ਗਰਾਉਂਡ ਰਿਪੋਰਟ: ਕੋਰੇਗਾਓਂ 'ਚ ਹਿੰਸਾ ਤੋਂ ਬਾਅਦ ਜ਼ਿੰਦਗੀ ਲੀਹ 'ਤੇ ਪਰਤੀ ਪਰ ਤਣਾਅ ਬਰਕਰਾਰ

ਕੋਰੇਗਾਓਂ ਹਿੰਸਾ Image copyright Getty Images

ਪੁਣੇ ਦੇ ਕਸਬੇ ਕੋਰੇਗਾਓਂ ਭੀਮਾ ਵਿੱਚ ਹਿੰਸਾ ਮਗਰੋਂ ਜ਼ਿੰਦਗੀ ਲੀਹ 'ਤੇ ਆ ਰਹੀ ਹੈ, ਫ਼ਿਲਹਾਲ ਇੱਥੇ ਅਮਨ ਕਾਨੂੰਨ ਦੀ ਰਾਖੀ ਪੁਲਿਸ ਕਰ ਰਹੀ ਹੈ।

ਨਵੇਂ ਸਾਲ ਦੇ ਮੌਕੇ 'ਤੇ ਹਿੰਸਕ ਝੜਪ ਕਾਰਨ ਇਹ ਕਸਬਾ ਚਰਚਾ ਵਿੱਚ ਆਇਆ।

ਆਪਣੇ ਘਰਾਂ-ਮਕਾਨਾਂ ਦੀ ਬਰਬਾਦੀ ਤੋਂ ਮਗਰੋਂ ਸ਼ਹਿਰ ਵਾਸੀ ਜਿੰਦਗੀ ਦੀ ਤੰਦ ਮੁੜ ਫੜਨ ਦੀ ਕੋਸ਼ਿਸ਼ ਕਰ ਰਹੇ ਹਨ।

ਕੁੱਝ ਹਾਲੇ ਵੀ ਸਦਮੇ ਵਿੱਚ ਹਨ ਤੇ ਘਰ ਵਾਪਸ ਆਉਣ ਤੋਂ ਘਬਰਾ ਰਹੇ ਹਨ।

ਪੰਜਾਬ ਦੀਆਂ ਸੜਕਾਂ 'ਤੇ ਕਿਉਂ ਫੂਕੇ ਦਲਿਤਾਂ ਨੇ ਪੁਤਲੇ?

ਦਲਿਤ ਕਿਉਂ ਮਨਾਉਂਦੇ ਹਨ 200 ਸਾਲ ਪਹਿਲਾਂ ਮਿਲੀ ਜਿੱਤ ਦਾ ਜਸ਼ਨ?

ਭੀਮਾ ਕੋਰੇਗਾਂਵ: ਮਰਾਠਿਆਂ ਖਿਲਾਫ਼ ਦਲਿਤਾਂ ਦੀ ਲੜਾਈ ਬਾਰੇ ਪੂਰਾ ਸੱਚ

ਕੇਸ ਸਟੱਡੀ 1

ਪੀੜਤ ਅਸ਼ੋਕ ਅਤੇ ਰਮਾ ਅਠਵਾਲੇ ਕੋਰੇਗਾਓਂ ਭੀਮਾ ਤੋਂ ਪੰਜ ਕਿਲੋਮੀਟਰ ਦੂਰ ਛੋਟੇ ਜਿਹੇ ਪਿੰਡ ਸਾਨਸਵਾੜੀ ਦੇ ਨਿਵਾਸੀ ਹਨ।

ਅਸ਼ੋਕ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਪੁਣੇ ਸ਼ਹਿਰ ਵਿੱਚ ਪਨਾਹ ਲਈ ਹੋਈ ਹੈ।

