1971 ਦੀ ਜੰਗ: ਜਦੋਂ ਪੰਜਾਬੀ ਫ਼ੌਜੀ ਜਨਰਲ ਨੇ ਚੁਟਕਲੇ ਸੁਣਾਏ ਤੇ ਸਰੰਡਰ ਕਰਾਇਆ

  • ਰੇਹਾਨ ਫ਼ਜ਼ਲ
  • ਬੀਬੀਸੀ ਪੱਤਰਕਾਰ
ਤਸਵੀਰ ਕੈਪਸ਼ਨ,

ਢਾਕਾ ਵੱਲ ਵਧਦਾ ਰੂਸ ਵਿੱਚ ਬਣਿਆ ਟੀ -55 ਟੈਂਕ (ਤਸਵੀਰ ਭਾਰਤ ਰਕਸ਼ਕ.ਕੌਮ)

7 ਮਾਰਚ 1971 ਨੂੰ ਜਦੋਂ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਢਾਕਾ ਦੇ ਮੈਦਾਨ ਵਿੱਚ ਪਾਕਿਸਤਾਨ ਨੂੰ ਲਲਕਾਰ ਰਹੇ ਸਨ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ 9ਮਹੀਨੇ 9 ਦਿਨਾਂ ਮਗਰੋਂ ਬੰਗਲਾਦੇਸ਼ ਇੱਕ ਸਚਾਈ ਬਣ ਜਾਵੇਗਾ।

ਜਦੋਂ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਯਾਹੀਆ ਖ਼ਾਨ ਨੇ 25 ਮਾਰਚ 1971 ਨੂੰ ਪੂਰਬੀ ਪਾਕਿਸਤਾਨ ਦੀਆਂ ਲੋਕ ਭਾਵਨਾਵਾਂ ਨੂੰ ਫੌਜੀ ਤਾਕਤ ਨਾਲ ਦਰੜਨ ਦਾ ਹੁਕਮ ਦਿੱਤਾ ਅਤੇ ਸ਼ੇਖ ਮੁਜੀਬੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਬੰਗਲਾਦੇਸ਼ੀ ਸ਼ਰਣਾਰਥੀਆਂ ਨੇ ਭਾਰਤ ਵੱਲ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ।

ਜਿਉਂ-ਜਿਉਂ ਬੰਗਾਲਾਦੇਸ਼ ਜਿਸ ਨੂੰ ਉਸ ਸਮੇਂ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ ਵਿੱਚ ਪਾਕਿਸਤਾਨੀ ਫ਼ੌਜ ਦੀ ਦੁਰਵਰਤੋਂ ਦੀ ਖ਼ਬਰ ਫੈਲਣੀ ਸ਼ੁਰੂ ਹੋਈ ਤਾਂ ਭਾਰਤ ਉੱਤੇ ਉਥੇ ਫ਼ੌਜੀ ਦਖਲਅੰਦਾਜ਼ੀ ਕਰਨ ਲਈ ਦਬਾਅ ਪੈਣ ਲੱਗਿਆ।

ਇਹ ਵੀ ਪੜ੍ਹੋ :

ਭਾਰਤ ਦੀ ਤਤਕਾਲੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਅਪ੍ਰੈਲ ਵਿੱਚ ਹਮਲਾ ਕਰਨ ਬਾਰੇ ਥਲ ਸੈਨਾ ਮੁਖੀ ਜਨਰਲ ਮਾਨੇਕਸ਼ਾਅ ਦੀ ਰਾਏ ਮੰਗੀ।

ਤੁਰੰਤ ਕਾਰਵਾਈ ਲਈ ਤਿਆਰ ਨਹੀਂ ਸੀ ਭਾਰਤੀ ਫੌਜ

ਪੂਰਬੀ ਕਮਾਨ ਦੇ ਉਸ ਵੇਲੇ ਦੇ ਸਟਾਫ ਅਫ਼ਸਰ ਲੈਫ਼ਟੀਨੈਂਟ ਜਰਨਲ ਜੇਐਫ਼ਆਰ ਜੈਕਬ ਉਸ ਵੇਲੇ ਨੂੰ ਯਾਦ ਕਰਦਿਆਂ ਦਸਦੇ ਹਨ, "ਜਨਰਲ ਮਾਨੇਕਸ਼ਾਅ ਨੇ ਮੈਨੂੰ ਇੱਕ ਅਪ੍ਰੈਲ ਨੂੰ ਫ਼ੋਨ ਕਰ ਕੇ ਕਿਹਾ ਪੂਰਬੀ ਕਮਾਨ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਫ਼ੌਰੀ ਕਾਰਵਾਈ ਕਰਨੀ ਹੈ। ਮੈ ਉਨ੍ਹਾਂ ਨੂੰ ਕਿਹਾ ਕਿ ਇਹ ਤੁਰੰਤ ਸੰਭਵ ਨਹੀਂ ਹੈ ਕਿਉਂਕਿ ਸਾਡੇ ਕੋਲ ਸਿਰਫ ਇੱਕ ਹੀ ਪਹਾੜੀ ਡਿਵੀਜ਼ਨ ਹੈ ਜਿਸ ਕੋਲ ਪੁਲ ਬਣਾਉਣ ਦੀ ਯੋਗਤਾ ਨਹੀਂ ਹੈ। ਕੁਝ ਨਦੀਆਂ ਤਾਂ ਪੰਜ-ਪੰਜ ਮੀਲ ਚੌੜੀਆਂ ਹਨ। ਸਾਡੇ ਕੋਲ ਲੜਾਈ ਲਈ ਸਾਜੋ ਸਮਾਨ ਵੀ ਨਹੀਂ ਹੈ ਤੇ ਮੌਨਸੂਨ ਸ਼ੁਰੂ ਹੋਣ ਵਾਲਾ ਹੈ। ਜੇ ਅਸੀਂ ਇਸ ਸਮੇਂ ਪੂਰਬੀ ਪਾਕਿਸਤਾਨ ਵਿੱਚ ਵੜੇ ਤਾਂ ਉੱਥੇ ਹੀ ਫ਼ਸੇ ਰਹਿ ਜਾਵਾਂਗੇ।"

