ਗੁਜਰਾਤ ਦੇ ਉਹ ਪਿੰਡ ਜਿੱਥੇ ਸਾਰੇ ਕਰੋੜਪਤੀ ਹਨ

Richest village of gujarat

ਦੱਖਣ ਏਸ਼ੀਆ ਦੇ ਪਿੰਡ ਆਮ ਤੌਰ 'ਤੇ ਕੱਚੇ ਮਕਾਨਾਂ, ਕੱਚੀਆਂ ਸੜਕਾਂ ਅਤੇ ਘੱਟ ਵਿਕਾਸ ਲਈ ਜਾਣੇ ਜਾਂਦੇ ਹਨ ਪਰ ਗੁਜਰਾਤ ਦੇ ਅਜਿਹੇ ਦਰਜਨਾਂ ਪਿੰਡ ਹਨ ਜਿਨ੍ਹਾਂ ਨੂੰ 'ਕਰੋੜਪਤੀਆਂ ਦੇ ਪਿੰਡ' ਕਿਹਾ ਜਾਂਦਾ ਹੈ।

ਇਹ ਪਿੰਡ ਖੁਸ਼ਹਾਲੀ ਦੇ ਪੱਧਰ 'ਤੇ ਕਈ ਪਿੰਡਾਂ ਨਾਲੋ ਚੰਗਾ ਹੈ। ਇਹ ਗੱਲ ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ ਕਿ ਇੱਥੋਂ ਦੇ 'ਪਿੰਡ ਵਾਸੀਆਂ' ਨੇ ਅਰਬਾਂ ਰੁਪਏ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਹਨ।

ਕੱਛ ਇਲਾਕੇ ਦੇ ਬਲਦੀਆ ਪਿੰਡ ਨੂੰ ਗੁਜਰਾਤ ਦਾ ਸਭ ਤੋਂ ਪੈਸੇ ਵਾਲਾ ਪਿੰਡ ਕਿਹਾ ਜਾਂਦਾ ਹੈ। ਚੌੜੀਆਂ ਸੜਕਾਂ, ਵੱਡੇ ਅਤੇ ਸੌਹਣੇ ਮਕਾਨ ਇਸ ਪਿੰਡ ਦੀ ਖੁਸ਼ਹਾਲੀ ਨੂੰ ਦਰਸਾਉਂਦੇ ਹਨ।

ਗੁਜਰਾਤ ਵਿੱਚ ਕਾਂਗਰਸ ਦੇ ਰਾਹ ਦਾ ਵੱਡਾ ਰੋੜਾ

ਕੀ ਰਾਹੁਲ ਕਾਂਗਰਸ ਦਾ ਬੇੜਾ ਪਾਰ ਲਾ ਸਕਣਗੇ?

ਇੱਥੋਂ ਦੀ ਸੁੰਦਰਤਾ ਅਤੇ ਖੁਸ਼ਹਾਲੀ ਕਿਸੇ ਯੂਰੋਪੀ ਪਿੰਡ ਤੋਂ ਘੱਟ ਨਹੀਂ ਲੱਗਦੀ।

ਵਿਦੇਸ਼ਾਂ ਵਿੱਚ ਵੀ ਜਾਇਦਾਦ

ਸਥਾਨਕ ਪੱਤਰਕਾਰ ਗੋਵਿੰਦ ਕੇਰਾਈ ਦੱਸਦੇ ਹਨ,''ਇੱਥੋਂ ਦੇ ਅੱਠ ਬੈਂਕਾਂ ਦਾ ਜੇਕਰ 2 ਸਾਲ ਦਾ ਡਾਟਾ ਦੇਖਿਆ ਜਾਵੇ, ਤਾਂ ਇੱਥੇ ਡੇਢ ਹਜ਼ਾਰ ਕਰੋੜ ਜਮ੍ਹਾਂ ਹੈ। ਡਾਕਖਾਨੇ ਵਿੱਚ ਵੀ ਲੋਕਾਂ ਨੇ 500 ਕਰੋੜ ਤੋਂ ਜ਼ਿਆਦਾ ਜਮ੍ਹਾਂ ਕੀਤੇ ਹਨ।''

ਪਿੰਡਾਂ ਦੇ ਕਈ ਘਰਾਂ 'ਤੇ ਤਾਲੇ ਲੱਗੇ ਹੋਏ ਹਨ। ਪਿੰਡ ਵਾਸੀ ਦੇਵਦੀ ਵਿਜੋਡੀਆ ਨੇ ਦੱਸਿਆ ਕਿ ਇੱਥੋਂ ਦੇ ਜ਼ਿਆਦਾਤਰ ਲੋਕ ਵਿਦੇਸ਼ ਰਹਿੰਦੇ ਹਨ।

