'ਮੈਨੂੰ ਲੱਗਿਆ ਅੱਗ ਛੇਤੀ ਬੁਝ ਜਾਵੇਗੀ, ਪਰ ਮੈਂ ਗਲਤ ਸੀ'

MUMBAI FIRE Image copyright AMOL RODE/BBC MARATHI
ਫੋਟੋ ਕੈਪਸ਼ਨ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਿਲ 'ਤੇ ਲੱਗੀ ਅੱਗ।

28 ਦਸੰਬਰ ਦੀ ਅੱਧੀ ਰਾਤ ਨੂੰ ਮੁੰਬਈ ਦੇ ਲੋਅਰ ਪਰੇਲ ਇਲਾਕੇ ਦੀ ਕਮਲਾ ਮਿਲਸ ਕੰਪਲੈਕਸ ਵਿੱਚ ਅੱਗ ਲੱਗਣ ਕਰਕੇ 15 ਲੋਕਾਂ ਦੀ ਮੌਤ ਹੋਈ ਹੈ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਰੈਸਤਰਾਂ ਵੱਲੋਂ ਮੀਡੀਆ ਵਿੱਚ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਉਨ੍ਹਾਂ ਵੱਲੋਂ ਸੁਰੱਖਿਆ ਦੇ ਇੰਤਜ਼ਾਮ ਪੂਰੇ ਸੀ ਅਤ ਉਨ੍ਹਾਂ ਕੋਲ ਲਾਈਸੈਂਸ ਵੀ ਸੀ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਬੀਬੀਸੀ ਨਿਊਜ਼ ਗੁਜਰਾਤੀ ਦੇ ਸੰਪਾਦਕ ਅੰਕੁਰ ਜੈਨ ਉਸੇ ਰੈਸਟੋਰੈਂਟ ਵਿੱਚ ਸਨ ਜਿਸ ਵਿੱਚ ਅੱਗ ਲੱਗ ਗਈ ਸੀ।

ਅੰਕੁਰ, ਉਨ੍ਹਾਂ ਦੇ ਦੋਸਤ ਅਤੇ ਭੈਣ ਸੁਰੱਖਿਅਤ ਇਮਾਰਤ 'ਚੋਂ ਬੱਚ ਨਿਕਲੇ ਸਨ। ਅੰਕੁਰ ਆਪਣਾ ਤਜਰਬਾ ਸਾਂਝਾ ਕਰ ਰਹੇ ਹਨ-ਉਨ੍ਹਾਂ ਨੇ ਕੀ ਦੇਖਿਆ ਅਤੇ ਉਹ ਕਿਵੇਂ ਬਚੇ?

ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਇਹ ਇੱਕ ਆਮ ਸ਼ਾਮ ਵਾਂਗ ਹੀ ਸੀ। ਮੈਨੂੰ ਪਤਾ ਨਹੀਂ ਸੀ ਕਿ ਇਹ ਮੇਰੇ ਜੀਵਨ ਦੀ ਸਭ ਤੋਂ ਡਰਾਉਣੀ ਸ਼ਾਮ ਬਣ ਜਾਵੇਗੀ।

ਮੇਰੇ ਅਤੇ ਮੇਰੇ ਤੋਂ ਅਲਾਵਾ 100 ਹੋਰ ਲੋਕ ਜੋ ਕਮਲਾ ਮਿੱਲਜ਼ ਅਤੇ ਲੋਅਰ ਪਾਰਲੇ ਦੇ ਸ਼ਾਪਿੰਗ ਕੰਪਲੈਕਸ ਵਿੱਚ ਮੌਜੂਦ ਸਨ, ਉਹ ਵੀ ਕੁਝ ਅਜਿਹਾ ਹੀ ਮਹਿਸੂਸ ਕਰ ਰਹੇ ਸਨ।

ਲੁਧਿਆਣਾ: ਫ਼ੈਕਟਰੀ ਮਾਲਕ ਇੰਦਰਜੀਤ ਗੋਲਾ ਗ੍ਰਿਫ਼ਤਾਰ

'ਕਾਰ ਨੇ 96 ਦੀ ਸਪੀਡ ਨਾਲ ਸਾਨੂੰ ਟੱਕਰ ਮਾਰੀ'

