'ਮੁੰਡਿਆਂ ਦੇ ਕੁੜਤੇ 'ਤੇ ਗਾਣੇ ਵੱਜਦੇ ਨੇ ਕੁੜੀਆਂ ਦੀਆਂ ਜੀਨਾਂ ਦੀ ਗੱਲ ਕਿਉਂ ਨਾ ਹੋਵੇ'

ਮਿਸ ਪੂਜਾ Image copyright BBC/Miss Pooja/Facebook

ਦੋਗਾਣਾ ਗਾਇਕੀ ਨਾਲ ਆਪਣੇ ਸੰਗੀਤ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਪੰਜਾਬੀ ਗਾਇਕਾ ਮਿਸ ਪੂਜਾ ਮੁਤਾਬਕ ਉਹ ਹਰ ਤਰ੍ਹਾਂ ਦੀ ਗਾਇਕੀ ਕਰਨਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਦੋਗਾਣਾ ਗਾਇਕੀ ਖਤਮ ਨਹੀਂ ਹੋਈ ਹੈ, ਸਿਰਫ਼ ਹੁਣ ਉਸ ਦੀ ਮਕਬੂਲੀਅਤ ਦਾ ਇੱਕ ਦੌਰ ਖਤਮ ਹੋਇਆ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਮਿਸ ਪੂਜਾ ਨੇ ਦੱਸਿਆ, ''ਦੋਗਾਣਾ ਗਾਇਕੀ ਮੈਂ ਨਹੀਂ ਛੱਡੀ ਪਰ ਦਰਸ਼ਕਾਂ ਦੇ ਮੁਤਾਬਕ ਖੁਦ ਨੂੰ ਬਦਲਣਾ ਪੈਂਦਾ ਹੈ। ਹੁਣ ਉਹ ਸਮਾਂ ਨਹੀਂ ਰਿਹਾ, ਅੱਜ ਕਲ੍ਹ ਸੋਲੋ ਗੀਤ ਪਸੰਦ ਹੁੰਦੇ ਹਨ, ਇਸ ਲਈ ਮੈਂ ਇਹ ਗਾਉਂਦੀ ਹਾਂ।''

ਨਵੇਂ ਸਾਲ ਦੇ ਰੰਗ ਬਾਲੀਵੁੱਡ ਸਿਤਾਰਿਆਂ ਸੰਗ

2018 ਦੌਰਾਨ ਫੇਸਬੁੱਕ ਕੀ ਤਬਦੀਲੀਆਂ ਕਰੇਗਾ

ਮਿਸ ਪੂਜਾ ਅੱਜ ਵੀ ਹੋਰ ਲੋਕਾਂ ਨਾਲ ਜੁੜ ਕੇ ਗਾਇਕੀ ਕਰਦੀ ਹੈ। ਉਨ੍ਹਾਂ ਮੁਤਾਬਕ ਇਸ ਨਾਲ ਕੁਝ ਨਾ ਕੁਝ ਨਵਾਂ ਦਰਸ਼ਕਾਂ ਨੂੰ ਦੇਣ ਦਾ ਮੌਕਾ ਮਿਲਦਾ ਹੈ।

ਦੋਗਾਣਾ ਗਾਇਕੀ ਨਾਲ ਖੁਦ ਦਾ ਮਿਆਰ ਡਿੱਗਣ ਦੇ ਸਵਾਲ 'ਤੇ ਮਿਸ ਪੂਜਾ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਅਜਿਹਾ ਕੁਝ ਨਹੀਂ ਹੁੰਦਾ।

ਉਨ੍ਹਾਂ ਕਿਹਾ, ''ਮੈਂ ਇਹ ਮੰਨਦੀ ਹਾਂ ਕਿ ਤੁਸੀਂ ਕੋਈ ਵੀ ਕੰਮ ਕਰੋ, ਪੂਰੀ ਸ਼ਿੱਦਤ ਨਾਲ ਕਰੋ। ਫਿਰ ਉਹ ਕਿਸੇ ਵੀ ਤਰ੍ਹਾਂ ਦੀ ਗਾਇਕੀ ਹੀ ਕਿਉਂ ਨਾ ਹੋ।''

