ਜੇ ਕੁੜੀ ਮੁੰਡੇ ਦਾ ਪਿੱਛਾ ਕਰੇ, ਤਾਂ ਅੱਗੋਂ ਮੁੰਡਾ ਕੀ ਕਰ ਸਕਦਾ ਹੈ?

STALKING BY WOMEN Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਪੁਲਿਸ ਇੱਕ ਔਰਤ ਦੇ ਖਿਲਾਫ਼ ਪਿੱਛਾ ਕਰਨ ਦਾ ਕੇਸ ਕਿਵੇਂ ਦਰਜ ਕਰ ਸਕਦੀ ਹੈ? ਇਹ ਹੋ ਹੀ ਨਹੀਂ ਸਕਦਾ। ਇਸ ਗੱਲ ਨੂੰ ਮੰਨਿਆ ਹੀ ਨਹੀਂ ਜਾ ਸਕਦਾ।

ਦਿੱਲੀ ਹਾਈ ਕੋਰਟ ਨੇ ਇਹ ਗੱਲ ਇੱਕ ਔਰਤ 'ਤੇ ਪਿੱਛਾ ਕਰਨ ਦਾ ਕੇਸ ਦਰਜ ਕਰ ਗ੍ਰਿਫ਼ਤਾਰੀ ਕੀਤੇ ਜਾਣ ਦੇ ਇੱਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੁਲਿਸ ਨੂੰ ਕਹੀ।

ਵਕੀਲ ਦੀਪਾ ਆਰਿਆ ਦਾ ਇਲਜ਼ਾਮ ਹੈ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਘਰੋਂ ਜ਼ਬਰਨ ਬਾਹਰ ਕੱਢਿਆ। ਪੁਲਿਸ ਨੇ ਇਹ ਕਾਰਵਾਈ ਇੱਕ ਪ੍ਰਾਪਰਟੀ ਕੇਸ ਵਿੱਚ ਜੁੜੀ ਸ਼ਿਕਾਇਤ 'ਤੇ ਕੀਤੀ ਸੀ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਹਾਈ ਕੋਰਟ ਨੇ ਦਿੱਲੀ ਸਰਕਾਰ ਅਤੇ ਗ੍ਰਹਿ ਮੰਤਰਾਲੇ ਤੋਂ ਇਸ ਮਾਮਲੇ ਵਿੱਚ ਫੌਰਨ ਕਾਰਵਾਈ ਕਰਦੇ ਹੋਏ ਪੰਜ ਜਨਵਰੀ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਰਿਪੋਰਟ ਪੇਸ਼ ਕਰਾਵਾਉਣ ਲਈ ਕਿਹਾ ਹੈ।

ਕੀ ਔਰਤਾਂ ਪਿੱਛਾ ਨਹੀਂ ਕਰ ਸਕਦੀਆਂ, ਕਨੂੰਨ ਕੀ ਹੈ?

ਇਸ ਸਵਾਲ ਦਾ ਜਵਾਬ ਖੋਜਣ ਦੀ ਪ੍ਰਕਿਰਿਆ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਪਿੱਛਾ ਕਰਨ ਨੂੰ ਲੈ ਕੇ ਨਿਯਮ ਕੀ ਕਹਿੰਦੇ ਹਨ।

