ਜਦੋਂ ਮੁਹੰਮਦ ਰਫ਼ੀ ਨੇ ਮਸ਼ਹੂਰ ਬੌਕਸਰ ਮੁਹੰਮਦ ਅਲੀ ਨਾਲ ਕੀਤੀ ਮਸਤੀ

  • ਰੇਹਾਨ ਫ਼ਜ਼ਲ
  • ਬੀਬੀਸੀ ਪੱਤਰਕਾਰ
Mohammed Rafi

ਗਾਇਕੀ ਦੇ ਸਰਤਾਜ ਅਤੇ ਸੁਰਾਂ ਦੇ ਬਾਦਸ਼ਾਹ ਮੁਹੰਮਦ ਰਫ਼ੀ ਦਾ ਜਨਮ 24 ਦਿਸੰਬਰ 1924 ਨੂੰ ਅੰਮ੍ਰਿਤਸਰ ਦੇ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਅਤੇ ਦੇਹਾਂਤ 31 ਜੁਲਾਈ 1980 ਨੂੰ ਮੁੰਬਈ ਵਿੱਚ ਹੋਇਆ। ਉਨ੍ਹਾਂ ਦੀ ਜ਼ਿੰਦਗੀ ਦੇ ਦਿਲਚਸਪ ਕਿੱਸਿਆਂ 'ਤੇ ਇੱਕ ਝਾਤ।

(ਇਹ ਰਿਪੋਰਟ ਬੀਬੀਸੀ ਪੰਜਾਬੀ ਵਿੱਚ ਪਹਿਲੀ ਵਾਰ ਸਾਲ 2018 ਵਿੱਚ ਛਪੀ ਸੀ)

ਸੰਗੀਤਕਾਰ ਨੌਸ਼ਾਦ ਅਕਸਰ ਮੁਹੰਮਦ ਰਫ਼ੀ ਬਾਰੇ ਇੱਕ ਦਿਲਚਸਪ ਕਿੱਸਾ ਸੁਣਾਉਂਦੇ ਸਨ। ਇੱਕ ਵਾਰ ਇੱਕ ਦੋਸ਼ੀ ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਉਸਨੂੰ ਉਸਦੀ ਆਖ਼ਰੀ ਇੱਛਾ ਪੁੱਛੀ ਗਈ ਤਾਂ ਨਾ ਉਸਨੇ ਆਪਣੇ ਪਰਿਵਾਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਅਤੇ ਨਾ ਹੀ ਕਿਸੇ ਖ਼ਾਸ ਖਾਣੇ ਦੀ ਫਰਮਾਇਸ਼।

ਉਸਦੀ ਸਿਰਫ਼ ਇੱਕ ਇੱਛਾ ਸੀ ਜਿਸ ਨੂੰ ਸੁਣ ਕੇ ਜੇਲ੍ਹ ਕਰਮਚਾਰੀ ਹੈਰਾਨ ਰਹਿ ਗਏ। ਉਸਨੇ ਕਿਹਾ ਉਹ ਮਰਨ ਤੋਂ ਪਹਿਲਾਂ ਰਫ਼ੀ ਦਾ ਬੈਜੂ ਬਾਵਰਾ ਫ਼ਿਲਮ ਦਾ ਗਾਣਾ 'ਏ ਦੁਨੀਆਂ ਕੇ ਰਖਵਾਲੇ' ਸੁਣਨਾ ਚਾਹੁੰਦਾ ਹੈ।

ਉਸਦੀ ਫਰਮਾਇਸ਼ 'ਤੇ 'ਟੇਪ ਰਿਕਾਰਡਰ ਲਿਆਂਦਾ ਗਿਆ ਅਤੇ ਉਸ ਲਈ ਉਹ ਗਾਣਾ ਵਜਾਇਆ ਗਿਆ।

ਇਹ ਵੀ ਪੜ੍ਹੋ:

ਕੀ ਤੁਹਾਨੂੰ ਪਤਾ ਹੈ ਇਸ ਗਾਣੇ ਲਈ ਮੁਹੰਮਦ ਰਫ਼ੀ ਨੇ 15 ਦਿਨ ਤੱਕ ਅਭਿਆਸ ਕੀਤਾ ਸੀ ਅਤੇ ਰਿਕਾਰਡਿੰਗ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਇਸ ਹੱਦ ਤੱਕ ਟੁੱਟ ਗਈ ਸੀ ਕਿ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਰਫ਼ੀ ਸ਼ਾਇਦ ਆਪਣੀ ਅਵਾਜ਼ ਮੁੜ ਵਾਪਿਸ ਨਹੀਂ ਹਾਸਲ ਸਕਣਗੇ।

