'ਰਾਜੇਸ਼ ਖੰਨਾ ਨੇ ਦਿੱਤੀਆਂ ਲਗਾਤਾਰ 15 ਹਿੱਟ ਫ਼ਿਲਮਾਂ'

RAJESH KHANNA Image copyright AFP

ਰਾਜੇਸ਼ ਖੰਨਾ ਨੂੰ ਲੋਕ ਪਿਆਰ ਨਾਲ 'ਕਾਕਾ' ਕਹਿ ਕੇ ਬੁਲਾਉਂਦੇ ਸੀ। ਇਹ ਰਾਜੇਸ਼ ਖੰਨਾ ਹੀ ਸੀ, ਜਿੰਨ੍ਹਾਂ ਨੇ 1960 ਅਤੇ 1970 ਦੇ ਦਹਾਕੇ ਵਿੱਚ ਪਰਦੇ ਤੇ ਰੋਮਾਂਸ ਨੂੰ ਇੱਕ ਨਵੀਂ ਪਛਾਣ ਦਿੱਤੀ।

ਰਾਜੇਸ਼ ਖੰਨਾ ਨੂੰ ਹਿੰਦੀ ਸਿਨੇਮਾ ਵਿੱਚ ਪਹਿਲੇ ਸੁਪਰਸਟਾਰ ਦਾ ਰੁਤਬਾ ਹਾਸਿਲ ਹੋਇਆ।

ਦਿਲਚਸਪ ਗੱਲ ਇਹ ਹੈ ਕਿ ਰਾਜੇਸ਼ ਖੰਨਾ ਇੱਕ ਟੈਲੇਂਟ ਹੰਟ ਮੁਕਾਬਲੇ ਦੇ ਜੇਤੂ ਬਣ ਕੇ ਫ਼ਿਲਮਾਂ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਉਸ ਜ਼ਮਾਨੇ ਵਿੱਚ ਹਿੰਦੀ ਮਿਨੇਮਾ ਵਿੱਚ ਆਪਣੀ ਥਾਂ ਬਣਾਈ, ਜਦੋਂ ਦਿਲੀਪ ਕੁਮਾਰ, ਦੇਵਾਨੰਦ ਅਤੇ ਰਾਜਕਪੂਰ ਦੀ ਤ੍ਰਿਮੂਰਤੀ ਪੂਰੀ ਤਰ੍ਹਾਂ ਛਾਈ ਹੋਈ ਸੀ।

ਯੂਨਾਈਟੇਡ ਪ੍ਰੋ਼ਡਿਊਸਰ ਅਤੇ ਫਿਲਮਫੇਅਰ ਨੇ 1965 ਵਿੱਚ ਇੱਕ ਟੈਲੰਟ ਹੰਟ ਮੁਕਾਬਲਾ ਕਰਾਇਆ ਜਿਸ ਵਿੱਚ ਤਕਰੀਬਨ ਦਸ ਹਜ਼ਾਰ ਲੋਕਾਂ ਨੇ ਹਿੱਸਾ ਲਿਆ ਅਤੇ ਆਖਿਰ ਵਿੱਚ ਇਸ ਦੇ ਜੇਤੂ ਬਣੇ ਰਾਜੇਸ਼ ਖੰਨਾ।

ਇਸ ਤਰ੍ਹਾਂ ਅੰਮ੍ਰਿਤਸਰ ਵਿੱਚ ਪੈਦਾ ਹੋਣ ਵਾਲੇ ਜਤਿਨ ਖੰਨਾ ਮਾਇਆ ਨਗਰੀ ਪਹੁੰਚੇ ਅਤੇ ਰਾਜੇਸ਼ ਖੰਨਾ ਬਣ ਗਏ।

ਨਹੀਂ ਰਿਹਾ ਭਾਰਤੀ ਫਿਲਮਾਂ ਦਾ 'ਗੋਰਾ' ਅਦਾਕਾਰ

ਟੌਮ ਆਲਟਰ ਦਾ ਫ਼ਿਲਮੀ ਸਫ਼ਰ

ਸ਼ਾਨਦਾਰ ਕਾਮਯਾਬੀ

ਰਾਜੇਸ਼ ਖੰਨਾ ਦੀ ਸ਼ੁਰੂਆਤ 'ਆਖਿਰੀ ਖ਼ਤ', 'ਬਹਾਰੋਂ ਕੇ ਸਪਨੇ' ਅਤੇ 'ਰਾਜ' ਵਰਗੀਆਂ ਫਿਲਮਾਂ ਤੋਂ ਹੋਈ, ਪਰ 1969 ਵਿੱਚ ਆਈ 'ਅਰਾਧਨਾ' ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ।

