ਗੁਜਰਾਤ ਚੋਣ: 24 ਸਾਲਾ ਹਾਰਦਿਕ ਪਟੇਲ ਪੈਣਗੇ ਮੋਦੀ 'ਤੇ ਭਾਰੂ?

Hardik patel

ਗੁਜਰਾਤ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਧੂੜ ਭਰੇ ਚੌਰਾਹੇ 'ਤੇ ਲੋਕ ਅੱਜ ਵੀ ਧੀਰਜ ਨਾਲ ਉਸ ਸ਼ਖ਼ਸ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਨੇ ਦੇਸ ਦੇ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਤਾਂ ਦੀ ਨੀਂਦ ਉਡਾ ਰੱਖੀ ਹੈ।

ਕਾਰੋਬਾਰੀ ਦੇ ਮੁੰਡੇ ਹਾਰਦਿਕ ਪਟੇਲ ਪੂਰੀ ਤਰ੍ਹਾਂ ਮੱਧ ਵਰਗੀ ਹਨ। ਉਨ੍ਹਾਂ ਦੀ 24 ਸਾਲ ਦੀ ਉਮਰ ਭਾਰਤੀ ਨਿਯਮਾਂ ਦੇ ਅਨੁਸਾਰ ਚੋਣ ਲੜਨ ਲਈ ਕਾਫ਼ੀ ਨਹੀਂ ਹੈ।

ਫਿਰ ਵੀ ਸੁਪਰਵਾਇਜ਼ਰ ਦੀ ਨਜ਼ਰ ਵਿੱਚ ਉਹ 2 ਸਾਲ ਤੋਂ ਘੱਟ ਸਮੇਂ ਵਿੱਚ ਮੋਦੀ ਦੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਬਣ ਗਏ ਹਨ।

ਹਾਰਦਿਕ ਪਟੇਲ ਦੀ ਪਛਾਣ

ਹਾਰਦਿਕ ਪਟੇਲ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਵਿੱਚ ਪਾਟੀਦਾਰਾਂ ਅਤੇ ਪਟੇਲਾਂ ਦੇ ਸਭ ਤੋਂ ਵੱਡੇ ਚਿਹਰੇ ਬਣ ਕੇ ਉਭਰੇ ਹਨ ਜੋ ਨੌਕਰੀ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਟੀਦਾਰਾਂ ਅਤੇ ਰਾਖਵਾਂਕਰਨ ਜ਼ਰੀਏ ਚੰਗੇ ਮੌਕਿਆ ਲਈ ਅੰਦੋਲਨ ਚਲਾ ਰਹੇ ਹਨ।

ਗੁਜਰਾਤ: ਬੀਜੇਪੀ ਕਮਜ਼ੋਰ ਜਾਂ ਕਾਂਗਰਸ ਦੀ ਖ਼ੁਸ਼ਫਹਿਮੀ?

ਗੁਜਰਾਤ ਚੋਣ: ਭਾਜਪਾ ਦੇ 22 ਸਾਲ ਬਾਅਦ...

ਗੁਜਰਾਤ ਵਿੱਚ ਪਟੇਲ 14 ਫ਼ੀਸਦ ਹਨ, ਜੋ ਇੱਕ ਸਮਾਜਿਕ ਰੂਪ ਵਿੱਚ ਪੂਰਾ, ਪ੍ਰਭਾਵਸ਼ਾਲੀ ਖੇਤੀ ਭਾਈਚਾਰਾ ਹੈ ਅਤੇ ਪਰੰਪਰਾ ਦੇ ਤੌਰ 'ਤੇ 2 ਦਹਾਕਿਆਂ ਤੱਕ ਸੂਬੇ ਵਿੱਚ ਸ਼ਾਸਨ ਕਰਨ ਵਾਲੇ ਭਾਜਪਾ ਨੂੰ ਵੋਟ ਦਿੰਦੇ ਰਹੇ ਹਨ।

Image copyright Getty Images

ਪਹਿਲੇ ਇਹੀ ਭਾਈਚਾਰਾ ਕਾਲੇਜ ਦੀਆਂ ਸੀਟਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਕਾਬਲੀਅਤ ਨੂੰ ਅਧਾਰ ਬਣਾਉਣ ਦੀ ਮੰਗ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਕਰ ਚੁੱਕਿਆ ਹੈ।

