ਪੜ੍ਹੋ ਰਾਜ ਸਭਾ 'ਚ ਕੀ ਬੋਲਣਾ ਚਾਹੁੰਦੇ ਸਨ ਸਚਿਨ ?

ਤਸਵੀਰ ਸਰੋਤ, Getty Images
ਸਾਬਕਾ ਕ੍ਰਿਕਟਰ ਅਤੇ ਸਾਂਸਦ ਸਚਿਨ ਤੇਂਦੂਲਕਰ ਵੀਰਵਾਰ ਨੂੰ ਰਾਜਸਭਾ 'ਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਆਪਣਾ ਪਹਿਲਾ ਭਾਸ਼ਣ ਨਹੀਂ ਦੇ ਸਕੇ।
ਸਚਿਨ ਤੇਂਦੂਲਕਰ ਨੇ ਰਾਈਟ ਟੂ ਪਲੇਅ (ਖੇਡਣ ਦਾ ਅਧਿਕਾਰ) 'ਤੇ ਬੋਲਣਾ ਸੀ। ਭਾਸ਼ਣ ਦੇਣ ਦਾ ਮੌਕਾ ਸੰਸਦ 'ਚ ਨਾ ਮਿਲਣ ਕਾਰਨ ਸਚਿਨ ਨੇ ਇਸ ਦਾ ਹੱਲ ਫੇਸਬੁੱਕ ਰਾਹੀਂ ਲੱਭ ਲਿਆ।
ਸਚਿਨ ਨੇ ਸ਼ੁਕਰਵਾਰ ਨੂੰ ਫੇਸਬੁੱਕ 'ਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ।
ਤਸਵੀਰ ਸਰੋਤ, facebook/Sachin Tendulkar
ਸਚਿਨ ਨੇ ਵੀਡੀਓ 'ਚ ਕਿਹਾ, "ਵੀਰਵਾਰ ਨੂੰ ਕੁਝ ਅਜਿਹੀਆਂ ਗੱਲਾਂ ਸਨ, ਜੋ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ। ਇੱਥੇ ਵੀ ਉਹੀ ਕੋਸ਼ਿਸ਼ ਕਰਾਂਗਾ।
ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਮੈਂ ਇੱਥੋਂ ਤੱਕ ਕਿਵੇਂ ਪਹੁੰਚਿਆ। ਫਿਰ ਮੈਨੂੰ ਅਹਿਸਾਸ ਹੁੰਦਾ ਹੈ ਕਿ ਕ੍ਰਿਕਟ 'ਚ ਚੁੱਕੇ ਗਏ ਛੋਟੇ ਛੋਟੇ ਕਦਮਾਂ ਨੇ ਮੈਨੂੰ ਕਦੀ ਨਾ ਭੁੱਲਣ ਵਾਲੀਆਂ ਯਾਦਾਂ ਦਿੱਤੀਆਂ।
- ਮੈਂ ਖੇਡ ਨੂੰ ਬਹੁਤ ਪਸੰਦ ਕਰਦਾ ਹਾਂ, ਕ੍ਰਿਕਟ ਮੇਰੀ ਜ਼ਿੰਦਗੀ ਹੈ। ਮੇਰੇ ਪਿਤਾ ਰਮੇਸ਼ ਤੇਂਦੂਲਕਰ ਕਵੀ ਸਨ। ਮੈਂ ਜ਼ਿੰਦਗੀ 'ਚ ਜੋ ਕਰਨਾ ਚਾਹੁੰਦਾ ਸੀ, ਉਨ੍ਹਾਂ ਨੇ ਸਦਾ ਮੇਰਾ ਸਾਥ ਦਿੱਤਾ। ਉਨ੍ਹਾਂ ਵੱਲੋਂ ਮੈਨੂੰ ਦਿੱਤਾ ਸਭ ਤੋਂ ਅਹਿਮ ਤੋਹਫ਼ਾ ਸੀ ਖੇਡਣ ਦੀ ਅਜ਼ਾਦੀ ਅਤੇ ਖੇਡਣ ਦਾ ਅਧਿਕਾਰ। ਮੈਂ ਇਸ ਲਈ ਸਦਾ ਉਨ੍ਹਾਂ ਦਾ ਧੰਨਵਾਦੀ ਰਹਾਂਗਾ।
- ਗਰੀਬੀ ਆਰਥਿਕ ਹਾਲਾਤ, ਫੂਡ ਸਿਕਿਓਰਿਟੀ ਸਣੇ ਦੇਸ 'ਚ ਕਈ ਅਹਿਮ ਮੁੱਦੇ ਹਨ, ਜਿਨਾਂ 'ਤੇ ਧਿਆਨ ਦੇਣ ਦੀ ਲੋੜ ਹੈ। ਇੱਕ ਖਿਡਾਰੀ ਹੋਣ ਨਾਤੇ ਮੈਂ ਖੇਡ, ਭਾਰਤ ਦੀ ਫਿਟਨਸ ਅਤੇ ਲੋਕਾਂ ਦੀ ਸਿਹਤ 'ਤੇ ਗੱਲ ਕਰਨਾ ਚਾਹੁੰਦਾ ਹਾਂ।