ਇਸ ਤੋਂ ਬਾਅਦ 'ਖਾਮੋਸ਼ੀ' ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਖੂਬ ਸ਼ਲਾਘਾ ਹੋਈ ਅਤੇ ਫਿਲਮ ਸਮੀਖਿੱਕ ਉਨ੍ਹਾਂ ਨੂੰ ਸੁਪਰ ਸਟਾਰ ਕਹਿਣ ਲੱਗੇ।

Image copyright AFP
  • ਰਾਜੇਸ਼ ਖੰਨਾ ਨੇ 1969 ਅਤੇ 1972 ਵਿਚਾਲੇ ਲਗਾਤਾਰ 15 ਹਿੱਟ ਫਿਲਮਾਂ ਦਿੱਤੀਆਂ। ਕੁਝ ਫਿਲਮ ਪੰਡਿਤ ਕਹਿੰਦੇ ਹਨ ਕਿ ਇਹ ਆਪਣੇ ਆਪ ਵਿੱਚ ਇਕ ਰਿਕਾਰਡ ਹੈ ਜੋ ਕਿ ਅਜੇ ਤੱਕ ਨਹੀਂ ਟੁੱਟਿਆ।
  • 'ਕਟੀ ਪਤੰਗ', 'ਅਮਰ ਪ੍ਰੇਮ', 'ਤੇਰਾ ਦੇਸ', 'ਤੁਹਾਡੀ ਸਹੁੰ', 'ਨਮਕ ਹਰਮ', 'ਫਿਰ ਵਹੀ ਰਾਤ', 'ਅਗਰ ਤੁਮ ਨਾ ਹੋਤੇ', 'ਆਵਾਜ਼', 'ਪ੍ਰੇਮ ਨਗਰ', 'ਅਵਤਾਰ' , 'ਅਨੰਦ' ਅਤੇ 'ਹਮ ਦੋਨੋਂ' ਵਰਗੀਆਂ ਫ਼ਿਲਮਾਂ ਅੱਜ ਵੀ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ।
  • ਮੁਮਤਾਜ਼ ਨਾਲ ਰਾਜੇਸ਼ ਖੰਨਾ ਦੀ ਜੋੜੀ ਬਹੁਤ ਹਿੱਟ ਰਹੀ। ਦੋਵਾਂ ਨੇ ਅੱਠ ਫਿਲਮਾਂ ਵਿਚ ਇਕੱਠੇ ਕੰਮ ਕੀਤਾ ਅਤੇ ਉਹ ਸਾਰੀਆਂ ਵੱਡੀਆਂ ਗੋਲਡਨ ਜੁਬਲੀ ਹਿਟ ਰਹੀਆਂ।
  • ਉਨ੍ਹਾਂ ਦੀ ਜੋੜੀ ਸ਼ਰਮਿਲਾ ਟੈਗੋਰ, ਆਸ਼ਾ ਪਾਰਿਖ ਅਤੇ ਜੀਨਤ ਅਮਾਨ ਵਰਗੀਆਂ ਅਦਾਕਾਰਾਂ ਨਾਲ ਵੀ ਬਹੁਤ ਪਸੰਦ ਕੀਤੀ ਗਈ।

ਫਿਲਮਾਂ ਤੋਂ ਸਿਆਸਤ ਤੱਕ

ਪਰ 1976 ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫ਼ਿਸ 'ਤੇ ਕਮਜ਼ੋਰ ਪੈਣ ਲੱਗੀਆਂ। ਦਰਅਸਲ ਇਹ ਉਹ ਸਮਾਂ ਸੀ ਜਦੋਂ ਹਿੰਦੀ ਫਿਲਮਾਂ ਦੇ ਦੂਜੇ ਅਤੇ ਸਭ ਤੋਂ ਵੱਡੇ ਸੁਪਰਸਟਾਰ ਅਮਿਤਾਭ ਬੱਚਨ ਹਿੰਦੀ ਸਿਨੇਮਾ 'ਤੇ ਛਾਣ ਲੱਗੇ ਸਨ।

