ਜ਼ਿੰਦਗੀ ਦੀ ਅਸਲ ਮਿਸਾਲ ਕਾਇਮ ਕੀਤੀ ਪੰਜਾਬ ਦੀ ਇਸ ਰਾਗ 'ਮੰਡਲੀ' ਨੇ: #DifferentlyAbled

  • ਸੁਖਚਰਨ ਪ੍ਰੀਤ
  • ਬੀਬੀਸੀ ਪੰਜਾਬੀ ਲਈ

ਆਪਣੇ ਹੱਥੀਂ ਕਮਾ ਕੇ ਖਾਣ ਦੀ ਅਹਿਮੀਅਤ ਹੱਥਾਂ ਦੀ ਅਣਹੋਂਦ ਵਿੱਚ ਸਮਝ ਆਉਂਦੀ ਹੈ। ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਦੀ ਅਹਿਮੀਅਤ ਪੈਰਾਂ ਦੇ ਨਕਾਰਾ ਹੋਣ ਦੀ ਹਾਲਤ ਵਿੱਚ ਸਮਝ ਪੈਂਦੀ ਹੈ।

ਜੇ ਪੈਰ ਸਰੀਰ ਦਾ ਭਾਰ ਨਾ ਝੱਲਣ ਅਤੇ ਜ਼ੁਬਾਨ ਅਹਿਸਾਸ ਨੂੰ ਆਵਾਜ਼ ਦੇਣ ਤੋਂ ਇਨਕਾਰ ਕਰ ਦੇਵੇ ਤਾਂ ਭਰੋਸੇ ਦਾ ਡੋਲ ਜਾਣਾ ਸੁਭਾਵਿਕ ਜਾਪਦਾ ਹੈ।

ਵੱਢੇ ਹੱਥਾਂ, ਨਕਾਰੇ ਪੈਰਾਂ ਅਤੇ ਥਲਥਲਾਉਂਦੀ ਜ਼ੁਬਾਨ ਦੀ ਕਹਾਣੀ ਭਦੌੜ ਵਿੱਚ 'ਜੈ ਦੁਰਗਾ ਭਜਨ ਮੰਡਲੀ' ਨੂੰ ਜੋੜਣ ਵਾਲੀਆਂ ਤੰਦਾਂ ਬਣੇ ਹਨ। ਇਹ ਖ਼ੁਦਾ ਨੂੰ ਆਵਾਜ਼ ਦਿੰਦੇ ਹਨ ਤਾਂ ਖ਼ੁਦੀ ਬੁਲੰਦ ਹੁੰਦੀ ਜਾਪਦੀ ਹੈ।

ਇਹ ਵੀ ਪੜ੍ਹੋ꞉

ਪੰਜਾਬੀ ਗਾਇਕੀ ਜਾਂ ਸਾਹਿਤ ਵਿੱਚ ਬਰਨਾਲਾ ਜਿਲ੍ਹੇ ਦੇ ਸ਼ਹਿਰ ਭਦੌੜ ਦਾ ਜ਼ਿਕਰ ਉਚੇਚੇ ਤੌਰ ਉੱਤੇ ਕੀਤਾ ਜਾਂਦਾ ਹੈ। ਪੰਜਾਬੀ ਦੇ ਵੱਡੇ ਸਾਹਿਤਕਾਰ ਦਵਿੰਦਰ ਸੱਤਿਆਰਥੀ ਦੀ ਜੰਮਣ ਭੋਇੰ ਨੇ 'ਕ੍ਰਿਸ਼ਨ ਕੋਰਪਾਲ' ਵਰਗੇ ਕਵੀ ਪੈਦਾ ਕੀਤੇ ਹਨ।

ਵੀਡੀਓ ਕੈਪਸ਼ਨ,

ਜ਼ਿੰਦਗੀ ਜਿਉਂਣ ਦੀ ਅਸਲ ਪ੍ਰੇਰਣਾ ਦਿੰਦਾ ਇਹ ਬੈਂਡ

ਢਾਡੀ 'ਗੁਰਬਖਸ਼ ਸਿੰਘ ਅਲਬੇਲਾ, ਮੁਹੰਮਦ ਸਦੀਕ ਅਤੇ ਕੁਲਦੀਪ ਮਾਣਕ' ਦੀ ਕਰਮਭੂਮੀ ਭਦੌੜ ਰਿਹਾ ਹੈ।

ਭਦੌੜ ਦੀ ਧਰਤੀ ਨਾਲ ਸਬੰਧ ਰੱਖਣ ਵਾਲੇ 'ਨਛੱਤਰ ਛੱਤਾ, ਗੁਰਚਰਨ ਗੋਪੀ, ਮਾਸ਼ਾ ਅਲੀ' ਵਰਗੇ ਗਾਇਕਾਂ ਦੀ ਸੂਚੀ ਬਹੁਤ ਲੰਬੀ ਹੈ।