ਉਹ ਕਹਿੰਦੇ ਹਨ,'' ਮੈਂ ਕੀਨੀਆ ਦਾ ਹਾਂ, ਸਾਹਮਣੇ ਜੋ 2 ਲੋਕ ਬੈਠੇ ਹਨ ਉਹ ਬ੍ਰਿਟੇਨ ਵਿੱਚ ਰਹਿੰਦੇ ਹਨ। ਸਾਡੇ ਲੋਕਾਂ ਦਾ ਘਰ ਇੱਥੇ ਵੀ ਹੈ ਅਤੇ ਉੱਥੇ ਵੀ। ਅਸੀਂ ਸਾਲ ਵਿੱਚ 2-3 ਮਹੀਨੇ ਇੱਥੇ ਆ ਕੇ ਰਹਿੰਦੇ ਹਾਂ। ਸਾਡੇ ਬੱਚੇ ਵਿਦੇਸ਼ ਵਿੱਚ ਵੀ ਰਹਿੰਦੇ ਹਨ।''

ਪਿੰਡ ਵਿੱਚ 9 ਬੈਂਕਾਂ ਦੀਆਂ ਬ੍ਰਾਂਚਾਂ

ਭੁਜ ਸ਼ਹਿਰ ਦੇ ਕੋਲ ਕਈ ਅਜਿਹੇ ਪਿੰਡ ਹਨ ਜਿਨ੍ਹਾਂ ਨੂੰ 'ਕਰੋੜਪਤੀਆਂ ਦਾ ਪਿੰਡ' ਕਿਹਾ ਜਾਂਦਾ ਹੈ। ਬਲਦੀਆ ਤੋਂ ਥੋੜ੍ਹੀ ਹੀ ਦੂਰੀ 'ਤੇ ਪਿੰਡ ਮਾਧਾਪੁਰ ਹੈ ਜੋ ਆਪਣੀ ਖੁਸ਼ਹਾਲੀ ਲਈ ਦੂਰ-ਦੂਰ ਤੱਕ ਚਰਚਿਤ ਹੈ। ਇਸ ਪਿੰਡ ਵਿੱਚ 9 ਬੈਂਕਾਂ ਦੀਆਂ ਬ੍ਰਾਂਚਾਂ ਹਨ ਅਤੇ ਦਰਜਨਾਂ ਏਟੀਐਮ ਹਨ।

ਇੱਕ ਸਥਾਨਕ ਕਿਸਾਨ ਖੇਮਜੀ ਜਾਦਵ ਨੇ ਦੱਸਿਆ ਕਿ ਇੱਥੋਂ ਦੇ ਜ਼ਿਆਾਦਾਤਰ ਨਿਵਾਸੀ ਕਰੋੜਪਤੀ ਹਨ।

ਉਹ ਕਹਿੰਦੇ ਹਨ,'' ਇੱਥੇ ਸਾਰੇ ਅਮੀਰ ਹਨ, ਕਰੋੜਪਤੀ ਹਨ। ਲੋਕ ਬਾਹਰ ਕਮਾਉਂਦੇ ਹਨ ਅਤੇ ਇੱਥੇ ਪੈਸਾ ਲਿਆਉਂਦੇ ਹਨ।''

ਪਿੰਡ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਪਟੇਲ ਬਿਰਾਦਰੀ ਦੇ ਹਨ।

ਬਲਦੀਆ ਪਿੰਡ ਦੇ ਨਿਵਾਸੀ ਜਾਦਵ ਜੀ ਗੋਰਸਿਆ ਇੱਕ ਕੰਸਟ੍ਰਕਸ਼ਨ ਕੰਪਨੀ ਦੇ ਮਾਲਕ ਹਨ। ਉਨ੍ਹਾਂ ਦਾ ਪਰਿਵਾਰ ਪਹਿਲਾਂ ਵਿਦੇਸ਼ ਵਿੱਚ ਸੀ।

ਉਹ ਦੱਸਦੇ ਹਨ ਕਿ ਇੱਥੇ ਇੱਕ ਜੱਦੀ ਕਿੱਤਾ ਖੇਤੀ ਹੈ। ਅੱਜ ਦੀ ਤਰੀਕ ਵਿੱਚ ਇੱਥੋਂ ਦੇ ਲੋਕ ਕਈ ਮੁਲਕਾਂ ਵਿੱਚ ਫੈਲੇ ਹੋਏ ਹਨ।

ਉਹ ਦੱਸਦੇ ਹਨ,'' ਇਸ ਪਿੰਡ ਦੇ ਲੋਕ ਅਫ਼ਰੀਕਾ, ਖ਼ਾਸ ਤੌਰ 'ਤੇ ਨੈਰੋਬੀ ਵਿੱਚ ਜ਼ਿਆਦਾ ਹਨ। ਕੁਝ ਲੋਕ ਬ੍ਰਿਟੇਨ ਵਿੱਚ ਵੀ ਰਹਿੰਦੇ ਹਨ। ਬਹੁਤ ਸਾਰੇ ਲੋਕ ਸੇਸ਼ੈਲਸ ਵਿੱਚ ਵੀ ਹਨ। ਹੁਣ ਆਸਟ੍ਰੇਲੀਆ ਵੀ ਜਾ ਰਹੇ ਹਨ।''