ਆਈਪੀਸੀ ਦੀ ਧਾਰਾ 354-ਡੀ ਦੇ ਮੁਤਾਬਕ, "ਜੇ ਕੋਈ ਮਹਿਲਾ ਸਪਸ਼ਟ ਤੌਰ 'ਤੇ ਆਪਣੀ ਅਸਹਿਮਤੀ ਜਤਾ ਚੁੱਕੀ ਹੋਏ, ਇਸਦੇ ਬਾਵਜੂਦ ਕੋਈ 'ਮਰਦ' ਉਸ ਔਰਤ ਨਾਲ ਸਬੰਧ ਵਧਾਉਣ, ਪਿੱਛਾ ਕਰਨ ਦੀ ਕੋਸ਼ਿਸ਼ ਕਰੇ ਜਾਂ ਇਸ ਤਰੀਕੇ ਨਾਲ ਘੂਰੇ ਜਿਸ ਨਾਲ ਔਰਤ ਅਸਹਿਜ ਮਹਿਸੂਸ ਕਰੇ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਏ ਤਾਂ ਅਜਿਹਾ ਕਰਨ ਵਾਲੇ 'ਮਰਦ' ਨੂੰ ਪਿੱਛਾ ਕਰਨ ਦਾ ਅਪਰਾਧੀ ਮੰਨਿਆ ਜਾਵੇਗਾ।''

Image copyright Getty Images

"ਇਹ ਸਾਰੇ ਕੰਮ ਜੇ ਕੋਈ 'ਮਰਦ' ਇੰਟਰਨੈੱਟ, ਈ-ਮੇਲ ਜਾਂ ਫੋਨ ਦੇ ਜ਼ਰੀਏ ਕਰ ਰਿਹਾ ਹੈ ਤਾਂ ਇਹ ਵੀ ਪਿੱਛਾ ਕਰਨਾ ਮੰਨਿਆ ਜਾਵੇਗਾ। ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ 'ਮਰਦ' ਨੂੰ ਪੰਜ ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਦੋਵਾਂ ਦੀ ਤਜਵੀਜ਼ ਹੈ।

2012 ਵਿੱਚ ਦਿੱਲੀ ਵਿੱਚ ਨਿਰਭਿਆ ਗੈਂਗ ਰੇਪ ਤੋਂ ਬਾਅਦ ਕ੍ਰਿਮਿਨਲ ਅਮੈਂਡਮੈਂਟ ਐੱਕਟ ਦੇ ਤਹਿਤ ਗਲਤ ਇਰਾਦੇ ਨਾਲ ਮਹਿਲਾ ਦਾ ਪਿੱਛਾ ਕਰਨ ਨੂੰ ਅਪਰਾਧ ਮੰਨਿਆ ਗਿਆ ਸੀ।

ਇਸ ਕਨੂੰਨ 'ਤੇ ਗੌਰ ਕੀਤਾ ਜਾਏ ਤਾਂ ਇਹ ਮੰਨ ਲਿਆ ਗਿਆ ਹੈ ਕਿ ਪਿੱਛਾ ਮਰਦ ਹੀ ਕਰ ਸਕਦਾ ਹੈ।

ਮਰਦਾਂ ਲਈ ਨਹੀਂ ਹੈ ਕਨੂੰਨ?

ਸ਼ਾਇਦ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਜੇ ਇੱਕ ਮਹਿਲਾ ਮਰਦ ਦਾ ਪਿੱਛਾ ਕਰਦੀ ਹੈ ਜਾਂ ਇੱਕ ਮਹਿਲਾ ਕਿਸੇ ਮਰਦ ਦਾ ਰੇਪ ਕਰਦੀ ਹੈ ਤਾਂ ਇਸ ਨੂੰ ਲੈ ਕੇ ਕੋਈ ਕਨੂੰਨ ਨਹੀਂ ਹੈ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰੇਖਾ ਅਗਰਵਾਲ ਦੱਸਦੇ ਹਨ, "ਆਈਪੀਸੀ ਦੀ ਧਾਰਾ 354-ਡੀ ਸਿਰਫ਼ ਮਰਦਾਂ 'ਤੇ ਲਾਗੂ ਹੋ ਸਕਦੀ ਹੈ, ਇਹ ਔਰਤਾਂ 'ਤੇ ਲਾਗੂ ਨਹੀਂ ਹੁੰਦੀ।