ਪਰ ਹੁਣ ਚੀਜ਼ਾਂ ਬਦਲ ਰਹੀਆਂ ਹਨ।

ਇਹ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਵਿੱਚ ਖੇਤੀ ਨੂੰ ਵੱਡੇ ਪੱਧਰ 'ਤੇ ਔਖੇ ਅਤੇ ਘਾਟੇ ਵਾਲੇ ਪੇਸ਼ੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਕਈ ਖੇਤਰਾਂ ਵਿੱਚ ਇਹ ਉੱਘੇ ਤੌਰ 'ਤੇ ਵੀ ਹੈ।

ਵੱਡੀ ਗਿਣਤੀ ਵਿੱਚ ਖੇਤੀ ਕਰਨ ਵਾਲੀਆਂ ਜਾਤੀਆਂ, ਜਿਵੇਂ ਹਰਿਆਣਾ ਵਿੱਚ ਜਾਟ ਅਤੇ ਮਹਾਰਾਸ਼ਟਰ ਵਿੱਚ ਮਰਾਠਾ, ਵਿੱਚ ਇਸ ਗੱਲ ਦਾ ਗੁੱਸਾ ਹੈ ਕਿ ਉਨ੍ਹਾਂ ਕੋਲ ਉੱਚ ਸਿੱਖਿਆ ਤੋਂ ਲੈ ਕੇ ਨੌਕਰੀਆਂ ਕਰਨ ਦੇ ਸਾਧਨਾ ਦੀ ਘਾਟ ਹੈ।

ਸੂਬਾ ਸਰਕਾਰ ਦੇ ਪ੍ਰੋਫੈਸ਼ਨਲ ਕਾਲਜ ਵੀ ਬਹੁਤ ਘੱਟ ਹਨ ਅਤੇ ਉਸਦੀ ਤੁਲਨਾ ਵਿੱਚ ਨਿੱਜੀ ਕਾਲਜਾਂ ਦੀ ਭਰਮਾਰ ਹੈ। ਜ਼ਿਆਦਾਤਰ ਲੋਕਾਂ ਲਈ ਇਹ ਬਹੁਤ ਮਹਿੰਗੇ ਹਨ।

ਖੇਤੀ ਦੀ ਆਮਦਨ ਵਿੱਚ ਹੋ ਰਹੀ ਕਮੀ ਨਾਲ ਇਹ ਭਾਈਚਾਰੇ ਸ਼ਹਿਰਾਂ ਵਿੱਚ ਪਲਾਇਨ ਕਰਨ ਨੂੰ ਮਜਬੂਰ ਹਨ ਪਰ ਨਾਂ ਉੱਥੇ ਨੌਕਰੀਆਂ ਦੀ ਕਮੀ ਹੈ ਬਲਕਿ ਉਸਦੇ ਲਈ ਮੁਕਾਬਲਾ ਵੀ ਤਗੜਾ ਹੈ।

ਗੁਜਰਾਤ ਵਿੱਚ ਕਾਂਗਰਸ ਦੇ ਰਾਹ ਦਾ ਵੱਡਾ ਰੋੜਾ

ਚੀਨ ਤੋਂ ਆਯਾਤ ਚੀਜ਼ਾਂ ਦੀਆਂ ਘੱਟ ਕੀਮਤਾਂ ਕਾਰਨ ਗੁਜਰਾਤ ਵਿੱਚ 48,000 ਕਾਰਖ਼ਾਨੇ ਬੰਦ ਹੋ ਚੁੱਕੇ ਹਨ ਜੋ ਕਿ ਪਾਟੀਦਾਰਾਂ ਦੇ ਸੀ।

ਪਾਟੀਦਾਰਾਂ ਦੀ ਮੰਗ

ਆਪਣੇ ਭਵਿੱਖ ਲਈ ਚਿੰਤਾ ਕਰਨ ਵਾਲੇ ਪਾਟੀਦਾਰ ਸਕਾਰਾਤਮਕ ਕਾਰਵਾਈ ਦੀ ਮੰਗ ਨੂੰ ਲੈ ਇਹ ਜਾਣਦੇ ਹੋਏ ਸੜਕਾਂ 'ਤੇ ਉਤਰ ਆਏ ਕਿ ਰਾਖਵਾਕਰਨ ਦੇ ਕੋਟੇ ਨੂੰ ਵਧਾਏ ਜਾਣ ਦੀ ਗੁੰਜਾਇੰਸ਼ ਘੱਟ ਹੀ ਹੈ।

