ਡਾ. ਆਮਟੇ ਦੀ ਜੰਗਲੀ ਜੀਵਨ ਬਚਾਉਣ ਦੀ ਮੁਹਿੰਮ ਨੂੰ ਕੀ ਹੈ ਖ਼ਤਰਾ?

ਵੀਡੀਓ ਕੈਪਸ਼ਨ,

ਕੀ ਤੁਸੀਂ ਦੇਖਿਆ ਹੈ ਜੰਗਲੀ ਜਾਨਵਰਾਂ ਦਾ ਅਨਾਥ ਆਸ਼ਰਮ?

ਸਰਕਾਰੀ ਨੇਮਾਂ (ਰਿਕੋਗਨਿਸ਼ਨ ਆਫ਼ ਜ਼ੂ ਰੂਲਜ਼, 2009) ਮੁਤਾਬਕ ਜੰਗਲੀ ਜਾਨਵਰਾਂ ਨਾਲ ਕਿਸੇ ਵੀ ਕਿਸਮ ਦੀ ਛੇੜਖਾਨੀ ਵਜੋਂ ਕਨੂੰਨੀ ਕਾਰਵਾਈ ਹੋ ਸਕਦੀ ਹੈ।

ਇਹ ਗੱਲ ਲੰਮੇ ਸਮੇਂ ਤੋਂ ਜੰਗਲੀ ਜੀਵਾਂ ਨਾਲ ਰਿਸ਼ਤਾ ਰੱਖਣ ਵਾਲੇ ਪਸ਼ੂ ਪ੍ਰੇਮੀ ਲਈ ਦਿਲ ਤੋੜਨ ਵਾਲੀ ਗੱਲ ਹੈ।

ਬਾਬਾ ਆਮਟੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ 44 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਹੇਮਾਲਕਸਾ ਹੁਣ ਇੱਕ ਦਿਲਕਸ਼ ਥਾਂ ਬਣ ਗਿਆ ਹੈ।

1972 ਵਿੱਚ ਬਾਬਾ ਆਮਟੇ ਨੇ ਡਾ. ਮਨਡਾ ਆਮਟੇ ਤੇ ਆਪਣੇ ਹੋਰ ਸਹਿਯੋਗੀਆਂ ਨਾਲ ਮਿਲ ਕੇ ਆਦੀਵਾਸੀਆਂ ਦੀ ਭਲਾਈ ਲਈ ਇਹ ਕਾਰਜ ਇਸ ਦੂਰ ਵਸਦੇ ਜਿਲ੍ਹੇ ਗਡਚਿਰੋਲੀ ਵਿੱਚ ਸ਼ੁਰੂ ਕੀਤਾ।

40 ਸਾਲਾਂ ਤੋਂ ਚਲਾ ਰਹੇ ਹਨ ਅਨਾਥ ਆਸ਼ਰਮ

ਅੱਗੇ ਜਾ ਕੇ ਉਨ੍ਹਾਂ ਪੜਾਉਣਾ ਵੀ ਸ਼ੁਰੂ ਕਰ ਦਿੱਤਾ ਤੇ ਰੋਜ਼ੀ ਰੋਟੀ ਦੇ ਬਦਲਵੇਂ ਸਾਧਨ ਵੀ ਸਿਰਜਣੇ ਸ਼ੁਰੂ ਕਰ ਦਿੱਤੇ ਤਾਂ ਕਿ ਪਸ਼ੂਆਂ ਤੇ ਇਨਸਾਨਾਂ ਵਿਚਕਾਰ ਤਾਲਮੇਲ ਕਾਇਮ ਕੀਤਾ ਜਾ ਸਕੇ।

ਇਹੀ ਇਸ ਪ੍ਰੋਜੈਕਟ ਦੀ ਬੁਨਿਆਦ ਹੈ ਪਰ ਨਵੇਂ ਕਨੂੰਨ ਨਾਲ ਇਹ ਇੱਕ ਕਿਸਮ ਨਾਲ ਖਾਰਜ ਹੋ ਜਾਵੇਗਾ।

ਮੈਗਸੇਸੇ ਇਨਾਮ ਜੇਤੂ, ਡਾ. ਪ੍ਰਕਾਸ਼ ਆਮਟੇ ਜੰਗਲੀ ਜੀਵਾਂ ਲਈ 40 ਸਾਲਾਂ ਤੋਂ ਇੱਕ ਅਨਾਥ ਆਸ਼ਰਮ ਚਲਾ ਰਹੇ ਹਨ।

