ਅਕਾਲੀ ਦਲ ਦਾ ਦਫ਼ਤਰ ਮੁੜ ਅੰਮ੍ਰਿਤਸਰ ਖੋਲਣ ਦੇ ਕੀ ਮਾਅਨੇ ?

  • ਪਾਲ ਸਿੰਘ ਨੌਲੀ
  • ਬੀਬੀਸੀ ਪੰਜਾਬੀ ਲਈ

ਦੇਸ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ 'ਚ 14 ਦਸੰਬਰ 2017 ਨੂੰ ਆਪਣਾ 97ਵਾਂ ਸਥਾਪਨਾ ਦਿਵਸ ਮਨਾਇਆ। ਦੋ ਦਹਾਕਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਦਫ਼ਤਰ ਸ੍ਰੀ ਅੰਮ੍ਰਿਤਸਰ ਲਿਆਉਣ ਦੇ ਸਿਆਸੀ ਕੀ ਮਾਅਨੇ ਹੋ ਸਕਦੇ ਹਨ?

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਲਕ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ 1966 ਵਿੱਚ ਪੰਜਾਬ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਅਜਿਹਾ ਸਿਆਸੀ ਹਸ਼ਰ ਹੋਇਆ ਹੈ।

ਪੰਜਾਬ ਵਿਧਾਨ ਸਭਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਦੀ ਪਾਰਟੀ ਬਣ ਗਿਆ ਹੈ। ਇਸ ਦੇ ਕੁੱਲ ਵਿਧਾਇਕ 15 ਹਨ ਜੋ ਅਕਾਲੀ ਦਲ ਦੇ ਇਤਿਹਾਸ ਦੇ ਸਭ ਤੋਂ ਘੱਟ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕੋਲ ਹੈ। ਪਾਰਟੀ ਦੀ ਇਹ ਹਾਲਤ ਉਦੋਂ ਹੋਈ ਹੈ ਜਦੋਂ ਉਸ ਨੂੰ ਅਕਾਲੀ ਦਲ ਦੇ ਕਿਸੇ ਹੋਰ ਧੜ੍ਹੇ ਵੱਲੋਂ ਵੱਡੀ ਚੁਣੌਤੀ ਨਹੀਂ ਸੀ ਮਿਲ ਰਹੀ।

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ 'ਤੇ ਉਸ ਦਾ ਮੁਕੰਮਲ ਕੰਟਰੋਲ ਵੀ ਹੈ।

'ਪੰਥਕ ਪਛਾਣ ਬਣਾਉਣਾ ਚੁਣੌਤੀ'

ਪਿਛਲੇ 10 ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ ਸੀ।

ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਅਪਣਾਏ ਜਾ ਰਹੇ ਸਿਆਸੀ ਪੈਤੜਿਆਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਪੈਰ ਮਜ਼ਬੂਤ ਨਹੀਂ ਹੋ ਰਹੇ।

ਇੰਨ੍ਹਾਂ ਹਲਾਤਾਂ ਨਾਲ ਦੋ ਚਾਰ ਹੋਣ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਐਲਾਨ ਸਾਹਮਣੇ ਆਇਆ ਹੈ ਕਿ ਪਾਰਟੀ ਦਫ਼ਤਰ ਮੁੜ ਅੰਮ੍ਰਿਤਸਰ ਲਿਆਂਦਾ ਜਾਵੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦਾ ਕਹਿਣਾ ਸੀ ਕਿ ਇਸ ਐਲਾਨ ਤੋਂ ਸਪੱਸ਼ਟ ਹੈ ਕਿ ਪਾਰਟੀ ਸਾਹਮਣੇ ਆਪਣੀ ਗੁਆਚੀ ਪੰਥਕ ਪਛਾਣ ਨੂੰ ਬਣਾਉਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ ।

ਟੌਹੜਾ ਤੇ ਤਲਵੰਡੀ ਦਾ ਦੌਰ

1966 ਵਿੱਚ ਪੰਜਾਬ ਦੇ ਗਠਨ ਤੋਂ ਬਾਅਦ ਸੂਬੇ ਵਿੱਚ ਸਿੱਖ ਬਹੁ ਗਿਣਤੀ ਵਿੱਚ ਹਨ ਤੇ ਸਿੱਖਾਂ ਦੀ ਬਹੁ ਗਿਣਤੀ ਸ਼੍ਰੋਮਣੀ ਅਕਾਲੀ ਦਲ ਨਾਲ ਰਹਿੰਦੀ ਹੈ।

ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਹੋਣ ਤੋਂ ਸਪੱਸ਼ਟ ਹੈ ਕਿ ਸਿੱਖ ਹੀ ਅਕਾਲੀ ਦਲ ਤੋਂ ਨਰਾਜ਼ ਹੋ ਗਏ ਹਨ।

ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਪੰਥ ਦੇ ਕੱਦਵਾਰ ਨੇਤਾ ਸੀ।

ਅਜਿਹੇ ਨਾਂਅ ਜਿਹੜੇ ਪਰਕਾਸ਼ ਸਿੰਘ ਬਾਦਲ ਦੇ ਕੱਦ ਦੇ ਆਗੂ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਮੂੰਹ ਮੁਹਾਂਦਰਾ ਪੰਥਕ ਲੱਗਦਾ ਸੀ। ਪਾਰਟੀ ਦਾ ਦਫ਼ਤਰ ਚੰਡੀਗੜ੍ਹ ਜਾਣ ਨਾਲ ਇਸ ਦਾ ਚਿਹਰਾ ਮੋਹਰਾ ਵੀ ਬਦਲ ਗਿਆ।

ਘੱਟ ਉਮਰ ਦੇ ਪ੍ਰਧਾਨ ਸੁਖਬੀਰ ਬਾਦਲ

31 ਜਨਵਰੀ 2008 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ। ਸੁਖਬੀਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਪਛਾਣ ਨੂੰ ਵੱਡੀ ਸੱਟ ਵੱਜੀ

ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫਤਰ ਹਮੇਸ਼ਾਂ ਹੀ ਅੰਮ੍ਰਿਤਸਰ ਹੋਇਆ ਕਰਦਾ ਸੀ ਜਿਸ ਨਾਲ ਪੰਥਕ ਪਛਾਣ ਵੀ ਬਣੀ ਰਹਿੰਦੀ ਸੀ।

ਇਸ ਦਾ ਮੁੱਖ ਦਫਤਰ ਚੰਡੀਗੜ੍ਹ ਸਥਾਪਿਤ ਕਰਕੇ ਇਸ ਦੀ ਦਿੱਖ ਬਦਲਣ ਲੱਗ ਪਈ ਸੀ ਤੇ ਪੰਥਕ ਜ਼ਜ਼ਬਾ ਖੰਭ ਲਾ ਕੇ ਉਡ ਗਿਆ।

ਇਸ ਨੂੰ 97 ਵੇਂ ਸਥਾਪਨਾ ਦਿਵਸ ਮੌਕੇ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ।

ਸ਼੍ਰੋਮਣੀ ਅਕਾਲੀ ਦਲ 'ਚ ਪਰਿਵਾਰਵਾਦ

ਸ਼੍ਰੋਮਣੀ ਅਕਾਲੀ ਦਲ ਦੇ 97 ਸਾਲਾਂ ਦੇ ਇਤਿਹਾਸ ਦੀ ਬੁੱਕਲ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ।

ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਕਮਾਨ ਸੌਂਪੀ ਤਾਂ ਅਕਾਲੀ ਦਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਇੱਕ ਪ੍ਰਧਾਨ ਨੇ ਆਪਣੇ ਪੁੱਤਰ ਨੂੰ ਪ੍ਰਧਾਨਗੀ ਦਿੱਤੀ ਹੋਵੇ।

ਇਸ ਘਟਨਾ ਨੇ ਪੰਥਕ ਜਮਾਤ ਮੰਨੀ ਜਾਣ ਵਾਲੀ ਪਾਰਟੀ ਨੂੰ ਪਰਿਵਾਰਕ ਬਣਾਉਣ ਦਾ ਮੁੱਢ ਬੰਨਿਆ ਸੀ।

ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਵਾਂਗ ਹੀ ਅਕਾਲੀ ਦਲ ਵੀ ਪਰਿਵਾਰਵਾਦ ਦੀ ਲੀਹ 'ਤੇ ਚੱਲ ਪਿਆ ਸੀ।

ਫਾਈਵ ਸਟਾਰ ਕਲਚਰ

ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਨਾਲ ਹੀ ਪਾਰਟੀ ਵਿੱਚ ਫਾਈਵ ਸਟਾਰ ਕਲਚਰ ਸ਼ੁਰੂ ਹੋਇਆ।

ਪਹਿਲਾਂ ਪਾਰਟੀ ਦੇ ਆਗੂ ਗੁਰਦੁਆਰਿਆਂ ਜਾਂ ਸਰਾਵਾਂ ਵਿੱਚ ਮੀਟਿੰਗਾਂ ਕਰਦੇ ਸਨ ਪਰ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਫਾਈਵ ਸਟਾਰ ਕਲਚਰ ਵਿੱਚ ਬਦਲ ਕੇ ਰੱਖ ਦਿੱਤਾ।

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਪਹਿਲੀ ਵਾਰ ਪੰਜਾਬ ਤੋਂ ਬਾਹਰ ਸ਼ਿਮਲਾ ਅਤੇ ਫਿਰ ਗੋਆ ਦੇ ਵੱਡੇ ਹੋਟਲਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ।