ਪਹਿਲਾਂ ਉਹ ਬੁੱਧਵਿਹਾਰ ਵਿੱਚ ਰਹੇ ਪਰ ਹੁਣ ਆਪਣੇ ਰਿਸ਼ਤੇਦਾਰ ਦੇ ਘਰ ਠਹਿਰੇ ਹੋਏ ਹਨ।

ਹਾਲਾਂਕਿ ਉਨ੍ਹਾਂ ਨੂੰ ਇਹ ਤਾਂ ਪਤਾ ਨਹੀਂ ਕਿ ਇੱਥੋਂ ਉਹ ਕਿੱਥੇ ਕੂਚ ਕਰਨਗੇ ਪਰ ਇਹ ਜ਼ਰੂਰ ਪਤਾ ਹੈ ਕਿ ਉਹ ਵਾਪਸ ਸਾਨਸਵਾੜੀ ਨਹੀਂ ਜਾਣਗੇ।

ਰੋਣਹਾਕੀ ਰਮਾ ਅਠਵਾਲੇ ਨੇ ਦੱਸਿਆ:

ਅਸੀਂ ਪਿੱਛਲੇ ਵੀਹ ਸਾਲਾਂ ਤੋਂ ਸਾਨਸਵਾੜੀ ਵਿੱਚ ਖੁਸ਼ੀ-ਖੁਸ਼ੀ ਤੇ ਸ਼ਾਂਤੀਪੂਰਵਕ ਰਹਿ ਰਹੇ ਸੀ। ਅਸੀਂ ਕਦੇ ਵੀ ਆਪਣੀ ਜ਼ਿੰਦਗੀ ਉੱਪਰ ਜਾਤ-ਪਾਤ ਦਾ ਪ੍ਰਛਾਵਾਂ ਨਹੀਂ ਸੀ ਪੈਣ ਦਿੱਤਾ।

ਇੱਥੇ ਹਰ ਵਰਗ ਦੇ ਲੋਕ ਸੌਖਿਆਂ ਹੀ ਘੁਲ-ਮਿਲ ਜਾਂਦੇ ਹਨ ਅਤੇ ਇੱਕ-ਦੂਸਰੇ ਦੇ ਤਿੱਥ ਤਿਉਹਾਰ ਵੀ ਰਲ-ਮਿਲ ਕੇ ਮਨਾਉਂਦੇ ਹਨ। ਪਰ ਇਹ ਸਭ ਤਾਂ ਹੁਣ ਇਤਿਹਾਸ ਬਣ ਚੁੱਕਿਆ ਹੈ।

ਹੁਣ ਸਾਡੇ ਕੋਲ ਕੁੱਝ ਨਹੀਂ ਬਚਿਆ। ਸਭ ਕੁੱਝ ਰਾਖ ਹੋ ਗਿਆ। ਅਸੀਂ ਸਾਨਸਵਾੜੀ ਵਾਪਸ ਨਹੀਂ ਮੁੜਨਾ। ਸਾਡਾ ਵਿਸ਼ਵਾਸ਼ ਟੁੱਟ ਗਿਆ ਹੈ। ਅਸੀਂ ਵਾਪਸ ਨਹੀਂ ਜਾਵਾਂਗੇ।

Image copyright BBC/MAYURESH KONNUR

ਬੀਤੇ ਸੋਮਵਾਰ ਅਠਵਾਲੇ ਪਰਿਵਾਰ ਪੁਣੇ ਦੇ ਡੀਸੀ ਸੌਰਭ ਰਾਓ ਨੂੰ ਮਿਲਿਆ। ਉਨ੍ਹਾਂ ਨੇ ਡੀਸੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਸਾਨਸਵਾੜੀ ਤੋਂ ਇਲਾਵਾ ਕਿਸੇ ਵੀ ਹੋਰ ਥਾਂ ਛੱਤ ਦੇ ਦੇਣ।