1973 ਵਿੱਚ ਸ਼ੁਰੂ ਹੋਏ ਇਸ 'ਆਮਟੇ ਆਰਕ' ਨੂੰ 1991 ਵਿੱਚ ਬਚਾਅ ਕੇਂਦਰ ਦਾ ਦਰਜਾ ਮਿਲਿਆ।

2009 ਦੇ ਨਿਯਮਾਂ ਮੁਤਾਬਕ ਜੰਗਲੀ ਜੀਵਾਂ ਨਾਲ ਦਖ਼ਲ ਅੰਦਾਜ਼ੀ ਦੀ ਮਨਾਹੀ ਹੈ।

ਅਕਤੂਬਰ 2017 ਵਿੱਚ ਕੇਂਦਰੀ ਚਿੜੀਆਘਰ ਅਥਾਰਟੀ ਨੇ ਇਸ ਸਬੰਧ ਵਿੱਚ ਆਮਟੇ ਆਰਕ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਬੀਬੀਸੀ ਟੀਮ ਇਸ ਦੀ ਛਾਣ ਬੀਣ ਲਈ ਗਡਚਿਰੋਲੀ ਪਹੁੰਚੀ।

ਜੈਸਪਰ ਲੱਕੜਬੱਘਾ ਦੋ ਮਹੀਨਿਆਂ ਦਾ ਸੀ ਜਦੋਂ ਸਥਾਨਕ ਲੋਕ ਇਸ ਨੂੰ ਲੈ ਕੇ ਆਏ ਸਨ ਹੁਣ 15 ਸਾਲ ਦਾ ਹੋ ਗਿਆ ਹੈ ਤੇ ਐਲਸਾ ਚੀਤੇ ਦਾ ਬੱਚਾ ਵੀ ਇਸੇ ਤਰ੍ਹਾ ਹੀ ਹੈ।

ਲੱਕੜਬੱਘਾ ਤੇ ਤੇਂਦੂਆ ਖੂੰਖਾਰ ਮੰਨੇ ਜਾਂਦੇ ਹਨ ਪਰ ਡਾ. ਆਮਟੇ ਲਈ ਤਾਂ ਇਹ ਭੋਰਾ ਵੀ ਖ਼ਤਰਨਾਕ ਨਹੀਂ ਹਨ।

ਉਹ ਯਾਦ ਕਰਕੇ ਦੱਸਦੇ ਹਨ ਕਿ ਪਿਛਲੇ 44 ਸਾਲਾਂ ਵਿੱਚ ਇਨ੍ਹਾਂ ਨੇ ਕਿਸੇ 'ਤੇ ਹਮਲਾ ਨਹੀਂ ਕੀਤਾ ਬਲਕਿ ਲਾਡ ਹੀ ਦਿਖਾਏ ਹਨ।

1973 ਵਿੱਚ ਆਮਟੇ ਜੋੜੀ ਨੇ ਲੋਕ ਬਿਰਾਦਰੀ ਪ੍ਰਕਲਪ ਅਧੀਨ ਆਦੀਵਾਸੀਆਂ ਦੀ ਭਲਾਈ ਲਈ ਕੰਮ ਸ਼ੁਰੂ ਕੀਤਾ।

ਇਹ ਜ਼ਿਆਦਾਤਰ ਗੌਂਡ ਤੇ ਮਾਦੀਆ ਕਬੀਲੇ ਸਨ। ਇਹ ਲੋਕ ਸਾਡੇ ਕੋਲ ਬੀਮਾਰੀ ਦੀ ਹਾਲਤ ਜਾਂ ਖੁਰਾਕ ਦੀ ਭਾਲ ਵਿੱਚ ਹੀ ਆਉਂਦੇ ਸਨ।