ਤਸਵੀਰ ਕੈਪਸ਼ਨ,

ਇੱਕ ਭਾਰਤੀ ਜਵਾਨ ਦੀਆ ਗੱਲਾਂ 'ਤੇ ਮੁਸਕਰਾਉਂਦੇ ਹੋਏ, ਜਨਰਲ ਸੈਮ ਮਾਨੇਕਸ਼ਾਅ ਅਤੇ ਲੈਫਟੀਨੈਂਟ ਜਨਰਲ ਸਰਤਾਜ ਸਿੰਘ

ਮਾਨੇਕਸ਼ਾਅ ਨੇ ਬਿਨਾਂ ਝੁਕੇ ਸਾਫ ਤੌਰ 'ਤੇ ਇੰਦਰਾ ਗਾਂਧੀ ਨੂੰ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਹੀ ਲੜਾਈ ਵਿੱਚ ਸ਼ਾਮਲ ਹੋਣਾ ਚਾਹੁਣਗੇ।

3 ਦਸੰਬਰ 1971 ਨੂੰ ਇੰਦਰਾ ਗਾਂਧੀ ਕਲਕੱਤੇ ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਸ਼ਾਮੀਂ 5 ਵਜੇ ਪਾਕਿਸਤਾਨੀ ਹਵਾਈ ਫੌਜ ਦੇ ਸੇਬਰ ਜੇਟਸ ਅਤੇ ਸਟਾਰ ਫ਼ਾਈਟਰ ਜਹਾਜਾਂ ਨੇ ਭਾਰਤੀ ਹਵਾਈ ਸੀਮਾ ਨੂੰ ਪਾਰ ਕਰਕੇ ਪਠਾਨਕੋਟ, ਸ੍ਰੀਨਗਰ, ਅੰਮ੍ਰਿਤਸਰ, ਜੋਧਪੁਰ ਅਤੇ ਆਗਰਾ ਦੇ ਹਵਾਈ ਅੱਡਿਆਂ 'ਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ:

ਇੰਦਰਾ ਗਾਂਧੀ ਨੇ ਉਸੇ ਸਮੇਂ ਦਿੱਲੀ ਵਾਪਸ ਮੁੜਨ ਦਾ ਫ਼ੈਸਲਾ ਲਿਆ। ਦਿੱਲੀ ਵਿੱਚ ਬਲੈਕ ਆਊਟ ਹੋਣ ਕਰਕੇ ਪਹਿਲਾਂ ਉਨ੍ਹਾਂ ਦਾ ਜਹਾਜ਼ ਲਖਨਊ ਵੱਲ ਮੁੜਿਆ। ਉਹ ਗਿਆਰਾਂ ਵਜੇ ਦੇ ਕਰੀਬ ਦਿੱਲੀ ਪਹੁੰਚੇ ਤੇ ਕੈਬਨਿਟ ਦੀ ਹੰਗਾਮੀ ਬੈਠਕ ਤੋਂ ਬਾਅਦ, ਉਨ੍ਹਾਂ ਨੇ ਕੰਬਦੀ ਹੋਈ ਅਵਾਜ਼ ਵਿੱਚ ਮੁਲਕ ਨੂੰ ਸੰਬੋਧਿਤ ਕੀਤਾ।

ਪੂਰਬ ਵੱਲ ਤੇਜੀ ਨਾਲ ਅੱਗੇ ਵਧਦੀ ਭਾਰਤੀ ਫੌਜਾਂ ਨੇ ਜੇਸੌਰ ਅਤੇ ਖੁਲਨਾ ਉੱਤੇ ਕਬਜਾ ਕਰ ਲਿਆ। ਭਾਰਤੀ ਸੈਨਾ ਦੀ ਰਣਨੀਤੀ ਮਹੱਤਵਪੂਰਣ ਟਿਕਾਣਿਆਂ ਨੂੰ ਬਾਈਪਾਸ ਕਰਕੇ ਅੱਗੇ ਵਧਦੇ ਰਹਿਣਾ ਸੀ।

ਢਾਕਾ 'ਤੇ ਕਬਜ਼ਾ ਭਾਰਤੀ ਫੌਜ ਦਾ ਨਿਸ਼ਾਨਾ ਨਹੀਂ ਸੀ

ਇਹ ਹੈਰਾਨੀ ਦੀ ਗੱਲ ਹੈ ਕਿ ਪੂਰੇ ਯੁੱਧ ਵਿੱਚ ਮਾਨੇਕਸ਼ਾਅ ਖੁਲਨਾ ਅਤੇ ਚਟਗਾਂਵ 'ਤੇ ਕਬਜ਼ਾ ਕਰਨ 'ਤੇ ਹੀ ਜ਼ੋਰ ਦਿੰਦੇ ਰਹੇ ਅਤੇ ਢਾਕਾ ਨੂੰ ਕਾਬੂ ਕਰਨ ਦਾ ਟੀਚਾ ਭਾਰਤੀ ਫੌਜ ਦੇ ਸਾਹਮਣੇ ਰੱਖਿਆ ਹੀ ਨਹੀਂ ਗਿਆ ਸੀ।

ਤਸਵੀਰ ਕੈਪਸ਼ਨ,

ਪੱਛਮੀ ਪਾਕਿਸਤਾਨ ਵਿੱਚ ਇਸਲਾਮਕੋਟ 'ਤੇ ਸਫਲ ਹਮਲੇ ਮਗਰੋਂ 10 ਪੈਰਾ ਕਮਾਂਡੋ ਦੇ ਭਾਰਤੀ ਫ਼ੌਜੀ ਵਾਪਸ ਮੁੜਦੇ ਹੋਏ (ਤਸਵੀਰ ਭਾਰਤ ਰਕਸ਼ਕ.ਕੌਮ)