"ਆਈਪੀਸੀ ਵਿੱਚ ਔਰਤਾਂ ਦੇ ਲਈ ਸਟਾਕਿੰਗ ਨੂੰ ਲੈ ਕੇ ਕੋਈ ਸਪੈਸ਼ਲ ਕਨੂੰਨ ਨਹੀਂ ਹੈ। ਅੱਜ 21ਵੀਂ ਵਿੱਚ ਜਦੋਂ ਅਸੀਂ ਮਾਰਡਨ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਜੋ ਕੰਮ ਮੁੰਡੇ ਕਰ ਸਕਦੇ ਹਨ, ਉਹ ਕੁੜੀਆਂ ਵੀ ਕਰ ਸਕਦੀਆਂ ਹਨ। ਇਨ੍ਹਾਂ ਵਿੱਚ ਸਟਾਕਿੰਗ ਵੀ ਸ਼ਾਮਲ ਹੈ। ਮੇਰਾ ਮੰਨਣਾ ਹੈ ਕਿ ਕੁੜੀਆਂ ਦਾ ਪਿੱਛਾ ਕਰਨ ਨੂੰ ਲੈ ਕੇ ਕੋਈ ਕਨੂੰਨ ਨਹੀਂ ਹੈ।"

Image copyright Getty Images

ਕੌਮੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਧਾਨ ਲਲਿਤਾ ਕੁਮਾਰ ਮੰਗਲਮ ਕੁੜੀਆਂ ਵੱਲੋਂ ਪਿੱਛਾ ਕਰਨ ਨੂੰ ਲੈ ਕੇ ਕੋਈ ਕਨੂੰਨ ਨਾ ਹੋਣ 'ਤੇ ਹੈਰਾਨੀ ਜ਼ਾਹਿਰ ਕਰਦੇ ਹਨ।

ਉਹ ਕਹਿੰਦੇ ਹਨ, "ਜੇ ਔਰਤਾਂ ਕਹਿੰਦੀਆਂ ਹਨ ਕਿ ਬਰਾਬਰੀ ਹੋਵੇ ਤਾਂ ਅਪਰਾਧ ਕਰਨ 'ਤੇ ਮਿਲਣ ਵਾਲੀ ਸਜ਼ਾ ਦੀ ਵੀ ਬਰਾਬਰੀ ਹੋਣੀ ਚਾਹੀਦੀ ਹੈ। ਜੇ ਕੋਈ ਮਹਿਲਾ ਪਿੱਛਾ ਕਰਦੀ ਹੈ ਤਾਂ ਇਸ ਨੂੰ ਲੈ ਕੇ ਵੀ ਕੋਈ ਕਨੂੰਨ ਹੋਣਾ ਚਾਹੀਦਾ ਹੈ।''

"ਜੇ ਕੋਈ ਮਰਦ ਆਪਣੇ ਨਾਲ ਹੋਈ ਪਿੱਛਾ ਕਰਨ ਦੀ ਘਟਨਾ ਦਾ ਸਬੂਤ ਦਿੰਦਾ ਹੈ ਤਾਂ ਇਸ ਨੂੰ ਲੈ ਕੇ ਵੀ ਕਨੂੰਨ ਹੋਣਾ ਚਾਹੀਦਾ ਹੈ, ਜਿਸ ਦੇ ਤਹਿਤ ਸਜ਼ਾ ਦਿੱਤੀ ਜਾ ਸਕੇ।''

ਸੁਪਰੀਮ ਕੋਰਟ ਦੇ ਵਕੀਲ ਰਿਸ਼ੀ ਮਲਹੌਤਰਾ ਕਹਿੰਦੇ ਹਨ, "ਜੇ ਤੁਸੀਂ ਪਿੱਛਾ ਕਰਨ ਦੀ ਪਰਿਭਾਸ਼ਾ ਨੂੰ ਦੇਖੋ ਤਾਂ ਇਹ ਮੰਨ ਲਿਆ ਗਿਆ ਹੈ ਕਿ ਮੁਲਜ਼ਮ ਹਮੇਸ਼ਾ ਮਰਦ ਅਤੇ ਪੀੜਤ ਹਮੇਸ਼ਾ ਮਹਿਲਾ ਹੀ ਹੋਵੇਗੀ।''