ਆਦੀਵਾਸੀਆਂ ਦੀ ਭਲਾਈ ਲਈ ਬਾਬਾ ਆਮਟੇ ਨੂੰ ਸਰਕਾਰ ਵੱਲੋਂ 50 ਏਕੜ ਜ਼ਮੀਨ ਮਿਲੀ ਸੀ।

ਨਿੱਕੇ ਬਾਂਦਰ ਦੀ ਕਹਾਣੀ

ਡਾ. ਆਮਟੇ ਦੀਆਂ ਗੱਲਾਂ ਵਿੱਚ ਅਨਾਥ ਆਸ਼ਰਮ ਦੀਆਂ ਕਹਾਣੀਆਂ ਸਜੀਵ ਹੋ ਜਾਂਦੀਆਂ ਹਨ।

"ਇੱਕ ਵਾਰ ਅਸੀਂ ਵੇਖਿਆ ਕਿ ਆਦੀਵਾਸੀ ਇੱਕ ਬਾਂਦਰੀ ਦਾ ਸ਼ਿਕਾਰ ਕਰ ਕੇ ਲਿਜਾ ਰਹੇ ਸਨ ਤੇ ਉਸਦੀ ਛਾਤੀ ਨਾਲ ਇੱਕ ਬੱਚਾ ਚਿਪਕਿਆ ਹੋਇਆ ਸੀ। ਉਹ ਇਹ ਸ਼ਿਕਾਰ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਲੈ ਕੇ ਜਾ ਰਹੇ ਸਨ।"

"ਅਸੀਂ ਬੱਚੇ ਦੇ ਬਦਲੇ ਚੌਲ ਦੇ ਕੇ ਬੱਚਾ ਰੱਖ ਲਿਆ। ਇਸ ਤਰ੍ਹਾਂ 1970 ਵਿੱਚ ਇਸ ਅਨਾਥ ਆਸ਼ਰਮ ਦੀ ਸ਼ੁਰੂਆਤ ਹੋਈ। 17 ਸਾਲਾਂ ਤੋਂ ਇਹ ਪਸ਼ੂ ਡਾ. ਆਮਟੇ ਨਾਲ ਰਹਿ ਰਹੇ ਸਨ।"

ਹੇਮਾਲਕਸਾ ਵਿਚ ਪਸ਼ੂਆਂ ਤੇ ਇਨਸਾਨਾਂ ਦੇ ਰਿਸ਼ਤੇ ਬਾਰੇ ਵਿਲਾਸ ਮਨੋਹਰ ਨੇ ਮਰਾਠੀ ਵਿੱਚ ਇੱਕ ਕਿਤਾਬ- ਤੇਂਦੂਆ ਵੀ ਲਿਖੀ ਹੈ।

'ਆਮਟੇ ਦੀ ਕਿਸ਼ਤੀ'

ਡਾ. ਆਮਟੇ ਹਜ਼ਰਤ ਨੂੰਹ ਦੀ ਕਿਸ਼ਤੀ ਦੀ ਕਹਾਣੀ ਸੁਣਾਉਂਦੇ ਹਨ ਜਿਸ ਰਾਹੀਂ ਜਾਨਵਰਾਂ ਨੂੰ ਸੈਲਾਬ ਤੋਂ ਬਚਾਇਆ ਗਿਆ ਸੀ ਤਾਂ ਕਿ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ ਜਾ ਸਕੇ।

ਡਾ. ਆਮਟੇ ਨੇ ਦੱਸਿਆ ਕਿ ਜ਼ੂ ਆਊਟਰੀਚ ਆਰਗਨਾਈਜ਼ੇਸ਼ਨ ਵਾਲੇ ਸੈਲੀ ਵਾਕਰ ਨੇ ਜਦੋਂ ਪਰਸਪਰ ਵਿਰੋਧੀ ਜੀਵਾਂ ਜਿਵੇਂ ਤੇਂਦੂਆ, ਹਿਰਨ, ਸ਼ੇਰ ਆਦਿ ਨੂੰ ਇੱਕਠੇ ਰਹਿੰਦੇ ਵੇਖਿਆ ਤਾਂ ਇਹ ਨਾਂ ਸੁਝਾਇਆ। ਗ੍ਰਾਂਟ ਕਰਕੇ ਪਸ਼ੂਆਂ ਲਈ ਪਿੰਜਰੇ ਲਿਆਂਦੇ ਗਏ।

ਪਰ ਆਦੀਵਾਸੀਆਂ ਲਈ ਬਦਲਵੇਂ ਰੁਜ਼ਗਾਰ ਤੇ ਸਕੂਲ ਦਾ ਬੰਦੋਬਸਤ ਕਰਨ ਦੀ ਲੋੜ ਸੀ। 1974 ਵਿੱਚ ਆਦੀਵਾਸੀ ਬੱਚਿਆਂ ਲਈ ਇੱਕ ਸਕੂਲ ਸ਼ੁਰੂ ਕੀਤਾ ਗਿਆ।