ਇਸ ਗੱਲ ਦੀ ਪੁਸ਼ਟੀ ਕਰਦਿਆਂ ਜਨਰਲ ਜੈਕਬ ਨੇ ਕਿਹਾ, "ਅਸਲ ਵਿੱਚ 13 ਦਸੰਬਰ ਨੂੰ ਜਦੋਂ ਸਾਡੇ ਫ਼ੌਜੀ ਢਾਕਾ ਦੇ ਬਾਹਰ ਸਨ, ਸਾਡੇ ਕੋਲ ਕਮਾਂਡ ਹੈੱਡਕੁਆਰਟਰ ਦਾ ਸੁਨੇਹਾ ਆਇਆ, ਫ਼ਲਾਂ-ਫ਼ਲਾਂ ਸਮੇਂ ਤੋਂ ਪਹਿਲਾਂ ਉਨ੍ਹਾਂ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰੋ ਜਿਨ੍ਹਾਂ ਨੂੰ ਉਹ ਬਾਈਪਾਸ ਕਰਦੇ ਆਏ ਸੀ। ਢਾਕਾ ਦਾ ਹਾਲੇ ਵੀ ਕੋਈ ਜ਼ਿਕਰ ਨਹੀਂ ਸੀ। ਇਹ ਹੁਕਮ ਸਾਨੂੰ ਉਸ ਵੇਲੇ ਮਿਲਿਆ ਜਦੋਂ ਸਾਨੂੰ ਢਾਕਾ ਦੀਆਂ ਇਮਾਰਤਾਂ ਸਾਫ਼ ਦਿਸ ਰਹੀਆਂ ਸਨ।"

ਇਹ ਵੀ ਪੜ੍ਹੋ:

ਪੂਰੇ ਯੁੱਧ ਦੌਰਾਨ ਇੰਦਰਾ ਗਾਂਧੀ ਨੂੰ ਕਦੇ ਵੀ ਫ਼ਿਕਰਮੰਦ ਨਹੀਂ ਵੇਖਿਆ ਗਿਆ। ਉਹ ਪਹੁ ਫੁਟਾਲੇ ਤੱਕ ਕੰਮ ਕਰਦੇ ਰਹੇ ਤੇ ਜਦੋਂ ਉਹ ਦੂਜੇ ਦਿਨ ਦਫ਼ਤਰ ਪਹੁੰਚੇ ਤਾਂ ਕੋਈ ਕਹਿ ਨਹੀਂ ਸੀ ਸਕਦਾ ਕਿ ਉਹ ਸਿਰਫ ਦੋ ਘੰਟੇ ਸੌਂ ਕੇ ਆ ਰਹੇ ਸਨ।

ਤਸਵੀਰ ਕੈਪਸ਼ਨ,

ਜੰਗ ਦੌਰਾਨ ਰੱਖਿਆ ਮੰਤਰੀ ਜਗਜੀਵਨ ਰਾਮ ਅਤੇ ਫੌਜ ਮੁਖੀ ਜਨਰਲ ਸੈਮ ਮਾਨੇਕਸ਼ਾਅ ਬੈਠਕ ਕਰਦਿਆਂ

ਮਸ਼ਹੂਰ ਪੱਤਰਕਾਰ ਇੰਦਰ ਮਲਹੋਤਰਾ ਯਾਦ ਕਰਦੇ ਹਨ, "ਅੱਧੀ ਰਾਤ ਨੂੰ ਜਦ ਉਨ੍ਹਾਂ ਨੇ ਰੇਡੀਓ 'ਤੇ ਦੇਸ਼ ਨੂੰ ਸੰਬੋਧਿਤ ਕੀਤਾ, ਉਸ ਵੇਲੇ ਉਨ੍ਹਾਂ ਦੀ ਆਵਾਜ਼ ਵਿੱਚ ਤਣਾਅ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਥੋੜ੍ਹੇ ਪਰੇਸ਼ਾਨ ਸਨ। ਅਗਲੇ ਦਿਨ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਗਿਆ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਉਨ੍ਹਾਂ ਨੂੰ ਕੋਈ ਫ਼ਿਕਰ ਹੀ ਨਹੀਂ ਹੈ। ਜਦੋਂ ਮੈਂ ਜੰਗ ਬਾਰੇ ਪੁੱਛਿਆ ਤਾਂ ਕਹਿੰਦੇ ਚੰਗੀ ਚੱਲ ਰਹੀ ਹੈ, ਪਰ ਦੇਖੋ, ਮੈਂ ਨੌਰਥ-ਈਸਟ ਤੋਂ ਇਹ ਚਾਦਰ ਲਿਆਈ ਹਾਂ। ਇਸ ਨੂੰ ਮੈਂ ਆਪਣੇ ਬੈਠਕ ਵਾਲੇ ਕਮਰੇ ਵਿੱਚ ਸੈਟੀ 'ਤੇ ਵਿਛਾਇਆ ਹੋਇਆ ਹੈ, ਕਿਵੇਂ ਲੱਗ ਰਿਹਾ ਹੈ ? ਮੈਂ ਕਿਹਾ ਕਿ ਇਹ ਬਹੁਤ ਖ਼ੂਬਸੂਰਤ ਹੈ। ਇੰਝ ਲੱਗਿਆ ਕਿ ਉਨ੍ਹਾਂ ਦੇ ਮਨ ਵਿੱਚ ਕੋਈ ਚਿੰਤਾ ਹੈ ਹੀ ਨਹੀਂ।"

ਗਵਰਨਮੈਂਟ ਹਾਊਸ ਉੱਤੇ ਬੰਬਾਰੀ

14 ਦਸੰਬਰ ਨੂੰ ਭਾਰਤੀ ਫੌਜ ਨੇ ਗੁਪਤ ਸੰਦੇਸ਼ ਫੜਿਆ ਕਿ ਸਵੇਰੇ 11 ਵਜੇ ਦੇ ਕਰੀਬ ਢਾਕਾ ਦੇ ਗਵਰਨਮੈਂਟ ਹਾਊਸ ਵਿੱਚ ਇਕ ਮਹੱਤਵਪੂਰਣ ਬੈਠਕ ਹੋਣੀ ਹੈ, ਜਿਸ ਵਿਚ ਪਾਕਿਸਤਾਨੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।

