ਤਸਵੀਰਾਂ: ਦਸਮ ਗੁਰੂ ਵਲੋਂ ਕਿਲ੍ਹਾ ਅਨੰਦਗੜ੍ਹ ਛੱਡਣ ਦੀ ਯਾਦ ਨੂੰ ਤਾਜ਼ਾ ਕਰਨ ਵਾਲਾ ਨਗਰ ਕੀਰਤਨ

ਕਿਲ੍ਹਾ ਅਨੰਦਗੜ੍ਹ ਗੁਰੂ ਗੋਬਿੰਦ ਸਿੰਘ ਦੀ ਜੀ ਦੇ ਪੰਜ ਕਿਲ੍ਹਿਆਂ ਵਿੱਚੋਂ ਇੱਕ ਹੈ। ਗੁਰੂ ਸਾਹਿਬ ਦਾ ਈਸਵੀ ਸੰਨ 1689 ਤੋਂ 1705 ਤੱਕ ਬਹੁਤਾ ਸਮਾਂ ਮੁਗਲ ਸਲਤਨਤ ਨਾਲ ਜੰਗ ਕਰਦਿਆਂ ਹੀ ਬੀਤਿਆ।

6-7 ਪੋਹ ਦੀ ਰਾਤ ਨੂੰ ਪਹਾੜੀ ਰਾਜਿਆਂ ਤੇ ਮੁਗਲ ਫ਼ੌਜਾਂ ਦੇ ਸਾਂਝੇ ਲੰਬੇ ਘੇਰੇ ਤੋਂ ਬਾਅਦ ਗੁਰੂ ਸਾਹਿਬ ਨੇ ਖਾਲਸੇ ਦੇ ਪੰਚ ਪ੍ਰਧਾਨੀ ਫ਼ੈਸਲੇ 'ਤੇ ਮੁਗਲ ਹਕੂਮਤ ਤੋਂ ਮਿਲੇ ਵਾਅਦੇ ਕਿ ਜੇ ਗੁਰੂ ਸਾਹਿਬ ਕਿਲ੍ਹਾ ਇੱਕ ਵਾਰ ਛੱਡ ਜਾਣ ਤਾਂ ਉਨ੍ਹਾਂ ਨੂੰ ਤੇ ਸਿੱਖਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ, ਕਿਲ੍ਹਾ ਛੱਡਣ ਦਾ ਫੈਸਲਾ ਲਿਆ ਸੀ।

ਇਸ ਇਤਿਹਾਸਕ ਘਟਨਾ ਦੀ ਯਾਦ ਵਿੱਚ ਹਰ ਸਾਲ ਇੱਥੋਂ ਨਗਰ ਕੀਰਤਨ ਕੱਢਿਆ ਜਾਂਦਾ ਹੈ। ਬਾਕੀ ਨਗਰ ਕੀਰਤਨਾਂ ਤੋਂ ਵੱਖਰਾ ਇਸਦਾ ਮਹੌਲ ਉਸ ਪ੍ਰਸੰਗ ਦੀ ਯਾਦ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹੀਦੀਆਂ ਸਦਕਾ ਬਹੁਤ ਹੀ ਸੋਗਮਈ ਹੁੰਦਾ ਹੈ।

ਇੱਥੋਂ ਚੱਲ ਕੇ ਇਹ ਨਗਰ ਕੀਰਤਨ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਪਹੁੰਚਦਾ ਹੈ, ਜਿੱਥੇ ਸਰਸਾ ਨਦੀ ਦੇ ਕੰਢੇ ਤੇ ਗੁਰੂ ਸਾਹਿਬ ਦਾ ਪਰਿਵਾਰ ਇੱਕ ਦੂਸਰੇ ਤੋਂ ਸਦੀਵੀ ਵਿਛੋੜੇ ਲਈ ਵਿਛੜ ਗਿਆ।

ਇਸ ਮਗਰੋਂ ਇਹ ਨਗਰ ਕੀਰਤਨ ਰਵਾਇਤ ਮੁਤਾਬਕ ਗੁਰੂ ਗੋਬਿੰਦ ਸਿੰਘ ਮਾਰਗ ਦੇ ਗੁਰ ਧਾਮਾਂ ਤੋਂ ਹੁੰਦਾ ਹੋਇਆ ਲੁਧਿਆਣਾ ਜਿਲ੍ਹੇ ਦੇ ਗੁਰਦਵਾਰਾ ਮਹਿੰਦੀਆਣਾ ਸਾਹਿਬ ਵਿਖੇ ਸਮਾਪਤ ਹੁੰਦਾ।

ਗੁਰਦਵਾਰਾ ਪਰਿਵਾਰ ਵਿਛੋੜਾ ਦੇ ਸਥਾਨ ਤੇ ਗੁਰੂ ਸਾਹਿਬ ਦੇ ਮਹਿਲ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ, ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ, ਵੱਖੋ-ਵੱਖ ਹੋ ਗਏ।

ਇਸ ਮਗਰੋਂ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਨਾਲ ਚਮਕੌਰ ਸਾਹਿਬ ਵੱਲ ਚਲੇ ਗਏ, ਜਿੱਥੇ ਕਿ ਉਹ ਚਮਕੌਰ ਦੀ ਗੜੀ ਵਿੱਚ ਇੱਕ ਅਸਾਂਵੀਂ ਜੰਗ ਦੌਰਾਨ ਸ਼ਹੀਦੀਆਂ ਪਾ ਗਏ। ਗੁਰੂ ਸਾਹਿਬ ਇੱਥੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨਦਿਆਂ ਨਿਕਲ ਗਏ।

ਗੁਰੂ ਸਾਹਿਬ ਦੇ ਮਾਤਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਸਫ਼ਰ ਸਰਹਿੰਦ ਜਾ ਕੇ ਮੁੱਕਿਆ ਜਿੱਥੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਤੇ ਫ਼ੇਰ ਸਿਰ ਧੜ ਤੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਵੀ ਇੱਥੇ ਹੀ ਸ਼ਹੀਦ ਹੋਏ ਹਾਲਾਂ ਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਇਤਿਹਾਸਕਾਰ ਇੱਕ ਮਤ ਨਹੀਂ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦੇਖੋ ਨਗਰ ਕੀਰਤਨ ਦਾ ਪੂਰਾ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