ਉਹ ਭੁੱਲ ਨਹੀਂ ਸਕਦੇ ਕਿ ਉਨ੍ਹਾਂ ਨਾਲ ਉਨ੍ਹਾਂ ਦੇ ਆਪਣੇ ਹੀ ਪਿੰਡ ਵਿੱਚ ਕੀ ਸਲੂਕ ਹੋਇਆ।

"ਮੈਂ ਗੇਟ-ਗ੍ਰਿਲਾਂ ਦਾ ਛੋਟਾ ਜਿਹਾ ਕਾਰੋਬਾਰ ਅਤੇ ਇੱਕ ਕਰਿਆਨੇ ਦੀ ਦੁਕਾਨ ਕਰਦਾ ਸੀ। ਸਾਡੀ ਸਭ ਨਾਲ ਦਿਲੀ ਸਾਂਝ ਸੀ। ਅਸੀਂ 'ਪੰਚਸ਼ੀਲ ਬੁੱਧਿਸ਼ਟ ਟਰੱਸਟ' ਅਧੀਨ ਸਭਿਆਚਾਰਕ ਸਾਮਗਮ ਵੀ ਕਰਵਾਉਂਦੇ ਸੀ। ਮੈਂ ਪਿੰਡ ਵਿੱਚ ਇੱਕ ਲਾਇਬ੍ਰੇਰੀ ਵੀ ਸ਼ੁਰੂ ਕੀਤੀ। ਪਿੰਡ ਵਾਲਿਆਂ ਨੇ ਮੇਰੀ ਮਦਦ ਬਹੁਤ ਕੀਤੀ ਪਰ ਮੈਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਹਾਲਾਤ ਰਾਤੋ-ਰਾਤ ਕਿਵੇਂ ਬਦਲ ਗਏ।"

ਅਸ਼ੋਕ ਨੇ ਮੁੜ ਯਾਦ ਕਰਦਿਆਂ ਦੱਸਿਆ, "ਇਸ ਸਾਲ ਅਸੀਂ 1818 ਦੀ ਜੰਗ ਵਿੱਚ ਸ਼ਹੀਦ ਹੋਣ ਵਾਲਿਆਂ ਦੀ ਯਾਦ ਮਨਾਉਣ ਲਈ ਕੋਰੇਗਾਓਂ ਆਉਣ ਵਾਲਿਆਂ ਲਈ ਲੰਗਰ ਲਾਇਆ ਹੋਇਆ ਸੀ। ਲੰਗਰ ਅਸੀਂ ਸਵੇਰੇ ਸੱਤ ਵਜੇ ਸ਼ੁਰੂ ਕੀਤਾ। ਗਿਆਰਾਂ ਵਜੇ ਤੱਕ ਸਭ ਕੁੱਝ ਠੀਕ ਚੱਲ ਰਿਹਾ ਸੀ। ਕੋਰੇਗਾਓਂ ਵਿੱਚ ਹਿੰਸਾ ਭੜਕਣ ਦੀ ਖ਼ਬਰ ਮਿਲੀ। ਹਾਲਾਤ ਨੇ ਇੱਕ ਖਤਰਨਾਕ ਮੋੜ ਲੈ ਲਿਆ। ਪੱਥਰਬਾਜ਼ੀ ਸ਼ੁਰੂ ਹੋ ਗਈ, ਕਾਰਾਂ ਅੱਗ ਦੇ ਹਵਾਲੇ ਹੋਣ ਲੱਗੀਆਂ। ਦੋਵਾਂ ਪਾਸਿਆਂ ਤੋਂ ਲੋਕਾਂ ਨੇ ਇੱਕ ਦੂਜੇ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।"