ਪਰ ਰਫ਼ੀ ਨੇ ਲੋਕਾਂ ਨੂੰ ਗ਼ਲਤ ਸਾਬਤ ਕਰ ਦਿੱਤਾ ਅਤੇ ਭਾਰਤ ਦੇ ਸਭ ਤੋਂ ਪਸੰਦੀਦਾ ਗਾਇਕ ਬਣ ਗਏ। ਚਾਰ ਫਰਵਰੀ 1980 ਨੂੰ ਸ਼੍ਰੀਲੰਕਾ ਦੇ ਅਜ਼ਾਦੀ ਦਿਹਾੜੇ ਮੌਕੇ ਮੁਹੰਮਦ ਰਫ਼ੀ ਨੂੰ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਇੱਕ ਸ਼ੋਅ ਲਈ ਸੱਦਾ ਦਿੱਤਾ ਗਿਆ।

ਉਸ ਦਿਨ ਉਨ੍ਹਾਂ ਨੂੰ ਸੁਣਨ ਲਈ 12 ਲੱਖ ਕੋਲੰਬੋ ਵਾਸੀ ਇਕੱਠੇ ਹੋ ਗਏ ਸਨ ਜੋ ਉਸ ਵੇਲੇ ਦਾ ਵਿਸ਼ਵ ਰਿਕਾਰਡ ਸੀ।

ਤਸਵੀਰ ਸਰੋਤ, YASMIN K RAFI

ਸ਼੍ਰੀਲੰਕਾ ਦੇ ਰਾਸ਼ਟਰਪਤੀ ਜੇਆਰ ਜੈਵਰਧਨੇ ਅਤੇ ਪ੍ਰਧਾਨ ਮੰਤਰੀ ਪ੍ਰੇਮਦਾਸਾ ਉਦਘਾਟਨ ਦੇ ਤੁਰੰਤ ਬਾਅਦ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਜਾਣ ਵਾਲੇ ਸਨ।

ਪਰ ਰਫ਼ੀ ਦੇ ਜ਼ਬਰਦਸਤ ਗੀਤਾਂ ਨੇ ਉਨ੍ਹਾਂ ਨੂੰ ਰੁਕਣ ਲਈ ਮਜਬੂਰ ਕਰ ਦਿੱਤਾ ਅਤੇ ਪ੍ਰੋਗਰਾਮ ਖ਼ਤਮ ਹੋਣ ਤੱਕ ਉਹ ਉੱਥੋਂ ਨਹੀਂ ਗਏ।

ਮੁਹੰਮਦ ਰਫ਼ੀ ਦੀ ਨੂੰਹ ਅਤੇ ਉਨ੍ਹਾਂ 'ਤੇ ਕਿਤਾਬ ਲਿਖਣ ਵਾਲੀ ਯਾਸਮੀਨ ਖ਼ਾਲਿਦ ਰਫ਼ੀ ਕਹਿੰਦੇ ਹਨ ਕਿ ਰਫ਼ੀ ਦੀ ਆਦਤ ਸੀ ਜਦੋਂ ਉਹ ਵਿਦੇਸ਼ ਵਿੱਚ ਕਿਸੇ ਸ਼ੋਅ ਲਈ ਜਾਂਦੇ ਸੀ ਤਾਂ ਉੱਥੇ ਦੀ ਭਾਸ਼ਾ ਵਿੱਚ ਇੱਕ ਗੀਤ ਜ਼ਰੂਰ ਸੁਣਾਉਂਦੇ ਸਨ।

ਇਹ ਵੀ ਪੜ੍ਹੋ:

ਉਸ ਦਿਨ ਕੋਲੰਬੋ ਵਿੱਚ ਵੀ ਉਨ੍ਹਾਂ ਨੇ ਸਿੰਹਲਾ ਭਾਸ਼ਾ ਵਿੱਚ ਇੱਕ ਗੀਤ ਸੁਣਾਇਆ। ਪਰ ਜਿਵੇਂ ਹੀ ਉਨ੍ਹਾਂ ਨੇ ਹਿੰਦੀ ਗੀਤ ਗਾਣੇ ਸ਼ੁਰੂ ਕੀਤੇ ਤਾਂ ਭੀੜ ਬੇਕਾਬੂ ਹੋ ਗਈ ਅਤੇ ਅਜਿਹਾ ਉਦੋਂ ਹੋਇਆ ਜਦੋਂ ਭੀੜ ਵਿੱਚ ਸ਼ਾਇਦ ਹੀ ਕੋਈ ਹਿੰਦੀ ਸਮਝਦਾ ਸੀ।

ਜੇਕਰ ਇੱਕ ਗੀਤ ਵਿੱਚ ਇਜ਼ਹਾਰੇ-ਇਸ਼ਕ ਦੇ ਇੱਕ ਸੌ ਇੱਕ ਤਰੀਕੇ ਦੱਸਣੇ ਹੋਣ ਤਾਂ ਤੁਸੀਂ ਸਿਰਫ਼ ਇੱਕ ਹੀ ਗਾਇਕ 'ਤੇ ਆਪਣਾ ਪੈਸਾ ਲਗਾ ਸਕਦੇ ਹੋ ਅਤੇ ਉਹ ਹਨ ਮੁਹੰਮਦ ਰਫ਼ੀ।