ਤਸਵੀਰ ਕੈਪਸ਼ਨ,

ਭਾਰਤੀ T-55 ਟੈਂਕ ਖੁਲਨਾ ਵੱਲ ਵਧ ਰਿਹਾ ਹੈ ਇਸ ਲੜਾਈ ਵਿਚ ਭਾਰਤੀ ਫੌਜੀਆਂ ਨੂੰ ਸਖਤ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ

ਭਾਰਤੀ ਫੌਜ ਨੇ ਤੈਅ ਕੀਤਾ ਕਿ ਇਸੇ ਸਮੇਂ ਇਸ ਇਮਾਰਤ 'ਤੇ ਬੰਬ ਸੁੱਟੇ ਜਾਣ। ਬੈਠਕ ਦੌਰਾਨ ਹੀ ਮਿਗ-21 ਜਹਾਜ਼ਾਂ ਨੇ ਬੰਬ ਸੁੱਟ ਕੇ ਮੁੱਖ ਹਾਲ ਦੀ ਛੱਤ ਉਡਾ ਦਿੱਤੀ। ਗਵਰਨਰ ਮਲਿਕ ਨੇ ਏਅਰ ਰੇਡ ਸ਼ੈਲਟਰ ਵਿੱਚ ਪਨਾਹ ਲਈ ਅਤੇ ਨਮਾਜ਼ ਪੜ੍ਹਨ ਲੱਗ ਪਏ। ਉੱਥੇ ਹੀ ਉਨ੍ਹਾਂ ਨੇ ਕੰਬਦੇ ਹੱਥਾਂ ਨਾਲ ਆਪਣਾ ਅਸਤੀਫ਼ਾ ਲਿਖਿਆ।

ਦੋ ਦਿਨ ਮਗਰੋਂ ਢਾਕਾ ਦੇ ਬਾਹਰ ਮੀਰਪੁਰ ਪੁਲ 'ਤੇ ਮੇਜਰ ਜਨਰਲ ਗੰਧਰਵ ਨਾਗਰਾ ਨੇ ਆਪਣੇ ਜੌਂਗੇ ਦੇ ਬੋਨਟ ਉੱਤੇ ਆਪਣੇ ਸਟਾਫ ਅਫਸਰ ਦੀ ਨੋਟ ਪੈਡ 'ਤੇ ਪਾਕਿਸਤਾਨੀ ਫੌਜ ਦੇ ਜਨਰਲ ਨਿਆਜੀ ਦੇ ਚੀਫ਼ ਲਈ ਇਕ ਨੋਟ ਲਿਖਿਆ- ਪਿਆਰੇ ਅਬਦੁੱਲਾ ਮੈਂ ਇੱਥੇ ਹੀ ਹਾਂ। ਖੇਡ ਖਤਮ ਹੋ ਚੁੱਕੀ ਹੈ। ਮੈਂ ਸਲਾਹ ਦਿੰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦਿਓ ਅਤੇ ਮੈਂ ਤੁਹਾਡਾ ਖ਼ਿਆਲ ਰੱਖਾਂਗਾ।

ਤਸਵੀਰ ਕੈਪਸ਼ਨ,

ਆਪਣੇ ਬੰਕਰਾਂ ਵਿੱਚ ਭਾਰਤੀ ਸਿਪਾਹੀਆਂ ਦੀ ਉਡੀਕ ਕਰਦੇ ਹੋਏ ਪਾਕਿਸਤਾਨੀ ਫੌ਼ਜੀ

ਮੇਜਰ ਜਨਰਲ ਗੰਧਰਵ ਨਾਗਰਾ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ।

ਕੁਝ ਸਾਲ ਪਹਿਲਾਂ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਸੀ, "ਜਦੋਂ ਮੇਰਾ ਇਹ ਸੁਨੇਹਾ ਲੈ ਕੇ ਏਡੀਸੀ ਕੈਪਟਨ ਹਰਤੋਸ਼ ਮਹਿਤਾ ਨਿਆਜ਼ੀ ਕੋਲ ਗਏ ਤਾਂ ਉਨ੍ਹਾਂ ਨੇ ਜਨਰਲ ਜਮਸ਼ੇਦ ਨੂੰ ਉਨ੍ਹਾਂ ਨਾਲ ਭੇਜਿਆ, ਜੋ ਢਾਕਾ ਗੈਰੀਸਨ ਦੇ ਜੀਓਸੀ ਸਨ। ਮੈਂ ਜਰਨਲ ਦਮਸ਼ੇਦ ਦੀ ਗੱਡੀ ਵਿੱਚ ਬੈਠ ਕੇ ਉਨ੍ਹਾਂ ਦਾ ਝੰਡਾ ਲਾਹਿਆ ਅਤੇ 2-ਮਾਊਟੇਨ ਡਵੀਜ਼ਨ ਦਾ ਝੰਡਾ ਲਾ ਦਿੱਤਾ। ਜਦੋਂ ਮੈਂ ਨਿਆਜ਼ੀ ਕੋਲ ਪਹੁੰਚਿਆ ਤਾਂ ਉਹ ਮੈਨੂੰ ਬੜੇ ਤਪਾਕ ਨਾਲ ਮਿਲੇ।"

ਦਸੰਬਰ 16 ਦੀ ਸਵੇਰ 9.00 ਵਜੇ ਜਨਰਲ ਜੈਕਬ ਨੂੰ ਮਾਨੇਕਸ਼ਾਅ ਦਾ ਸੁਨੇਹਾ ਮਿਲਿਆ ਕਿ ਉਹ ਸਮਰਪਣ ਲਈ ਤਿਆਰੀ ਲਈ ਤੁਰੰਤ ਢਾਕਾ ਪਹੁੰਚ ਜਾਣ। ਨਿਆਜ਼ੀ ਨੇ ਜੈਕਬ ਨੂੰ ਲੈਣ ਲਈ ਢਾਕਾ ਹਵਾਈ ਅੱਡੇ 'ਤੇ ਇੱਕ ਜੀਪ ਭੇਜੀ ਹੋਈ ਸੀ।