ਇਸ ਵਿੱਚ ਮਹਿਲਾ ਦਾ ਮਰਦ ਵੱਲੋਂ ਪਿੱਛਾ ਕਰਨ ਤੇ ਘੂਰਨ ਦੀ ਹੀ ਗੱਲ ਕੀਤੀ ਗਈ ਹੈ। ਜਦੋਂ ਤੱਕ ਕਨੂੰਨ ਵਿੱਚ ਸੋਧ ਕਰਕੇ 'ਮਰਦ' ਦੀ ਥਾਂ 'ਐਨੀ ਪਰਸਨ' ਯਾਨੀ ਕੋਈ ਵੀ ਸ਼ਖਸ(ਔਰਤ, ਮਰਦ ਦੋਵੇਂ) ਕਰ ਦਿੱਤਾ ਜਾਏ ਤਾਂ ਜ਼ਿਆਦਾ ਠੀਕ ਰਹੇਗਾ।

ਜਿੰਨ੍ਹਾਂ ਕੁੜੀਆਂ ਨੇ ਮੁੰਡਿਆਂ ਦਾ ਪਿੱਛਾ ਕੀਤਾ!

ਆਪਣੇ ਨਾਲ ਹੋਈ ਪਿੱਛਾ ਕਰਨ ਦੀ ਘਟਨਾ ਬਾਰੇ ਪੰਜਾਬ ਵਿੱਚ ਰਹਿਣ ਵਾਲੇ ਰੱਜੀ ਐੱਸ ਦੱਸਦੇ ਹਨ।

"ਅਜੀਬ ਹੁੰਦਾ ਹੈ ਕਿ ਦੋ ਅੱਖਾਂ ਤੁਹਾਨੂੰ ਘੂਰ ਰਹੀਆਂ ਹੁੰਦੀਆਂ ਹਨ, ਤੁਸੀਂ ਜਿੱਤੇ ਜਾਓ, ਉੱਥੇ ਪਿੱਛਾ ਕਰਦੀਆਂ ਹਨ। ਇਹ ਗੱਲ ਸਹੀ ਹੈ ਕਿ ਪਿੱਛਾ ਕਰਨਾ ਕੁੜੀਆਂ ਦੇ ਨਾਲ ਜ਼ਿਆਦਾ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੁੰਡਿਆਂ ਦੇ ਨਾਲ ਇਹ ਨਹੀਂ ਹੁੰਦਾ ਹੈ।''

ਰੱਜੀ ਅੱਗੇ ਦੱਸਦੇ ਹਨ, "ਦੋ ਲੋਕਾਂ ਨੂੰ ਰਿਸ਼ਤਿਆਂ ਵਿੱਚ ਉਸ ਵੇਲੇ ਆਉਣਾ ਚਾਹੀਦਾ ਹੈ, ਜਦੋਂ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਹੋਣ ਪਰ ਮੇਰੇ ਮਾਮਲੇ ਵਿੱਚ ਕੁੜੀ ਨੂੰ ਮੈਂ ਉਸ ਨਜ਼ਰ ਨਾਲ ਪਿਆਰ ਨਹੀਂ ਕਰਦਾ ਸੀ।''

"ਦੋਸਤ ਮੰਨਦਾ ਸੀ ਪਰ ਉਹ ਚਾਹੁੰਦੀ ਸੀ ਕਿ ਮੇਰੇ ਬੁਆਏਫ੍ਰੈਂਡ ਬਣ ਜਾਓ। ਮੈਂ ਇਸਦੇ ਲਈ ਤਿਆਰ ਨਹੀਂ ਸੀ। ਕਈ ਵਾਰ ਇੱਕ ਤਰੀਕੇ ਨਾਲ ਚਿਪਕਨ ਦੀ ਕੋਸ਼ਿਸ਼ ਕਰਦੀ ਸੀ।''