ਤਸਵੀਰ ਸਰੋਤ, YASMIN K RAFI

ਚਾਹੇ ਉਹ ਅੱਲ੍ਹੜ ਉਮਰ ਦਾ ਪਿਆਹ ਹੋਵੇ, ਦਿਲ ਟੁੱਟਣ ਦਾ ਦਰਦ, ਪ੍ਰੇਮਿਕਾ ਨਾਲ ਪਿਆਰ ਦਾ ਇਜ਼ਹਾਰ ਹੋਵੇ, ਪ੍ਰੇਮਿਕਾ ਨੂੰ ਮਨਾਉਣਾ ਹੋਵੇ ਜਾਂ ਫਿਰ ਉਸਦੇ ਹੁਸਨ ਦੀ ਤਾਰੀਫ਼ ਹੋਵੇ... ਮੁਹੰਮਦ ਰਫ਼ੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਸੀ।

ਪਿਆਰ ਨੂੰ ਛੱਡ ਵੀ ਦਵੋ, ਮਨੁੱਖੀ ਭਾਵਨਾਵਾਂ ਦੇ ਜਿੰਨੇ ਵੀ ਪਹਿਲੂ ਹੋ ਸਕਦੇ ਹਨ...ਦੁੱਖ, ਖੁਸ਼ੀ, ਆਸਥਾ, ਦੇਸ਼ਭਗਤੀ ਜਾਂ ਫਿਰ ਗਾਇਕੀ ਦਾ ਕੋਈ ਵੀ ਰੂਪ ਹੋਵੇ ਜਿਵੇਂ ਭਜਨ, ਕਵਾਲੀ, ਲੋਕਗੀਤ, ਸ਼ਾਸਤਰੀ ਸੰਗੀਤ ਜਾਂ ਗਜ਼ਲ, ਮੁਹੰਮਦ ਰਫ਼ੀ ਵਿੱਚ ਸਾਰੇ ਗੁਣ ਮੌਜੂਦ ਸਨ।

ਇਹ ਵੀ ਪੜ੍ਹੋ:

ਰੇਜ ਆਫ਼ ਦ ਨੇਸ਼ਨ

ਰਫ਼ੀ ਨੂੰ ਪਹਿਲਾ ਬ੍ਰੇਕ ਦਿੱਤਾ ਸੀ ਸ਼ਾਮ ਸੁੰਦਰ ਨੇ ਪੰਜਾਬੀ ਫਿ਼ਲਮ 'ਗੁਲਬਲੋਚ' ਵਿੱਚ। ਮੁੰਬਈ ਦੀ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ 'ਗਾਂਓ ਕੀ ਗੋਰੀ'।

ਨੌਸ਼ਾਦ ਅਤੇ ਹੁਸਨਲਾਲ ਭਗਤਰਾਮ ਨੇ ਉਨ੍ਹਾਂ ਦੀ ਖ਼ੂਬੀ ਨੂੰ ਪਛਾਣਿਆ ਅਤੇ ਉਸ ਜ਼ਮਾਨੇ ਵਿੱਚ ਸ਼ਰਮਾਜੀ ਦੇ ਨਾਂ ਨਾਲ ਮਸ਼ਹੂਰ ਅੱਜ ਦੇ ਖ਼ਿਆਮ ਨੇ ਫ਼ਿਲਮ 'ਬੀਵੀ' ਵਿੱਚ ਉਨ੍ਹਾਂ ਤੋਂ ਗੀਤ ਗਵਾਏ।

ਤਸਵੀਰ ਸਰੋਤ, YASMIN K RAFI

ਖ਼ਿਆਮ ਯਾਦ ਕਰਦੇ ਹਨ,''1949 ਵਿੱਚ ਮੇਰੀ ਉਨ੍ਹਾਂ ਨਾਲ ਪਹਿਲੀ ਗਜ਼ਲ ਰਿਕਾਰਡ ਹੋਈ ਜਿਸਨੂੰ ਵਲੀ ਸਾਹਿਬ ਨੇ ਲਿਖਿਆ ਸੀ... 'ਅਕੇਲੇ ਮੇਂ ਵੋ ਘਰਬਾਰਤੇ ਤੋ ਹੋਂਗੇ, ਮਿਟਾ ਕੇ ਵੋ ਮੁਝਕੋ ਪਛਤਾਤੇ ਤੋ ਹੋਂਗੇ।'

"ਰਫ਼ੀ ਸਾਹਿਬ ਦੀ ਅਵਾਜ਼ ਦੇ ਕੀ ਕਹਿਣੇ, ਜਿਸ ਤਰ੍ਹਾਂ ਮੈਂ ਚਾਹਿਆ, ਉਨ੍ਹਾਂ ਨੇ ਉਸਨੂੰ ਗਾਇਆ। ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਇਹ ਗਾਣਾ ਰੇਜ ਆਫ਼ ਦ ਨੇਸ਼ਨ ਹੋ ਗਿਆ।''