ਇਹ ਵੀ ਪੜ੍ਹੋ:

ਜੈਕਬ ਤੋਂ ਕੁੱਝ ਦੂਰ ਹੀ ਅੱਗੇ ਵਧੇ ਸਨ ਕਿ ਮੁਕਤੀ ਵਾਹਿਨੀ ਦੇ ਲੋਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜੈਕਬ ਨੇ ਦੋਵੇਂ ਹੱਥ ਉੱਪਰ ਕਰ ਕੇ ਕਾਰ 'ਚੋਂ ਛਾਲ ਮਾਰੀ ਅਤੇ ਕਿਹਾ ਕਿ ਉਹ ਭਾਰਤੀ ਫੌਜ ਦੇ ਹਨ। ਵਹਿਨੀ ਦੇ ਲੋਕਾਂ ਨੇ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ।

ਅੱਥਰੂ ਅਤੇ ਚੁਟਕਲੇ

ਜਦੋਂ ਜੈਕਬ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਜਨਰਲ ਨਾਗਰਾ ਨਿਆਜ਼ੀ ਦੇ ਗਲ਼ੇ ਵਿੱਚ ਬਾਹਾਂ ਪਾਈ ਸੋਫ਼ੇ ਤੇ ਬੈਠੇ ਸਨ ਅਤੇ ਪੰਜਾਬੀ ਵਿੱਚ ਚੁਟਕਲੇ ਸੁਣਾ ਰਹੇ ਸਨ।

ਜੈਕਬ ਨੇ ਨਿਆਜ਼ੀ ਨੂੰ ਸਮਰਪਣ ਦੀਆਂ ਸ਼ਰਤਾਂ ਪੜ੍ਹ ਕੇ ਸੁਣਾਈਆਂ। ਨਿਆਜ਼ੀ ਦੀਆਂ ਅੱਖਾਂ ਤੋਂ ਹੰਝੂ ਵਹਿ ਤੁਰੇ। ਉਨ੍ਹਾਂ ਨੇ ਕਿਹਾ, "ਕੌਣ ਕਹਿ ਰਿਹਾ ਹੈ ਕਿ ਮੈਂ ਹਥਿਆਰ ਰੱਖ ਰਿਹਾ ਹਾਂ।"

ਜਨਰਲ ਰਾਵ ਫਰਮਾਨ ਅਲੀ ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਕਿ ਪਾਕਿਸਤਾਨੀ ਫ਼ੌਜਾਂ ਭਾਰਤ ਅਤੇ ਬੰਗਲਾਦੇਸ਼ ਦੀ ਸੰਯੁਕਤ ਕਮਾਂਡ ਦੇ ਅੱਗੇ ਸਮਰਪਣ ਕਰਨ।

ਤਸਵੀਰ ਕੈਪਸ਼ਨ,

ਭਾਰਤੀ ਫੌਜੀਆਂ ਦੇ ਸਾਹਮਣੇ ਹਥਿਆਰ ਰੱਖਣ ਮਗਰੋਂ ਪਾਕਿਸਤਾਨੀ ਸੈਨਿਕ, ਜੰਗਬੰਦੀ ਕੈਂਪ ਵਿੱਚ

ਸਮਾਂ ਲੰਘ ਰਿਹਾ ਸੀ। ਜੈਕਬ ਨਿਆਜ਼ੀ ਨੂੰ ਖੂੰਝੇ ਵਿੱਚ ਲੈ ਗਏ। ਉਨ੍ਹਾਂ ਨੇ ਨਿਆਜ਼ੀ ਨੂੰ ਕਿਹਾ ਕਿ ਜੇ ਉਹ ਹਥਿਆਰ ਨਹੀਂ ਰੱਖਦੇ, ਤਾਂ ਉਹ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਲੈ ਸਕਦੇ। ਜੇ ਉਹ ਆਤਮ-ਸਮਰਪਣ ਕਰਦੇ ਹਨ, ਤਾਂ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਉਨ੍ਹਾਂ ਦੀ ਹੋਵੇਗੀ।

ਜੈਕਬ ਨੇ ਕਿਹਾ- ਫੈਸਲਾ ਲੈਣ ਲਈ ਮੈਂ ਤੁਹਾਨੂੰ 30 ਮਿੰਟ ਦਿੰਦਾ ਹਾਂ। ਜੇ ਤੁਸੀਂ ਆਤਮ-ਸਮਰਪਣ ਨਹੀਂ ਕਰਦੇ, ਤਾਂ ਮੈਂ ਢਾਕਾ ਉੱਤੇ ਬੰਬਾਰੀ ਦੁਬਾਰਾ ਸ਼ੁਰੂ ਕਰਨ ਦੇ ਹੁਕਮ ਦੇ ਦੇਵਾਂਗਾ।

ਇਹ ਵੀ ਪੜ੍ਹੋ:

ਅੰਦਰੋਂ ਅੰਦਰੀਂ ਜੈਕਬ ਦੀ ਹਾਲਤ ਬਹੁਤ ਖਰਾਬ ਹੋ ਰਹੀ ਸੀ। ਨਿਆਜ਼ੀ ਕੋਲ ਢਾਕਾ ਵਿੱਚ 26,400 ਫੌਜੀ ਸਨ ਜਦ ਕਿ ਭਾਰਤ ਕੋਲ ਸਿਰਫ਼ 3,000 ਅਤੇ ਉਹ ਵੀ ਢਾਕਾ ਤੋਂ 30 ਕਿਲੋਮੀਟਰ ਦੂਰ!

