ਨਸ਼ੇ ਤੋਂ ਬਚਣ ਲਈ ਫੁੱਟਬਾਲ ਕਿਵੇਂ ਬਣਿਆ ਨੌਜਵਾਨਾਂ ਦਾ ਸਹਾਰਾ?

  • ਸਰਬਜੀਤ ਸਿੰਘ ਧਾਲੀਵਾਲ
  • ਬੀਬੀਸੀ ਪੱਤਰਕਾਰ
ਰਾਜਿੰਦਰ ਸਿੰਘ ਨੇ ਨਸ਼ੇ ਤੋਂ ਪਰੇ ਹੋ ਕੇ ਫੁੱਟਬਾਲ ਵੱਲ ਧਿਆਨ ਲਗਾਇਆ
ਤਸਵੀਰ ਕੈਪਸ਼ਨ,

ਰਾਜਿੰਦਰ ਸਿੰਘ ਨੇ ਨਸ਼ੇ ਤੋਂ ਪਰੇ ਹੋ ਕੇ ਫੁੱਟਬਾਲ ਵੱਲ ਧਿਆਨ ਲਗਾਇਆ

"ਹੁਣ ਮੇਰੇ ਕੋਲ ਖੁਸ਼ੀ ਹੈ, ਅਜ਼ਾਦੀ ਹੈ ਤੇ ਖੇਡ ਹੈ।'' ਇਹ ਕਹਿਣਾ ਹੈ ਜਲੰਧਰ ਦੇ ਰਾਜਿੰਦਰ ਸੰਧੂ ਦਾ, ਜੋ ਨਸ਼ੇ ਤੋਂ ਉੱਭਰਨ ਦੇ ਲਈ ਹੁਣ ਫੁੱਟਬਾਲ ਨੂੰ ਕਿੱਕ ਮਾਰ ਰਹੇ ਹਨ।

ਨੈਸ਼ਨਲ ਕ੍ਰਾਈਮ ਬਿਊਰੋ ਦੇ ਅਕਤੂਬਰ 2016 ਦੇ ਅੰਕੜਿਆਂ ਮੁਤਾਬਕ ਐੱਨਡੀਪੀਐੱਸ ਦੇ ਐੱਕਟ ਤਹਿਤ ਪੰਜਾਬ ਵਿੱਚ ਕੁੱਲ 5,231 ਮਾਮਲੇ ਦਰਜ ਹੋਏ ਹਨ।

ਵੀਡੀਓ ਕੈਪਸ਼ਨ,

‘ਸੁਧਰਿਆ ਉਹੀ ਹੈ ਜੋ ਗ੍ਰਾਊਂਡ ਆਉਂਦਾ ਹੈ’

ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਉਨ੍ਹਾਂ ਦਾ ਰੁਝਾਨ ਖੇਡਾਂ ਵੱਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਹਾਲਾਂਕਿ ਇਸਦੀ ਤਸਦੀਕ ਨਹੀਂ ਕੀਤੀ ਜਾ ਸਕਦੀ ਕਿ ਅਜਿਹੇ ਉਪਰਾਲੇ ਆਪਣੇ ਮਕਸਦ ਨੂੰ ਪੂਰਾ ਕਰਨ ਵਿੱਚ ਕਿੰਨੇ ਕਾਮਯਾਬ ਹਨ।

'ਫੁੱਟਬਾਲ ਨੇ ਨਸ਼ੇ ਤੋਂ ਹਟਾਇਆ'

ਜਲੰਧਰ ਦੇ ਪਿੰਡ ਰੁੜਕਾ ਕਲਾਂ ਵਿੱਚ ਫੁੱਟਬਾਲ ਖੇਡਦਾ ਰਾਜਿੰਦਰ ਦੱਸਦਾ ਹੈ, "ਮੈਂ ਨਸ਼ਾ ਛੁਡਾਓ ਕੇਂਦਰ ਜਾਂ ਹਸਪਤਾਲ ਦੀ ਬਜਾਏ ਫੁੱਟਬਾਲ ਜ਼ਰੀਏ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਕਰ ਰਿਹਾ ਹਾਂ।''