ਪੰਜਾਬ ਤੋਂ ਬਾਹਰ ਪਾਰਟੀ ਚੋਣ ਨਿਸ਼ਾਨ ਤੱਕੜੀ 'ਤੇ ਚੋਣ ਲੜਨ ਦਾ ਫੈਸਲਾ ਵੀ ਸੁਖਬੀਰ ਸਿੰਘ ਬਾਦਲ ਨੇ ਹੀ ਲਿਆ ਤਾਂ ਜੋ ਸੂਬਾ ਪੱਧਰ ਦੀ ਪਾਰਟੀ ਦੀ ਪਛਾਣ ਕੌਮੀ ਬਣਾਈ ਜਾ ਸਕੇ।

ਹਰਿਆਣਾ ਅਤੇ ਦਿੱਲੀ ਦੀਆਂ ਵਿਧਾਨ ਸਭਾ ਸੀਟਾਂ 'ਤੇ ਪਾਰਟੀ ਨੇ ਆਪਣੇ ਹਿੱਸੇ ਦੀਆਂ ਸੀਟਾਂ ਤੱਕੜੀ ਚੋਣ ਨਿਸ਼ਾਨ 'ਤੇ ਲੜੀਆਂ ਸਨ।

ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾਂ ਹੀ ਗਰੀਬਾਂ ਅਤੇ ਲਤਾੜਿਆਂ ਦੀ ਪਾਰਟੀ ਵੱਜੋਂ ਦੇਖਿਆ ਜਾਂਦਾ ਸੀ।

'ਹਾਅ ਦਾ ਨਾਅਰਾ ਨਹੀਂ'

ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਰ੍ਹਾਂ ਨਾਲ ਚੁੱਪ ਹੀ ਧਾਰੀ ਹੋਈ ਹੈ।

ਭਾਵੇਂ ਗੁਜਰਾਤ ਵਿੱਚ ਦਲਿਤਾਂ 'ਤੇ ਕੀਤੇ ਗਏ ਤਸ਼ੱਦਦ ਦੀਆਂ ਘਟਨਾਵਾਂ ਹੋਣ ਜਾਂ ਗੁਜਰਾਤ ਵਿੱਚ ਹੀ ਸਿੱਖਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੀ ਗੱਲ ਹੋਵੇ।

ਕਥਿਤ ਗਊ ਰੱਖਿਅਕਾਂ ਵੱਲੋਂ ਮੁਸਲਮਾਨਾਂ 'ਤੇ ਤਸ਼ੱਦਦ ਢਾਹੁਣਾ ਹੋਵੇ, ਸ਼੍ਰੋਮਣੀ ਅਕਾਲੀ ਦਲ ਨੇ ਕਦੇਂ ਹਾਅ ਦਾ ਨਾਅਰਾ ਨਹੀਂ ਮਾਰਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਹੁੰਦਿਆ ਹੀ ਵਾਪਰੀਆਂ ।

ਸੁਖਬੀਰ ਬਾਦਲ ਦੀ ਨਵੀਂ ਸਿਆਸਤ

ਹਰਿਆਣਾ ਵਿੱਚ ਸਿੱਖਾਂ ਵੱਲੋਂ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਕੰਮ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੌਰਾਨ ਹੀ ਹੋਇਆ।

ਸੁਖਬੀਰ ਸਿੰਘ ਬਾਦਲ ਨੇ ਹੀ ਇਹ ਪਿਰਤ ਪਾਈ ਸੀ ਕਿ ਕਿਸੇ ਵਿਰੋਧੀ ਪਾਰਟੀ ਦੇ ਵਿਧਾਇਕ ਤੋਂ ਅਸਤੀਫਾ ਦੁਆ ਕੇ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਇਆ ਜਾਵੇ ਤੇ ਫਿਰ ਚੋਣ ਲੜਾ ਕੇ ਅਕਾਲੀ ਦਲ ਦਾ ਵਿਧਾਇਕ ਬਣਾਓ।

ਮੋਗੇ ਤੋਂ ਜੋਗਿੰਦਰਪਾਲ ਜੈਨ ਅਤੇ ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਦੀ ਮਿਸਾਲ ਸਾਰਿਆਂ ਸਾਹਮਣੇ ਹੈ।

ਮਈ 2006 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਰਹੇ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਸੀ ਕਿ ਜੇ ਪੰਥਕ ਪਛਾਣ ਕਾਇਮ ਨਹੀਂ ਰੱਖਣੀ ਤਾਂ ਸ਼੍ਰੋਮਣੀ ਅਕਾਲੀ ਦਲ ਵਿਚੋਂ 'ਅਕਾਲੀ' ਸ਼ਬਦ ਹਟਾ ਦੇਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)