ਗ੍ਰਾਊਂਡ ਰਿਪੋਰਟ:'ਅਫ਼ਰਾਜੁਲ ਦੀ ਗ਼ਲਤੀ ਸੀ ਕਿ ਉਹ ਮਜ਼ਦੂਰ ਸਨ, ਮਜ਼ਬੂਰ ਸਨ, ਮੁਸਲਮਾਨ ਸਨ'

  • ਦਿਲਨਵਾਜ਼ ਪਾਸ਼ਾ
  • ਬੀਬੀਸੀ ਪੱਤਰਕਾਰ
ਤਸਵੀਰ ਕੈਪਸ਼ਨ,

ਪ੍ਰਤਿਕਾਤਮ ਤਸਵੀਰ

ਮਿੱਟੀ ਦਾ ਵੱਡਾ ਚੁੱਲਾ, ਜਿਸ ਉੱਤੇ ਵੱਡੇ ਭਾਂਡੇ ਵਿੱਚ ਖਾਣਾ ਬਣਾਇਆ ਜਾਂਦਾ ਸੀ, ਠੰਡਾ ਪਿਆ ਹੈ। ਉਸ ਦੇ ਪਿੱਛੇ ਬੱਜਰੀ 'ਤੇ ਕਹੀਆਂ ਨਹੀਂ ਹਨ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ।

ਬਿਨਾ ਬਰਾਂਡੇ ਦੇ ਕਮਰੇ 'ਚ ਇੱਕ ਮੰਜੀ ਪਈ ਹੈ, ਜਿਸ 'ਤੇ ਹਿਸਾਬ ਦੀ ਕਾਪੀ ਉੱਥੇ ਹੀ ਪਈ ਹੈ, ਜਿੱਥੇ ਹਿਸਾਬ ਲਗਾਉਣ ਵਾਲਾ ਛੱਡ ਗਿਆ ਸੀ।

ਚੌਂਕੇ 'ਚ ਡੱਬੇ 'ਚ ਪਈਆਂ ਦੋ ਰੋਟੀਆਂ ਖਾਣ ਵਾਲੇ ਦਾ ਇੰਤਜ਼ਾਰ ਕਰ ਰਹੀਆਂ ਹੈ।

ਤਸਵੀਰ ਕੈਪਸ਼ਨ,

ਮਾਲਦਾ ਦੇ ਅਫ਼ਰਾਜੁਲ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਰਾਜਸਮੰਦ ਵਿੱਚ ਮਜ਼ਦੂਰੀ ਕਰ ਰਹੇ ਸਨ

ਇੱਕ ਪੁਰਾਣੀ ਮੇਜ਼ 'ਤੇ ਇੱਕ ਪੁਰਾਣਾ ਟੀਵੀ ਬੰਦ ਹੈ। ਲਾਗੇ ਪਿਆ ਇੱਕ ਪਤੀਲਾ ਅਤੇ ਵੱਡੀ ਕੜਾਹੀ ਆਲੂਆਂ ਦੀ ਬੋਰੀ ਲਾਗੇ ਪਈ ਹੈ। ਜੋ ਦੱਸ ਰਹੇ ਹਨ ਇਸ ਥਾਂ 'ਤੇ ਕਈ ਲੋਕਾਂ ਦਾ ਖਾਣਾ ਇਕੱਠਾ ਬਣਦਾ ਹੈ।

ਕਮਰੇ ਦੇ ਬਾਹਰ ਦਰਜਨਾਂ ਜੁੱਤੀਆਂ-ਚੱਪਲਾਂ, ਜਿਨਾਂ ਨੂੰ ਪਾਉਣ ਵਾਲੇ ਜਲਦਬਾਜ਼ੀ 'ਚ ਇੱਥੇ ਛੱਡ ਗਏ ਸਨ।