ਮੈਂ ਆਪਣੀ ਭੈਣ ਅਤੇ ਦੋਸਤਾਂ ਨਾਲ ਰਾਤ ਦੇ ਖਾਣੇ ਲਈ ਰੈਸਟੋਰੈਂਟ ਗਿਆ ਸੀ। ਅਸੀਂ ਚਾਰੋ ਜਣੇ '1 ਅਬੱਵ' ਰੈਸਟੋਰੈਂਟ ਵਿੱਚ ਦੇਰ ਸ਼ਾਮ ਪਹੁੰਚੇ।

ਇਹ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਸਾਨੂੰ ਬੈਠਣ ਲਈ ਇੱਕ ਵੀ ਮੇਜ਼-ਕੁਰਸੀ ਨਹੀਂ ਮਿਲਿਆ। ਅਸੀਂ ਡੀਜੇ ਕੰਸੋਲ ਉੱਤੇ ਉਡੀਕ ਕਰਨ ਲੱਗੇ।

'12.30 ਵਜੇ ਚੀਕਣ ਦੀ ਅਵਾਜ਼ ਸੁਣੀ'

ਰਾਤ ਦੇ ਸਾਢੇ 12 ਵੱਜੇ ਸਨ ਅਸੀਂ ਕਿਸੇ ਦੇ ਚੀਕਣ ਦੀ ਅਵਾਜ਼ ਸੁਣੀ 'ਅੱਗ ਲੱਗ ਗਈ ਹੈ...ਥਾਂ ਖਾਲੀ ਕਰ ਦੋ'

ਭਾਵੇਂ ਕਿ ਅਸੀਂ ਚਿਤਾਵਨੀ ਸੁਣ ਕੇ ਸੁਚੇਤ ਹੋ ਗਏ ਸੀ, ਪਰ ਰੈਸਟੋਰੈਂਟ ਦੇ ਅੰਤ ਵਿੱਚ ਕੁਝ ਹੀ ਲਾਟਾਂ ਦਿਖਾਈ ਦੇ ਰਹੀਆਂ ਸਨ। ਲੱਗ ਰਿਹਾ ਸੀ ਕਿ ਅੱਗ ਕਾਬੂ ਵਿੱਚ ਹੋ ਜਾਏਗੀ, ਪਰ ਮੈਂ ਗ਼ਲਤ ਸੀ।

Image copyright JANHAVEE MOOLE/BBC

ਕੁਝ ਹੀ ਪਲ਼ਾਂ ਅੰਦਰ ਸਾਨੂੰ ਅਹਿਸਾਸ ਹੋ ਗਿਆ ਸੀ ਕਿ ਅੱਗ ਭਿਆਨਕ ਰੂਪ ਧਾਰ ਚੁੱਕੀ ਸੀ ਅਤੇ ਬੁਰੀ ਤਰ੍ਹਾਂ ਫੈਲ ਰਹੀ ਸੀ।

ਛੱਤ ਦੇ ਉੱਤੇ ਰੈਸਤਰਾਂ ਵਿੱਚ ਫਾਲਸ ਸੀਲਿੰਗ ਦੀ ਵਜ੍ਹਾ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਦੀਆਂ ਲਾਟਾ ਸੀਲਿੰਗ ਤੱਕ ਪਹੁੰਚਣ ਉੱਤੇ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ।

ਸਾਨੂੰ ਐਮਰਜੈਂਸੀ ਰਾਹ ਤੋਂ ਬਾਹਰ ਜਾਣ ਲਈ ਕਿਹਾ ਗਿਆ, ਪਰ ਇੱਕਦਮ ਭਗਦੜ ਮਚ ਗਈ ਅਤੇ ਦੇਖਿਆ ਕਿ ਬਾਹਰ ਨਿਕਲਣ ਦਾ ਰਾਹ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਸੀ। ਸਾਡੇ ਆਲੇ-ਦੁਆਲੇ ਹਰ ਚੀਜ਼ ਇੱਕ-ਇੱਕ ਕਰਕੇ ਸੜ ਰਹੀ ਸੀ।