ਗਾਇਕੀ ਦੇ ਖੇਤਰ ਵਿੱਚ ਭਦੌੜ ਦੇ ਅਜਿਹੇ ਵੀ ਗਾਇਕ ਹਨ ਜੋ ਨਾਮੀ ਗਾਇਕਾਂ ਵਾਂਗ ਮਸ਼ਹੂਰ ਤਾਂ ਨਹੀਂ ਹਨ ਪਰ ਉਨ੍ਹਾਂ ਦਾ ਜੀਵਨ ਪ੍ਰਤਿਭਾ ਅਤੇ ਹੌਂਸਲੇ ਦੀ ਅਜਿਹੀ ਮਿਸਾਲ ਹੈ ਜਿਹੜੀ ਉਨ੍ਹਾਂ ਨੂੰ ਵਿਲੱਖਣ ਹੀ ਨਹੀਂ ਪ੍ਰੇਰਣਾਦਾਇਕ ਵੀ ਬਣਾਉਂਦੀ ਹੈ।

ਭਦੌੜ ਸ਼ਹਿਰ ਦੀ ਫਿਰਨੀ ਉੱਤੇ ਨਿੰਮ ਵਾਲੇ ਮੁਹੱਲੇ ਵਿੱਚ ਚਮਕੌਰ ਸਿੰਘ ਅਤੇ ਮੰਦਰ ਮਸਤ ਦਾ ਘਰ ਹੈ। ਚਮਕੌਰ ਦੀਆਂ ਇੱਕ ਹਾਦਸੇ ਵਿੱਚ ਬਾਹਾਂ ਕੱਟੀਆਂ ਗਈਆਂ ਸਨ ਅਤੇ ਮੰਦਰ ਮਸਤ ਦੇ ਪੈਰ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੋਣ ਕਰਕੇ ਨਕਾਰਾ ਹੋ ਗਏ।

ਇਹ ਵੀ ਪੜ੍ਹੋ꞉

ਚਮਕੌਰ ਸਿੰਘ ਅਤੇ ਮੰਦਰ ਮਸਤ ਇੱਕੋ ਮੁਹੱਲੇ ਵਿੱਚ ਰਹਿੰਦੇ ਹੋਏ ਆਪਣੀਆਂ ਔਕੜਾਂ ਨਾਲ ਦੋ ਚਾਰ ਹੋ ਰਹੇ ਸਨ ਕਿ ਇਨ੍ਹਾਂ ਦੇ ਹੁਨਰ ਨੇ ਦੋਹਾਂ ਨੂੰ ਅਜਿਹਾ ਨੇੜੇ ਕੀਤਾ ਕਿ ਹੁਣ ਇਹ ਬਾਕੀਆਂ ਲਈ ਮਿਸਾਲ ਬਣੇ ਹੋਏ ਹਨ।

ਉਨ੍ਹਾਂ ਦੇ ਘਰਾਂ ਨੂੰ ਜਾਂਦੀਆਂ ਬੀਹੀਆਂ ਵਿਕਾਸ ਦੇ ਨਾਮ ਉੱਤੇ ਉੱਚੀਆਂ ਹੋ ਗਈਆਂ ਹਨ। ਬੀਹੀਆਂ ਦੀ ਤਰਜ਼ ਉੱਤੇ ਵਿਹੜੇ ਉੱਚੇ ਹੋ ਗਏ ਪਰ ਕਮਰੇ ਨੀਵੇਂ ਰਹਿ ਗਏ। ਬੀਹੀਆਂ ਦੇ ਦੁਆਲੇ ਕੰਧਾਂ ਵਿਕਾਸ ਦੀ ਕਹਾਣੀ ਦੱਸਦੀਆਂ ਹਨ। ਪੱਕੀਆਂ ਇੱਟਾਂ ਦੀ ਕੰਧਾਂ ਨੂੰ ਪਲਸਤਰ ਨਸੀਬ ਨਹੀਂ ਹੋਇਆ।

ਇਨ੍ਹਾਂ ਕੰਧਾਂ ਅਤੇ ਵਿਹੜਿਆਂ ਦੀ ਸਿੱਲ੍ਹ ਪਿੰਡ ਦੀ ਖਸਤਾ ਹਾਲਤ ਬਿਆਨ ਕਰਦੀ ਹੈ ਪਰ ਇਨ੍ਹਾਂ ਭੁਰਦੀਆਂ ਕੰਧਾਂ ਵਿੱਚ ਦੁਸ਼ਵਾਰੀਆਂ ਨਾਲ ਟਕਰਾਉਂਦੇ ਦਿਲ ਧੜਕਦੇ ਹਨ।