ਖੌਫ਼ ਨਾਲ ਜੰਗਲ ਤੋਂ ਪਰਤ ਰਹੇ ਹਨ ਮਜ਼ਦੂਰ

ਇਹ ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ਦੇ ਸਇਅਦਪੁਰ ਕਲਿਆਚਕ ਪਿੰਡ ਤੋਂ ਆ ਕੇ ਰਾਜਸਥਾਨ ਦੇ ਰਾਜਸਮੰਦ 'ਚ ਰਹਿ ਰਹੇ ਮਜ਼ਦੂਰ ਹਨ। 50 ਸਾਲਾ ਮਜ਼ਦੂਰ ਅਫ਼ਰਾਜੁਲ ਦਾ ਕਮਰਾ ਹੈ, ਜੋ ਹੁਣ ਖਾਲੀ ਪਿਆ ਹੈ।

ਅਫ਼ਰਾਜੁਲ ਆਪਣੇ ਭਾਣਜੇ ਇਨਾਮੁਲ, ਜਵਾਈ ਮੁਸ਼ਰੱਫ਼ ਸ਼ੇਖ਼ ਅਤੇ ਕਈ ਬੰਗਾਲੀ ਮਜ਼ਦੂਰਾਂ ਨਾਲ ਇੱਥੇ ਰਹਿੰਦੇ ਸਨ।

ਤਸਵੀਰ ਕੈਪਸ਼ਨ,

ਮਕਾਨ ਦੇ ਮਾਲਕ ਪੰਡਿਤ ਖੇਮਰਾਜ ਪਾਲੀਵਾਲ ਦੀਆਂ ਅੱਖਾਂ ਗ਼ਮ 'ਚ ਡੁੱਬੀਆਂ ਹੋਈਆਂ ਹਨ, ਨਾਲ ਬਰਕਤ ਅਲੀ (ਸੱਜੇ)

ਅਫ਼ਰਾਜੁਲ ਦੀ ਮੌਤ ਦਾ ਵੀਡੀਓ ਤੁਸੀਂ ਹੁਣ ਤੱਕ ਦੇਖ ਲਿਆ ਹੋਣਾ ਹੈ ਅਤੇ ਉਸ ਦੀਆਂ ਬੇਵਸ ਚੀਕਾਂ ਨੂੰ ਵੀ ਸੁਣ ਲਿਆ ਹੋਣਾ ਹੈ।

ਉਨ੍ਹਾਂ ਚੀਕਾਂ ਤੋਂ ਪੈਦਾ ਹੋਏ ਖ਼ੌਫ਼ ਦੇ ਸਾਏ 'ਚ ਉਨ੍ਹਾਂ ਨਾਲ ਰਹਿਣ ਵਾਲੇ ਮਜ਼ਦੂਰ ਵਾਪਸ ਪੱਛਮੀ ਬੰਗਾਲ ਚਲੇ ਗਏ ਹਨ। ਜੋ ਨਹੀਂ ਗਏ ਉਹ ਸ਼ਹਿਰ ਦੇ ਦੂਜੇ ਇਲਾਕੇ ਵਿੱਚ ਰਹਿ ਰਹੇ ਹਨ।

ਮਕਾਨ ਦੇ ਮਾਲਕ ਪੰਡਿਤ ਖੇਮਰਾਜ ਪਾਲੀਵਾਲ ਦੀਆਂ ਅੱਖਾਂ ਗ਼ਮ 'ਚ ਡੁੱਬੀਆਂ ਹੋਈਆਂ ਹਨ। ਉਹ ਸਿਰਫ਼ ਇੰਨਾਂ ਹੀ ਕਹਿ ਸਕੇ ਕਿ ਇੰਨੇ ਨੇਕ ਬੰਦੇ ਨਾਲ ਇੰਝ ਨਹੀਂ ਹੋਣਾ ਚਾਹੀਦਾ ਸੀ।

'ਨੇਕ ਅਤੇ ਸਾਫ਼ ਦਿਲ ਸੀ ਅਫ਼ਰਾਜੁਲ'

ਆਟੋ ਚਾਲਕ ਰਾਮਲਾਲ ਪਿਛਲੇ 9-10 ਸਾਲਾ ਤੋਂ ਅਫ਼ਰਾਜੁਲ ਅਤੇ ਉਨ੍ਹਾਂ ਦੇ ਸਾਥੀ ਮਜ਼ਦੂਰਾਂ ਨੂੰ ਕੰਮ ਵਾਲੀ ਥਾਂ ਪਹੁੰਚਾਉਂਦੇ ਸਨ।