Image copyright Magnum Photos

ਰੱਜੀ ਨੇ ਅੱਗੇ ਕਿਹਾ, "ਇਨ੍ਹਾਂ ਹਰਕਤਾਂ ਕਰਕੇ ਮੈਂ ਖੁਦ ਨੂੰ ਪੀੜਤ ਮਹਿਸੂਸ ਨਹੀਂ ਕੀਤਾ ਪਰ ਮੈਂ ਪਰੇਸ਼ਾਨ ਜਿਹਾ ਹੋ ਗਿਆ ਸੀ। ਦਿੱਕਤ ਇਹ ਵੀ ਹੈ ਕਿ ਪਿੱਛਾ ਕਰਨਾ ਕਿੱਥੋਂ ਸ਼ੁਰੂ ਹੁੰਦਾ ਹੈ ਅਤੇ ਕਿੱਥੇ ਖ਼ਤਮ ਹੁੰਦਾ ਹੈ, ਇਸ ਨੂੰ ਲੈ ਕੇ ਲੋਕਾਂ ਨੂੰ ਸਹੀ ਤਰੀਕੇ ਨਾਲ ਮਾਲੂਮ ਨਹੀਂ ਹੈ।''

'ਮੁੰਡਿਆਂ ਲਈ ਨਹੀਂ ਹੈ ਕੌਮੀ ਮਰਦ ਕਮਿਸ਼ਨ'

ਪੰਕਜ ਦਿੱਲੀ ਵਿੱਚ ਰਹਿੰਦੇ ਹਨ। ਪੰਕਜ ਦੱਸਦੇ ਹਨ, "ਲੋਕਾਂ ਦੇ ਵਿਚਾਲੇ ਇਹ ਆਮ ਧਾਰਨਾ ਬਣੀ ਹੋਈ ਹੈ ਕਿ ਕੁੜੀਆਂ ਪਿੱਛਾ ਨਹੀਂ ਕਰ ਸਕਦੀਆਂ ਪਰ ਹਕੀਕਤ ਵਿੱਚ ਅਜਿਹਾ ਨਹੀਂ ਹੈ।''

ਅਜਿਹੇ ਵਿੱਚ ਮੁੰਡਿਆਂ ਦੇ ਨਾਲ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਕਿ ਜੇ ਸਾਡੇ ਨਾਲ ਪਿੱਛਾ ਕਰਨ ਦੀ ਘਟਨਾ ਹੋਈ ਹੈ, ਇਸ ਬਾਰੇ ਅਸੀਂ ਕਿਸੇ ਨੂੰ ਦੱਸੀਏ ਤਾਂ ਕੋਈ ਮੰਨੇਗਾ ਨਹੀਂ। ਕੁੜੀਆਂ ਦੇ ਲਈ ਕੌਮੀ ਮਹਿਲਾ ਕਮਿਸ਼ਨ ਹੈ ਪਰ ਮੁੰਡਿਆਂ ਦੇ ਲਈ 'ਕੌਮੀ ਮਰਦ ਕਮਿਸ਼ਨ' ਵਰਗਾ ਕੁਝ ਨਹੀਂ ਹੈ।

ਆਪਣੇ ਨਾਲ ਹੋਈ ਪਿੱਛਾ ਕਰਨ ਦੀ ਘਟਨਾ ਬਾਰੇ ਪੰਕਜ ਦੱਸਦੇ ਹਨ, "ਇੱਕ ਕੁੜੀ ਸੀ। ਪਹਿਲਾਂ ਮੈਨੂੰ ਲੱਗਿਆ ਕਿ ਉਹ ਸ਼ਾਇਦ ਮੈਨੂੰ ਪਸੰਦ ਕਰਦੀ ਹੈ। ਇਹ ਕਾਫੀ ਆਮ ਗੱਲ ਹੈ। ਪਰ ਉਸਦਾ ਪਸੰਦ ਕਰਨਾ ਹੌਲੀ-ਹੌਲੀ ਪਿੱਛੇ ਪੈ ਜਾਣ ਜਿਹਾ ਹੋ ਗਿਆ। ਫੇਸਬੁੱਕ ਤੋਂ ਲੈ ਕੇ ਸਾਹਮਣੇ ਆਉਣ ਤੱਕ।''