ਵਕੀਲ ਆਨੰਦ ਯਾਗਨਿਕ ਕਹਿੰਦੇ ਹਨ,''ਪਟੇਲਾਂ ਨੂੰ ਲੱਗਦਾ ਹੈ ਕਿ ਉਹ ਪਿੱਛੇ ਰਹਿ ਗਏ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਰਾਖਵਾਕਰਨ ਦਾ ਸਮਰਥਨ ਕਰਦੇ ਹਨ।''

Image copyright Getty Images

ਮੋਦੀ ਦੀ ਅਗਵਾਈ ਵਿੱਚ 2012 ਵਿੱਚ ਬੀਜੇਪੀ ਨੇ ਗੁਜਰਾਤ ਦੀਆਂ 185 ਸੀਟਾਂ ਵਿੱਚੋਂ 115 'ਤੇ ਜਿੱਤ ਹਾਸਲ ਕੀਤੀ ਸੀ।

ਦੋ ਸਾਲ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਮੋਦੀ ਦਿੱਲੀ ਚਲੇ ਗਏ ਅਤੇ ਉਦੋਂ ਤੋਂ ਗੁਜਰਾਤ ਨੂੰ ਉਨ੍ਹਾਂ ਵਰਗਾ ਵੱਡੇ ਕੱਦ ਵਾਲਾ ਲੀਡਰ ਨਹੀਂ ਮਿਲ ਸਕਿਆ।

ਇਸ ਲਈ ਸੂਬੇ ਵਿੱਚ ਬੀਜੇਪੀ ਦੀ ਸਥਿਤੀ ਹੁਣ ਜਿੱਤ ਵਾਲੀ ਨਹੀਂ ਹੈ।

ਬੀਜੇਪੀ ਨੂੰ ਲੈ ਕੇ ਵੱਡੇ ਪੱਧਰ 'ਤੇ ਵਿਰੋਧ

ਹਾਰਦਿਕ ਦੇ ਭਾਈਚਾਰੇ ਵਿੱਚ ਇਸ ਵਾਰ ਬੀਜੇਪੀ ਨੂੰ ਲੈ ਕੇ ਕਾਫ਼ੀ ਵਿਰੋਧ ਹੈ ਜੋ ਬੀਜੇਪੀ ਦੀ ਲਗਾਤਾਰ ਛੇਵੀਂ ਜਿੱਤ ਲਈ ਵੱਡਾ ਖ਼ਤਰਾ ਹੈ। ਇਸ ਲਈ ਬੀਜੇਪੀ ਅਚਾਨਕ ਬੈਕਫੁੱਟ 'ਤੇ ਆ ਗਈ ਹੈ।

ਕਰੀਬ 70 ਵਿਧਾਨਸਭਾ ਸੀਟਾਂ ਅਜਿਹੀਆਂ ਹਨ ਜਿੱਥੇ ਪਾਟੀਦਾਰ ਵੱਡੀ ਗਿਣਤੀ ਵਿੱਚ ਹਨ।

ਅਜਿਹਾ ਲੱਗਦਾ ਹੈ ਕਿ ਬੀਜੇਪੀ ਸਮਰਥਕਾਂ ਦੇ ਇਸ ਵੱਡੇ ਭਾਈਚਾਰੇ ਨੂੰ ਅਪਣੀ ਸਿਆਸਤ ਵਿੱਚ ਸ਼ਾਮਲ ਕਰਨ 'ਚ ਅਸਫਲ ਹੋਈ ਹੈ।

2 ਸਾਲ ਪਹਿਲਾਂ ਪਾਟੀਦਾਰ ਪ੍ਰਦਰਸ਼ਨਕਾਰੀਆਂ 'ਤੇ ਹੋਈ ਪੁਲਿਸ ਫਾਇਰਿੰਗ ਵਿੱਚ 12 ਲੋਕ ਮਾਰੇ ਗਏ।

ਹਾਰਦਿਕ ਪਟੇਲ 'ਤੇ ਗੱਦਾਰੀ ਦਾ ਇਲਜ਼ਾਮ ਲੱਗਿਆ, ਉਨ੍ਹਾਂ ਨੂੰ 9 ਮਹੀਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਫਿਰ ਜ਼ਮਾਨਤ ਦੀਆਂ ਸ਼ਰਤਾਂ ਦੇ ਮੁਤਾਬਿਕ ਉਨ੍ਹਾਂ ਨੂੰ 6 ਮਹੀਨੇ ਸੂਬੇ ਤੋਂ ਬਾਹਰ ਰਹਿਣਾ ਪਿਆ।