ਰਾਮਲਾਲ ਕਹਿੰਦੇ ਹਨ ਕਿ ਉਹ ਬੇਹੱਦ ਨੇਕ ਅਤੇ ਸਾਫ਼ ਦਿਲ ਇਨਸਾਨ ਸਨ। ਉਨ੍ਹਾਂ ਨੂੰ ਚਾਹ ਪੀਣਾ ਪਸੰਦ ਸੀ ਅਤੇ ਮੈਨੂੰ ਵੀ ਹਮੇਸ਼ਾ ਚਾਹ ਪਿਆਇਆ ਕਰਦੇ ਸਨ।

ਰਾਮਲਾਲ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਅਫ਼ਰਾਜੁਲ ਦੀ ਮੌਤ ਦਾ ਵੀਡੀਓ ਦੇਖ ਸਕੇ। ਉਹ ਅਫ਼ਰਾਜੁਲ ਨੂੰ ਯਾਦ ਕਰਕੇ ਹੌਕੇ ਭਰਨ ਲੱਗਦੇ ਹਨ।

ਅਫ਼ਰਾਜੁਲ ਕਰੀਬ 12-13 ਸਾਲ ਪਹਿਲਾਂ ਪੱਛਮੀ ਬੰਗਾਲ ਤੋਂ ਰਾਜਸਮੰਦ ਆਏ ਸਨ ਅਤੇ ਮਜ਼ਦੂਰੀ ਕਰਦੇ ਸਨ ।

ਇਨਾਂ 13 ਸਾਲਾ 'ਚ ਉਹ ਮਜ਼ਦੂਰ ਤੋਂ ਠੇਕੇਦਾਰ ਬਣ ਗਏ ਅਤੇ ਸੜਕਾਂ ਬਣਾਉਣ ਲੱਗੇ ਸਨ। ਦਰਅਸਲ ਉਹ ਦੂਜੇ ਠੇਕੇਦਾਰਾਂ ਦਾ ਕੰਮ ਘੱਟ ਮਜ਼ਦੂਰੀ 'ਤੇ ਕਰਵਾ ਦਿੰਦੇ ਸਨ।

ਕੁਝ ਦਿਨ ਪਹਿਲਾਂ ਹੀ ਖੁਲਵਾਇਆ ਬੈਂਕ ਖਾਤਾ

ਉਨ੍ਹਾਂ ਨੇ ਇੱਕ ਮੋਟਰਸਾਈਕਲ ਵੀ ਖਰੀਦ ਲਿਆ ਸੀ, ਜਿਸ ਦੇ ਨੰਬਰ ਦੇ ਅਖ਼ੀਰ 'ਚ 786 ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ 20 ਹਜ਼ਾਰ ਦਾ ਸਮਾਰਟ ਫੋਨ ਖਰੀਦਿਆ ਸੀ, ਜੋ ਉਨ੍ਹਾਂ ਦੇ ਨਾਲ ਹੀ ਸੜ੍ਹ ਗਿਆ।

ਕੁਝ ਦਿਨ ਪਹਿਲਾਂ ਉਨ੍ਹਾਂ ਨੇ ਬੈਂਕ 'ਚ ਖਾਤਾ ਖੁਲਵਾਇਆ ਸੀ, ਜਿਸ ਦਾ ਏਟੀਐੱਮ ਕਾਰਡ ਅਜੇ ਵੀ ਉਸ ਲਿਫਾਫੇ 'ਚ ਪਿਆ ਹੈ, ਜਿਸ ਵਿੱਚ ਉਹ ਆਇਆ ਸੀ।

ਤਿੰਨ ਕੁੜੀਆਂ ਦੇ ਪਿਤਾ ਅਫ਼ਰਾਜੁਲ ਦੀਆਂ ਦੋ ਕੁੜੀਆਂ ਦਾ ਵਿਆਹ ਹੋ ਗਿਆ ਹੈ ਅਤੇ ਵੱਡਾ ਜਵਾਈ ਮੁਸ਼ਰੱਫ਼ ਸ਼ੇਖ਼ ਇੱਥੇ ਉਨ੍ਹਾਂ ਨਾਲ ਹੀ ਰਹਿੰਦਾ ਹੈ।