ਦਰਅਸਲ ਸਮਾਜਿਕ ਅਤੇ ਸਿਆਸੀ ਹਲਚਲ ਵਾਲੇ ਉਸ ਦੌਰ ਵਿੱਚ ਸਿਨੇ ਪ੍ਰੇਮੀਆਂ ਵਿੱਚ ਅਮਿਤਾਭ ਬੱਚਨ ਦਾ ਐਂਗਰੀ ਯੰਗਮੈਨ ਦਾ ਅਕਸ ਰੋਮਾਂਟਿਕ ਫਿਲਮਾਂ 'ਤੇ ਭਾਰੀ ਪੈ ਰਿਹਾ ਸੀ, ਪਰ ਇਸ ਤੋਂ ਪਹਿਲਾਂ ਦਾ ਤਕਰੀਬਨ ਇੱਕ ਦਹਾਕਾ ਰਾਜੇਸ਼ ਖੰਨਾ ਅਤੇ ਉਨ੍ਹਾਂ ਦੀਆਂ ਫਿਲਮਾਂ ਦੇ ਨਾਮ ਰਿਹਾ।

Image copyright AFP

1980 ਦੇ ਦਹਾਕੇ ਵਿੱਚ ਰਾਜੇਸ਼ ਖੰਨਾ ਫਿਲਮਾਂ ਵਿੱਚ ਦਿਖਦੇ ਰਹੇ ਅਤੇ ਟੀਨਾ ਮੁਨੀਮ ਨਾਲ ਉਨ੍ਹਾਂ ਨੇ 'ਫਿਫਟੀ-ਫਿਫਟੀ', 'ਸੌਤਨ', 'ਆਖਿਰ ਕਿਉਂ', 'ਬੇਵਫ਼ਾਈ' ਅਤੇ 'ਅਧਿਕਾਰ' ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ।

ਇਸ ਦੌਰ ਵਿੱਚ ਉਨ੍ਹਾਂ ਨੇ ਬਹੁਤ ਸਾਰੀਆਂ ਮਲਟੀਸਟਾਰਰ ਫਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੇ ਕਈ ਫਿਲਮਾਂ ਪ੍ਰੋਡਿਊਸ ਵੀ ਕੀਤੀਆਂ।

ਪਰ 1990 ਦਾ ਦਹਾਕਾ ਆਉਂਦੇ-ਆਉਂਦੇ ਰਾਜੇਸ਼ ਖੰਨਾ ਨੇ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਸਿਆਸਤ ਵਿੱਚ ਆ ਗਏ।

ਉਹ 1991 ਵਿੱਚ ਕਾਂਗਰਸ ਦੀ ਟਿਕਟ 'ਤੇ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਐੱਮਪੀ ਚੁਣੇ ਗਏ।

Image copyright AFP

ਹਾਲਾਂਕਿ, ਰਾਜੀਵ ਗਾਂਧੀ ਦੇ ਕਹਿਣ 'ਤੇ ਉਹ ਲੰਮੇ ਸਮੇਂ ਤੋਂ ਕਾਂਗਰਸ ਲਈ ਪ੍ਰਚਾਰ ਕਰ ਰਹੇ ਸਨ।

ਸਾਲ 2000 ਤੋਂ ਬਾਅਦ ਰਾਜੇਸ਼ ਖੰਨਾ ਫਿਲਮਾਂ ਤੋਂ ਗਾਇਬ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਇੱਕਾ-ਦੁੱਕਾ ਫ਼ਿਲਮਾਂ ਹੀ ਕੀਤੀਆਂ। ਇਸ ਤੋਂ ਇਲਾਵਾ ਉਹ ਕੁਝ ਟੀਵੀ ਸੀਰੀਅਲਾਂ ਵਿੱਚ ਵੀ ਦਿਖੇ।