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

"ਮੈਂ ਤੰਗ ਆ ਕੇ ਫੇਸਬੁੱਕ ਤੋਂ ਬਲੌਕ ਕਰ ਦਿੱਤਾ ਤਾਂ ਦਫ਼ਤਰ ਦੇ ਸਾਹਮਣੇ ਆ ਕੇ ਖੜ੍ਹੀ ਹੋਣ ਲੱਗੀ। ਲਗਾਤਾਰ ਫੋਨ ਕਰਦੀ ਰਹੀ। ਵਿਆਹ ਕਰੋ, ਮੈਨੂੰ ਮਿਲੋ ਵਰਨਾ ਮੈਂ ਕੁਝ ਕਰ ਲਵਾਂਗੀ ਵਰਗੀਆਂ ਧਮਕੀਆਂ ਆਮ ਜਿਹੀ ਗੱਲ ਸੀ।''

ਪੰਕਜ ਨੇ ਅੱਗੇ ਕਿਹਾ, "ਇਹ ਸਭ ਉਸ ਵੇਲੇ ਹੋ ਰਿਹਾ ਸੀ ਜਦੋਂ ਮੈਂ ਆਪਣੇ ਵੱਲੋਂ ਕੋਈ ਸੰਕੇਤ ਨਹੀਂ ਦਿੱਤਾ ਸੀ ਜਿਸ ਨਾਲ ਲੱਗੇ ਕਿ ਮੇਰੀ ਉਸ ਕੁੜੀ ਵਿੱਚ ਦਿਲਚਸਪੀ ਹੈ।''

"ਜਦੋਂ ਸਾਡੀ ਕਿਸੇ ਵਿੱਚ ਕੋਈ ਦਿਲਚਸਪੀ ਨਾ ਹੋਏ ਅਤੇ ਅਜਿਹੀਆਂ ਹਰਕਤਾਂ ਹੋਣ ਤਾਂ ਦਿਮਾਗ ਬਹੁਤ ਪਰੇਸ਼ਾਨ ਰਹਿੰਦਾ ਹੈ। ਇਸ ਨਾਲ ਸਭ ਤੋਂ ਵੱਡੀ ਦਿੱਕਤ ਇਹ ਕਿ ਮੁੰਡਿਆਂ ਦਾ ਵੀ ਪਿੱਛਾ ਹੋ ਸਕਦਾ ਹੈ, ਇਹ ਕੋਈ ਮੰਨੇਗਾ ਹੀ ਨਹੀਂ।''

Image copyright Getty Images

ਅਸੀਂ ਕੁਝ ਕੁੜੀਆਂ ਤੋਂ ਵੀ ਇਹ ਸਵਾਲ ਕੀਤਾ ਕਿ, "ਕੀ ਉਨ੍ਹਾਂ ਨੇ ਕਦੇ ਮੁੰਡਿਆਂ ਦਾ ਪਿੱਛਾ ਕੀਤਾ ਹੈ?''

ਪਛਾਣ ਲੁਕਾਉਣ ਦੀ ਸ਼ਰਤ 'ਤੇ ਇਨ੍ਹਾਂ ਕੁੜੀਆਂ ਵਿੱਚੋਂ ਇੱਕ ਨੇ ਕਿਹਾ, "ਹਾਂ ਫੇਸਬੁਕ 'ਤੇ ਮੈਂ ਇੱਕ ਮੁੰਡੇ ਦਾ ਪਿੱਛਾ ਕੀਤਾ ਸੀ। ਮੈਂ ਉਸ ਮੁੰਡੇ 'ਤੇ ਪੈਣੀ ਨਜ਼ਰ ਰੱਖਦੀ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਉਸ 'ਤੇ ਕੋਈ ਅਸਰ ਹੋਇਆ ਹੋਵੇਗਾ।