ਜਨਰਲ ਜਗਜੀਤ ਸਿੰਘ ਅਰੋੜਾ ਦੋ ਕੁ ਘੰਟਿਆਂ ਵਿੱਚ ਢਾਕੇ ਉੱਤਰਨ ਵਾਲੇ ਸਨ ਅਤੇ ਜੰਗਬੰਦੀ ਵੀ ਛੇਤੀ ਮੁਕਣ ਵਾਲੀ ਸੀ। ਜੈਕਬ ਦੇ ਹੱਥ ਵਿੱਚ ਕੁੱਝ ਵੀ ਨਹੀਂ ਸੀ।

30 ਮਿੰਟ ਮਗਰੋਂ ਜਦੋਂ ਜੈਕਬ ਨਿਆਜ਼ੀ ਦੇ ਕਮਰੇ ਵਿੱਚ ਗਏ ਤਾਂ ਚੁੱਪ ਫੈਲੀ ਹੋਈ ਸੀ। ਸਮਰਪਣ ਦਾ ਦਸਤਾਵੇਜ਼ ਮੇਜ਼ 'ਤੇ ਪਿਆ ਸੀ।

ਜੈਕਬ ਨੇ ਨਿਆਜ਼ੀ ਨੂੰ ਪੁੱਛਿਆ ਕਿ ਕੀ ਉਹ ਸਮਰਪਣ ਸਵੀਕਾਰ ਕਰਦੇ ਹਨ? ਨਿਆਜ਼ੀ ਨੇ ਜਵਾਬ ਨਾ ਵਿੱਚ ਦਿੱਤਾ। ਉਨ੍ਹਾਂ ਨੇ ਤਿੰਨ ਵਾਰ ਇਹ ਸਵਾਲ ਦੁਹਰਾਇਆ। ਨਿਆਜ਼ੀ ਫੇਰ ਵੀ ਚੁੱਪ ਰਹੇ ਜੈਕਬ ਨੇ ਦਸਤਾਵੇਜ਼ ਚੁੱਕ ਕੇ ਹਵਾ ਵਿੱਚ ਲਹਿਰਾ ਕੇ ਕਿਹਾ, 'ਆਈ ਟੇਕ ਇਟ ਐਜ਼ ਐਕਸਪੈਕਟਡ।'

ਤਸਵੀਰ ਕੈਪਸ਼ਨ,

ਜਨਰਲ ਸੈਮ ਮਾਨਕਸ਼ਾਅ, 8 ਵੀਂ ਗੋਰਖਾ ਰਾਈਫਲਜ਼ ਦੇ ਬਹਾਦਰੀ ਤਗ਼ਮੇ ਜੇਤੂਆਂ ਦੇ ਨਾਲ।

ਨਿਆਜ਼ੀ ਨੇ ਫੇਰ ਰੋਣਾ ਸ਼ੁਰੂ ਕਰ ਦਿੱਤਾ। ਜੈਕਬ ਨਿਆਜ਼ੀ ਨੂੰ ਫੇਰ ਖੂੰਝੇ ਵਿੱਚ ਲੈ ਗਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਸਮਰਪਣ ਰੇਸ ਕੋਰਸ ਵਿੱਚ ਹੋਵੇਗਾ। ਨਿਆਜ਼ੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਇਹ ਵੀ ਉਲਝਣ ਸੀ ਕਿ ਕੀ ਨਿਆਜ਼ੀ ਸਮਰਪਣ ਕਰਨਗੇ?

ਮੇਜਰ ਜਨਰਲ ਗੰਧਰਵ ਨਾਗਰਾ ਨੇ ਦੱਸਿਆ ਕਿ ਜੈਕਬ ਨੇ ਮੈਨੂੰ ਕਿਹਾ ਕਿ ਇਸ ਨੂੰ ਮਨਾਓ ਕਿ ਕੁਝ ਤਾਂ ਸਮਰਪਣ ਕਰਨਾ ਚਾਹੀਦਾ ਹੈ। ਫੇਰ ਮੈਂ ਨਿਆਜ਼ੀ ਨੂੰ ਇੱਕ ਪਾਸੇ ਲੈ ਗਿਆ ਅਤੇ ਕਿਹਾ ਕਿ ਅਬਦੁੱਲਾ ਤੁਸੀਂ ਇੱਕ ਤਲਵਾਰ ਸਮਰਪਣ ਕਰੋ ਫੇਰ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਵਿੱਚ ਰੱਖਣ ਦੀ ਕੋਈ ਰੀਤ ਨਹੀਂ ਹੈ। ਫੇਰ ਮੈਂ ਕਿਹਾ ਤੁਸੀਂ ਸਮਰਪਣ ਕੀ ਕਰੋਂਗੇ? ਤੁਹਾਡੇ ਕੋਲ ਤਾਂ ਕੁੱਝ ਵੀ ਨਹੀਂ ਹੈ।

ਇਹ ਵੀ ਪੜ੍ਹੋ:

ਲੱਗਦਾ ਹੈ ਕਿ ਤੁਹਾਡੀ ਪੇਟੀ ਲਾਹੁਣੀ ਪਵੇਗੀ...ਜਾਂ ਤੁਹਾਡੀ ਟੋਪੀ ਉਤਾਰਨੀ ਪਵੇਗੀ, ਜੋ ਠੀਕ ਨਹੀਂ ਲੱਗਦਾ। ਫੇਰ ਮੈਂ ਹੀ ਇਹ ਸਲਾਹ ਦਿੱਤੀ ਕਿ ਤੁਸੀਂ ਇੱਕ ਪਿਸਤੌਲ ਪਾਓ ਅਤੇ ਪਿਸਤੌਲ ਲਾਹ ਕੇ ਸਮਰਪਣ ਕਰ ਦਿਓ।

'ਸਰੰਡਰ ਲੰਚ'