Image copyright Getty Images

ਜੇਲ ਅਤੇ ਫਿਰ ਸੂਬੇ ਤੋਂ ਕੱਢੇ ਜਾਣ ਨੇ ਉਨ੍ਹਾਂ ਨੂੰ ਪਾਟੀਦਾਰਾਂ ਦੀਆਂ ਅੱਖਾਂ ਵਿੱਚ ਹੀਰੋ ਬਣਾ ਦਿੱਤਾ।

ਤਾਲਾਲਾ ਦੇ ਛੋਟੇ ਸ਼ਹਿਰ ਵਿੱਚ ਸਮਰਥਕ ਉਨ੍ਹਾਂ ਨੂੰ ਮਸੀਹਾ ਬੁਲਾਉਂਦੇ ਹਨ ਅਤੇ ਉਨ੍ਹਾਂ ਨੂੰ ਏਸ਼ੀਆਈ ਸ਼ੇਰ ਦੀ ਫਰੇਮ ਕੀਤੀ ਹੋਈ ਫੋਟੋ ਤੋਹਫ਼ੇ ਦੇ ਤੌਰ 'ਤੇ ਦਿੰਦੇ ਹਨ।

ਉਨ੍ਹਾਂ ਵਿੱਚੋਂ ਇੱਕ ਕਹਿੰਦਾ ਹੈ, ''ਉਹ ਸਾਡੇ ਵਿੱਚ ਅਸਲੀ ਸ਼ੇਰ ਹਨ।''

ਨੌਜਵਾਨਾਂ ਵਿੱਚ ਹਾਰਦਿਕ ਖਾਸੇ ਪਸੰਦੀਦਾ

ਮੋਦੀ ਸਰਕਾਰ 'ਤੇ ਇੱਕ ਕਿਤਾਬ ਲਿੱਖ ਚੁਕੇ ਸੀਨੀਅਰ ਪੱਤਰਕਾਰ ਉਦੈ ਮਾਹੁਰਕਰ ਕਹਿੰਦੇ ਹਨ, ''ਬੀਜੇਪੀ 2002 ਦੇ ਬਾਅਦ ਤੋਂ ਸਭ ਤੋਂ ਵੱਧ ਮੁਸ਼ਕਿਲ ਚੋਣਾਂ ਦਾ ਸਾਹਮਣਾ ਕਰ ਰਹੀ ਹੈ। ਹਾਰਦਿਕ ਪਟੇਲ ਸਭ ਤੋਂ ਵੱਡਾ ਖ਼ਤਰਾ ਹੈ। ਉਹ ਗੁਜਰਾਤ ਚੋਣਾਂ ਦੀ ਸਭ ਤੋਂ ਵੱਡੀ ਸਟੋਰੀ ਹੈ।''

ਇਸ ਲਈ ਜਦੋਂ ਚੌਰਾਹੇ 'ਤੇ ਹਾਰਦਿਕ ਪਟੇਲ ਦੀ ਸਿਲਵਰ ਐਸਯੂਵੀ ਪਹੁੰਚਦੀ ਹੈ ਤਾਂ ਸਮਰਥਕ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਉਤਾਵਲੇ ਹੋ ਰਹੇ ਹੁੰਦੇ ਹਨ।

ਉਨ੍ਹਾਂ ਵਿੱਚੋਂ ਜ਼ਿਆਦਾਤਰ ਧੁੱਪ ਦਾ ਚਸ਼ਮਾ ਲਗਾਏ ਹੋਏ ਅਤੇ ਹੱਥਾਂ ਵਿੱਚ ਸਮਾਰਟਫੋਨ ਫੜੇ ਹੋਏ ਮੋਟਰਸਾਇਕਲ ਸਵਾਰ ਨੌਜਵਾਨ ਹਨ।

ਬਲਾਗ: ਕਾਂਗਰਸ ਦੀ 'ਗੁਜਰਾਤੀ ਮੁੱਠੀ' 'ਚ ਕੀ?