ਭਦੌੜ ਦੀ ਦਲਿਤ ਅਬਾਦੀ ਵਾਲੀ ਇੱਕ ਤੰਗ ਗਲੀ ਵਿੱਚ ਚਮਕੌਰ ਦਾ ਦੋ ਕਮਰਿਆਂ ਵਾਲਾ ਘਰ ਹੈ ਜਿਸ ਵਿੱਚ ਉਹ ਤਿੰਨ ਭਰਾਵਾਂ ਅਤੇ ਮਾਂ-ਪਿਓ ਨਾਲ ਰਹਿ ਰਿਹਾ ਹੈ। ਚਮਕੌਰ ਨੂੰ ਘਰ ਦੀ ਗ਼ਰੀਬੀ ਕਰ ਕੇ ਮਾਪਿਆਂ ਨੇ 14 ਸਾਲ ਦੀ ਉਮਰ ਵਿੱਚ ਜ਼ਿੰਮੀਂਦਾਰ ਨਾਲ ਪਾਲ੍ਹੀ ਰਲਾ ਦਿੱਤਾ ਜਿੱਥੇ ਪੱਠੇ ਕੁਤਰਦੇ ਸਮੇਂ ਉਸ ਦੇ ਦੋਵੇਂ ਹੱਥ ਵੱਢੇ ਗਏ।

ਹੱਥਾਂ ਤੋਂ ਬਿਨਾਂ ਰਹਿਣ ਦੀ ਆਦਤ ਪਾਉਣ ਲਈ ਉਸ ਨੂੰ ਜੱਦੋ ਜਹਿਦ ਕਰਨੀ ਪਈ। ਲੋਕ ਜਦੋਂ ਉਸ ਨੂੰ 'ਮੰਗ ਕੇ ਖਾਣ' ਦੇ ਤਾਨੇ ਮਾਰਦੇ ਸਨ ਤਾਂ ਉਸ ਨੇ ਕਈ ਵਾਰ ਖੁਦਕੁਸ਼ੀ ਕਰਨ ਦੀ ਸੋਚੀ।

ਆਪਣੇ ਸੰਘਰਸ਼ ਬਾਰੇ ਗੱਲ ਕਰਦਿਆਂ ਚਮਕੌਰ ਸਿੰਘ ਦੱਸਦਾ ਹੈ,'' ਉਸ ਨੇ ਭੀਖ ਮੰਗਣ ਜਾਂ ਖ਼ੁਦਕੁਸ਼ੀ ਕਰਨ ਦੀ ਥਾਂ ਮਿਹਨਤ-ਮੁਸ਼ੱਕਤ ਕਰਕੇ ਜਿਉਂਣ ਦਾ ਫ਼ੈਸਲਾ ਕੀਤਾ ਜਿਸ ਕਾਰਨ ਉਹ ਭਜਨ ਮੰਡਲੀਆਂ ਨਾਲ ਕੋਰਸ ਦੇਣ ਲੱਗ ਪਿਆ।

ਚਮਕੌਰ ਦੇ ਸਾਥੀ ਮੰਦਰ ਮਸਤ ਦਾ ਕਹਿਣਾ ਹੈ ਕਿ ਬਚਪਨ ਵਿੱਚ ਆਪਣੇ ਭੈਣ ਭਰਾਵਾਂ ਨੂੰ ਦੇਖ ਕੇ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਹ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦਾ।

ਮੰਦਰ ਮਸਤ ਮੁਤਾਬਕ ਸਕੂਲ ਵਿੱਚ ਭਾਵੇਂ ਅਧਿਆਪਕਾਂ ਦਾ ਸਹਿਯੋਗ ਰਿਹਾ ਪਰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਉਸਤਾਦਾਂ ਦੀ ਸੰਗਤ ਵਿੱਚ ਉਹ ਸੰਗੀਤ ਮੰਡਲੀਆਂ ਵਿੱਚ ਲਿਖਣ ਅਤੇ ਗਾਉਣ ਲੱਗ ਪਿਆ। ਮੰਦਰ ਦੱਸਦਾ ਹੈ ਕਿ ਉਸਦੇ ਲਿਖੇ ਗੀਤ ਕਈ ਗਾਇਕਾਂ ਨੇ ਗਾਏ ਹਨ।