ਇਸ ਮਗਰੋਂ, ਸਾਰੇ ਦੁਪਹਿਰ ਦੇ ਖਾਣੇ ਲਈ ਮੈੱਸ ਵੱਲ ਚਲੇ ਗਏ। ਆਬਜ਼ਰਵਰ ਅਖ਼ਬਾਰ ਦੇ ਗਾਵਿਨ ਯੰਗ ਬਾਹਰ ਖੜ੍ਹੇ ਸਨ ਉਨ੍ਹਾਂ ਨੇ ਜੈਕਬ ਨੂੰ ਪੁੱਛਿਆ ਕਿ ਕੀ ਉਹ ਵੀ ਖਾ ਸਕਦੇ ਹਨ। ਜੈਕਬ ਨੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ।

ਤਸਵੀਰ ਕੈਪਸ਼ਨ,

ਬ੍ਰਿਗੇਡੀਅਰ ਕਲੇਰ (ਖੱਬੇ), ਮੇਜਰ ਜਨਰਲ ਗੰਧਰਵ ਨਾਗਰਾ (ਗੋਰਖਾ ਟੋਪ), ਲੈਟ. ਕਰਨਲ ਕੇ ਐੱਸ ਪਨੂੰ (ਸੱਜਿਓਂ ਦੂਜੇ)। ਇਹ ਸੰਭਵ ਤੌਰ ਤੇ ਸਮਰਪਣ ਦੇ ਦਿਨ ਦੀ ਹੀ ਤਸਵੀਰ ਹੈ।

ਸਲੀਕੇ ਨਾਲ ਟੇਬਲ ਸਜਿਆ ਹੋਇਆ ਸੀ। ਜੈਕਬ ਦਾ ਕੁੱਝ ਖਾਣ ਨੂੰ ਮਨ ਨਹੀਂ ਕੀਤਾ। ਉਹ ਮੇਜ਼ ਦੇ ਇੱਕ ਖੂੰਝੇ ਵਿੱਚ ਆਪਣੇ ਏ.ਡੀ.ਸੀ. ਨਾਲ ਖੜ੍ਹੇ ਹੋ ਗਏ ਇਸ ਮਗਰੋਂ ਗਵਿਨ ਨੇ ਆਪਣੇ ਅਖਬਾਰ ਆਬਜ਼ਰਵਰ ਲਈ ਦੋ ਪੰਨਿਆਂ ਦਾ ਲੇਖ 'ਸਰੰਡਰ ਲੰਚ' ਲਿਖਿਆ।

ਚਾਰ ਵਜੇ, ਨਿਆਜ਼ੀ ਅਤੇ ਜੈਕਬ ਜਨਰਲ ਅਰੋੜਾ ਨੂੰ ਲੈਣ ਲਈ ਢਾਕਾ ਹਵਾਈ ਅੱਡੇ ਪਹੁੰਚੇ। ਰਾਹ ਵਿੱਚ ਜੈਕਬ ਨੂੰ ਦੋ ਭਾਰਤੀ ਪੈਰਾਟਰੂਪਰ ਮਿਲੇ। ਉਨ੍ਹਾਂ ਨੇ ਕਾਰ ਰੋਕ ਕੇ ਉਨ੍ਹਾਂ ਨੂੰ ਆਪਣੇ ਪਿੱਛੇ ਆਉਣ ਲਈ ਕਿਹਾ।

ਜੈਤੂਨੀ ਰੰਗ ਦੀ ਵਰਦੀ ਪਾਈ ਇੱਕ ਵਿਅਕਤੀ ਉਨ੍ਹਾਂ ਵੱਲ ਵਧਿਆ। ਜੈਕਬ ਸਮਝ ਗਏ ਕਿ ਉਹ ਮੁਕਤੀ ਵਾਹਿਨੀ ਦੇ ਟਾਈਗਰ ਸਿੱਦੀਕੀ ਸਨ। ਉਨ੍ਹਾਂ ਨੂੰ ਕਿਸੇ ਖ਼ਤਰੇ ਦਾ ਸ਼ੱਕ ਹੋਇਆ। ਉਨ੍ਹਾਂ ਨੇ ਪੈਰਾਟਰੂਪਰਾਂ ਨੂੰ ਨਿਆਜ਼ੀ ਨੂੰ ਕਵਰ ਕਰਨ ਅਤੇ ਆਪਣੀਆਂ ਰਾਈਫਲਾਂ ਸਿੱਦੀਕੀ ਵੱਲ ਸੇਧਣ ਲਈ ਕਿਹਾ।

ਜੈਕਬ ਨੇ ਨਿਮਰਤਾ ਸਹਿਤ ਸਿੱਦਕੀ ਨੂੰ ਹਵਾਈ ਅੱਡੇ ਤੋਂ ਜਾਣ ਲਈ ਕਿਹਾ। ਟਾਈਗਰ ਨਹੀਂ ਹਿੱਲੇ। ਜੈਕਬ ਨੇ ਆਪਣੀ ਬੇਨਤੀ ਦੁਹਰਾਈ। ਟਾਈਗਰ ਨੇ ਹੁਣ ਕੋਈ ਜਵਾਬ ਨਹੀਂ ਦਿੱਤਾ। ਫੇਰ ਜੈਕਬ ਨੇ ਚੀਕ ਮਾਰ ਕੇ ਕਿਹਾ ਕਿ ਉਹ ਆਪਣੇ ਹਮਾਇਤੀਆਂ ਨਾਲ ਤੁਰੰਤ ਹਵਾਈ ਅੱਡਾ ਛੱਡਾ ਦੇਣ। ਇਸ ਵਾਰ ਜੈਕਬ ਦੇ ਝਿੜਕਣ ਦਾ ਅਸਰ ਹੋਇਆ ।

ਲੌਂਗੇਵਾਲਾ ਪੋਸਟ ਦੇ ਹੀਰੋ ਬ੍ਰਿਗੇਡੀਅਰ ਚਾਂਦਪੁਰੀ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

