ਸੋਸ਼ਲ: ਅੱਜ ਕੱਲ ਕਿੱਥੇ ਅਤੇ ਕੀ ਕਰ ਰਹੇ ਹਨ ਕਪਿਲ ਸ਼ਰਮਾ?

ਕਪਿਲ ਸ਼ਰਮਾ Image copyright Kapil Sharma/Instagram

ਜੇਕਰ ਤੁਸੀਂ ਕਪਿਲ ਸ਼ਰਮਾ ਦੇ ਪ੍ਰਸ਼ੰਸ਼ਕ ਹੋ ਤਾਂ ਤੁਹਾਡੇ ਮਨ 'ਚ ਇਹ ਸਵਾਲ ਜਰੂਰ ਆਉਂਦਾ ਹੋਵੇਗਾ ਕਿ ਅੱਜਕਲ੍ਹ ਆਖ਼ਿਰ ਉਹ ਕੀ ਕਰ ਰਹੇ ਹਨ?

ਤਕਰੀਬਨ 6 ਮਹੀਨੇ ਪਹਿਲਾਂ ਉਨ੍ਹਾਂ ਦਾ ਕਾਮੇਡੀ ਸ਼ੋਅ ਬੰਦ ਹੋ ਗਿਆ ਸੀ।

ਉਸ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਖ਼ਰਾਬ ਸਿਹਤ ਅਤੇ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਕਰਕੇ ਬ੍ਰੇਕ ਲੈ ਰਹੇ ਹਨ ਅਤੇ ਛੇਤੀ ਹੀ ਟੀਵੀ 'ਤੇ ਵਾਪਸੀ ਕਰਨਗੇ।

ਪਰ ਫਿਲਮ ਵੀ ਰਿਲੀਜ਼ ਹੋ ਗਈ ਹੈ ਅਤੇ ਉਨ੍ਹਾਂ ਦੀ ਸਿਹਤ ਵੀ ਠੀਕ ਹੈ, ਤਾਂ ਸਵਾਲ ਇੱਕ ਵਾਰ ਫਿਰ ਉਹੀ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ

Image copyright Getty Images

ਕਪਿਲ ਦੀ ਵਾਪਸੀ ਦੀ ਕੋਈ ਅਧਿਕਾਰਕ ਖ਼ਬਰ ਸਾਹਮਣੇ ਨਹੀਂ ਆਈ ਹੈ।

ਕਦੀ ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਰਹਿਣ ਵਾਲੇ ਕਪਿਲ ਅੱਜ ਕੱਲ ਕਦੀ-ਕਦੀ ਹੀ ਟਵੀਟ ਕਰਦੇ ਹਨ ਅਤੇ ਕੁਝ ਕੂ ਤਸਵੀਰਾਂ ਹੀ ਸ਼ੇਅਰ ਕਰਦੇ ਹਨ।

ਇਹ ਵੀ ਪੜ੍ਹੋ

ਅਜਿਹੇ ਸਵਾਲ ਉਠਣਾ ਲਾਜ਼ਮੀ ਹੈ ਕਿ ਉਹ ਕਿੱਥੇ ਹਨ ਅਤੇ ਕੀ ਕਰ ਰਹੇ ਹਨ?

ਇਨ੍ਹਾਂ ਸਵਾਲਾਂ ਦਾ ਜਵਾਬ ਕਪਿਲ ਦੇ ਹਾਲਹੀ ਵਿੱਚ ਕੀਤੇ ਗਏ ਸਨੈਪਚੈਟ ਵੀਡੀਓ ਵਿੱਚ ਲੁਕਿਆ ਹੋਇਆ ਹੈ।

ਇਹ ਵੀਡੀਓ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ।

Image copyright Kapil Sharma/Instagram

ਇਸ ਵਿੱਚ ਉਹ ਆਪਣੇ ਮਸ਼ਹੂਰ ਮਜ਼ਾਕੀਆ ਅੰਦਾਜ਼ ਵਿੱਚ ਕਹਿ ਰਹੇ ਹਨ, "ਤੁਸੀਂ ਸੋਚ ਰਹੇ ਹੋਣੇ ਕਿ ਮੇਰਾ ਮੂੰਹ ਇੰਨਾਂ ਗੋਲ ਕਿਵੇਂ ਹੋ ਗਿਆ?"

ਇਸ ਦਾ ਜਵਾਬ ਵੀ ਆਪ ਹੀ ਦਿੰਦੇ ਹੋਏ ਉਹ ਕਹਿੰਦੇ ਹਨ, "ਮੈਂ ਸੰਤਰੇ ਬਹੁਤ ਖਾਦਾ ਹਾਂ, ਇਸ ਲਈ ਮੇਰਾ ਮੂੰਹ ਵੀ ਸੰਤਰੇ ਵਰਗਾ ਗੋਲ ਹੋ ਗਿਆ।"

ਕਾਫੀ ਦਿਨਾਂ ਬਾਅਦ ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਦੇਖ ਕੇ ਲੱਗ ਰਿਹਾ ਹੈ ਕਿ ਕਪਿਲ ਸ਼ਰਮਾ ਸ਼ਾਇਦ ਜਲਦ ਵਾਪਸੀ ਕਰਨਗੇ।

ਟੀਵੀ 'ਤੇ ਵੀ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਸਭ ਨੂੰ ਬੇਸਬਰੀ ਨਾਲ ਹੈ।