ਬੱਚੇ, ਬੁੱਢੇ ਜ਼ਿਆਦਾ, ਨੌਜਵਾਨ ਘੱਟ

ਮਾਧਾਪੁਰ ਪਿੰਡ ਦੀ ਪ੍ਰਧਾਨ ਪ੍ਰਮਿਲਾ ਬੇਨ ਅਰਜੁਨ ਪੁੜਿਆ ਕਹਿੰਦੀ ਹੈ, "ਲੋਕਾਂ ਨੇ ਸਾਲਾ ਤੱਕ ਵਿਦੇਸ਼ਾਂ ਵਿੱਚ ਮਿਹਨਤ ਕਰਨ ਤੋਂ ਬਾਅਦ ਸਫਲਤਾ ਹਾਸਲ ਕੀਤੀ ਅਤੇ ਪੈਸਾ ਕਮਾਇਆ। ਇਸਦੇ ਬਾਵਜੂਦ ਵੀ ਲੋਕਾਂ ਨੇ ਆਪਣਾ ਰਿਸ਼ਤਾ ਪਿੰਡ ਨਾਲ ਬਣਾਇਆ ਹੋਇਆ ਹੈ।"

ਉਹ ਕਹਿੰਦੀ ਹੈ, ''ਲੋਕ ਆਪਣੇ ਪਰਿਵਾਰ ਨਾਲ ਜਾਂਦੇ ਹਨ, ਉੱਥੇ ਪੈਸਾ ਕਮਾਉਂਦੇ ਹਨ ਅਤੇ ਆਖ਼ਰ ਵਿੱਚ ਇੱਥੇ ਆ ਕੇ ਹੀ ਰਹਿੰਦੇ ਹਨ।''

ਇਸ ਪਿੰਡ ਵਿੱਚ ਨੌਜਵਾਨ ਘੱਟ ਅਤੇ ਵੱਡੇ ਬੁੱਢੇ ਜ਼ਿਆਦਾ ਦਿਖਾਈ ਦਿੰਦੇ ਹਨ। ਇੱਕ ਵਿਦਿਆਰਥਣ ਪ੍ਰਿਅੰਕਾ ਨੇ ਦੱਸਿਆ ਕਿ ਪਿੰਡ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ ਰਹਿੰਦੇ ਹਨ।

ਉਹ ਕਹਿੰਦੀ ਹੈ, ''ਮਾਂ ਪਿਓ ਇੱਥੇ ਆ ਜਾਂਦੇ ਹਨ। ਹੁਣ ਇੱਥੇ ਵੀ ਹਰ ਤਰ੍ਹਾਂ ਦੀ ਸਹੂਲਤ ਹੈ। ਇੱਥੇ ਵੀ ਪੈਸਾ ਆ ਗਿਆ ਹੈ ਇਸ ਲਈ ਕੁਝ ਨੌਜਵਾਨ ਇੱਥੇ ਵੀ ਰਹਿਣ ਲੱਗੇ ਹਨ ਅਤੇ ਇੱਥੇ ਹੀ ਕਾਰੋਬਾਰ ਕਰ ਰਹੇ ਹਨ।''

ਪੰਜਾਬੀ ਫ਼ੌਜੀ ਜਨਰਲ ਦੇ ਚੁਟਕਲੇ ਤੇ ਸਰੰਡਰ ਦੀ ਕਹਾਣੀ

ਲਗਭਗ 100 ਸਾਲ ਪਹਿਲਾਂ ਇੱਥੋਂ ਦੇ ਲੋਕਾਂ ਨੇ ਵਪਾਰ ਅਤੇ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁਖ਼ ਕੀਤਾ ਸੀ।

ਉੱਥੋਂ ਉਹ ਚੰਗੀ ਸੋਚ ਅਤੇ ਆਰਥਿਕ ਪੱਖੋਂ ਮਜ਼ਬੂਤ ਹੋ ਕੇ ਆਏ ਅਤੇ ਫਿਰ ਉਸਨੂੰ ਅੱਗੇ ਵਧਾਇਆ।

ਇਹ ਖੁਸ਼ਹਾਲੀ ਸਿਰਫ਼ ਇਨ੍ਹਾਂ ਪਿੰਡਾਂ ਤੱਕ ਸੀਮਤ ਨਹੀਂ ਹੈ। ਇੱਥੋਂ ਲਗਭਗ 20 ਕਿੱਲੋਮੀਟਰ ਦੂਰ ਗੁਜਰਾਤ ਦਾ ਭੁਜ ਸ਼ਹਿਰ ਹੈ ਜਿਸਦੀ ਗਿਣਤੀ ਭਾਰਤ ਦੇ ਖੁਸ਼ਹਾਲ ਸ਼ਹਿਰਾਂ ਵਿੱਚ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)