ਉਹ ਹਾਰਦਿਕ ਦੀ ਤਸਵੀਰ ਲੱਗੀ ਟੀ-ਸ਼ਰਟ ਪਾਉਂਦੇ ਹਨ। ਕੁਝ ਦੇ ਕੋਲ ਨੌਕਰੀ ਹੈ ਤਾਂ ਉਨ੍ਹਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਹਨ ਅਤੇ ਕਈਆਂ ਕੋਲ ਕੋਈ ਨੌਕਰੀ ਹੀ ਨਹੀਂ ਹੈ।

ਵੋਟਰਾ ਦਾ ਕੀ ਕਹਿਣਾ ਹੈ?

ਪਹਿਲੀ ਵਾਰ ਵੋਟ ਪਾਉਣ ਜਾ ਰਹੇ 19 ਸਾਲਾ ਭਾਵਾਦੀਬ ਮਾਰਾਡਿਆ ਕਹਿੰਦੇ ਕਿ ਉਨ੍ਹਾਂ ਨੂੰ ਬੀਏ ਹੋਣ ਦੇ ਬਾਵਜੂਦ ਨਿੱਜੀ ਖੇਤਰ ਵਿੱਚ ਨੌਕਰੀ ਮਿਲਣ ਦੀ ਉਮੀਦ ਨਹੀਂ ਹੈ ਅਤੇ ਸਰਕਾਰੀ ਨੌਕਰੀ ਲਈ ਰਾਖਵਾਕਰਨ ਦੀ ਲੋੜ ਹੋਵੇਗੀ।

ਪਲਾਸਟਿਕ ਦੇ ਇੱਕ ਛੋਟੇ ਕਾਰੋਬਾਰੀ 42 ਸਾਲਾ ਕੀਰਤੀ ਪਨਾਰਾ ਦਾ ਕਹਿਣਾ ਹੈ ਕਿ ਉਹ ਆਪਣੀ ਕੁੜੀ ਨੂੰ ਇੰਜੀਨੀਅਰ ਜਾਂ ਡਾਕਟਰ ਬਣਾ ਕੇ ਛੋਟੇ ਸ਼ਹਿਰ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।

Image copyright Reuters

ਇਲਾਕੇ ਦੀ ਇਕਲੌਤੀ ਖੰਡ ਮਿੱਲ 'ਤੇ ਕਈ ਸਾਲਾਂ ਤੋਂ ਤਾਲਾ ਲੱਗਿਆ ਹੋਇਆ ਹੈ ਅਤੇ ਸ਼ਹਿਰ ਵਿੱਚ ਚਾਰੇ ਪਾਸੇ ''ਡਿਜੀਟਲ ਲਾਈਫ਼'' ਦੇ ਵਾਅਦੇ ਵਾਲੇ ਟੈਲੀਕੌਮ ਇਸ਼ਤਿਹਾਰ ਇਥੋਂ ਦੇ ਲੋਕਾਂ ਨੂੰ ਖੋਖਲੇ ਵਾਅਦੇ ਲੱਗਦੇ ਹਨ।

ਹਾਰਦਿਕ ਪਟੇਲ ਗੱਡੀ ਦੀ ਛੱਤ ਤੋਂ ਹੱਥ ਹਿਲਾਉਂਦੇ ਹੋਏ ਬਾਹਰ ਨਿਕਲ ਕੇ ਲੋਕਾਂ ਨਾਲ ਮੁਲਾਕਾਤ ਕਰਦੇ ਹਨ।

ਔਰਤਾਂ ਉਨ੍ਹਾਂ ਦੇ ਮੱਥੇ 'ਤੇ ਟਿੱਕਾ ਲਗਾਉਂਦੇ ਹੋਏ ਉਨ੍ਹਾਂ ਨੂੰ ਮਿਠਾਈ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਨਾਲ ਸੈਲਫੀ ਲੈਂਦੀਆਂ ਹਨ।