ਇਹ ਵੀ ਪੜ੍ਹੋ

ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਉਨ੍ਹਾਂ ਦੇ ਇਸ ਛੋਟੇ ਜਿਹੇ ਵੀਡੀਓ ਨੂੰ 13 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਲੋਕ ਕਮੈਂਟ ਕਰ ਰਹੇ ਹਨ ਕਿ ਉਹ ਉਨ੍ਹਾਂ ਦੀ ਕਾਮੇਡੀ ਨੂੰ ਮਿਸ ਕਰ ਰਹੇ ਹਨ।

ਲੋਕਾਂ ਨੇ ਉਨ੍ਹਾਂ ਕੋਲੋਂ ਇਹ ਵੀ ਪੁੱਛਿਆ ਕਿ ਉਹ ਟੀਵੀ 'ਤੇ ਵਾਪਸੀ ਕਦੋਂ ਕਰ ਰਹੇ ਹਨ।

Image copyright Getty Images

ਹਾਲਾਂਕਿ, ਕਪਿਲ ਨੇ ਇਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਦੀ ਵਾਪਸੀ ਦੇ ਕਿਆਸ ਜਰੂਰ ਲਗਾਏ ਜਾ ਰਹੇ ਹਨ।

ਪਿਛਲੇ ਸਾਲ ਨਵੰਬਰ 'ਚ ਸੋਨੀ ਇੰਟਰਟੇਨਮੈਂਟ ਟੇਲੀਵਿਜ਼ਨ ਦੇ ਐਗਜ਼ਿਕਿਊਟਿਵ ਵਾਇਸ ਪ੍ਰੈਸੀਡੈਂਟ ਦਾਨਿਸ਼ ਖ਼ਾਨ ਨੇ ਕਿਹਾ ਸੀ ਕਿ ਕਪਿਲ ਸ਼ਰਮਾ ਟੀਵੀ 'ਤੇ ਜਲਦ ਵਾਪਸੀ ਕਰਨਗੇ।

ਸ਼ੋਅ ਬੰਦ ਹੋਣ ਤੋਂ ਕੁਝ ਮਹੀਨੇ ਪਹਿਲਾਂ ਵੀ ਕਪਿਲ ਲਈ ਤਣਾਅ ਭਰੇ ਸਨ।

ਇਹ ਵੀ ਪੜ੍ਹੋ

ਉਨ੍ਹਾਂ ਦੇ ਸਾਥੀ ਕਾਮੇਡੀਅਨ ਸੁਨੀਲ ਗ੍ਰੋਵਰ ਨੇ ਉਨ੍ਹਾਂ 'ਤੇ ਫਲਾਇਟ ਵਿੱਚ ਸਾਰਿਆਂ ਸਾਹਮਣੇ ਬਦਸਲੂਕੀ ਕਰਨ ਤੇ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕਰਨ ਦੇ ਇਲਜ਼ਾਮ ਲਗਾਏ ਸਨ।

ਹਾਲਾਂਕਿ, ਕਪਿਲ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਮਾਮੂਲੀ ਝਗੜੇ ਦੀ ਗੱਲ ਕਹੀ ਸੀ ਅਤੇ ਗ੍ਰੋਵਰ ਨੂੰ ਛੋਟੇ ਭਰਾ ਵਰਗਾ ਦੱਸਿਆ ਸੀ।

Image copyright Getty Images

ਕਪਿਲ ਦੀ ਗਿਣਤੀ ਟੈਲੀਵਿਜ਼ਨ ਦੇ ਸਭ ਤੋਂ ਸਫਲ ਸਿਤਾਰਿਆਂ ਵਿੱਚ ਹੁੰਦੀ ਹੈ। ਇਸ ਦੇ ਪਿੱਛੇ ਉਨ੍ਹਾਂ ਦੇ ਸ਼ੋਅ ਦੀ ਪ੍ਰਸਿੱਧੀ ਸੀ।

ਜਿਸ 'ਤੇ ਟੀਆਰਪੀ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ 'ਚ ਪ੍ਰਮੋਸ਼ਨ ਲਈ ਛੋਟੇ ਪਰਦੇ ਦਾ ਰੁੱਖ਼ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ।

ਹਾਲਾਂਕਿ, 'ਕਾਮੇਡੀ ਨਾਇਟ ਵਿਦ ਕਪਿਲ' ਦਾ ਪ੍ਰਸਾਰਣ ਬੰਦ ਹੋਣ ਤੋਂ ਬਾਅਦ ਟੀਵੀ ਦੀ ਦੁਨੀਆਂ 'ਚ ਕਿਹਾ ਜਾ ਰਿਹਾ ਸੀ ਕਿ ਕਪਿਲ ਸ਼ਰਮਾ ਦਾ ਸ਼ੋਅ ਪੁਰਾਣੀ ਰੰਗਤ ਗਵਾ ਚੁੱਕਿਆ ਸੀ।

ਹੁਣ ਦੇਖਣਾ ਇਹ ਹੋਵੇਗਾ ਕਿ ਕਪਿਲ ਆਪਣੀ ਪੁਰਾਣੀ ਸ਼ੋਹਰਤ ਅਤੇ ਪਿਆਰ ਹਾਸਲ ਕਰਨ 'ਚ ਸਫਲ ਹੁੰਦੇ ਹਨ ਜਾਂ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)