ਮੁਸ਼ਰੱਫ਼ ਸ਼ੇਖ਼ ਅਫ਼ਰਾਜੁਲ ਦੇ ਆਖ਼ਰੀ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ, "ਮੰਗਲਵਾਰ ਮੀਂਹ ਪਿਆ ਤਾਂ ਅਸੀਂ ਕੰਮ ਅੱਧੇ ਦਿਨ 'ਚ ਹੀ ਬੰਦ ਕਰ ਦਿੱਤਾ। ਬੁੱਧਵਾਰ ਨੂੰ ਥੋੜਾ ਮੀਂਹ ਪੈ ਰਿਹਾ ਸੀ ਅਤੇ ਅਸੀਂ ਕੰਮ ਸ਼ੁਰੂ ਨਹੀਂ ਕੀਤਾ। ਦੋ ਮਜ਼ਦੂਰਾਂ ਨੇ ਖਾਣਾ ਬਣਾਇਆ ਅਤੇ ਅਸੀਂ ਸਾਰਿਆਂ ਨੇ ਖਾਦਾ।"

"ਉਹ ਚਾਹ ਪੀਣ ਦਾ ਕਹਿ ਕੇ ਬਾਹਰ ਨਿਕਲੇ ਸਨ, ਕਰੀਬ ਸਾਢੇ ਦਸ ਵਜੇ ਫੋਨ ਕਰਕੇ ਉਨ੍ਹਾਂ ਨੇ ਕਿਹਾ ਮਜ਼ਦੂਰਾਂ ਦਾ ਹਿਸਾਬ ਕਰਕੇ ਪੈਸਾ ਦੇ ਦੇਣਾ, ਮੈਂ ਥੋੜੀ ਦੇਰ ਤੱਕ ਆਵਾਂਗਾ।"

"ਉਨ੍ਹਾਂ ਨੇ ਫਿਰ ਕਰੀਬ ਸਾਢੇ ਗਿਆਰਾ ਵਜੇ ਫੋਨ ਕੀਤਾ ਅਤੇ ਕਿਹਾ ਕਿ ਦਿਨ ਭਰ ਸੌਂਦੇ ਰਹੋਗੇ ਤਾਂ ਮਜ਼ਦੂਰਾਂ ਦਾ ਪੈਸਾ ਕਿਵੇਂ ਦੇਵੋਗੇ। ਇਸ ਤੋਂ ਬਾਅਦ ਮੇਰੀ ਉਨ੍ਹਾਂ ਨਾਲ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਸੀ ਮੈਂ 10 ਮਿੰਟਾਂ 'ਚ ਆ ਜਾਵਾਂਗਾ ਪਰ ਉਹ ਨਹੀਂ ਆਏ ਅਤੇ ਮੈਂ ਸੌਂਦਾ ਹੀ ਰਿਹਾ।"

ਡਰ ਦਿਲ 'ਚ ਘਰ ਕਰ ਗਿਆ

ਦੁਪਹਿਰ 'ਚ ਮੁਸ਼ਰੱਫ਼ ਦੇ ਇੱਕ ਕਿਸੇ ਜਾਣ ਪਛਾਣ ਵਾਲੇ ਨੇ ਉਨ੍ਹਾਂ ਨੂੰ ਫੋਨ ਕਰਕੇ ਇਹ ਦੱਸਿਆ ਕਿ ਅਫ਼ਰਾਜੁਲ ਦਾ ਐਕਸੀਡੈਂਟ ਹੋ ਗਿਆ ਹੈ। ਮੁਸ਼ਰੱਫ਼ ਨੂੰ ਲੱਗ ਰਿਹਾ ਸੀ ਕਿ ਮੋਟਰਸਾਈਕਲ ਟਕਰਾ ਗਿਆ ਹੋਵੇਗਾ।

ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਹ ਕਹਿੰਦੇ ਹਨ, "ਉਨ੍ਹਾਂ ਨੂੰ ਦੇਖਦੇ ਹੀ ਮੈਨੂੰ ਰੋਣਾ ਆ ਗਿਆ। ਕੁਝ ਸਮਝ ਨਹੀਂ ਆਇਆ। ਇੰਝ ਲੱਗਾ ਜਿਵੇਂ ਮੈਂ ਮਰ ਗਿਆ ਹਾਂ, ਮੈਂ ਉੱਥੇ ਹੀ ਸਿਰ ਫੜ੍ਹ ਕੇ ਰੋਣ ਲੱਗਾ।"

ਮੁਸ਼ਰੱਫ ਨੇ ਜਦੋਂ ਤੋਂ ਅਫ਼ਰਾਜੁਲ ਦੀ ਮੌਤ ਦਾ ਵੀਡੀਓ ਦੇਖਿਆ , ਉਹ ਕੁਝ ਨਹੀਂ ਖਾ ਸਕੇ। ਡਰ ਉਨ੍ਹਾਂ ਅੰਦਰ ਇਸ ਤਰ੍ਹਾਂ ਬੈਠ ਗਿਆ ਹੈ ਕਿ ਮਕਾਨ ਮਾਲਕ ਦੇ ਭਰੋਸੇ ਦੇ ਬਾਵਜੂਦ ਉਹ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਸ਼ਹਿਰ ਦੇ ਦੂਜੇ ਇਲਾਕੇ ਵਿੱਚ ਹੋਰ ਮਜ਼ਦੂਰਾਂ ਨਾਲ ਰਹਿ ਰਹੇ ਹਨ।

ਅਫ਼ਰਾਜੁਲ ਦੇ ਭਾਣਜੇ ਇਨਾਮੁਲ ਕਹਿੰਦੇ ਹਨ, "ਅਸੀਂ ਮਜ਼ਦੂਰ ਹਾਂ, ਢਿੱਡ ਭਰਨ ਲਈ ਇੱਥੇ ਆਏ ਸੀ। ਬੜੀ ਮੁਸ਼ਕਲ ਨਾਲ 8-10 ਹਜ਼ਾਰ ਕਮਾਉਂਦੇ ਹਾਂ। ਭਾਰਤ ਦੇ ਲੋਕ ਭਾਰਤ ਵਿੱਚ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹਨ ਪਰ ਜੇਕਰ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਨਹੀਂ ਰੋਕੇਗੀ ਤਾਂ ਲੋਕ ਕਿਵੇਂ ਕੰਮ ਕਰਨ ਲਈ ਬਾਹਰ ਨਿਕਲਣਗੇ।"

ਉਹ ਕਹਿੰਦੇ ਹਨ, "ਭੁੱਖੇ ਢਿੱਡ ਕਾਰਨ ਹੀ ਤਾਂ ਅਸੀਂ ਘਰੋਂ ਇੰਨੀ ਦੂਰ ਹੱਢ ਭੰਨ ਮਿਹਨਤ ਕਰਦੇ ਹਾਂ। ਅਸੀਂ ਕੰਮ ਕਰਦੇ ਹਾਂ, ਹੋਰਾਂ ਨਾਲੋਂ ਵਧੀਆ ਅਤੇ ਤੇਜ਼ ਕੰਮ ਕਰਦੇ ਹਾਂ। ਸਸਤੇ 'ਚ ਕੰਮ ਕਰਦੇ ਹਾਂ ਤਾਂ ਹੀ ਸਾਨੂੰ ਕੰਮ ਮਿਲਦਾ ਹੈ। ਜੇਕਰ ਸਾਨੂੰ ਸੁਰੱਖਿਆ ਨਹੀਂ ਮਿਲੇਗੀ ਤਾਂ ਕਿਵੇਂ ਕੰਮ ਕਰਾਂਗੇ ?"

