ਮਾਘੀ ਮੇਲਾ: ਕਾਂਗਰਸ ਨਹੀਂ ਅਕਾਲੀ ਦਲ ਕਰੇਗਾ ਸਿਆਸੀ ਕਾਨਫਰੰਸ

ਕਾਂਗਰਸ Image copyright Getty Images

ਪੰਜਾਬ 'ਚ ਸਿਆਸੀ ਪਾਰਟੀਆਂ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲਿਆਂ 'ਤੇ ਸਿਆਸੀ ਕਾਨਫ਼ਰੰਸਾਂ ਨਾ ਕਰਨ ਦੇ ਫ਼ੈਸਲੇ ਤੋਂ ਬਾਅਦ ਹੁਣ ਕਾਂਗਰਸ ਨੇ ਕਿਸੇ ਵੀ ਧਾਰਮਿਕ ਮੇਲੇ ਤੇ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਹੈ।

ਕਾਂਗਰਸ ਪਾਰਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ 'ਤੇ ਕੋਈ ਵੀ ਸਿਆਸੀ ਕਾਨਫ਼ਰੰਸ ਨਹੀਂ ਕਰੇਗੀ।

ਮਾਘੀ ਦਾ ਮੇਲਾ ਪੰਜਾਬ ਦੇ ਅਹਿਮ ਧਾਰਮਿਕ ਮੇਲਿਆਂ ਵਿੱਚੋਂ ਇੱਕ ਹੈ ਜੋ ਕਿ ਦੇਸੀ ਮਹੀਨੇ ਮਾਘ ਦੇ ਪਹਿਲੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਹ ਮੇਲਾ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

'ਕਾਨਫ਼ਰੰਸ ਨਾ ਕਰ ਕੁਰਸੀਆਂ ਦਾ ਕਿਰਾਇਆ ਬਚੇਗਾ'

ਸਿਆਸੀ ਕਾਨਫਰੰਸ ਤੋਂ ਕਾਂਗਰਸ ਨੇ ਵੀ ਕੀਤਾ ਕਿਨਾਰਾ

ਪਿਛਲੇ ਕਈ ਦਹਾਕਿਆਂ ਤੋਂ ਮਾਘੀ ਦੇ ਮੇਲੇ ਦੌਰਾਨ ਪੰਜਾਬ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਸਿਆਸੀ ਕਾਨਫ਼ਰੰਸਾਂ ਕਰਦੀਆਂ ਹਨ।

'ਅਕਾਲ ਤਖ਼ਤ ਸਾਹਿਬ ਦੀ ਅਪੀਲ ਤੋਂ ਬਾਅਦ ਲਿਆ ਫੈਸਲਾ'

ਬੀਬੀਸੀ ਨਾਲ ਗੱਲ ਕਰਦੇ ਹੋਏ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸਾਂਸਦ ਸੁਨੀਲ ਜਾਖੜ ਨੇ ਕਿਹਾ, "ਕਾਂਗਰਸ ਪਾਰਟੀ ਮਾਘੀ ਦੇ ਮੇਲੇ 'ਤੇ ਸਿਆਸੀ ਕਾਨਫ਼ਰੰਸ ਨਹੀਂ ਕਰੇਗੀ। ਸਿਰਫ਼ ਮਾਘੀ ਹੀ ਨਹੀਂ ਬਲਕਿ ਕਾਂਗਰਸ ਪਾਰਟੀ ਹੁਣ ਕਿਸੇ ਧਾਰਮਿਕ ਮੇਲੇ 'ਤੇ ਕੋਈ ਕਾਨਫ਼ਰੰਸ ਨਹੀਂ ਕਰੇਗੀ।"

ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਮਾਘੀ ਮੇਲੇ ਮੌਕੇ ਸਿਆਸੀ ਕਾਨਫ਼ਰੰਸ ਕਰਨ ਦਾ ਫੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ।

Image copyright Getty Images

ਇਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲਿਆ ਸੀ।

ਸੁਨੀਲ ਜਾਖੜ ਨੇ ਅੱਗੇ ਕਿਹਾ, "ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਸ ਬਾਬਤ ਅਪੀਲ ਆਈ ਸੀ। ਇਸ ਕਰਕੇ ਕਾਂਗਰਸ ਪਾਰਟੀ ਵੱਲੋਂ ਧਾਰਮਿਕ ਮੇਲਿਆਂ 'ਤੇ ਸਿਆਸੀ ਕਾਨਫਰੰਸਾਂ ਨਾ ਕਰਨ ਦਾ ਫੈਸਲਾ ਲਿਆ ਹੈ।"

ਹੋਰ ਪਾਰਟੀਆਂ ਦਾ ਪੱਖ

ਇਸ ਮਸਲੇ ਤੇ ਬੀਬੀਸੀ ਨਾਲ ਗੱਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ, ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕੇ ਉਹ ਮਾਘੀ ਦੇ ਮੇਲੇ 'ਤੇ ਸਿਆਸੀ ਕਾਨਫ਼ਰੰਸ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।

Image copyright Getty Images

ਇਸ ਵਿਸ਼ੇ ਬਾਰੇ ਆਮ ਆਦਮੀ ਪਾਰਟੀ ਨਾਲ ਕਈ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਹੋ ਸਕੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)