ਕਿਵੇਂ ‘ਓਖੀ’ ਨੇ ਪਰਿਵਾਰਾਂ ਤੋਂ ਰੋਜ਼ੀ-ਰੋਟੀ ਖੋਹੀ?

29 ਨਵੰਬਰ ਨੂੰ ਓਖੀ ਤੁਫ਼ਾਨ ਭਾਰਤ ਦੇ ਤਟਾਂ ਨੂੰ ਟਕਰਾਇਆ Image copyright Getty Images
ਫੋਟੋ ਕੈਪਸ਼ਨ 29 ਨਵੰਬਰ ਨੂੰ ਓਖੀ ਤੁਫ਼ਾਨ ਭਾਰਤ ਦੇ ਤਟਾਂ ਨੂੰ ਟਕਰਾਇਆ

ਬੀਬੀਸੀ ਲਈ ਸਥਾਨਕ ਪੱਤਰਕਾਰ ਅਸ਼ਰਫ ਪਡਾਨਾ ਕੇਰਲਾ ਦੇ ਪਿੰਡ ਪੂਨਥੂਰਾ ਪਹੁੰਚੇ ਜਿੱਥੋਂ ਦੇ 57 ਮਛੇਰੇ ਲਾਪਤਾ ਹਨ।

ਸਮੁੰਦਰ ਤੋਂ ਜਿਵੇਂ ਹੀ ਕੋਈ ਆਵਾਜ਼ ਆਉਂਦੀ ਹੈ ਤਾਂ 7 ਸਾਲਾ ਨਿੰਮੀ ਕਿਨਾਰੇ ਵੱਲ ਭੱਜਦੀ ਹੈ। ਉਸ ਨੂੰ ਲੱਗਦਾ ਹੈ ਕਿ ਸ਼ਾਇਦ ਉਸਦੇ ਪਿਤਾ ਦੀ ਕਿਸ਼ਤੀ ਹੋਵੇ।

38 ਸਾਲਾ ਕੁਮਾਰ ਐਡਵਰਡ ਹਰ ਰਾਤ ਨੂੰ ਮਛਲੀਆਂ ਫੜਨ ਜਾਂਦੇ ਸੀ ਅਤੇ ਅਗਲੀ ਸਵੇਰ ਆਪਣੇ ਸ਼ਿਕਾਰ ਨਾਲ ਵਾਪਸ ਆਉਂਦੇ ਸੀ।

ਉਨ੍ਹਾਂ ਨੂੰ ਆਖ਼ਰੀ ਵਾਰ 29 ਨਵੰਬਰ ਦੀ ਦੁਪਹਿਰ ਨੂੰ ਦੇਖਿਆ ਗਿਆ। ਉਸ ਤੋਂ ਬਾਅਦ ਉਹ ਦੋ ਹੋਰ ਮਛੇਰਿਆਂ ਦੇ ਨਾਲ ਲਾਪਤਾ ਹੋ ਗਏ।

ਤਸਵੀਰਾਂ : ਗੋਆ 'ਚ ਓਖੀ ਦੀ ਆਮਦ

'ਪ੍ਰਦੂਸ਼ਣ 'ਤੇ ਕਾਬੂ ਨਾ ਪਾਇਆ ਜਾਣਾ ਸ਼ਰਮ ਦੀ ਗੱਲ'

ਐਡਵਰਡ ਦੀ ਪਤਨੀ ਸੇਲਿਨ ਅਤੇ ਉਸਦੀ ਚਾਰ ਧੀਆਂ ਉਸਦਾ ਇੰਤਜ਼ਾਰ ਕਰ ਰਹੀਆਂ ਹਨ।

ਭਾਵੇਂ ਤੂਫ਼ਾਨ ਓਖੀ ਕਰਕੇ ਕਈ ਤਟੀ ਸੂਬੇ ਪ੍ਰਭਾਵਿਤ ਹੋਏ ਪਰ ਕੇਰਲਾ ਸਾਰਿਆਂ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