"ਮੈਂ ਬਚਪਨ ਤੋਂ ਹੀ ਫੁੱਟਬਾਲ ਖਿਡਾਰੀ ਬਣਨਾ ਚਾਹੁੰਦਾ ਸੀ ਪਰ 15 ਸਾਲ ਦੀ ਉਮਰ ਵਿੱਚ ਨਸ਼ੇ ਦੀ ਪਈ ਬੁਰੀ ਆਦਤ ਨੇ ਮੈਨੂੰ ਫੁੱਟਬਾਲ ਦੇ ਮੈਦਾਨ ਤੋਂ ਦੂਰ ਕਰ ਦਿੱਤਾ।''

ਰਾਜਿੰਦਰ ਮੁਤਾਬਕ "ਜਦੋਂ ਮੇਰੇ ਘਰਦਿਆਂ ਨੇ ਵੇਖਿਆ ਕਿ ਮੁੰਡਾ ਹੱਥੋਂ ਨਿਕਲਦਾ ਜਾ ਰਿਹਾ ਹੈ ਤਾਂ ਉਨ੍ਹਾਂ 14 ਲੱਖ ਰੁਪਏ ਖ਼ਰਚ ਕਰ ਕੇ ਏਜੰਟ ਦੇ ਰਾਹੀਂ ਮੈਨੂੰ ਇੰਗਲੈਂਡ ਭੇਜ ਦਿੱਤਾ।"

ਰਾਜਿੰਦਰ ਮੁਤਾਬਕ ਉੱਥੇ ਵੀ ਕੰਮ ਦੇ ਨਾਲ-ਨਾਲ ਥੋੜ੍ਹੀ-ਬਹੁਤੀ ਡਰੱਗਜ਼ ਦਾ ਦੌਰ ਚੱਲਦਾ ਰਿਹਾ। ਦਸ ਸਾਲ ਇੰਗਲੈਂਡ ਵਿੱਚ ਰਹਿਣ ਤੋਂ ਬਾਅਦ ਕਰੀਬ ਤਿੰਨ ਸਾਲ ਪਹਿਲਾਂ ਜਦੋਂ ਰਾਜਿੰਦਰ ਪੰਜਾਬ ਪਰਤਿਆ ਤਾਂ ਫ਼ਿਰ ਤੋਂ ਉਸ ਨੇ ਨਸ਼ੇ ਨੂੰ ਅਪਣਾ ਲਿਆ।

ਰਾਜਿੰਦਰ ਸੰਧੂ ਨੇ ਦੱਸਿਆ, "ਇੱਕ ਦਿਨ ਨਸ਼ੇ ਦੀ ਆਦਤ ਤੋਂ ਦੂਰ ਹੋਣ ਦਾ ਫੈਸਲਾ ਲਿਆ। ਇਸ ਲਈ ਫੁੱਟਬਾਲ ਖੇਡਣਾ ਸ਼ੁਰੂ ਕੀਤਾ। ਫੁੱਟਬਾਲ ਨਸ਼ੇ ਤੋਂ ਦੂਰ ਕਰ ਸਕਦੀ ਹੈ।''

ਹੁਣ ਰਾਜਿੰਦਰ ਪਿੰਡ ਰੁੜਕਾ ਕਲਾਂ ਦੀ ਅਕਾਦਮੀ ਵਿੱਚ ਫੁੱਟਬਾਲ ਖੇਡ ਕੇ ਡਰੱਗਜ਼ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।

5000 ਨੌਜਵਾਨ ਫੁੱਟਬਾਲ ਨਾਲ ਜੁੜੇ

ਜਲੰਧਰ ਦੇ ਪਿੰਡ ਰੁੜਕਾ ਕਲਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਫੁੱਟਬਾਲ ਕਲੱਬ ਚਲਾਇਆ ਜਾ ਰਿਹਾ ਹੈ।

2001 ਵਿੱਚ 20 ਨੌਜਵਾਨਾਂ ਨਾਲ ਸ਼ੁਰੂ ਹੋਏ ਇਸ ਕਲੱਬ ਵਿੱਚ ਹੁਣ 5000 ਨੌਜਵਾਨ ਫੁੱਟਬਾਲ ਸਿੱਖਦੇ ਹਨ।