'ਅਸੀਂ ਕਮਜ਼ੋਰ ਹਾਂ ਬਦਲਾ ਕੀ ਲਵਾਂਗੇ'

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵੀਡੀਓ ਦੇਖ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਕਿਹਾ, "ਅਸੀਂ ਬੱਸ ਬੇਵਸੀ ਮਹਿਸੂਸ ਕੀਤੀ। ਅਸੀਂ ਕੀ ਬਦਲਾ ਲੈਣਾ, ਅਸੀਂ ਕਮਜ਼ੋਰ ਹਾਂ, ਸਾਡਾ ਬਦਲਾ ਲੈਣ ਦੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ। ਸਰਕਾਰ ਮੁਲਜ਼ਮ ਨੂੰ ਫਾਂਸੀ 'ਤੇ ਚੜਾਵੇ ਤਾਂ ਅਸੀਂ ਮਹਿਸੂਸ ਕਰਾਂਗੇ ਕਿ ਅਸੀਂ ਸੁਰੱਖਿਤ ਹਾਂ। ਜੇਕਰ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਾਂਗੇ ਵਾਪਸ ਪਰਤ ਜਾਵਾਂਗੇ।"

ਬਰਕਤ ਅਲੀ ਮਾਲਦਾ 'ਚ ਅਫ਼ਰਾਜੁਲ ਦੇ ਪਿੰਡ ਦੇ ਕੋਲ ਰਹਿੰਦੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਕੰਮ ਕਰਨ ਰਾਜਸਮੰਦ ਆਏ ਸਨ। ਅਫ਼ਰਾਜੁਲ ਦੀ ਮੌਤ ਦਾ ਵੀਡੀਓ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ।

ਉਹ ਕਹਿੰਦੇ ਹਨ, "ਉਹ ਰਹਿਮ ਦੀ ਗੁਹਾਰ ਲਗਾ ਰਹੇ ਸਨ ਪਰ ਕਾਤਲ ਦੇ ਦਿਲ ਵਿੱਚ ਕੋਈ ਰਹਿਮ ਨਹੀਂ ਆ ਰਿਹਾ ਸੀ। ਇਹ ਵੀਡੀਓ ਦੇਖ ਸਾਡੀ ਰਾਤਾਂ ਦੀ ਨੀਂਦ ਉੱਡ ਗਈ ਹੈ। ਕੋਈ ਕਿਸੇ ਨਾਲ ਬੇਵਜਾ ਇੰਨਾ ਬੁਰਾ ਕਿਵੇਂ ਕਰ ਸਕਦਾ ਹੈ?"

ਅਫ਼ਰਾਜੁਲ ਨੂੰ ਕਿਉਂ ਮਾਰਿਆ ਗਿਆ ਇਸ ਦਾ ਕਾਰਨ ਮੁਸ਼ਰੱਫ਼, ਇਨਾਮੁਲ ਅਤੇ ਬਰਕਤ ਅਲੀ ਦੀ ਸਮਝ ਤੋਂ ਪਰ੍ਹੇ ਹੈ। 'ਲਵ ਜਿਹਾਦ' ਵਰਗਾ ਸ਼ਬਦ ਉਨ੍ਹਾਂ ਲਈ ਨਵਾਂ ਸੀ।

ਬਰਕਤ ਅਲੀ ਕਹਿੰਦੇ ਹਨ, "ਦੋ ਵੇਲੇ ਦੀ ਰੋਟੀ ਲਈ ਹਜ਼ਾਰਾਂ ਕਿਲੋਮੀਟਰ ਦੂਰ ਆ ਕੇ ਪਸੀਨਾ ਸੁੱਕਾ ਰਿਹਾ ਆਦਮੀ ਕੀ ਲਵ ਕਰੇਗਾ ਅਤੇ ਕੀ ਜਿਹਾਦ ਕਰੇਗਾ। ਅਸੀਂ ਤਾਂ ਭੁੱਖ ਤੋਂ ਅੱਗੇ ਕੁਝ ਸੋਚ ਹੀ ਨਹੀਂ ਸਕਦੇ।"