ਅਰਾਧਨਾ ਤੋਂ ਰਫ਼ੀ ਨੂੰ ਝਟਕਾ

1956 ਤੋਂ 1965 ਤੱਕ ਮੁਹੰਮਦ ਰਫ਼ੀ ਦੇ ਗਾਇਕੀ ਜੀਵਨ ਦਾ ਸਭ ਤੋਂ ਚੰਗਾ ਸਮਾਂ ਸੀ। ਇਸ ਦੌਰਾਨ ਉਨ੍ਹਾਂ ਨੇ ਕੁੱਲ 6 ਫਿ਼ਲਮਫੇਅਰ ਅਵਾਰਡ ਜਿੱਤੇ ਅਤੇ ਰੇਡੀਓ ਸੀਲੋਨ ਤੋਂ ਪ੍ਰਸਾਰਿਤ ਹੋਣ ਵਾਲੇ ਬਿਨਾਕਾ ਗੀਤ ਮਾਲਾ ਵਿੱਚ 2 ਦਹਾਕਿਆਂ ਤੱਕ ਆਪਣਾ ਜਾਦੂ ਬਿਖ਼ੇਰਦੇ ਰਹੇ।

ਰਫ਼ੀ ਦੇ ਕਰਿਅਰ ਨੂੰ ਝਟਕਾ ਉਦੋਂ ਲੱਗਿਆ ਜਦੋਂ 'ਅਰਾਧਨਾ' ਫ਼ਿਲਮ ਰਿਲੀਜ਼ ਹੋਈ। ਰਾਜੇਸ਼ ਖੰਨਾ ਦੀ ਚਮਕ ਨੇ ਪੂਰੇ ਭਾਰਤ ਨੂੰ ਚਕਾਚੌਂਧ ਕਰ ਦਿੱਤਾ ਅਤੇ ਆਰਡੀ ਬਰਮਨ ਨੇ ਵੱਡੇ ਸੰਗੀਤਕਾਰ ਬਣਨ ਵੱਲ ਆਪਣਾ ਪਹਿਲਾ ਕਦਮ ਵਧਾਇਆ।

ਤਸਵੀਰ ਸਰੋਤ, YASMIN K RAFI

ਇਲਸਟ੍ਰੇਟੇਡ ਵੀਕਲੀ ਆਫ਼ ਇੰਡੀਆ ਦੇ ਸਾਬਕਾ ਸਹਿ-ਸੰਪਾਦਕ ਰਾਜੂ ਭਾਰਤਨ ਕਹਿੰਦੇ ਹਨ,''ਅਰਾਧਨਾ ਦੇ ਸਾਰੇ ਗਾਣੇ ਪਹਿਲਾਂ ਰਫ਼ੀ ਹੀ ਗਾਉਣ ਵਾਲੇ ਸੀ।''

"ਜੇਕਰ ਐਸਡੀ ਬਰਮਨ ਬਿਮਾਰ ਨਾ ਹੁੰਦੇ ਅਤੇ ਆਰਡੀ ਬਰਮਨ ਨੇ ਉਨ੍ਹਾਂ ਦਾ ਕੰਮ ਨਾ ਸੰਭਾਲਿਆ ਹੁੰਦਾ ਤਾਂ ਕਿਸ਼ੋਰ ਕੁਮਾਰ ਸਾਹਮਣੇ ਆਉਂਦੇ ਹੀ ਨਹੀਂ ਅਤੇ ਉਂਝ ਵੀ 'ਅਰਾਧਨਾ' ਦੇ ਪਹਿਲੇ 2 ਡੁਏਟ ਰਫ਼ੀ ਨੇ ਹੀ ਗਾਏ ਸੀ।''

ਭਾਰਤਨ ਦੱਸਦੇ ਹਨ,''ਪੰਚਮ ਨੇ ਬਹੁਤ ਪਹਿਲਾਂ ਹੀ ਸਪਸ਼ੱਟ ਕਰ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਰਫ਼ੀ ਦੀ ਥਾਂ ਕਿਸ਼ੋਰ ਨੂੰ ਲਿਆਉਣਗੇ।''

''ਜਿੱਥੋ ਤੱਕ ਰਫ਼ੀ ਦੀ ਲੋਕਪ੍ਰਿਅਤਾ ਵਿੱਚ ਕਮੀ ਆਉਣ ਦੀ ਗੱਲ ਹੈ ਉਸਦੇ ਕੁਝ ਕਾਰਨ ਸੀ। ਜਿਨ੍ਹਾਂ ਆਦਾਕਾਰਾਂ ਲਈ ਰਫ਼ੀ ਗਾ ਰਹੇ ਸੀ... ਦਿਲੀਪ ਕੁਮਾਰ, ਧਰਮਿੰਦਰ, ਜੀਤੇਂਦਰ ਅਤੇ ਸੰਜੀਵ ਕੁਮਾਰ, ਉਹ ਪੁਰਾਣੇ ਹੋ ਗਏ ਸਨ ਅਤੇ ਉਨ੍ਹਾਂ ਦੀ ਥਾਂ ਨਵੇਂ ਅਦਾਕਾਰ ਲੈ ਰਹੇ ਸੀ ਜਿਨ੍ਹਾਂ ਨੂੰ ਨਵੀਂ ਆਵਾਜ਼ ਦੀ ਲੋੜ ਸੀ।