ਸੂਬੇ ਵਿੱਚ ਹੁਣ ਤੱਕ ਓਖੀ ਤੂਫ਼ਾਨ ਕਰਕੇ 40 ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਅੰਕੜਾ ਵੱਧ ਸਕਦਾ ਹੈ।

'ਉਨ੍ਹਾਂ ਨੂੰ ਵਾਪਸ ਆਉਣਾ ਪਵੇਗਾ'

ਭਾਰਤੀ ਸਮੁੰਦਰੀ ਫੌਜ, ਹਵਾਈ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 252 ਮਛੇਰਿਆਂ ਨੂੰ ਬਚਾਇਆ ਹੈ ਪਰ ਪ੍ਰਸ਼ਾਸਨ ਦੇ ਅੰਕੜਿਆਂ ਮੁਤਾਬਕ ਅਜੇ ਵੀ 90 ਮਛੇਰੇ ਲਾਪਤਾ ਹਨ।

ਐਡਵਰਡ ਦੀ ਧੀਆਂ ਪਿਛਲੇ ਇੱਕ ਹਫ਼ਤੇ ਤੋਂ ਸਕੂਲ ਨਹੀਂ ਗਈਆਂ ਅਤੇ ਉਸਦੀ ਪਤਨੀ ਆਪਣੇ ਬਿਮਾਰ ਸੁਹਰੇ ਤੇ ਬਜ਼ੁਰਗ ਸੱਸ ਲਈ ਪਰੇਸ਼ਾਨ ਹੈ।

ਸਥਾਨਕ ਲੋਕਾਂ ਮੁਤਾਬਕ ਐਡਵਰਡ ਦੀ ਪਤਨੀ ਨੇ ਆਪਣੇ ਪਤੀ ਦੀ ਤਸਵੀਰ ਲਾਪਤਾ ਲੋਕਾਂ ਨਾਲ ਲਾਉਣ ਤੋਂ ਮਨ੍ਹਾ ਕਰ ਦਿੱਤਾ ਹੈ।

Image copyright Ashraf Padana
ਫੋਟੋ ਕੈਪਸ਼ਨ ਕੁਮਾਰ ਐਡਵਰਡ ਦੇ ਪਰਿਵਾਰ ਨੂੰ ਅਜੇ ਵੀ ਉਸ ਦੀ ਵਾਪਸੀ ਦਾ ਇੰਤਜ਼ਾਰ ਹੈ

ਐਡਵਰਡ ਦੀ ਪਤਨੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਉਸ ਨੂੰ ਇਨ੍ਹਾਂ ਕੁੜੀਆਂ ਨੂੰ ਸਾਂਭਣਾ ਹੋਵੇਗਾ। ਉਹ ਪੂਰੇ ਪਰਿਵਾਰ ਵਿੱਚ ਇੱਕਲਾ ਕਮਾਉਣ ਵਾਲਾ ਹੈ ਇਸ ਲਈ ਉਸਨੂੰ ਵਾਪਸ ਆਉਣਾ ਪਵੇਗਾ।''

ਸਥਾਨਕ ਚਰਚ ਵੱਲੋਂ ਤੰਬੂਆਂ ਵਿੱਚ ਲਾਏ ਕੈਂਪ ਵਿੱਚ ਐਡਵਰਡ ਦਾ ਪੂਰਾ ਪਰਿਵਾਰ ਰਹਿ ਰਿਹਾ ਹੈ। 57 ਹੋਰ ਲਾਪਤਾ ਮਛੇਰਿਆਂ ਦੇ ਪਰਿਵਾਰ ਵੀ ਇਸੇ ਕੈਂਪ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀਆਂ ਵੀ ਅਜਿਹੀਆਂ ਮਾਯੂਸ ਕਰਨ ਵਾਲੀਆਂ ਕਹਾਣੀਆਂ ਹਨ।