ਕੀ ਅਫ਼ਰਾਜੁਲ ਦੇ ਕਦੀ ਕਿਸੀ ਔਰਤ ਨਾਲ ਰਿਸ਼ਤੇ ਸਨ, ਇਸ ਸਵਾਲ 'ਤੇ ਉਹ ਕਹਿੰਦੇ ਹਨ ਕਿ ਅਜਿਹਾ ਸੋਚਣਾ ਵੀ ਗ਼ੁਨਾਹ ਹੈ।

ਫਿਰ ਅਫ਼ਰਾਜੁਲ ਨੂੰ ਮਾਰੇ ਜਾਣ ਦਾ ਕਾਰਨ ਕੀ ਰਿਹਾ ਹੋਵੇਗਾ, ਬਰਕਤ ਅਲੀ ਕਹਿੰਦੇ ਹਨ, "ਉਸ ਨੇ ਕਿਸੇ ਨੇ ਮਾਰਨਾ ਸੀ, ਅਫ਼ਰਾਜੁਲ ਮਿਲ ਗਏ ਤਾਂ ਉਨ੍ਹਾਂ ਨੂੰ ਮਾਰ ਦਿੱਤਾ, ਮੈਂ ਮਿਲ ਜਾਂਦਾ ਤਾਂ ਮੈਨੂੰ ਮਾਰ ਦਿੰਦੇ।"

ਰਾਜਸਮੰਦ ਦੇ ਮਹਿਤਾ ਮੰਗਰੀ ਇਲਾਕੇ 'ਚ ਜਿੱਥੇ ਅਫ਼ਰਾਜੁਲ ਰਹਿੰਦੇ ਸਨ, ਉੱਥੇ ਕੁਝ ਨੌਜਵਾਨ ਕਹਿ ਰਹੇ ਸਨ, ਜੇਕਰ ਉਸ ਦੀ ਗ਼ਲਤੀ ਸੀ ਤਾਂ ਸ਼ੰਭੂਲਾਲ ਨੂੰ ਪੁਲਿਸ ਕੋਲ ਸ਼ਿਕਾਇਤ ਕਰਨੀ ਚਾਹੀਦੀ ਸੀ।

ਇੱਕ ਸਥਾਨਕ ਨੌਜਵਾਨ ਦਾ ਕਹਿਣਾ ਹੈ, "ਮੰਨ ਲਿਆ ਕਿ ਉਨ੍ਹਾਂ ਨੇ ਕੁਝ ਗ਼ਲਤ ਵੀ ਕੀਤਾ ਸੀ ਤਾਂ ਇਸ ਤਰ੍ਹਾਂ ਮਾਰਨ ਦਾ ਅਧਿਕਾਰ ਕਿਸ ਨੇ ਦਿੱਤਾ। ਪੁਲਿਸ ਹੈ, ਪ੍ਰਸ਼ਾਸਨ ਹੈ, ਉਨ੍ਹਾਂ ਨੂੰ ਕਹੋ।"

ਖੇਮਰਾਜ ਪਾਲੀਵਾਲ ਦੀ ਬੀਏ ਕਰ ਰਹੀ ਬੇਟੀ ਵੀ ਇਹੀ ਦੁਹਰਾਉਂਦੇ ਹੋਏ ਕਹਿੰਦੀ ਹੈ ਕਿ, "ਜੇਕਰ ਕੋਈ ਕੁਝ ਗ਼ਲਤ ਕਰਦਾ ਵੀ ਹੈ ਤਾਂ ਉਸ ਲਈ ਪੁਲਿਸ ਹੈ, ਕਨੂੰਨ ਹੈ। ਕਨੂੰਨ ਆਪਣੇ ਹੱਥ ਲੈਣ ਦੀ ਕੀ ਲੋੜ ਹੈ ?"

ਪਰ ਅਫ਼ਰਾਜੁਲ ਦੀ ਗ਼ਲਤੀ ਕੀ ਸੀ ? ਇਨਾਮੁਲਾ ਕਹਿੰਦੇ ਹਨ, "ਇਹੀ ਕਿ ਉਹ ਮਜ਼ਦੂਰ ਸਨ, ਮਜਬੂਰ ਸਨ, ਮੁਸਲਮਾਨ ਸਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)