ਇਹ ਬਿਨਾਂ ਪਾਰਟੀ ਵਾਲੇ ਹੇਠਲੇ ਪੱਧਰ ਦੇ ਹਮਾਇਤੀਆਂ ਦੀ ਫੌਜ ਹੈ, ਪਰ ਸਮਰਥਨ ਅਸਧਾਰਣ ਰੂਪ ਤੋਂ ਸਵੈਇਛੁੱਕ ਹੈ।

ਉਹ ਇਕੱਠੇ ਅਵਾਜ਼ ਲਗਾਉਂਦੇ ਹਨ,''ਭਾਈ ਹਾਰਦਿਕ, ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ।''

ਸਮਰਥਕਾਂ ਤੋਂ ਬੀਜੇਪੀ ਨੂੰ ਹਰਾਉਣ ਦੀ ਅਪੀਲ ਕਰਨ ਤੋਂ ਬਾਅਦ ਹਾਦਿਕ ਦਾ ਮੋਟਰਸਾਇਕਲ ਦਲ ਭੀੜ ਤੋਂ ਹੁੰਦਾ ਹੋਇਆ ਪਤਲੀ ਸੜਕਾਂ 'ਤੇ ਅੱਗੇ ਵੱਧਦਾ ਹੈ।

ਕਾਂਗਰਸ ਨੂੰ 30 ਫ਼ੀਸਦ ਵੋਟ ਮਿਲਦੇ ਰਹੇ

ਨੇੜੇ ਦੇ ਹੀ ਸਕੂਲ ਮੈਦਾਨ ਵਿੱਚ ਭੀੜ ਨਾਲ ਭਰੀ ਰੈਲੀ ਵਿੱਚ ਸ਼ਰਟ ਅਤੇ ਜੀਂਸ ਵਿੱਚ ਹਾਰਦਿਕ ਆਪਣੇ ਟ੍ਰੇਡਮਾਰਕ ਅੰਦਾਜ਼ ਵਿੱਚ ਮੋਦੀ 'ਤੇ ਤਿੱਖ਼ਾ ਨਿਸ਼ਾਨਾ ਕਰਦੇ ਹਨ।

ਉਹ ਕਿਸਾਨੀ ਦੀ ਮਾੜੀ ਹਾਲਤ, ਨੌਕਰੀ, ਪਿੰਡ ਅਤੇ ਸ਼ਹਿਰ ਵਿੱਚ ਵੱਡੇ ਫ਼ਰਕ ਦੀ ਗੱਲ ਕਰਦੇ ਹਨ।

ਜਦੋਂ ਉਹ ਨੌਜਵਾਨਾਂ ਦਾ ਸਮਰਥਨ ਮੰਗਦੇ ਹਨ ਤਾਂ ਮੋਬਾਇਲ ਫੋਨ ਫੜੇ ਲੋਕਾਂ ਦੇ ਵੱਡੇ ਹਜੂਮ ਦਾ ਹੱਥ ਹਵਾ ਵਿੱਚ ਉੱਠ ਜਾਂਦਾ ਹੈ।

Image copyright Reuters

ਪਿਛਲੇ ਮਹੀਨੇ ਹਾਰਦਿਕ ਨੇ ਕਾਂਗਰਸ ਦੇ ਨਾਲ ਇੱਕ ਸਮਝੌਤੇ ਦਾ ਐਲਾਨ ਕੀਤਾ ਸੀ।

ਵੈਸੇ ਤਾਂ ਕਾਂਗਰਸ ਨੂੰ ਇੱਥੇ ਆਖ਼ਰੀ ਵਾਰ 1985 ਵਿੱਚ ਬਹੁਮਤ ਮਿਲਿਆ ਸੀ ਪਰ 1995 ਵਿੱਚ ਬੀਜੇਪੀ ਦੇ ਸੱਤਾ 'ਚ ਆਉਣ ਦੇ ਬਾਵਜੂਦ ਸੂਬੇ ਵਿੱਚ ਕਰੀਬ 30 ਫ਼ੀਸਦ ਵੋਟ ਲਗਾਤਾਰ ਉਸਨੂੰ ਮਿਲਦੇ ਰਹੇ ਹਨ।

ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ 2 ਹੋਰ ਨਵੇਂ ਨੇਤਾਵਾਂ ਨਾਲ ਗਠਜੋੜ ਕੀਤਾ।