Image copyright BBC/Miss Pooja/Facebook

ਪੰਜਾਬੀ ਗਾਇਕੀ ਵਿੱਚ ਕੁੜੀਆਂ ਦੇ ਸੂਟਾਂ ਦੇ ਟ੍ਰੈਂਡ ਤੋਂ ਵੀ ਮਿਸ ਪੂਜਾ ਬਹੁਤ ਖੁਸ਼ ਹੈ।

ਉਨ੍ਹਾਂ ਕਿਹਾ, ''ਜਦੋਂ ਮੁੰਡੇ ਆਪਣੇ ਕੁਰਤੇ ਪਜਾਮੇ ਦੀ ਗੱਲ ਕਰ ਸਕਦੇ ਹਨ, ਤਾਂ ਕੁੜੀਆਂ ਸੂਟਾਂ ਦੀ ਗੱਲ ਕਿਉਂ ਨਹੀਂ ਕਰ ਸਕਦੀਆਂ। ਪੰਜਾਬੀ ਕੁੜੀਆਂ ਦੇ ਸੂਟ ਸੋਹਣੇ ਹੁੰਦੇ ਹਨ ਅਤੇ ਇਹ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ।''

ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕੁੜੀਆਂ ਨੂੰ ਅੱਗੇ ਵੱਧ ਕੇ ਉਹ ਕਰਨਾ ਚਾਹੀਦਾ ਹੈ ਜੋ ਉਹ ਚਾਹੁੰਦੀਆਂ ਹਨ। ਅਤੇ ਚੰਗੀ ਗੱਲ ਹੈ ਕਿ ਕੁੜੀਆਂ ਦੇ ਮਾਂ ਪਿਓ ਵੀ ਹੁਣ ਉਨ੍ਹਾਂ ਨੂੰ ਸਹਾਰਾ ਦੇ ਰਹੇ ਹਨ।

ਹਾਲ ਹੀ ਵਿੱਚ ਉਨ੍ਹਾਂ ਦਾ ਗੀਤ 'ਪਰਦੇ ਮੇਂ ਰਹਿਨੇ ਦੋ' ਰਿਲੀਜ਼ ਹੋਇਆ। ਇਹ ਹਿੰਦੀ ਗੀਤ ਹੈ ਅਤੇ ਮਿਸ ਪੂਜਾ ਨੇ ਇਸ ਨੂੰ ਕਰਨ ਦੀ ਵਜ੍ਹਾ ਦੱਸੀ।

ਉਨ੍ਹਾਂ ਕਿਹਾ, ''ਇਹ ਚੰਗੀ ਗੱਲ ਹੈ ਕਿ ਇੱਕ ਪੰਜਾਬੀ ਕਲਾਕਾਰ ਪੰਜਾਬ ਤੋਂ ਇਲਾਵਾ ਹੋਰ ਦਰਸ਼ਕਾਂ ਲਈ ਵੀ ਗੀਤ ਕਰ ਰਿਹਾ ਹੈ। ਵੈਸੇ ਵੀ ਬਾਲੀਵੁੱਡ ਤਾਂ ਪੰਜਾਬੀ ਗਾਣਿਆਂ ਤੋਂ ਬਿਨਾਂ ਅਧੂਰਾ ਹੀ ਹੈ।''

ਮਿਸ ਪੂਜਾ ਜਲਦ ਮੁੜ ਤੋਂ ਬਾਲੀਵੁੱਡ ਫਿਲਮ ਵਿੱਚ ਵੀ ਗੀਤ ਗਾਉਂਦੀ ਨਜ਼ਰ ਆਏਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