ਸ਼ਿਕਾਰ ਦਾ ਬਦਲ

ਡਾ. ਮਨਡਾ ਆਮਟੇ ਦੱਸਦੇ ਹਨ ਕਿ ਆਦੀਵਾਸੀਆਂ ਦੀ ਜਿੰਦਗੀ ਵਿੱਚ ਕਾਫ਼ੀ ਫਰਕ ਆਇਆ ਹੈ।

ਪਹਿਲਾਂ ਸਕੂਲ ਆਉਣ ਵਾਲੇ ਬੱਚਿਆਂ ਕੋਲ ਸ਼ਿਕਾਰ ਕਰਨ ਲਈ ਤੀਰ ਕਮਾਨ ਹੁੰਦਾ ਸੀ ਪਰ ਹੁਣ ਨਹੀਂ।

ਇੱਕ ਨੌਜਵਾਨ ਮੋਨਸ਼ੀ ਡੋਰਵਾ ਦਾ ਮੰਨਣਾ ਹੈ ਕਿ ਤਬਦੀਲੀ ਇੱਥੋਂ ਦੇ ਪਿਆਰ ਨੂੰ ਵੇਖ ਕੇ ਆਈ ਹੈ।

ਉਹ ਕਹਿੰਦੇ ਹਨ, "ਇੱਕ ਬੱਚੇ ਵਜੋਂ ਮੈਨੂੰ ਯਾਦ ਹੈ ਕਿ ਮੇਰੇ ਪਿਤਾ, ਦਾਦਾ ਸ਼ਿਕਾਰ ਲਈ ਜਾਂਦੇ ਸਨ। ਬਾਂਦਰ ਮਾਰੇ ਜਾਂਦੇ ਸਨ ਪਰ ਹੁਣ ਅਸੀਂ ਅਜਿਹਾ ਨਹੀਂ ਕਰਦੇ।"

ਉਸ ਮੁਤਾਬਕ ਹੁਣ ਸਬਜ਼ੀਆਂ ਤੇ ਅਨਾਜ ਵਰਤਿਆ ਜਾਂਦਾ ਹੈ।

ਸਾਨੂੰ ਸ਼ਿਕਾਰ ਦਾ ਅਨੁਭਵ ਦੇਣ ਲਈ ਉਸ ਨੇ ਇੱਕ ਫੰਦਾ ਲਾਇਆ।

ਹਾਲੇ ਵੀ ਇਨ੍ਹਾਂ ਕੋਲ ਵੱਡੇ-ਵੱਡੇ ਫੰਦੇ ਹਨ ਜਾਲ, ਭਾਲੇ ਤੇ ਸ਼ਿਕਾਰੀ ਹਥਿਆਰ ਹਨ।

ਅਸੀਂ ਮੋਨਸ਼ੀ ਡੋਰਵਾ ਦੀ ਖੁਸ਼ੀ ਤਾਂ ਵੇਖੀ ਪਰ ਉਹ ਆਦੀਵਾਸੀ ਸੱਭਿਆਚਾਰ ਵੀ ਰੱਖਣਾ ਚਾਹੁੰਦਾ ਹੈ।

ਜਿਊਣ ਲਈ ਸ਼ਿਕਾਰ ਦੀ ਥਾਂ ਹੁਣ ਖੇਤੀ ਕੀਤੀ ਜਾਂਦੀ ਹੈ। ਇਸ ਕਰਕੇ ਆਰਕ ਵਿੱਚ ਆਉਣ ਵਾਲੇ ਪਸ਼ੂਆਂ ਦੀ ਗਿਣਤੀ ਘਟੀ ਹੈ।

ਵਿਭਿੰਨ ਪ੍ਰਜਾਤੀਆਂ ਦੇ ਘਰ ਹੋਣ ਤੋਂ ਇਲਾਵਾ ਆਮਟੇ ਆਰਕ ਨੇ ਹਜ਼ਾਰਾਂ ਜਾਨਵਰਾਂ ਨੂੰ ਬਚਾਇਆ ਵੀ ਹੈ।

ਆਮਟੇ ਆਰਕ ਦੇ ਸਹਿ-ਨਿਰਦੇਸ਼ਕ ਅਨੀਕੇਤ ਆਮਟੇ ਨੇ ਤੱਥ ਸਾਂਝੇ ਕੀਤੇ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਰੇ ਜਾਨਵਰ ਆਦੀਵਾਸੀਆਂ ਰਾਹੀਂ ਨਹੀਂ ਆਏ।