"ਦੂਜੇ ਪਾਸੇ ਤੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਮੇਰਾ ਉਨ੍ਹਾਂ ਨੂੰ ਆਨਲਾਈਨ ਘੂਰਨਾ ਜਾਂ ਮੈਸੇਜ ਭੇਜਣਾ ਪਿੱਛਾ ਕਰਨਾ ਵਰਗਾ ਹੋ ਰਿਹਾ ਹੈ।''

ਸਟਾਕਿੰਗ ਹੋਣ ਤੇ ਮੁੰਡੇ ਕੀ ਕਰਨ?

ਰੇਖਾ ਅਗਰਵਾਲ ਦੱਸਦੇ ਹਨ, "ਮੁੰਡਿਆਂ ਦਾ ਜੇ ਪਿੱਛਾ ਹੁੰਦਾ ਹੈ ਤਾਂ ਉਹ ਹੈਰਾਸਮੈਂਟ ਦੀ ਐੱਫਆਈਆਰ ਦਰਜ ਕਰਵਾ ਸਕਦੇ ਹਨ।''

ਰਿਸ਼ੀ ਮਲਹੌਤਰਾ ਕਹਿੰਦੇ ਹਨ, "ਇਹ ਬਹੁਤ ਗ੍ਰੇਅ ਏਰੀਆ ਹੈ। ਸਟਾਕਿੰਗ ਦਾ ਕਨੂੰਨ ਤਾਂ ਸਾਫ਼ ਤੌਰ 'ਤੇ ਇਹ ਮੰਨਦਾ ਹੈ ਕਿ ਮਰਦ ਦੀ ਸਟਾਕਿੰਗ ਕਰਦੇ ਹਨ।''

ਜੇ ਆਈਪੀਸੀ ਦੀ ਧਾਰਾ 375 ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਰੇਪ ਕਰਨ ਵਾਲਿਆਂ ਨੂੰ ਮਰਦ ਕਹਿ ਕੇ ਪਰਿਭਾਸ਼ਤ ਕੀਤਾ ਗਿਆ ਹੈ।

ਜੇ ਆਈਪੀਸੀ ਦੀਆਂ ਇਨ੍ਹਾਂ ਧਾਰਾਵਾਂ ਦੀ ਗੱਲ ਕਰੀਏ ਤਾਂ ਇੱਕ ਮਹਿਲਾ ਨੂੰ ਪਿੱਛਾ ਕਰਨ ਜਾਂ ਰੇਪ ਦੇ ਲਈ ਗ੍ਰਿਫ਼ਤਾਰ ਨਹੀਂ ਕੀਤਾ ਸਕਦਾ ਹੈ।

Image copyright iStock

ਪਿੱਛਾ ਹੋਣ 'ਤੇ ਮੁੰਡੇ ਕੀ ਕਰ ਸਕਦੇ ਹਨ? ਇਸਦਾ ਜਵਾਬ ਦਿੰਦਿਆਂ ਹੋਇਆਂ ਰਿਸ਼ੀ ਮਲਹੌਤਰਾ ਕਹਿੰਦੇ ਹਨ, "ਮੁੰਡੇ ਪਿੱਛਾ ਕਰਦਾ ਦਾ ਕੋਈ ਵੀ ਕੇਸ ਦਰਜ ਹੀ ਨਹੀਂ ਕਰਾ ਸਕਦੇ ਹਨ। ਕਨੂੰਨ ਨੇ ਮੁਲਜ਼ਮ ਸਿਰਫ਼ ਮਰਦ ਅਤੇ ਪੀੜਤ ਸਿਰਫ਼ ਮਹਿਲਾ ਨੂੰ ਮੰਨਿਆ ਹੈ।''