4.30 ਵਜੇ, ਅਰੋੜਾ ਆਪਣੀ ਟੀਮ ਦੇ ਨਾਲ ਪੰਜ ਐੱਮ ਕਿਊ ਹੈਲੀਕਾਪਟਰਾਂ ਦੇ ਨਾਲ ਢਾਕਾ ਹਵਾਈ ਅੱਡੇ 'ਤੇ ਉੱਤਰੇ। ਰੇਸ ਕੋਰਸ ਮੈਦਾਨ ਵਿੱਚ ਪਹਿਲਾਂ ਅਰੋੜਾ ਨੇ ਸਲਾਮੀ ਗਾਰਦ ਦਾ ਮੁਆਇਨਾ ਕੀਤਾ।

ਜਗਜੀਤ ਸਿੰਘ ਅਰੋੜਾ ਅਤੇ ਨਿਆਜ਼ੀ ਇੱਕ ਮੇਜ਼ ਦੇ ਸਾਹਮਣੇ ਬੈਠ ਗਏ ਅਤੇ ਉਨ੍ਹਾਂ ਦੋਵਾਂ ਨੇ ਸਮਰਪਣ ਦੇ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ।

ਨਿਆਜ਼ੀ ਨੇ ਆਪਣੀਆਂ ਫ਼ੀਤੀਆਂ ਲਾਹੀਆਂ ਅਤੇ ਆਪਣਾ ਰਿਵਾਲਵਰ ਜਨਰਲ ਅਰੋੜਾ ਨੂੰ ਸੌਂਪ ਦਿੱਤਾ। ਨਿਆਜ਼ੀ ਦੀਆਂ ਅੱਖਾਂ ਇੱਕ ਵਾਰ ਫੇਰ ਗਿੱਲੀਆਂ ਹੋ ਗਈਆਂ।

ਹਨੇਰਾ ਹੋ ਰਿਹਾ ਸੀ। ਉੱਥੇ ਖੜ੍ਹੀ ਭੀੜ ਰੌਲਾ ਪਾ ਰਹੀ ਸੀ । ਉਹ ਲੋਕ ਨਿਆਜ਼ੀ ਦੇ ਖੂਨ ਦੇ ਪਿਆਸੇ ਹੋ ਰਹੇ ਸਨ। ਭਾਰਤੀ ਫ਼ੌਜ ਦੇ ਸੀਨੀਅਰ ਅਫ਼ਸਰਾਂ ਨੇ ਨਿਆਜ਼ੀ ਦੇ ਆਲੇ ਦੁਆਲੇ ਇੱਕ ਘੇਰਾ ਬਣਾਇਆ ਅਤੇ ਉਨ੍ਹਾਂ ਨੂੰ ਜੀਪ ਵਿੱਚ ਬਿਠਾ ਕੇ ਕਿਸੇ ਸੁਰੱਖਿਅਤ ਥਾਂ 'ਤੇ ਲੈ ਗਏ।

ਤਸਵੀਰ ਕੈਪਸ਼ਨ,

ਜਗਜੀਤ ਸਿੰਘ ਅਰੋੜਾ ਅਤੇ ਨਿਆਜ਼ੀ ਨੇ ਸਮਰਪਣ ਦੇ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ

ਢਾਕਾ ਆਜ਼ਾਦ ਦੇਸ਼ ਦੀ ਸੁਤੰਤਰ ਰਾਜਧਾਨੀ ਹੈ

ਠੀਕ ਉਸੇ ਸਮੇਂ, ਇੰਦਰਾ ਗਾਂਧੀ ਸੰਸਦ ਭਵਨ ਦੇ ਆਪਣੇ ਦਫ਼ਤਰ ਵਿੱਚ ਸਵੀਡਨ ਦੇ ਕਿਸੇ ਟੈਲੀਵਿਜ਼ਨ ਨੂੰ ਇੱਕ ਇੰਟਰਵਿਊ ਦੇ ਰਹੇ ਸਨ।

ਅਚਾਨਕ ਉਨ੍ਹਾਂ ਦੇ ਮੇਜ਼ 'ਤੇ ਪਿਆ ਲਾਲ ਟੈਲੀਫੋਨ ਵੱਜ ਪਿਆ। ਰਿਸੀਵਰ 'ਤੇ ਉਨ੍ਹਾਂ ਨੇ ਸਿਰਫ਼ ਚਾਰ ਸ਼ਬਦ ਬੋਲੇ ....ਯੈਸ...ਯੈਸ ਅਤੇ ਥੈਂਕ ਯੂ। ਦੂਜੇ ਪਾਸੇ ਜਨਰਲ ਮਾਨੇਕਸ਼ਾਅ ਸਨ ਜੋ ਉਨ੍ਹਾਂ ਨੂੰ ਬੰਗਲਾਦੇਸ਼ ਜਿੱਤ ਦੀ ਖ਼ਬਰ ਦੇ ਰਹੇ ਸਨ।

ਇੰਦਰਾ ਗਾਂਧੀ ਨੇ ਟੈਲੀਵਿਜ਼ਨ ਵਾਲੇ ਤੋਂ ਮੁਆਫੀ ਮੰਗੀ ਅਤੇ ਕਾਹਲੇ ਕਦਮੀਂ ਲੋਕ ਸਭਾ ਵੱਲ ਵਧੇ। ਉਨ੍ਹਾਂ ਨੇ ਐਲਾਨ ਕੀਤਾ ਕਿ ਬੇਮਿਸਾਲ ਰੌਲੇ-ਰੱਪੇ ਦੇ ਵਿਚਕਾਰ ਢਾਕਾ ਹੁਣ ਇੱਕ ਆਜ਼ਾਦ ਮੁਲਕ ਦੀ ਆਜ਼ਾਦ ਰਾਜਧਾਨੀ ਹੈ। ਉਨ੍ਹਾਂ ਦਾ ਬਾਕੀ ਬਿਆਨ ਤਾੜੀਆਂ ਤੇ ਨਾਅਰਿਆਂ ਵਿੱਚ ਹੀ ਡੁੱਬ ਕੇ ਰਹਿ ਗਿਆ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 2
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)