"ਆਰਡੀ ਬਰਮਨ ਵਰਗੇ ਸੰਗੀਤਕਾਰ ਉਭਰ ਕੇ ਸਾਹਮਣੇ ਆ ਰਹੇ ਸਨ ਅਤੇ ਉਨ੍ਹਾਂ ਨੇ ਕੁਝ ਨਵਾਂ ਕਰਕੇ ਦਿਖਾਉਣਾ ਸੀ।''

ਰਫ਼ੀ ਦੀ ਦਰਿਆਦਿਲੀ

70 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਸੰਗੀਤਕਾਰਾਂ ਨੇ ਮੁਹੰਮਦ ਰਫ਼ੀ ਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਸੀ, ਸਿਵਾਏ ਲਕਸ਼ਮੀਕਾਂਤ ਪਿਆਰੇਲਾਲ ਦੇ।

ਮਸ਼ਹੂਰ ਬ੍ਰੋਡਕਾਸਟਰ ਅਮੀਨ ਸਿਆਨੀ ਮੁਹੰਮਦ ਰਫ਼ੀ ਅਤੇ ਲਕਸ਼ਮੀਕਾਂਤ ਪਿਆਰੇਲਾਲ ਦੇ ਬਾਰੇ ਇੱਕ ਦਿਲਚਸਪ ਕਹਾਣੀ ਸੁਣਾਉਂਦੇ ਹਨ।

ਤਸਵੀਰ ਸਰੋਤ, YASMIN K RAFI

ਸਿਆਨੀ ਕਹਿੰਦੇ ਹਨ,''ਇੱਕ ਵਾਰ ਲਕਸ਼ਮੀਕਾਂਤ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਰਫ਼ੀ ਦੇ ਕੋਲ ਗਾਣਾ ਰਿਕਾਰਡ ਕਰਵਾਉਣ ਲਈ ਗਏ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਾਲੇ ਨਵੇਂ ਹਾਂ ਇਸ ਲਈ ਕੋਈ ਪ੍ਰੋਡਿਊਸਰ ਸਾਨੂੰ ਜ਼ਿਆਦਾ ਪੈਸੇ ਵੀ ਨਹੀਂ ਦੇਵੇਗਾ। ਅਸੀਂ ਤੁਹਾਡੇ ਲਈ ਇੱਕ ਗਾਣਾ ਬਣਾਇਆ ਹੈ। ਜੇ ਤੁਸੀਂ ਇਸਨੂੰ ਘੱਟ ਪੈਸਿਆਂ ਵਿੱਚ ਗਾ ਦਿਓਗੇ ਤਾਂ ਬਹੁਤ ਮਿਹਰਬਾਨੀ ਹੋਵੇਗੀ।''

''ਰਫ਼ੀ ਨੇ ਧੁਨ ਸੁਣੀ। ਉਨ੍ਹਾਂ ਨੂੰ ਬਹੁਤ ਪਸੰਦ ਆਈ ਅਤੇ ਉਹ ਉਸਨੂੰ ਗਾਉਣ ਲਈ ਤਿਆਰ ਹੋ ਗਏ। ਰਿਕਾਰਡਿੰਗ ਦੇ ਬਾਅਦ ਉਹ ਰਫ਼ੀ ਕੋਲ ਥੋੜ੍ਹੇ ਪੈਸੇ ਲੈ ਕੇ ਆਏ।

" ਰਫ਼ੀ ਨੇ ਇਹ ਕਹਿੰਦੇ ਹੋਏ ਪੈਸੇ ਵਾਪਿਸ ਕਰ ਦਿੱਤੇ ਕਿ ਇਹ ਪੈਸੇ ਤੁਸੀਂ ਆਪਸ ਵਿੱਚ ਵੰਡ ਲਓ ਅਤੇ ਇਸੇ ਤਰ੍ਹਾਂ ਵੰਡੇ ਕੇ ਖਾਂਦੇ ਰਹੋ। ਲਕਸ਼ਮੀਕਾਂਤ ਨੇ ਮੈਨੂੰ ਦੱਸਿਆ ਕਿ ਉਸ ਦਿਨ ਦੇ ਬਾਅਦ ਤੋਂ ਉਨ੍ਹਾਂ ਨੇ ਰਫ਼ੀ ਦੀ ਇਹ ਗੱਲ ਹਮੇਸ਼ਾ ਯਾਦ ਰੱਖੀ ਅਤੇ ਹਮੇਸ਼ਾ ਵੰਡ ਕੇ ਖਾਦਾ।''

ਇਹ ਵੀ ਪੜ੍ਹੋ:

