਸੀਨੀਅਰ ਸਕੱਤਰਾਂ ਨੂੰ ਬੁਲਾਇਆ ਅਤੇ "ਬਿਨਾਂ ਕੋਈ ਸਵਾਲ ਕੀਤੇ ਸਰਕਾਰੀ ਅਧਿਕਾਰੀਆਂ ਦੇ ਕੰਮਕਾਜ਼ ਦੇ ਤਰੀਕੇ 'ਤੇ 40 ਮਿੰਟ ਤੱਕ ਬੋਲਦੇ ਰਹੇ।"

ਜਦੋਂ ਉਹ ਚੁੱਪ ਹੋ ਗਈ ਤਾਂ 3-4 ਮਿੰਟਾਂ ਤੱਕ ਚੁੱਪ ਤੋਂ ਬਾਅਦ ਉਸ ਅਧਿਕਾਰੀ ਨੇ ਪੁੱਛਿਆ, "ਮੈਡਮ ਮੀਟਿੰਗ ਖ਼ਤਮ ਹੋ ਗਈ ? ਅਸੀਂ ਜਾਈਏ ?

ਜਵਾਬ ਮਿਲਿਆ, "ਹਾਂ ਹਾਂ ਬਿਲਕੁੱਲ ਜਾਓ।"

ਕਿਉਂ ਗਈ ਆਨੰਦੀਬੇਨ ਦੀ ਕੁਰਸੀ ?

ਜਿੱਥੇ ਮੋਦੀ ਦੇ ਤਿੰਨ ਕਾਰਜਕਾਲਾਂ ਵਿੱਚ ਭ੍ਰਿਸ਼ਟਾਚਾਰ ਦੇ ਸਿੱਧੇ ਜਾਂ ਵੱਡੇ ਇਲਜ਼ਾਮ ਨਹੀਂ ਲੱਗੇ ਸਨ, ਆਨੰਦੀਬੇਨ ਸਰਕਾਰ ਦੌਰਾਨ ਉਹ ਵੱਧਣ ਲੱਗੇ, 'ਜਿਸਦਾ ਫੀਡਬੈੱਕ ਸਿੱਧਾ ਮੋਦੀ ਕੋਲ ਦਿੱਲੀ ਪਹੁੰਚਦਾ ਸੀ'।

ਅਫ਼ਵਾਹਾਂ ਜਨਤਾ ਤੱਕ ਵੀ ਪਹੁੰਚ ਰਹੀਆਂ ਸਨ, ਜਿਸ ਦਾ ਨੁਕਸਾਨ ਪ੍ਰਦੇਸ਼ ਭਾਜਪਾ ਨੂੰ ਸਾਫ ਦਿਖ ਰਿਹਾ ਸੀ।

ਦੂਜੇ ਪਾਸੇ ਪਟੇਲ ਅੰਦੋਲਨ ਦਾ ਬੀਜ ਵੀ ਬੀਜਿਆ ਜਾ ਚੁੱਕਾ ਸੀ। ਵਿਜੈ ਰੂਪਾਣੀ ਦੀ ਕਹਾਣੀ ਇੱਥੋਂ ਹੀ ਸ਼ੁਰੂ ਹੋਈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬੀਬੀਸੀ ਗੁਜਰਾਤੀ ਗੁਜਰਾਤ ਚੋਣਾਂ 'ਚ ਪੁੱਛੇਗਾ ਔਰਤਾਂ ਨੂੰ ਉਨ੍ਹਾਂ ਦੇ ਮੁੱਦੇ

ਰੂਪਾਣੀ ਨੂੰ ਸਿਰਫ਼ ਭਾਜਪਾ ਪ੍ਰਮੁੱਖ ਅਮਿਤ ਸ਼ਾਹ ਬਲਕਿ ਸਵੈਂਸੇਵਕ ਸੰਘ ਦਾ ਵੀ ਸਮਰਥਨ ਮਿਲ ਰਿਹਾ ਸੀ।