ਫੁੱਟਬਾਲ ਕਲੱਬ ਦੇ ਪ੍ਰਬੰਧਕ ਗੁਰ ਮੰਗਲ ਦਾਸ ਸੋਨੀ ਮੁਤਾਬਕ ਇਹ ਕਲੱਬ ਲੋਕਾਂ ਦੇ ਸਹਿਯੋਗ ਨਾਲ ਚੱਲਦਾ ਹੈ।

ਤਸਵੀਰ ਕੈਪਸ਼ਨ,

ਪ੍ਰੇਮ ਕੁਮਾਰ

ਇਸ ਕਲੱਬ ਦੇ ਖਿਡਾਰੀ ਪ੍ਰੇਮ ਕੁਮਾਰ ਜੋ ਹੁਣ ਬੈਂਕ ਮੁਲਾਜ਼ਮ ਵੀ ਹਨ, ਏਸ਼ੀਆ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਉਨ੍ਹਾਂ ਦੱਸਿਆ, "ਮੇਰੀ ਕਾਮਯਾਬੀ ਵਿੱਚ ਫੁੱਟਬਾਲ ਦਾ ਕਾਫੀ ਹੱਥ ਹੈ। ਜੇ ਮੈਂ ਫੁੱਟਬਾਲ ਨਾ ਖੇਡਦਾ ਤਾਂ ਸ਼ਾਇਦ ਨਸ਼ੇ ਵੱਲ ਚਲਾ ਜਾਂਦਾ।''

ਕੁੜੀਆਂ ਦਾ ਫੁੱਟਬਾਲ ਵੱਲ ਰੁਝਾਨ

ਰੁੜਕਾ ਕਲਾਂ ਵਿੱਚ ਕੁੜੀਆਂ ਨੂੰ ਵੀ ਫੁੱਟਬਾਲ ਵੱਲ ਪ੍ਰੇਰਿਤ ਕੀਤਾ ਰਿਹਾ ਹੈ। ਇਸੇ ਪਿੰਡ ਵਿੱਚ 13 ਸਾਲਾ ਕਾਜਲ ਵਿੱਚ ਫੁੱਟਬਾਲ ਲਈ ਜਨੂੰਨ ਹੈ। ਕਾਜਲ ਮੂਲ ਰੂਪ ਤੋਂ ਯੂਪੀ ਤੋਂ ਹੈ।

ਕਾਜਲ ਨਾਮੀ ਫੁੱਟਬਾਲ ਖਿਡਾਰੀ ਰੋਨਾਲਡੋ ਵਾਂਗ ਬਣਨਾ ਚਾਹੁੰਦੀ ਹੈ।

ਤਸਵੀਰ ਕੈਪਸ਼ਨ,

ਕਾਜਲ, ਫੁੱਟਬਾਲ ਖਿਡਾਰੀ

ਕਾਜਲ ਦੱਸਦੀ ਹੈ, "ਮੁੰਡਿਆਂ ਨੂੰ ਮੈਦਾਨ ਵਿੱਚ ਫੁੱਟਬਾਲ ਖੇਡਦਿਆਂ ਦੇਖ ਮੈਂ ਬਾਕੀ ਕੁੜੀਆਂ ਨਾਲ ਟੀਚਰ ਤੋਂ ਖੇਡਣ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਣ ਤੋਂ ਬਾਅਦ ਅਸੀਂ ਫੁੱਟਬਾਲ ਖੇਡਣਾ ਸ਼ੁਰੂ ਕੀਤਾ।''

"ਸ਼ੁਰੂਆਤ ਵਿੱਚ ਪਿੰਡ ਦੇ ਲੋਕਾਂ ਵੱਲੋਂ ਨਿੱਕਰਾਂ ਪਾ ਕੇ ਫੁੱਟਬਾਲ ਖੇਡਣ ਦਾ ਵਿਰੋਧ ਹੋਇਆ ਪਰ ਫਿਰ ਸਾਰਿਆਂ ਦੇ ਮੂੰਹ ਖੁਦ ਬੰਦ ਹੋ ਗਏ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)