ਕਈ ਪਰਿਵਾਰਾਂ ਨੂੰ ਰੋਜ਼ੀ-ਰੋਟੀ ਦਾ ਖ਼ਤਰਾ

ਪਾਨੀਆਦੀਮਾ ਮੋਸਿਸ 30 ਨਵੰਬਰ ਤੋਂ 10 ਹੋਰ ਮਛੇਰਿਆਂ ਦੇ ਨਾਲ ਲਾਪਤਾ ਹਨ। ਉਨ੍ਹਾਂ ਦੀ ਕਿਸ਼ਤੀ ਪਲਟ ਗਈ ਅਤੇ ਸਿਰਫ਼ 2 ਮਛੇਰੇ ਹੀ ਕਿਨਾਰੇ ਤੱਕ ਸਹੀ ਸਲਾਮਤ ਪਹੁੰਚ ਸਕੇ।

ਪਰ ਪਾਨੀਆਦੀਮਾ ਸਣੇ ਬਾਕੀ ਮਛੇਰੇ ਅਜੇ ਵੀ ਲਾਪਤਾ ਹਨ। ਉਸਦੀ ਪਤਨੀ ਤੇ ਦੋ ਬੱਚਿਆਂ ਨੂੰ ਚੰਗੀ ਖ਼ਬਰ ਦੀ ਆਸ ਹੈ।

ਸੂਜ਼ੀ ਵਿਨਸਿੰਟ ਆਪਣੇ 15 ਸਾਲਾ ਪੋਤੇ ਦਾ ਇੰਤਜ਼ਾਰ ਕਰ ਰਹੀ ਹੈ। ਵਿਨੀਸ਼ ਲਾਪਤਾ ਮਛੇਰਿਆਂ ਵਿੱਚੋਂ ਸਭ ਤੋਂ ਘੱਟ ਉਮਰ ਦਾ ਹੈ।

ਉਹ ਆਪਣੇ ਪੰਜ ਮੈਂਬਰੀ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦਾ ਸੀ। ਉਸ 'ਤੇ ਤਿੰਨ ਛੋਟੇ ਭਰਾ-ਭੈਣ 'ਤੇ ਬਿਮਾਰ ਪਿਓ ਦੀ ਜ਼ਿੰਮੇਵਾਰੀ ਸੀ।

Image copyright Ashraf Padana
ਫੋਟੋ ਕੈਪਸ਼ਨ ਕੇਰਲ ਦੇ ਪਿੰਡ ਪੂਨਥੂਰੂ ਤੋਂ 57 ਮਛੇਰੇ ਲਾਪਤਾ ਹਨ

ਰੋਜ਼ਲਿਨ ਫਰਾਂਸਿਸ ਦੇ ਪਤੀ 29 ਨਵੰਬਰ ਤੋਂ ਲਾਪਤਾ ਹਨ। ਉਨ੍ਹਾਂ ਨੂੰ ਫ਼ਿਕਰ ਹੈ ਕਿ ਉਹ ਕਿਵੇਂ ਪਤੀ ਦੀ ਮਦਦ ਤੋਂ ਬਿਨਾਂ ਆਪਣੇ ਬੱਚਿਆਂ ਨੂੰ ਸਕੂਲ ਭੇਜਣਗੇ।

ਪੁਸ਼ਪਾ ਰਾਣੀ ਨੂੰ ਡਰ ਹੈ ਕਿ ਜੇ ਉਨ੍ਹਾਂ ਦੇ ਪਤੀ ਵਾਪਸ ਨਹੀਂ ਆਏ ਤਾਂ ਉਹ ਤੇ ਉਨ੍ਹਾਂ ਦੇ ਬੱਚੇ ਬੇਘਰ ਹੋ ਜਾਣਗੇ।

ਚਰਚ ਦੇ ਸਕੱਤਰ ਜੌਨੀ ਚੇਨੱਪਨ ਮੁਤਾਬਕ ਛੋਟੀਆਂ ਕਿਸ਼ਤੀਆਂ ਵਿੱਚ ਗਏ 91 ਮਛੇਰਿਆਂ ਵਿੱਚੋਂ 61 ਵਾਪਸ ਆ ਗਏ ਹਨ। 29 ਮਛੇਰੇ ਅਜੇ ਵੀ ਲਾਪਤਾ ਹਨ ਅਤੇ ਚਾਰ ਮਛੇਰਿਆਂ ਦੀਆਂ ਲਾਸ਼ਾਂ ਹੀ ਮਿਲੀਆਂ ਹਨ।