ਉਨ੍ਹਾਂ ਨੇ ਦੱਸਿਆ, "ਜੰਗਲਾਤ ਵਿਭਾਗ ਨੇ ਉਨ੍ਹਾਂ ਨੂੰ ਦੇਖਭਾਲ ਲਈ 10 ਚੀਤੇ ਦਿੱਤੇ ਅਤੇ ਇਸੇ ਤਰ੍ਹਾਂ ਹੀ ਭਾਲੂ, ਹਿਰਨ ਤੇ ਚੀਤੇ ਆਉਣੇ ਜਾਰੀ ਹਨ। ਮਹਾਰਾਸ਼ਟਰ ਦੇ ਅਹਿਮਦਨਗਗਰ ਅਤੇ ਨਾਸ਼ਿਕ ਜ਼ਿਲੇ ਵਿੱਚ ਤੇਂਦੂਏ ਦੇ ਹਮਲੇ ਦੀਆਂ ਖ਼ਬਰਾਂ ਆ ਰਹੀਆਂ ਸਨ ਖ਼ਾਸ ਕਰ ਜੰਗਲਾਂ 'ਤੇ ਮਨੁੱਖੀ ਕਬਜ਼ਿਆਂ ਕਾਰਨ। ਜੰਗਲਾਤ ਵਿਭਾਗ ਵੱਲੋਂ ਜਵਾਨ ਬੱਚੇ ਸਾਨੂੰ ਦੇ ਦਿੱਤੇ ਜਾਂਦੇ ਹਨ।"

ਬਚਾਅ ਕੇਂਦਰ ਅਤੇ ਅਨਾਥ ਆਸ਼ਰਮ

ਅਨੀਕੇਤ ਕਹਿੰਦੇ ਹਨ ਕਿ ਬਚਾਅ ਕੇਂਦਰ ਦਾ ਲਾਇਸੈਂਸ ਰਿਨਿਊ ਕਰਨਾ ਹੋਵੇਗਾ ਜੋ 1 ਨਵੰਬਰ 2017 ਨੂੰ ਖ਼ਤਮ ਹੋ ਗਿਆ ਸੀ।

ਕੇਂਦਰੀ ਚਿੜੀਆਘਰ ਅਥੋਰਿਟੀ ਨਾਲ ਹੋਈ ਬੈਠਕ ਵਿੱਚ ਕੁਝ ਇਤਰਾਜ਼ ਚੁੱਕੇ ਜਾਣ ਕਾਰਨ ਉਨ੍ਹਾਂ ਦਾ ਸਪੱਸ਼ਟੀਕਰਨ ਦਿੱਤਾ ਗਿਆ ਹੈ ਅਤੇ ਫ਼ੈਸਲੇ ਦੀ ਉਡੀਕ ਹੋ ਰਹੀ ਹੈ।

ਅਨੀਕੇਤ ਨੇ ਕਿਹਾ, "ਬਚਾਅ ਕੇਂਦਰ 'ਚ ਭਾਲੂਆਂ ਦੇ ਗ਼ੈਰਕਨੂੰਨੀ ਦਾਖ਼ਲੇ ਅਧਿਕਾਰੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਰਿਹਾ ਹੈ। ਨਵੇਂ ਮਾਸਟਰ ਪਲਾਨ ਸੋਧਾਂ ਤਹਿਤ ਉਪਾਅ ਵਜੋਂ ਉਚਿਤ ਪਿੰਜਰਿਆਂ ਦਾ ਸੁਝਾਅ ਦਿੰਦੇ ਹਨ ਅਤੇ ਪੈਨਲ ਵੱਲੋਂ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ। ਇਸ 'ਤੇ ਆਉਣ ਵਾਲੀ ਲਾਗਤ ਦਾ ਅੰਦਾਜ਼ਾ 10 ਕਰੋੜ ਹੈ, ਜੋ ਪੜਾਵਾਂ ਵਿੱਚ ਕੀਤਾ ਜਾਵੇਗਾ।"

ਇੱਕ ਹੋਰ ਇਤਰਾਜ਼ ਤਹਿਤ ਚਿੜੀਆਘਰ ਅਥੋਰਿਟੀ ਆਮਟੇ ਆਰਕ ਵੱਲੋਂ ਸੋਸ਼ਲ ਮੀਡੀਆ, ਅਖ਼ਬਾਰਾਂ ਅਤੇ ਆਪਣੀਆਂ ਚਿੱਠੀਆਂ 'ਤੇ ਇਸਤੇਮਾਲ ਕਰਨੀ ਵਾਲੀਆਂ ਆਕ੍ਰਿਤੀਆਂ ਦੇ ਖ਼ਿਲਾਫ਼ (ਚਿੜੀਆਘਰ ਦੇ ਨੇਮ 2009 ਮੁਤਾਬਕ) ਹੈ।

ਅਸੀਂ ਜਾਨਵਰ ਗੋਦ ਕਿਉਂ ਲੈਂਦੇ ਹਾਂ?