'ਵਿਚਾਲੇ ਸਾਡੇ ਗਰੁੱਪ ਦਾ ਮੈਂਬਰ ਗਾਇਬ ਹੋਇਆ'

ਕਿਸੇ ਤਰ੍ਹਾਂ ਅਸੀਂ ਪੌੜੀਆਂ 'ਤੇ ਪਹੁੰਚੇ ਤਾਂ ਦੇਖਿਆ ਕਿ ਸਾਡੇ ਗਰੁੱਪ ਦਾ ਇੱਕ ਮੈਂਬਰ ਸਾਡੇ ਨਾਲ ਨਹੀਂ ਸੀ। ਅਸੀਂ ਘਬਰਾ ਗਏ ਅਤੇ ਵਾਰੀ-ਵਾਰੀ ਉਸ ਦਾ ਨਾਮ ਲੈ ਕੇ ਇੱਧਰ ਉੱਧਰ ਦੇਖਣ ਲੱਗੇ।

ਕਿਸੇ ਨੇ ਸਾਨੂੰ ਦੱਸਿਆ ਕਿ ਲੋਕ ਇਮਾਰਤ ਦੇ ਦੂਜੇ ਪਾਸੇ ਤੋਂ ਵੀ ਬਾਹਰ ਨਿਕਲੇ ਹਨ। ਅਸੀਂ ਪਾਗਲਾਂ ਵਾਂਗ ਲਾਪਤਾ ਦੋਸਤ ਨੂੰ ਲੱਭਦੇ ਹੋਏ ਬਾਹਰ ਨਿਕਲੇ।

ਅਸੀਂ ਇਹੀ ਮੰਨ ਕੇ ਨਿਕਲੇ ਕਿ ਸਾਡੀ ਦੋਸਤ ਸ਼ਾਇਦ ਉੱਥੋਂ ਪਹਿਲਾਂ ਹੀ ਬੱਚ ਨਿਕਲੀ। ਸ਼ੁਕਰ ਹੈ ਕਿ ਅਸੀਂ ਸਹੀ ਸੀ।

Image copyright Getty Images
ਫੋਟੋ ਕੈਪਸ਼ਨ ਇਮਾਰਤ ਦੀ ਸਭ ਤੋਂ ਉੱਤਲੀ ਮੰਜ਼ਿਲ ਦੇ ਪਬ ਵਿੱਚ ਲੱਗੀ ਅੱਗ

ਅਸੀਂ ਤੀਜੀ ਮੰਜ਼ਿਲ ਤੋਂ ਪੌੜੀਆਂ ਰਾਹੀਂ ਹੇਠਾਂ ਭੱਜ ਗਏ। ਥੱਲੇ ਉਤਰਦੇ ਹੋਏ ਸਾਨੂੰ ਧਮਾਕੇ ਦੀਆਂ ਆਵਾਜ਼ਾਂ ਅਤੇ ਲੋਕਾਂ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ।

ਉਸੇ ਵੇਲੇ ਸਾਨੂੰ ਇੱਕ ਰਿਸ਼ਤੇਦਾਰ ਦਾ ਫੋਨ ਆਇਆ ਤੇ ਉਸਨੇ ਸਾਨੂੰ ਹੌਲੀ-ਹੌਲੀ ਬਾਹਰ ਨਿਕਲਣ ਲਈ ਕਿਹਾ। ਕਿਸੇ ਤਰ੍ਹਾਂ ਅਸੀਂ ਬਾਹਰ ਨਿਕਲੇ।

ਅੱਗ ਲੱਗਦੇ ਹੀ ਅਸੀਂ ਰੈਸਟੋਰੈਂਟ ਛੱਡਣ ਜਾ ਰਹੇ ਸੀ। ਬਾਹਰ ਨਿਕਲਣ ਦਾ ਰਾਹ ਨੇੜੇ ਹੋਣ ਕਰਕੇ ਅਸੀਂ ਇਮਾਰਤ ਵਿੱਚੋਂ ਸਮੇਂ ਸਿਰ ਬਾਹਰ ਨਿਕਲ ਸਕੇ।

'ਹਾਲੇ ਵੀ ਲੋਕ ਉੱਤੇ ਫਸੇ ਹੋਏ ਸਨ'