ਇਹ ਵੀ ਪੜ੍ਹੋ꞉

ਅੱਜ-ਕੱਲ੍ਹ ਚਮਕੌਰ ਸਿੰਘ ਅਤੇ ਮੰਦਰ ਮਸਤ ਰਲ ਕੇ 'ਜੈ ਦਰੁਗਾ ਭਜਨ ਮੰਡਲੀ' ਚਲਾ ਰਹੇ ਹਨ ਜਿਸ ਰਾਹੀਂ 20 ਹੋਰ ਪਰਿਵਾਰਾਂ ਦਾ ਰੁਜ਼ਗਾਰ ਚੱਲ ਰਿਹਾ ਹੈ।

ਸੁਖਦੀਪ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ ਹੱਕ ਵੀ ਪੈਂਦੀ ਹੈ। ਸੁਖਦੀਪ ਸਿੰਘ ਮੁਤਾਬਕ ਪਹਿਲਾਂ ਉਸ ਵਿੱਚ ਸਵੈ-ਭਰੋਸੇ ਦੀ ਕਮੀ ਸੀ ਪਰ ਇਸ ਭਜਨ ਮੰਡਲੀ ਵਿੱਚ ਕੰਮ ਮਿਲਣ ਨਾਲ ਉਸ ਨੇ ਆਪ ਕਮਾਈ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਸਮਾਜ ਵਿੱਚ ਉਸਦੀ ਇੱਜ਼ਤ ਵਧੀ ਹੈ

ਲੋਕ-ਸੰਗੀਤ ਮੰਡਲੀ ਭਦੌੜ ਦੇ ਸੰਚਾਲਕ ਮਾਸਟਰ ਰਾਮ ਕੁਮਾਰ 1978 ਤੋਂ ਸੰਗੀਤ ਦੇ ਖੇਤਰ ਵਿੱਚ ਸਰਗਰਮ ਹਨ ਅਤੇ ਪਿੰਡਾਂ ਸ਼ਹਿਰਾਂ ਵਿੱਚ ਲੋਕ ਪੱਖੀ ਗੀਤ-ਸੰਗੀਤ ਪੇਸ਼ ਕਰਦੇ ਹਨ। ਮਾਸਟਰ ਰਾਮ ਕੁਮਾਰ ਮੁਤਾਬਕ ਭਦੌੜ ਵਿੱਚ ਹਰ ਤਰ੍ਹਾਂ ਦੀ ਸੰਗੀਤਕ ਵੰਨਗੀ ਮਿਲਦੀ ਹੈ।

ਰਾਮ ਕੁਮਾਰ ਨੇ ਦੱਸਿਆ, "ਕਵਾਲ ਇੱਥੇ ਹਨ, ਮਰਦਾਨੇ ਕਾ ਪਰਿਵਾਰ ਹੈ, ਪੁਰਾਣੇ ਢਾਡੀ ਹਨ, ਕੀਰਤਨੀਏ ਹਨ, ਜਗਰਾਤਾ ਮੰਡਲੀਆਂ ਹਨ, ਭਦੌੜ ਵਿੱਚ ਬਹੁਤ ਪੁਰਾਣੀ ਰਾਮਲੀਲਾ ਹੁੰਦੀ ਰਹੀ ਹੈ ਜਿੱਥੇ ਕੁਲਦੀਪ ਮਾਣਕ, ਮੁਹੰਮਦ ਸਦੀਕ ਵਰਗੇ ਗਾਇਕ ਵੀ ਗਾਉਂਦੇ ਰਹੇ ਹਨ।"

ਭਵਿੱਖ ਦੀਆਂ ਯੋਜਨਾਵਾਂ ਬਾਰੇ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਉਹ ਇਕ ਸੰਗੀਤ ਅਕੈਡਮੀ ਖੋਲ੍ਹਣੀ ਚਾਹੁੰਦਾ ਹੈ ਜਿੱਥੇ ਅਪੰਗ, ਮੰਦਬੁੱਧੀ ਅਤੇ ਹੋਰ ਲੋੜਵੰਦਾਂ ਨੂੰ ਸੰਗੀਤ ਦੀ ਸਿੱਖਿਆ ਦਿੱਤੀ ਜਾ ਸਕੇ।

ਮੰਦਰ ਮਸਤ ਦਾ ਕਹਿਣਾ ਹੈ ਕਿ ਉਹ ਆਪਣੇ ਵਰਗੇ ਲੋੜਵੰਦਾਂ ਨੂੰ ਸੰਗੀਤ ਦੀ ਸਿੱਖਿਆ ਦੇਣਾ ਜਾਰੀ ਰੱਖੇਗਾ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)