40 ਸਾਲਾ ਅਲਪੇਸ਼ ਠਾਕੋਰ, ਹੋਰ ਪਿੱਛੜਾ ਵਰਗ ਯਾਨਿ ਓਬੀਸੀ ਦੇ ਨੇਤਾ ਹਨ ਅਤੇ 36 ਸਾਲਾ ਜਿਗਨੇਸ਼ ਮੇਵਾਨੀ ਦਲਿਤ ਨੇਤਾ, ਇਹ ਅਜ਼ਾਦ ਉਮੀਦਵਾਰ ਹਨ।

ਇਹ ਸਾਰੇ ਬੀਜੇਪੀ ਨੂੰ ਹਰਾਉਣ ਦੇ ਸਕੰਲਪ ਨਾਲ ਜੁੜੇ ਹਨ।

ਓਬੀਸੀ, ਦਲਿਤ ਅਤੇ ਪਟੇਲ ਗਠਜੋੜ

ਇਹ ਵੱਖ ਵੱਖ ਤਰ੍ਹਾਂ ਦੇ ਸਾਥੀਆਂ ਦਾ ਗਠਜੋੜ ਹੈ। ਓਬੀਸੀ, ਦਲਿਤ ਅਤੇ ਪਟੇਲ ਪਹਿਲਾਂ ਇਨ੍ਹਾਂ ਦੀ ਆਪਸ ਵਿੱਚ ਨਹੀਂ ਬਣਦੀ ਸੀ।

ਬੀਜੇਪੀ ਨੂੰ ਉਮੀਦ ਹੈ ਕਿ ਗਠਜੋੜ ਦਾ ਵੋਟ ਅਸਾਨੀ ਨਾਲ ਕਾਂਗਰਸ ਦੇ ਪੱਖ ਵਿੱਚ ਨਹੀਂ ਜਾ ਸਕੇਗਾ।

ਉਹ ਮੰਨਦੇ ਹਨ ਕਿ ਚੋਣ ਪ੍ਰਚਾਰ ਵਿੱਚ ਦਰਜਨਾਂ ਰੈਲੀਆਂ ਕਰ ਚੁੱਕੇ ਮੋਦੀ ਦਾ ਕਰਿਸ਼ਮਾ 18 ਦਿਸੰਬਰ ਨੂੰ ਨਤੀਜੇ ਨਾਲ ਹੀ ਪਾਰਟੀ ਦੀ ਬੇੜੀ ਪਾਰ ਲਾਏਗਾ।

ਮੁੱਖ ਰੂਪ ਵਿੱਚ ਸ਼ਹਿਰੀ ਗੁਜਰਾਤ ਵਿੱਚ ਬੀਜੇਪੀ ਨੂੰ ਸ਼ਹਿਰੀ ਮੱਧ ਵਰਗੀ ਅਬਾਦੀ ਦਾ ਭਾਰੀ ਸਮਰਥਨ ਮਿਲਿਆ ਹੋਇਆ ਹੈ।

ਪੰਜ ਸਾਲ ਪਹਿਲਾਂ ਬੀਜੇਪੀ ਨੂੰ ਇੱਥੇ ਛੋਟੇ ਵੱਡੇ ਸ਼ਹਿਰਾਂ ਦੀ 84 ਸੀਟਾਂ ਵਿੱਚੋਂ 71 'ਤੇ ਜਿੱਤ ਮਿਲੀ ਸੀ।

ਇਸ ਵਾਰ 98 ਪੇਂਡੂ ਸੀਟਾਂ ਪਾਰਟੀ ਲਈ ਸਿਰਦਰਦ ਸਾਬਿਤ ਹੋ ਸਕਦੀਆਂ ਹਨ।

ਕਈ ਦਿਹਾਤੀ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਸਾਲ ਹੋਈ ਨੋਟਬੰਦੀ ਤੋਂ ਖੁਸ਼ ਨਹੀਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਕਮੀ ਆਈ ਅਤੇ ਨਾਲ ਹੀ ਫ਼ਸਲ ਦੀਆਂ ਕੀਮਤਾਂ ਵਿੱਚ ਵੀ।

ਹਾਰਦਿਕ ਪਟੇਲ ਨੇ ਕਿਹਾ,''ਵਿਕਾਸ ਦਾ ਨਾਤਾ ਨੌਜਵਾਨਾਂ, ਕਿਸਾਨਾਂ ਅਤੇ ਪਿੰਡ ਦੇ ਵਿਕਾਸ ਨਾਲ ਹੈ। ਇਕੱਲੇ ਸ਼ਹਿਰਾਂ ਦਾ ਵਿਕਾਸ ਨਹੀਂ ਹੋਣਾ ਚਾਹੀਦਾ।''