ਸਟਾਈਲਿਸ਼ ਘੜੀਆਂ ਅਤੇ ਕਾਰਾਂ ਦੇ ਸ਼ੌਕੀਨ

ਰਫ਼ੀ ਬਹੁਤ ਘੱਟ ਬੋਲਣ ਵਾਲੇ, ਲੋੜ ਤੋਂ ਵੱਧ ਨਿਮਰ ਅਤੇ ਮਿੱਠੇ ਇਨਸਾਨ ਸੀ। ਉਨ੍ਹਾਂ ਦੀ ਨੂੰਹ ਯਾਸਮੀਨ ਖ਼ੁਰਸ਼ੀਦ ਦੱਸਦੀ ਹੈ ਕਿ ਨਾ ਤਾਂ ਉਹ ਸ਼ਰਾਬ, ਸਿਗਰੇਟ ਪੀਂਦੇ ਸੀ ਅਤੇ ਨਾਂ ਹੀ ਪਾਨ ਖਾਂਦੇ ਸੀ।

ਤਸਵੀਰ ਸਰੋਤ, YASMIN K RAFI

ਬਾਲੀਵੁੱਡ ਦੀ ਪਾਰਟੀਆਂ ਵਿੱਚ ਵੀ ਜਾਣ ਦਾ ਉਨ੍ਹਾਂ ਨੂੰ ਕੋਈ ਸ਼ੌਕ ਨਹੀਂ ਸੀ। ਘਰ ਵਿੱਚ ਉਹ ਸਿਰਫ਼ ਧੋਤੀ ਕੁਰਤਾ ਹੀ ਪਾਉਂਦੇ ਸੀ ਪਰ ਜਦੋਂ ਰਿਕਾਰਡਿੰਗ 'ਤੇ ਜਾਂਦੇ ਸੀ ਤਾਂ ਹਮੇਸ਼ਾ ਚਿੱਟੀ ਕਮੀਜ਼ ਅਤੇ ਟਰਾਊਜ਼ਰ ਪਾਉਂਦੇ ਸੀ।

ਉਨ੍ਹਾਂ ਨੂੰ ਸਟਾਈਲਿਸ਼ ਘੜੀਆਂ ਅਤੇ ਫੈਂਸੀ ਕਾਰਾਂ ਦਾ ਬਹੁਤ ਸ਼ੌਕ ਸੀ। ਲੰਡਨ ਦੀਆਂ ਕਾਰਾਂ ਤੋਂ ਉਹ ਬਹੁਤ ਪ੍ਰਭਾਵਿਤ ਰਹਿੰਦੇ ਸੀ ਇਸ ਲਈ ਇੱਕ ਵਾਰ ਉਨ੍ਹਾਂ ਨੇ ਆਪਣੀ ਫ਼ਿਏਟ ਕਾਰ ਨੂੰ ਤੋਤੇ ਦੇ ਰੰਗ ਵਾਂਗ ਹਰਾ ਰੰਗਵਾ ਦਿੱਤਾ ਸੀ।

ਉਨ੍ਹਾਂ ਨੇ ਇੱਕ ਵਾਰ ਮਜ਼ਾਕ ਵੀ ਕੀਤਾ ਸੀ ਕਿ ਉਹ ਆਪਣੀ ਕਾਰ ਨੂੰ ਇਸ ਤਰ੍ਹਾਂ ਸਜਾਉਂਦੇ ਹਨ ਜਿਵੇਂ ਦੁਸ਼ਹਿਰੇ 'ਤੇ ਬੈਲ ਨੂੰ ਸਜਾਇਆ ਜਾਂਦਾ ਹੈ।

ਲੰਡਨ ਸਿਰਫ਼ ਖਾਣਾ ਖਾਣ ਗਏ

ਰਫ਼ੀ ਕਦੇ ਕਦੇ ਪਤੰਗ ਵੀ ਉਡਾਉਂਦੇ ਸੀ ਅਤੇ ਅਕਸਰ ਉਨ੍ਹਾਂ ਦੇ ਗੁਆਂਢੀ ਮੰਨਾ ਡੇ ਉਨ੍ਹਾਂ ਦੀ ਪਤੰਗ ਕੱਟ ਦਿੰਦੇ ਸੀ। ਉਹ ਬਹੁਤ ਚੰਗੀ ਮਹਿਮਾਨ ਨਵਾਜ਼ੀ ਕਰਨ ਵਾਲੇ ਸੀ। ਦਾਵਤ ਦੇਣ ਦਾ ਉਨ੍ਹਾਂ ਨੂੰ ਬਹੁਤ ਸ਼ੌਕ ਸੀ।

ਉਨ੍ਹਾਂ ਦੇ ਕਰੀਬੀ ਦੋਸਤ ਖ਼ਿਆਮ ਦੱਸਦੇ ਹਨ ਕਿ ਰਫ਼ੀ ਸਾਹਿਬ ਨੇ ਕਈ ਵਾਰ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਜਗਜੀਤ ਕੌਰ ਨੂੰ ਖਾਣੇ 'ਤੇ ਬੁਲਾਇਆ ਸੀ ਅਤੇ ਉਨ੍ਹਾਂ ਦੇ ਘਰ ਦਾ ਖਾਣਾ ਬਹੁਤ ਸਵਾਦ ਹੋਇਆ ਕਰਦਾ ਸੀ।