"ਇਹ ਵਿਤਕਰੇ ਵਾਲਾ ਕਨੂੰਨ ਹੈ। ਅੱਜ ਦੀ ਤਰੀਖ ਵਿੱਚ ਜੇ ਕੋਈ ਮੁੰਡਾ ਕਹੇ ਕਿ ਉਸਦੇ ਨਾਲ ਰੇਪ ਹੋਇਆ ਹੈ ਤਾਂ ਇਹ ਮੰਨ ਲਓ ਕਿ ਉਸਦੇ ਪੱਖ ਵਿੱਚ ਕੋਈ ਕਨੂੰਨ ਨਹੀਂ ਹੈ।''

ਜਿਣਸੀ ਸੋਸ਼ਣ ਨੂੰ ਲੈ ਕੇ 354-ਏ ਹੈ, ਉਸਦੀ ਪਰਿਭਾਸ਼ਾ ਦੇ ਮੁਤਾਬਕ ਸੋਸ਼ਣ ਕਰਨ ਵਾਲਾ ਮਰਦ ਹੀ ਹੋਵੇਗਾ।

'ਮਰਦ ਮੁਲਜ਼ਮ, ਔਰਤ ਪੀੜਤ'

ਉੱਥੇ ਰੇਖਾ ਅਗਰਵਾਲ ਕਹਿੰਦੇ ਹਨ, "ਔਰਤਾਂ ਜੇ ਪਿੱਛਾ ਕਰਦੀਆਂ ਵੀ ਹਨ ਤਾਂ ਉਹ ਸਾਹਮਣੇ ਨਹੀਂ ਆ ਸਕਦੀਆਂ ਹਨ। ਇਸ ਤਰੀਕੇ ਦਾ ਡਰ ਔਰਤਾਂ ਦੇ ਅੰਦਰ ਵੀ ਰਹਿੰਦਾ ਹੀ ਹੈ। ਔਰਤਾਂ ਦੇ ਲਈ ਭਾਵੇਂ ਕੋਈ ਕਨੂੰਨ ਨਹੀਂ ਹੈ ਪਰ ਔਰਤਾਂ ਵੀ ਪਿੱਛਾ ਕਰਦੀਆਂ ਹਨ।''

ਗੱਲਬਾਤ ਦੇ ਆਖਰ ਵਿੱਚ ਵਕੀਲ ਰਿਸ਼ੀ ਮਲਹੌਤਰਾ ਕਹਿੰਦੇ ਹਨ, "ਸਾਰੇ ਕਨੂੰਨ ਵਿੱਚ ਮਰਦ ਨੂੰ ਹੀ ਮੁਲਜ਼ਮ ਮੰਨਿਆ ਗਿਆ ਹੈ। ਕੁਝ ਅਜਿਹਾ ਹੋਇਆ ਤਾਂ ਮੈਂ ਖੁਦ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰਾਂਗਾ।''

ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਿੱਛਾ ਕਰਨ ਦੀਆਂ ਜ਼ਿਆਦਾ ਘਟਨਾਵਾਂ ਔਰਤਾਂ ਦੇ ਨਾਲ ਹੁੰਦੀਆਂ ਹਨ।

ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਮੁਤਾਬਕ ਸਾਲ 2015 ਵਿੱਚ ਪਿੱਛਾ ਕਰਨ ਦੇ 6,266 ਮਾਮਲੇ ਦਰਜ ਹੋਏ। ਜ਼ਾਹਿਰ ਹੈ ਰਿਪੋਰਟ ਹੋਏ ਇਹ ਸਾਰੇ ਮਾਮਲੇ ਔਰਤਾਂ ਦੇ ਨਾਲ ਹੋਏ ਪਿੱਛਾ ਕਰਨ ਦੇ ਸੀ, ਮਰਦਾਂ ਦੇ ਨਾਲ ਹੋਏ ਪਿੱਛਾ ਕਰਨ ਦੇ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ

ਤਾਜ਼ਾ ਘਟਨਾਕ੍ਰਮ