ਰਾਜੇਸ਼ ਦਾ ਪਰਿਵਾਰ

'ਕਾਕਾ' ਦੇ ਨਾਮ ਤੋਂ ਮਸ਼ਹੂਰ ਰਾਜੇਸ਼ ਖੰਨਾ ਨੇ ਮਾਰਚ 1973 ਵਿੱਚ ਡਿੰਪਲ ਕਪਾੜੀਆ ਨਾਲ ਵਿਆਹ ਕਰਵਾਇਆ, ਯਾਨਿ ਕਿ ਉਨ੍ਹਾਂ ਦੀ ਪਹਿਲੀ ਫ਼ਿਲਮ ਬੌਬੀ ਰਿਲੀਜ਼ ਹੋਣ ਤੋਂ 6 ਮਹੀਨੇ ਪਹਿਲਾਂ।

Image copyright AFP

ਹਾਲਾਂਕਿ ਬਾਅਦ ਵਿੱਚ ਦੋਵੇਂ ਵੱਖ ਹੋ ਗਏ, ਪਰ ਕਦੇ ਤਲਾਕ ਨਹੀਂ ਲਿਆ। ਰਾਜੇਸ਼ ਖੰਨਾ ਦੀ ਬਿਮਾਰੀ ਦੇ ਦੌਰਾਨ ਡਿੰਪਲ ਨੇ ਉਨ੍ਹਾਂ ਦੀ ਬਹੁਤ ਦੇਖਭਾਲ ਕੀਤੀ।

ਅਕਸ਼ੇ ਰਹੇ ਰਾਜੇਸ਼ ਦੇ ਕਰੀਬੀ

ਰਾਜੇਸ਼ ਖੰਨਾ ਅਤੇ ਡਿੰਪਲ ਦੀਆਂ ਦੋਵੇਂ ਬੇਟੀਆਂ ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਨੇ ਵੀ ਬਾਲੀਵੁੱਡ ਵਿੱਚ ਕੰਮ ਕੀਤਾ ਹੈ। ਟਵਿੰਕਲ ਖੰਨਾ ਦੇ ਪਤੀ ਅਤੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਆਪਣੇ ਸਹੁਰੇ ਰਾਜੇਸ਼ ਖੰਨਾ ਦੇ ਬਹੁਤ ਕਰੀਬੀ ਰਹੇ ਹਨ।

ਰਾਜੇਸ਼ ਖੰਨਾ ਨੇ ਆਪਣੇ ਕਰੀਅਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਭੂਮੀਕਾਵਾਂ ਨਿਭਾਈਆਂ, ਪਰ 1969 ਤੋਂ 1976 ਵਿਚਾਲੇ ਉਹ ਬਿਨਾਂ ਕਿਸੇ ਵਿਵਾਦ ਤੋਂ ਹਿੰਦੀ ਸਿਨੇਮਾ ਦੇ ਮੈਗਾਸਟਾਰ ਰਹੇ। ਉਨ੍ਹਾਂ ਦੇ ਚੱਲਣ, ਬੋਲਣ ਅਤੇ ਡ੍ਰੈਸਿੰਗ ਪਹਿਰਾਵੇ ਸਣੇ ਹਰ ਅਦਾ ਉੱਤੇ ਲੋਕ ਕੁਰਬਾਨ ਹੋਇਆ ਕਰਦੇ ਸੀ।

ਕਹਿੰਦੇ ਹਨ ਕਿ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਖੂਨ ਨਾਲ ਲਿਖੀਆਂ ਚਿੱਠੀਆਂ ਭੇਜਦੇ ਸਨ। ਰਾਜੇਸ਼ ਖੰਨਾ ਪੱਖਿਆਂ ਦੀ ਇੱਕ ਮਸ਼ਹੂਰੀ ਵਿੱਚ ਦਿਖੇ। ਮਸ਼ਹੂਰੀ ਵਿੱਚ ਉਹ ਬਹੁਤ ਕਮਜ਼ੋਰ ਨਜ਼ਰ ਆਏ। ਰਾਜੇਸ਼ ਖੰਨਾ ਇਹ ਕਹਿੰਦੇ ਦਿਖਾਈ ਦਿੱਤੇ ਕਿ ਉਨ੍ਹਾਂ ਦੇ 'ਪ੍ਰਸ਼ੰਸਕ' ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)