ਜਿਵੇਂ ਹੀ ਅਸੀਂ ਬਾਹਰ ਆਏ, ਅਸੀਂ ਦੇਖਿਆ ਕਿ ਲੋਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਪੁਕਾਰ ਰਹੇ ਸੀ ਜੋ ਹਾਲੇ ਵੀ ਉੱਤੇ ਫਸੇ ਹੋਏ ਸਨ।

ਉਸ ਸਮੇਂ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਘਟਨਾ ਇੰਨਾ ਵੱਡਾ ਰੂਪ ਲੈ ਲਏਗੀ।

ਛੱਤ ਅੱਗ ਦੇ ਇੱਕ ਗੋਲੇ ਵਾਂਗ ਸੀ। ਚੌਂਕੀਦਾਰ ਅਤੇ ਸੁਰੱਖਿਆ ਮੁਲਾਜ਼ਮ ਲੋਕਾਂ ਨੂੰ ਇਮਾਰਤ ਛੱਡਣ ਲਈ ਕਹਿ ਰਹੇ ਸਨ। ਇਸ ਭਗਦੜ ਦੇ ਵਿਚਾਲੇ ਸਾਨੂੰ ਆਪਣੀ ਚੌਥੀ ਸਾਥੀ ਹੇਠਾਂ ਮਿਲ ਗਈ।

Image copyright AMOL RODE/BBC MARATHI
ਫੋਟੋ ਕੈਪਸ਼ਨ ਘਟਨਾ ਵਾਲੀ ਥਾਂ 'ਤੇ ਲੋਕਾਂ ਦੀ ਭੀੜ

ਜਲਦੀ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਮਾਰਤ ਨੇੜੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਫਾਇਰ ਮਹਿਕਮੇ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ। ਇਹ ਵਕਤ ਤਕਰੀਬਨ 00.40 ਦੇ ਨੇੜੇ ਦਾ ਸੀ।

ਅਸੀਂ ਘਰ ਪਰਤ ਆਏ, ਪਰ ਲਗਾਤਾਰ ਇਹ ਖ਼ਬਰ ਦੇਖ ਰਹੇ ਸੀ ਕਿ ਕਿੰਨੀ ਅੱਗ ਬੁਝ ਗਈ ਹੈ। ਇਹ ਸਦਮਾ ਦੇਣ ਵਾਲਾ ਅਤੇ ਪਰੇਸ਼ਾਨ ਕਰਨ ਵਾਲਾ ਹਾਦਸਾ ਸੀ। ਸਵੇਰ ਹੋਣ ਵਾਲੀ ਸੀ ਅਤੇ ਅਸੀਂ ਪੂਰੀ ਤਰ੍ਹਾਂ ਥੱਕ ਚੁੱਕੇ ਸੀ, ਅਸੀਂ ਸੌਂ ਗਏ।

'ਸਭ ਤੋਂ ਵੱਡਾ ਝਟਕਾ ਸਵੇਰੇ ਲੱਗਿਆ'

ਸਭ ਤੋਂ ਵੱਡਾ ਝਟਕਾ ਸਵੇਰੇ ਲੱਗਿਆ ਜਦੋਂ ਪਤਾ ਲੱਗਿਆ ਕਿ ਹਾਦਸੇ ਵਿੱਚ 14 ਲੋਕ ਮਾਰੇ ਗਏ ਸਨ। ਅੱਗ ਇਸ ਤਰ੍ਹਾਂ ਨਹੀਂ ਲੱਗ ਰਹੀ ਸੀ ਜਿਸ ਉੱਤੇ ਕਾਬੂ ਨਾ ਪਾਇਆ ਜਾ ਸਕਦਾ ਹੋਵੇ। ਕਦੇ ਸੋਚਿਆ ਨਹੀਂ ਸੀ ਕਿ ਇਹ ਇੰਨੀ ਦੁਖਦਾਈ ਘਟਨਾ ਬਣ ਜਾਵੇਗੀ।

ਮੁੰਬਈ: ਮੀਂਹ 'ਚ ਭੀੜ ਦਾ ਪੁਲ਼ 'ਤੇ ਚੜ੍ਹਨਾ ਹਾਦਸੇ ਦਾ ਕਾਰਨ

'ਘਟਨਾ ਵਾਲੀ ਥਾਂ 'ਤੇ ਧੂੰਏ ਬਿਨਾਂ ਹੋਰ ਕੁਝ ਨਹੀਂ ਦਿਖ ਰਿਹਾ ਸੀ'