ਪ੍ਰਕਾਸ਼ ਆਮਟੇ ਦਾ ਕਹਿਣਾ ਹੈ, "ਇਨ੍ਹਾਂ 'ਚੋਂ ਜ਼ਿਆਦਾਤਰ ਆਪਣੀ ਮਾਂ ਗਵਾ ਲੈਂਦੇ ਹਨ। ਜੋਂ ਉਨ੍ਹਾਂ ਨੂੰ ਜੀਣ ਦੇ ਹੁਨਰ ਸਿਖਾਉਂਦੀ ਹੈ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਦੀ ਹੈ। ਉਹ ਨਹੀਂ ਹੈ ਇਸ ਲਈ ਅਸੀਂ ਉਹ ਕਰਦੇ ਹਾਂ।"

ਡਾ. ਆਮਟੇ ਦੱਸਦੇ ਹਨ ਕਿ ਬਚਾਅ ਕੇਂਦਰ ਦੇ ਨੇਮ ਸੁਝਾਉਂਦੇ ਹਨ ਕਿ ਜਖ਼ਮੀ ਜਾਨਵਰਾਂ ਦੀ ਦੇਖਭਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੰਗਲ 'ਚ ਛੱਡ ਦਿਉ।

"ਇਹ ਅਨਾਥ ਆਸ਼ਰਮ ਹੈ ਅਤੇ ਭਾਰਤੀ ਕਨੂੰਨ 'ਚ ਇਸ ਲਈ ਕੋਈ ਪ੍ਰਾਵਧਾਨ ਨਹੀਂ ਹੈ।"

ਉਨ੍ਹਾਂ ਨੇ ਕਿਹਾ ਕਿ ਉਹ ਨਵੇਂ ਦਾਖ਼ਲ ਕੀਤੇ ਗਏ ਜਾਨਵਰਾਂ ਨੂੰ ਨਹੀਂ ਸੰਭਾਲ ਸਕਣਗੇ।

ਇਸ ਸਬੰਧ ਵਿੱਚ ਜਦੋਂ ਬੀਬੀਸੀ ਟੀਮ ਨੇ ਚਿੜੀਆਘਰ ਅਥੋਰਿਟੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਸਾਲ 2016 'ਚ ਆਮਟੇ ਆਰਕ ਨੂੰ ਭੇਜੇ ਇੱਕ ਨੋਟਿਸ ਦੀ ਹੀ ਕਾਪੀ ਮਿਲੀ।

ਇਹ ਤੇਂਦੂਏ, ਹਿਰਨਾਂ, ਨੀਲ ਗਾਵਾਂ, ਭਾਲੂਆਂ, ਮਗਰਮੱਛਾਂ, ਲੋਬੜੀਆਂ, ਉਲੂਆਂ, ਮੋਰਾਂ, ਸੱਪਾਂ ਆਦਿ 100 ਤੋਂ ਵੱਧ ਪੰਛੀਆਂ ਅਤੇ ਜਾਨਵਰਾਂ ਲਈ ਘਰ ਹੈ।

ਆਮਟੇ ਲੋਕ ਬਿਰਾਦਰੀ ਪ੍ਰਕਲਪ ਹਸਪਤਾਲ, ਸਕੂਲ ਅਤੇ ਹੋਸਟਲ ਸਾਰੇ ਭਾਰਤੀ ਲੋਕਾਂ ਲਈ ਖੁੱਲ੍ਹੇ ਹੁੰਦੇ ਹਨ।

ਇੰਨੀ ਮਹਾਨ ਸੋਚ ਨੇ ਇਸ ਪੱਛੜੇ ਇਲਾਕੇ ਗਡਚਿਰੋਲੀ ਨੂੰ ਦੁਨੀਆਂ ਵਿੱਚ ਪਛਾਣ ਦੇ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)