'ਉਮੀਦ ਘੱਟ ਰਹੀ ਹੈ'

28 ਮਛੇਰੇ ਜੋ ਇੱਕ ਵੱਡੀ ਕਿਸ਼ਤੀ ਵਿੱਚ ਡੁੰਘੇ ਸਮੁੰਦਰ ਵਿੱਚ ਗਏ ਹਨ ਉਨ੍ਹਾਂ ਦੀ ਵਾਪਸੀ ਦਾ ਵੀ ਅਜੇ ਇੰਤਜ਼ਾਰ ਹੈ।

ਚੇਨੱਪਨ ਮੁਤਾਬਕ ਉਨ੍ਹਾਂ ਦੀ ਵਾਪਸੀ ਦੀ ਜ਼ਿਆਦਾ ਉਮੀਦ ਹੈ ਕਿਉਂਕਿ ਉਨ੍ਹਾਂ ਕੋਲ ਕਾਫ਼ੀ ਖਾਣਾ ਤੇ ਪਾਣੀ ਮੌਜੂਦ ਹੈ।

ਚੇਨੱਪਨ ਮੁਤਾਬਕ, ਉਹ ਆਲੇ-ਦੁਆਲੇ ਦੇ ਦੇਸਾਂ ਦੇ ਕਿਨਾਰਿਆਂ 'ਤੇ ਪਹੁੰਚੇ ਹੋ ਸਕਦੇ ਹਨ।

ਛੋਟੀਆਂ ਕਿਸ਼ਤਿਆਂ 'ਤੇ ਜਾਣ ਵਾਲੇ ਲੋਕ ਅਕਸਰ ਜ਼ਿਆਦਾ ਖਾਣਾ ਤੇ ਪਾਣੀ ਨਹੀਂ ਲੈ ਕੇ ਜਾਂਦੇ ਕਿਉਂਕਿ ਉਨ੍ਹਾਂ ਨੇ ਅਗਲੀ ਸਵੇਰ ਵਾਪਸ ਆਉਣਾ ਹੁੰਦਾ ਹੈ ਪਰ ਅਜੇ ਵੀ ਉਨ੍ਹਾਂ ਲਈ ਬਚਾਅ ਕਾਰਜ ਜਾਰੀ ਹਨ।

Image copyright Vivek R Nair
ਫੋਟੋ ਕੈਪਸ਼ਨ ਸੂਜ਼ੀ ਵਿਨਸਿੰਟ ਨੂੰ ਆਪਣੇ 15 ਸਾਲਾ ਪੋਤੇ ਦਾ ਇੰਤਜ਼ਾਰ ਹੈ

ਕੇਰਲ ਸਰਕਾਰ ਵਿੱਚ ਮੰਤਰੀ ਈ ਚੰਦਰਸ਼ੇਖਰਨ ਮੁਤਾਬਕ, "ਛੋਟੀਆਂ ਕਿਸ਼ਤੀਆਂ 'ਚ ਸਵਾਰ ਮਛੇਰਿਆਂ ਦੇ ਬੱਚਣ ਦੀ ਉਮੀਦ ਘੱਟ ਹੈ ਪਰ ਵੱਡੀਆਂ ਕਿਸ਼ਤੀਆਂ ਵੱਲੋਂ ਕੁਝ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ।''

ਤਮਿਨ ਨਾਡੂ ਤੇ ਕੇਰਲ ਦੇ ਤਕਰੀਬਨ 4,000 ਮਛੇਰਿਆਂ ਨੂੰ ਜਦੋਂ ਤੂਫ਼ਾਨ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਈ ਬੰਦਰਗਾਹਾਂ ਤੇ ਸ਼ਰਣ ਲਈ।