ਰੂਪਾਣੀ ਬਾਰੇ ਆਮ ਰਾਏ ਇਹੀ ਹੈ ਕਿ 'ਉਹ ਚੰਗੇ ਆਦਮੀ ਹਨ ਅਤੇ ਉਨ੍ਹਾਂ ਤੱਕ ਪਹੁੰਚਣਾ ਵੀ ਮੁਸ਼ਕਿਲ ਨਹੀਂ।"

ਗਾਂਧੀਨਗਰ ਵਿੱਚ ਜਾਣਕਾਰ ਦੱਸਦੇ ਹਨ, "ਰੂਪਾਣੀ ਸਭ ਨਾਲ ਮਿਲਦੇ ਵਰਤਦੇ ਹਨ ਅਤੇ ਮੋਦੀ-ਸ਼ਾਹ ਦੀ ਹਰ ਗੱਲ ਪੱਥਰ ਦੀ ਲਕੀਰ ਹੈ।

ਕੁਝ ਮਹੀਨੇ ਪਹਿਲਾ ਹਾਈ ਕਮਾਨ ਤੋਂ ਸਖ਼ਤ ਸੰਦੇਸ਼ ਆਇਆ ਕਿ ਉਹ ਜਨਤਕ ਪ੍ਰੋਗਰਾਮਾਂ 'ਚ ਘੱਟ ਦਿਖ ਰਹੇ ਹਨ। ਰੂਪਾਣੀ ਅਗਲੇ ਦਿਨ ਘਰੋਂ ਦਫ਼ਤਰ ਜਾਣ ਵੇਲੇ ਇੱਕ ਛੋਟੇ ਜਿਹੇ ਧਾਰਮਿਕ ਸਮਾਗਮ 'ਚ ਵੀ ਰੁੱਕ ਗਏ। ਜਿਸ ਵਿੱਚ ਸਿਰਫ਼ ਸੌ-ਡੇਢ ਸੌ ਲੋਕ ਸਨ।"

ਹਾਲ ਵਿੱਚ ਹੀ ਵਿਜੈ ਰੂਪਾਣੀ ਦੇ ਨਾਲ ਘੰਟਿਆਂ ਗੱਲਬਾਤ ਕਰ ਚੁੱਕੇ ਇੱਕ ਵਿਅਕਤੀ ਦੇ ਕਿਹਾ, "ਦਿੱਕਤ ਇਹੀ ਹੈ ਕਿ ਆਮ ਆਦਮੀ ਉਨ੍ਹਾਂ ਨੂੰ ਅੱਜ ਵੀ ਭਾਜਪਾ ਕਾਰਜਕਰਤਾ ਜ਼ਿਆਦਾ ਅਤੇ ਮੁੱਖ ਮੰਤਰੀ ਘੱਟ ਸਮਝਦਾ ਹੈ।"

ਮੋਦੀ, ਆਨੰਦੀਬੇਨ, ਰੂਪਾਣੀ 'ਚ ਵਧੀਆ ਕੌਣ ?

ਗੁਜਰਾਤ ਦੇ ਆਮ ਲੋਕਾਂ ਕੋਲੋਂ ਵੀ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ "ਤਿੰਨੇ ਵੱਖੋ-ਵੱਖਰੇ ਹਨ"। ਮੀਡੀਆ 'ਚ ਵੀ ਇਸ ਤਰ੍ਹਾਂ ਦੇ ਕਿਆਸ ਲੱਗ ਰਹੇ ਹਨ ਕਿ ਦਰਅਸਲ ਬਿਹਤਰੀਨ ਕੌਣ ਸੀ।

ਮੋਦੀ ਨੇ ਆਪਣੇ ਮੁੱਖ ਮੰਤਰੀ ਕਾਲ ਦੀ ਸ਼ੁਰੂਆਤ 'ਚ ਮੀਡੀਆ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮੁੱਖ ਕਾਰਨ ਸੀ ਸਾਲ 2002 'ਚ ਗੋਧਰਾ ਕਾਂਡ ਤੋਂ ਬਾਅਦ ਸਰਕਾਰ ਅਤੇ ਅਗਵਾਈ ਦੀ ਕੌਮੀ-ਕੌਮਾਂਤਰੀ ਮੀਡੀਆ 'ਚ ਬਦਨਾਮੀ।