- ਮੇਰਾ ਵਿਜ਼ਨ ਸਿਹਤਮੰਦ ਅਤੇ ਤੰਦਰੁਸਤ ਭਾਰਤ ਦਾ ਹੈ। ਜਦੋਂ ਸਿਹਤ ਜਵਾਨ ਹੋਵੇਗੀ ਤਾਂ ਦੇਸ 'ਚ ਕੁਝ ਹੋਵੇਗਾ।
- ਸਾਲ 2020 'ਚ ਭਾਰਤ ਦੁਨੀਆਂ ਦੇ ਸਭ ਤੋਂ ਜਵਾਨ ਦੇਸਾਂ 'ਚੋਂ ਇੱਕ ਹੋਵੇਗਾ। ਅਜਿਹੇ 'ਚ ਧਾਰਨਾ ਇਹ ਹੈ ਕਿ ਜੋ ਜਵਾਨ ਹੈ ਤਾਂ ਫਿਟ ਹੈ। ਪਰ ਇਹ ਗ਼ਲਤ ਹੈ।
- ਸਿਰਫ਼ ਸ਼ੂਗਰ (ਡਾਇਬਟੀਜ) ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੂੰ ਇਸ ਬਿਮਾਰੀ ਦੀ ਰਾਜਧਾਨੀ ਮੰਨ ਸਕਦੇ ਹਾਂ। ਭਾਰਤ ਵਿੱਚ 75 ਫੀਸਦ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ।
- ਜੇਕਰ ਮੋਟਾਪੇ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਦੁਨੀਆਂ 'ਚ ਤੀਜੇ ਨੰਬਰ 'ਤੇ ਹਾਂ। ਇਨ੍ਹਾਂ ਬਿਮਾਰੀਆਂ ਦਾ ਆਰਥਿਕ ਬੋਝ ਭਾਰਤ ਦੇ ਅਰਥਚਾਰੇ 'ਤੇ ਪੈ ਰਿਹਾ ਹੈ। ਅਜਿਹੇ ਵਿੱਚ ਦੇਸ ਦਾ ਅੱਗੇ ਵੱਧਣਾ ਸੰਭਵ ਨਹੀਂ ਹੈ।
- ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਨਾਂ ਬਿਮਾਰੀਆਂ ਕਾਰਨ ਭਾਰਤੀ ਅਰਥਚਾਰੇ 'ਤੇ 2012 ਤੋਂ 2030 ਵਿਚਾਲੇ 4 ਕਰੋੜ ਰੁਪਏ ਦਾ ਬੋਝ ਪਵੇਗਾ।
- ਪਰ ਅਸੀਂ ਇਨਾਂ ਨੰਬਰਾਂ ਨੂੰ ਹੇਠਾਂ ਲਿਆ ਸਕਦੇ ਹਾਂ। ਜੇਕਰ ਅਸੀਂ ਸਾਰੇ ਇਹ ਕੋਸ਼ਿਸ਼ ਕਰੀਏ ਕਿ ਸਾਡੀ ਸਿਹਤ ਠੀਕ ਰਹੇ, ਸਹੀ ਢੰਗ ਨਾਲ ਕਸਰਤ ਕਰਾਂਗੇ ਤਾਂ ਬਹੁਤ ਕੁਝ ਬਦਲ ਸਕਦਾ ਹੈ।
- ਮੈਨੂੰ ਲੱਗਦਾ ਹੈ ਕਿ ਸਪੋਰਟਿੰਗ ਦੇਸ ਬਣਨ ਲਈ ਸਾਨੂੰ ਇੱਕ ਪਲਾਨ ਦੀ ਲੋੜ ਹੈ ਤਾਂ ਜੋ ਸਾਡੇ ਜਿਉਣ ਦਾ ਤਰੀਕਾ ਅਤੇ ਖ਼ਰਾਬ ਸਿਹਤ ਦਾ ਰਵੱਈਆ ਬਦਲਿਆ ਜਾ ਸਕੇ।
- ਸਾਡੇ ਫਿਟਨੈੱਸ ਦੇ ਸੈਸ਼ਨ ਘੱਟ ਅਤੇ ਖਾਣ ਦੇ ਸੈਸ਼ਨ ਜ਼ਿਆਦਾ ਹੁੰਦੇ ਜਾ ਰਹੇ ਹਨ। ਸਾਨੂੰ ਇਹ ਆਦਤ ਬਦਲਣੀ ਪੈਣੀ ਹੈ। ਮੈਨੂੰ ਲੱਗਦਾ ਹੈ ਕਿ ਇਸ ਮੋਬਾਇਲ ਦੇ ਜ਼ਮਾਨੇ 'ਚ ਅਸੀਂ ਇਨ ਮੋਬਾਇਲ ਹੁੰਦੇ ਜਾ ਰਹੇ ਹਾਂ। ਸਾਡੇ 'ਚੋਂ ਜ਼ਿਆਦਾਤਰ ਲੋਕ ਸਿਰਫ਼ ਗੱਲ ਕਰਦੇ ਹਨ ਪਰ ਅਸੀਂ ਖੇਡਦੇ ਨਹੀਂ।