ਯਾਸਮੀਨ ਖ਼ਾਲਿਦ ਦੱਸਦੇ ਹਨ ਕਿ ਇੱਕ ਵਾਰ ਉਹ ਬ੍ਰਿਟੇਨ ਦੇ ਕੌਵੇਂਟਰੀ ਵਿੱਚ ਸ਼ੋਅ ਕਰ ਰਹੇ ਸੀ। ਜਦੋਂ ਉਹ ਆਪਣੇ ਪਤੀ ਖ਼ਾਲਿਦ ਨਾਲ ਉਨ੍ਹਾਂ ਨੂੰ ਮਿਲਣ ਗਈ ਤਾਂ ਉਹ ਥੋੜ੍ਹੇ ਖ਼ਰਾਬ ਮੂਡ ਵਿੱਚ ਸੀ ਕਿਉਂਕਿ ਉਨ੍ਹਾਂ ਨੂੰ ਉੱਥੇ ਚੰਗਾ ਖਾਣਾ ਨਹੀਂ ਮਿਲ ਰਿਹਾ ਸੀ।

ਤਸਵੀਰ ਸਰੋਤ, YASMIN K RAFI

ਉਨ੍ਹਾਂ ਨੇ ਪੁੱਛਿਆ ਇੱਥੋਂ ਲੰਡਨ ਜਾਣ ਵਿੱਚ ਕਿੰਨਾ ਸਮਾਂ ਲੱਗੇਗਾ। ਖ਼ੁਰਸ਼ੀਦ ਨੇ ਜਵਾਬ ਦਿੱਤਾ ਤਿੰਨ ਘੰਟੇ।

ਫਿਰ ਉਹ ਯਾਸਮੀਨ ਵੱਲ ਮੁੜੇ ਤੇ ਪੁੱਛਿਆ ਕੀ ਤੁਸੀਂ ਇੱਕ ਘੰਟੇ ਵਿੱਚ ਦਾਲ, ਚਾਵਲ ਤੇ ਚਟਨੀ ਬਣਾ ਸਕਦੇ ਹੋ? ਯਾਸਮੀਨ ਨੇ ਜਦੋਂ ਹਾਂ ਕਿਹਾ ਤਾਂ ਰਫ਼ੀ ਬੋਲੇ,''ਚਲੋ ਲੰਡਨ ਚੱਲਦੇ ਹਾਂ। ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਅਸੀਂ ਸੱਤ ਵਜੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਕੌਵੇਂਟਰੀ ਵਾਪਿਸ ਆ ਜਾਵਾਂਗੇ।''

ਰਫ਼ੀ, ਖ਼ਾਲਿਦ ਅਤੇ ਯਾਸਮੀਨ ਬਿਨਾਂ ਕਿਸੇ ਨੂੰ ਦੱਸੇ ਲੰਡਨ ਚਲੇ ਗਏ। ਯਾਸਮੀਨ ਨੇ ਉਨ੍ਹਾਂ ਲਈ ਦਾਲ, ਚਾਵਲ, ਚਟਨੀ ਅਤੇ ਪਿਆਜ਼ ਟਮਾਟਰ ਦਾ ਸਲਾਦ ਬਣਾਇਆ।

ਰਫ਼ੀ ਨੇ ਖਾਣਾ ਖਾ ਕੇ ਯਾਸਮੀਨ ਨੂੰ ਬਹੁਤ ਦੁਆਵਾਂ ਦਿੱਤੀਆਂ ਅਤੇ ਅਜਿਹਾ ਲੱਗਿਆ ਕਿ ਜਿਵੇਂ ਕਿਸੇ ਬੱਚੇ ਨੂੰ ਉਸਦੀ ਪਸੰਦ ਦਾ ਖਿਡੌਣਾ ਮਿਲ ਗਿਆ ਹੋਵੇ।

ਮੁਹੰਮਦ ਅਲੀ ਨਾਲ ਮੁਲਾਕਾਤ

ਰਫ਼ੀ ਨੂੰ ਬੌਕਸਿੰਗ ਦੇ ਮੁਕਾਬਲੇ ਦੇਖਣ ਦਾ ਬਹੁਤ ਸ਼ੌਕ ਸੀ ਅਤੇ ਮੁਹੰਮਦ ਅਲੀ ਉਨ੍ਹਾਂ ਦੇ ਪਸੰਦੀਦਾ ਬੌਕਸਰ ਸੀ।

1977 ਵਿੱਚ ਜਦੋਂ ਉਹ ਇੱਕ ਸ਼ੋਅ ਦੇ ਸਿਲਸਿਲੇ ਵਿੱਚ ਸ਼ਿਕਾਗੋ ਗਏ ਤਾਂ ਪ੍ਰਬੰਧਕਾਂ ਨੂੰ ਰਫ਼ੀ ਦੇ ਇਸ ਸ਼ੌਕ ਦਾ ਪਤਾ ਲੱਗਿਆ।