20 ਸਾਲ ਤੱਕ ਬਿਨਾਂ ਕਿਸੇ ਰੁਕਾਵਟ ਦੇ ਸ਼ਾਸਨ ਵਿੱਚ ਰਹੀ ਬੀਜੇਪੀ ਨੂੰ ਸੱਤਾ ਵਿਰੋਧੀ ਰੁਖ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਕੀ ਉਹ ਆਪਣੇ ਵਿਕਾਸ ਅਤੇ ਸ਼ਕਤੀਸ਼ਾਲੀ ਹਿੰਦੂ ਰਾਸ਼ਟਰਵਾਦ ਦੇ ਨਾਲ ਜਾਤੀ ਅਤੇ ਪਛਾਣ ਦੀ ਰਾਜਨੀਤੀ 'ਤੇ ਜਿੱਤ ਪਾ ਸਕੇਗੀ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਕੀ ਹੋਵੇਗੀ ਕੜ੍ਹੀ ਟਕੱਰ?

ਗੱਲ ਜਦੋਂ ਪੈਸੇ ਅਤੇ ਵੋਟਰਸ ਨੂੰ ਸੰਗਠਿਤ ਕਰਨ ਦੀ ਆਉਂਦੀ ਹੈ ਤਾਂ ਬੀਜੇਪੀ ਸਪੱਸ਼ਟ ਰੂਪ ਤੋਂ ਫਾਇਦੇ ਦੀ ਸਥਿਤੀ ਵਿੱਚ ਹੈ ਪਰ ਇਸ ਵਾਰ ਇਹ ਅਸਾਨ ਨਹੀਂ ਲੱਗ ਰਿਹਾ।

ਇੱਕ ਓਪਿਨਿਅਨ ਪੋਲ ਨੇ ਬੀਜੇਪੀ ਅਤੇ ਕਾਂਗਰਸ ਵਿੱਚ ਬਹੁਤ ਘੱਟ ਫ਼ਰਕ ਦੱਸਿਆ ਹੈ। ਕੜ੍ਹੀ ਟਕੱਰ ਵੀ ਹੋ ਸਕਦੀ ਹੈ।

ਸੈਕਸ ਸੀਡੀ, ਸਿਆਸਤ ਤੇ ਔਰਤ ਦੀ ਮਰਿਆਦਾ

ਸੂਬੇ ਵਿੱਚ ਤਿੰਨ ਵਾਰ ਚੋਣਾਂ ਕਰਵਾ ਚੁੱਕੇ ਸੰਜੇ ਕੁਮਾਰ ਕਹਿੰਦੇ ਹਨ,'' ਹੁਣ ਤੱਕ ਦੇ ਰੁਝਾਨਾ ਤੋਂ ਲੱਗਦਾ ਹੈ ਕਿ ਬੀਜੇਪੀ ਲਈ ਇਸ ਵਾਰ ਰਾਹ ਸੌਖਾ ਨਹੀਂ ਹੈ। ਪਰ ਉਹ ਹੁਣ ਵੀ ਇਸ ਮੁਸ਼ਕਿਲ ਤੋਂ ਨਿਕਲ ਕੇ ਅਗਲੀ ਸਰਕਾਰ ਬਣਾ ਸਕਦੇ ਹਨ।''

ਹਾਰਦਿਕ ਦਾ ਮੰਨਣਾ ਹੈ ਕਿ ਇਸ ਵਾਰ ਬੀਜੇਪੀ ਨੂੰ ਹਰਾਉਣ ਦਾ ਚੰਗਾ ਮੌਕਾ ਹੈ। ਉਹ ਕਹਿੰਦੇ ਹਨ,'' ਜੇ ਸਰਕਾਰ ਇਸ ਵਾਰ ਵੀ ਨਹੀਂ ਬਦਲਦੀ ਤਾਂ ਇਸਦਾ ਮਤਲਬ ਹੈ ਗੁਜਰਾਤ ਦੀ ਜਨਤਾ ਬੀਜੇਪੀ ਅੱਗੇ ਬੇਬਸ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)