ਸ਼ਾਇਦ ਇਹੀ ਕਾਰਨ ਸੀ ਕਿ ਸਾਲ 2003-04 ਤੋਂ ਬਤੌਰ ਮੁੱਖ ਮੰਤਰੀ ਮੋਦੀ ਨੇ ਟੋਪ ਪੀਆਰ ਅਤੇ ਬ੍ਰੈਂਡ ਮੈਨੇਜਮੈਂਟ ਏਜੰਸੀਆਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਸੀ।

ਆਪਣੇ ਅਕਸ ਨੂੰ ਲੈ ਕੇ ਉਹ ਇੰਨੇ ਸੁਚੇਤ ਹੋ ਗਏ ਸਨ ਕਿ 'ਕੈਮਰਾ ਸ਼ੂਟਸ ਦੌਰਾਨ ਕਿਸ ਏਂਗਲ ਤੋਂ ਫੋਟੋ ਖਿੱਚਣੀ ਹੈ, ਇਹ ਵੀ ਉਹੀ ਤੈਅ ਕਰਦੇ ਸਨ। ਪ੍ਰਚਾਰ ਸਬੰਧੀ ਤਸਵੀਰਾਂ ਅਤੇ ਸਲੋਗਨਾਂ ਨੂੰ ਉਹੀ ਫਾਇਨਲ ਕਰਦੇ ਸਨ ਅਤੇ ਪਤਾ ਨਹੀਂ ਕਿੰਨੀਆਂ ਕੁ ਤਸਵੀਰਾਂ ਰਿਜੈਕਟ ਹੋਈਆਂ ਹੋਣਗੀਆਂ।

ਇੱਕ ਜਾਣਕਾਰ ਨੇ ਦੱਸਿਆ, "ਆਪਣੀ ਬ੍ਰੈਂਡ ਇਮੇਜ਼ ਵਧਾਉਣ ਦੇ ਸਿਲਸਿਲੇ 'ਚ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਅਤੇ ਚੰਦਰਬਾਬੂ ਨਾਇਡੂ ਦਾ ਮਾਡਲ ਦੱਸਿਆ ਗਿਆ। ਕਾਰਪੋਰੇਟ ਜਗਤ ਤੋਂ ਵਪਾਰ ਕਰਨ ਦਾ ਮਾਡਲ ਉਨ੍ਹਾਂ ਨੇ ਇਥੋਂ ਹੀ ਅਪਣਾਇਆ।"

ਵਿਸ਼ਲੇਸ਼ਕ ਦੱਸਦੇ ਹਨ ਕਿ ਪਾਰਟੀ ਤੋਂ ਵੱਧ ਮੋਦੀ ਨਾਲ ਸੂਬੇ 'ਚ ਲਾਭ ਹੋਇਆ ਅਤੇ ਇਹੀ ਕਾਰਨ ਹੈ ਕਿ 2017 ਦੀਆਂ ਚੋਣਾਂ 'ਚ ਮੋਦੀ ਨੂੰ ਖ਼ੁਦ ਵੋਟ ਮੰਗਣ ਲਈ ਮੈਦਾਨ 'ਚ ਆਉਣਾ ਪਿਆ।

ਸੂਬੇ ਦੀ ਸਿਆਸਤ ਅਤੇ ਵੋਟਰਾਂ ਦੇ ਰੁਝਾਨ 'ਤੇ ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਦੇ ਵੱਖ ਵੱਖ ਕਿਸਮ ਦੇ ਸ਼ਾਸਨਾਂ ਦਾ ਸਿੱਧਾ ਅਸਰ ਕਿੰਨਾ ਕੁ ਪਵੇਗਾ। ਇਹ ਬਹੁਤ ਛੇਤੀ ਹੀ ਪਤਾ ਲੱਗਣ ਵਾਲਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)