ਉਨ੍ਹਾਂ ਨੇ ਰਫ਼ੀ ਅਤੇ ਅਲੀ ਦੀ ਇੱਕ ਮੁਲਾਕਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਐਨਾ ਸੌਖਾ ਕੰਮ ਵੀ ਨਹੀਂ ਸੀ।

ਜਦੋਂ ਅਲੀ ਨੂੰ ਦੱਸਿਆ ਗਿਆ ਕਿ ਰਫ਼ੀ ਵੀ ਗਾਇਕ ਦੇ ਤੌਰ 'ਤੇ ਉਨੇ ਹੀ ਮਸ਼ਹੂਰ ਹਨ ਜਿੰਨੇ ਉਹ ਬੌਕਸਿੰਗ ਦੇ ਰੂਪ ਵਿੱਚ, ਤਾਂ ਅਲੀ ਉਨ੍ਹਾਂ ਨੂੰ ਮਿਲਣ ਲਈ ਤਿਆਰ ਹੋ ਗਏ।

ਦੋਵਾਂ ਦੀ ਮੁਲਾਕਾਤ ਹੋਈ ਅਤੇ ਰਫ਼ੀ ਨੇ ਬੌਕਸਿੰਗ ਪੋਜ਼ ਵਿੱਚ ਮੁਹਮੰਦ ਅਲੀ ਨਾਲ ਫੋਟੋ ਖਿਚਵਾਈ।

ਤਸਵੀਰ ਸਰੋਤ, LATA CALANDER

ਤਸਵੀਰ ਕੈਪਸ਼ਨ,

ਸੰਗੀਤਕਾਰ ਨੌਸ਼ਾਦ ਅਤੇ ਲਤਾ ਮੰਗੇਸ਼ਕਰ ਦੋਵਾਂ ਦੇ ਨਾਲ ਰਫ਼ੀ ਨੇ ਕਾਫ਼ੀ ਕੰਮ ਕੀਤਾ

'ਪਦਮਸ਼੍ਰੀ ਤੋਂ ਕਿਤੇ ਉੱਚੇ ਸਨਮਾਨ ਦੇ ਹੱਕਦਾਰ'

ਮੈਂ ਰਾਜੂ ਭਾਰਤਨ ਤੋਂ ਪੁੱਛਿਆ ਕਿ ਕੀ ਰਫ਼ੀ ਨੂੰ ਉਨ੍ਹਾਂ ਦੇ ਜਿਉਂਦੇ ਜੀਅ ਉਹ ਸਨਮਾਨ ਮਿਲ ਸਕਿਆ ਜਿਸਦੇ ਉਹ ਹੱਕਦਾਰ ਸੀ?

ਭਾਰਤਨ ਦਾ ਜਵਾਬ ਸੀ,''ਸ਼ਾਇਦ ਨਹੀਂ ਪਰ ਰਫ਼ੀ ਨੇ ਸਨਮਾਨ ਲਈ ਕਦੀ ਲੋਬਿੰਗ ਨਹੀਂ ਕੀਤੀ। ਮੈਂ ਮੰਨਦਾ ਹਾਂ ਕਿ ਉਨ੍ਹਾਂ ਨੂੰ ਅਪਣਾ ਹੱਕ ਨਹੀਂ ਮਿਲਿਆ। ਉਨ੍ਹਾਂ ਨੂੰ ਇਸ ਤੋਂ ਵੱਧ ਮਿਲਣਾ ਚਾਹੀਦਾ ਸੀ।''

''1967 ਵਿੱਚ ਜਦੋਂ ਉਨ੍ਹਾਂ ਨੂੰ ਪਦਮਸ਼੍ਰੀ ਮਿਲਿਆ ਤਾਂ ਉਨ੍ਹਾਂ ਨੇ ਕੁਝ ਸਮੇਂ ਲਈ ਸੋਚਿਆ ਕਿ ਇਸਨੂੰ ਵਾਪਿਸ ਕਰ ਦੇਵਾਂ, ਪਰ ਫਿਰ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਤੁਸੀਂ ਇੱਕ ਖ਼ਾਸ ਭਾਈਚਾਰੇ ਤੋਂ ਹੋ ਅਤੇ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਨੂੰ ਗ਼ਲਤ ਸਮਝਿਆ ਜਾਵੇਗਾ। ਉਨ੍ਹਾਂ ਨੇ ਇਸ ਸਲਾਹ ਨੂੰ ਮੰਨ ਲਿਆ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।''

''ਜੇਕਰ ਉਹ ਪਦਮ ਭੂਸ਼ਣ ਦਾ ਇੰਤਜ਼ਾਰ ਕਰਦੇ ਤਾਂ ਉਨ੍ਹਾਂ ਨੂੰ ਜ਼ਰੂਰ ਮਿਲਦਾ ਅਤੇ ਉਹ ਉਸਦੇ ਹੱਕਦਾਰ ਵੀ ਸੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)