ਉਨ੍ਹਾਂ ਇੰਡੀਅਨ ਐੱਕਸਪ੍ਰੈੱਸ ਅਖ਼ਬਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਤੂਫ਼ਾਨ ਦਾ ਅੰਦਾਜ਼ਾ ਨਹੀਂ ਸੀ। ਉਨ੍ਹਾਂ ਨੂੰ ਇਸ ਤੂਫ਼ਾਨ ਨੇ 2004 ਦੇ ਸੁਨਾਮੀ ਦੀਆਂ ਭਿਆਨਕ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ ਜਿਸ ਨੇ ਹਿੰਦ ਮਹਾਸਾਗਰ ਦੇ ਤਟਾਂ 'ਤੇ ਤਬਾਹੀ ਮਚਾਈ ਸੀ।

'ਨਹੀਂ ਮਿਲੀ ਚਿਤਾਵਨੀ'

ਪੀੜਤ ਪਰਿਵਾਰਾਂ ਦਾ ਇਹ ਵੀ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਅਤੇ ਨਾ ਹੀ ਖ਼ਤਰੇ ਬਾਰੇ ਅਗਾਹ ਕੀਤਾ ਗਿਆ।

ਤੂਫ਼ਾਨ ਦੇ ਆਉਣ ਤੋਂ ਬਾਅਦ ਵੀ ਪ੍ਰਸ਼ਾਸਨ ਸੁਸਤ ਨਜ਼ਰ ਆਇਆ। ਕਈ ਦਿਨਾਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਮਛੇਰੇ ਚਿਤਾਵਨੀਆਂ ਦੀ ਪਰਵਾਹ ਕਰੇ ਬਗੈਰ ਆਪਣਿਆਂ ਦੀ ਭਾਲ ਵਿੱਚ ਨਿਕਲ ਪਏ।

Image copyright Getty Images
ਫੋਟੋ ਕੈਪਸ਼ਨ ਕਰੀਬ 252 ਮਛੇਰਿਆਂ ਨੂੰ ਭਾਰਤੀ ਸਮੁੰਦਰੀ ਫੌਜ, ਹਵਾਈ ਫ਼ੌਜ ਤੇ ਕੋਸਟ ਗਾਰਡ ਵੱਲੋਂ ਬਚਾਇਆ ਗਿਆ ਹੈ

ਚੇਨੱਪਨ ਮੁਤਾਬਕ, "ਜੇ ਉਹ ਸਾਨੂੰ ਪਹਿਲਾਂ ਅਗਾਹ ਕਰ ਦਿੰਦੇ ਤਾਂ ਅਸੀਂ ਕਈ ਲੋਕਾਂ ਦੀ ਜਾਨ ਬਚਾ ਲੈਂਦੇ। ਜਿਵੇਂ-ਜਿਵੇਂ ਵਕਤ ਗੁਜ਼ਰ ਰਿਹਾ ਹੈ ਲੋਕਾਂ ਦੀਆਂ ਉਮੀਦਾਂ ਵੀ ਘੱਟ ਹੁੰਦੀਆਂ ਜਾ ਰਹੀਆਂ ਹਨ।''

ਕੇਰਲ ਸਰਕਾਰ ਮੁਤਾਬਕ ਉਨ੍ਹਾਂ ਨੂੰ ਮੌਸਮ ਵਿਭਾਗ ਵੱਲੋਂ ਤੂਫ਼ਾਨ ਦੇ ਖਤਰੇ ਬਾਰੇ ਕਾਫੀ ਦੇਰੀ ਨਾਲ ਸੂਚਿਤ ਕੀਤਾ ਗਿਆ।

ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿੰਨ੍ਹਾਂ ਮਛੇਰਿਆਂ ਦੇ ਸਾਜੋ-ਸਾਮਾਨ ਗੁਆਚੇ ਹਨ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਸਰਕਾਰ ਵੱਲੋਂ ਤੁਫ਼ਾਨ ਵਿੱਚ ਲਾਪਤਾ ਜਾਂ ਮਾਰੇ ਗਏ ਮਛੇਰਿਆਂ ਦੇ ਬੱਚਿਆਂ ਲਈ ਵਜੀਫੇ ਤੇ ਨੌਕਰੀ ਲਈ ਟ੍ਰੇਨਿੰਗ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)