ਪਰ ਇਹ ਤ੍ਰਾਸਦੀ ਵਾਪਰ ਚੁੱਕੀ ਸੀ ਕਿਉਂਕਿ ਸਾਰੀਆਂ ਜਲਨਸ਼ੀਲ ਚੀਜ਼ਾਂ ਨੇੜੇ ਸਨ। ਰੈਸਟੋਰੈਂਟ ਮਾਲਕਾਂ ਅਤੇ ਅਧਿਕਾਰੀਆਂ ਨੇ ਇਸ ਤਰ੍ਹਾਂ ਦੀ ਐਮਰਜੈਂਸੀ ਹਾਲਾਤ ਅਤੇ ਗਾਹਕਾਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਬਾਰੇ ਨਹੀਂ ਸੋਚਿਆ ਸੀ।

Image copyright iStock

ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੌਤਾਂ ਔਰਤਾਂ ਦੇ ਟਾਇਲੇਟ ਨੇੜੇ ਹੋਈਆਂ, ਜੋ ਮੈਨੂੰ ਸਪਸ਼ਟ ਤੌਰ 'ਤੇ ਯਾਦ ਹੈ ਕਿ ਅੱਗ ਲੱਗਣ ਵੇਲੇ ਬਾਹਰ ਨਿਕਲਣ ਵਾਲੇ ਰਾਹ ਕੋਲ ਸੀ।

ਸਾਡੇ ਗਰੁੱਪ ਦੀ ਇੱਕ ਮੈਂਬਰ ਹਾਦਸਾ ਵਾਪਰਨ ਤੋਂ ਕੁਝ ਦੇਰ ਪਹਿਲਾਂ ਉੱਥੇ ਗਈ ਸੀ। ਮੈਂ ਇਹ ਸੋਚ ਕੇ ਘਬਰਾ ਗਿਆ ਕਿ ਜੇ ਉਹ ਛੇਤੀ ਨਾਲ ਵਾਪਸ ਨਾ ਆਈ ਹੁੰਦੀ ਤਾਂ ਕੀ ਹੁੰਦਾ।

'ਲਾਈਸੈਂਸ ਕਿਵੇਂ ਮਿਲਿਆ?'

ਅੱਗ ਲੱਗਣ ਦੇ ਹਾਲਾਤ ਲਈ ਬਣਾਇਆ ਰਾਹ ਸਭ ਤੋਂ ਪਹਿਲਾਂ ਅੱਗ ਦੀ ਚਪੇਟ ਵਿੱਚ ਆਇਆ ਕਿਉਂਕਿ ਰਾਹ ਦੇ ਦੋਵੇਂ ਪਾਸੇ ਕਾਰਟਨ ਤੇ ਹੋਰ ਡੱਬੇ ਰੱਖੇ ਹੋਏ ਸੀ।

ਇਹ ਸਾਡੇ ਲਈ ਇੱਕ ਵੱਡਾ ਸਦਮਾ ਸੀ ਪਰ ਨਾਲ ਹੀ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਉਸ ਰੈਸਤਰਾਂ ਨੂੰ ਲਾਈਸੈਂਸ ਕਿਵੇਂ ਮਿਲਿਆ ਕਿਉਂਕਿ ਅੱਗ ਦੇ ਦੌਰਾਨ ਬਚ ਕੇ ਨਿਕਲਣ ਦਾ ਰਾਹ ਨੇਮਾਂ ਦੇ ਮੁਤਾਬਕ ਨਹੀਂ ਸੀ। ਇਹ ਬਹੁਤ ਛੋਟਾ ਸੀ।

ਜੇ ਅੱਗ ਲੱਗਣ ਤੇ ਬਚਾਅ ਦੇ ਇੰਤਜ਼ਾਮ ਪੂਰੇ ਹੁੰਦੇ ਤਾਂ ਇੰਨਾ ਜਾਨੀ ਨੁਕਸਾਨ ਨਹੀਂ ਹੋਣਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