Image copyright BBC/MAYURESH KONNUR

ਅਸ਼ੋਕ ਨੇ ਕੰਬਦਿਆਂ ਕਿਹਾ,"ਅਸੀਂ ਇਸ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ। ਮੈਂ ਦੁਕਾਨ ਬੰਦ ਕਰ ਦਿੱਤੀ। ਛੇਤੀ ਹੀ ਮੈਨੂੰ, ਮੇਰੇ ਭਾਈਚਾਰੇ ਦੇ ਲੋਕਾਂ ਨੂੰ ਸਮਝਾਉਣ ਲਈ ਬੁਲਾ ਲਿਆ ਗਿਆ। ਮੈਂ ਪੁੱਛਿਆ ਕਿ ਜੇ ਪੁਲਿਸ ਕੁੱਝ ਨਹੀਂ ਕਰ ਸਕੀ ਤਾਂ ਮੈਂ ਕੀ ਕਰ ਲਵਾਂਗਾ? ਦੂਸਰੇ ਵਿਅਕਤੀ ਨੇ ਮੈਨੂੰ ਚੇਤਾਵਨੀ ਦਿੱਤੀ ਕਿ ਜੇ ਮੈਨੂੰ ਲੋੜ ਨਹੀਂ ਤਾਂ ਉਹ ਮੇਰਾ ਘਰ ਫੂਕ ਦੇਣਗੇ। ਮੈਂ ਫੋਨ ਬੰਦ ਕੀਤਾ ਤੇ ਉੱਥੇ ਹੀ ਰਿਹਾ। ਤਿੰਨ ਸਾਢੇ ਤਿੰਨ ਵਜੇ ਲਗਪਗ ਹਜ਼ਾਰ ਦੇ ਕਰੀਬ ਬੰਦੇ ਮੇਰੇ ਘਰ ਆਏ ਤੇ ਉਨ੍ਹਾਂ ਨੇ ਸਭ ਕੁੱਝ ਲੁੱਟ ਲਿਆ।"

"ਅਸੀਂ ਪਿਛਲੇ ਪਾਸਿਉਂ ਘਰ ਤੋਂ ਬਾਹਰ ਨਿਕਲੇ। ਮੈਂ ਪਹਿਲਾਂ ਆਪਣੇ ਬੱਚਿਆਂ ਨੂੰ ਭੇਜਿਆ ਅਤੇ ਅਸੀਂ ਇੱਕ ਨਜ਼ਦੀਕੀ ਖੱਡ ਵਿੱਚ ਲੁਕ ਗਏ। ਹਾਲਾਤ ਨੂੰ ਘੋਖਣ ਮਗਰੋਂ ਅਸੀਂ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਰਾਹ ਵਿੱਚ ਮੈਨੂੰ ਇੱਕ ਵਿਅਕਤੀ ਨੇ ਪਛਾਣ ਲਿਆ ਤੇ ਹਿੰਮਤ ਬੰਨ੍ਹਾਉਣ ਲੱਗਿਆ ਮੈਂ ਜਿਵੇਂ-ਕਿਵੇਂ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ।" ਅਸ਼ੋਕ ਨੇ ਇਹ ਸਾਰਾ ਕੁੱਝ ਇਸ ਤਰ੍ਹਾਂ ਬਿਆਨ ਕੀਤਾ ਜਿਵੇਂ ਸਾਰਾ ਕੁੱਝ ਉਸਦੀਆਂ ਅੱਖਾਂ ਅੱਗੇ ਇੱਕ ਫਿਲਮ ਵਾਂਗ ਚੱਲ ਰਿਹਾ ਹੋਵੇ। ਫਿਲਹਾਲ ਉਹ ਪੁਣੇ ਦੇ ਸੈਸੂਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸਦੀ ਪਤਨੀ ਨੇ ਸ਼ਿਕਰਾਪੁਰ ਥਾਣੇ ਵਿੱਚ ਪਰਚਾ ਦਰਜ ਕਰਵਾਇਆ ਹੈ। ਅਸ਼ੋਕ ਦੇ ਬਿਆਨ ਲੈ ਕੇ ਮੌਕੇ ਦੇਖ ਕੇ ਤਫ਼ਤੀਸ਼ ਕੀਤੀ ਜਾ ਚੁੱਕੀ ਹੈ।

ਕੋਰੇਗਾਓਂ ਭੀਮਾ ਵਿੱਚ ਤਣਾਅ

ਹਾਦਸੇ ਤੋਂ ਇੱਕ ਹਫਤੇ ਬਾਅਦ ਵੀ ਕੋਰੇਗਾਓਂ ਭੀਮਾ ਵਿੱਚ ਹਿੰਸਾ ਦੇ ਜ਼ਖਮ ਅੱਲੇ ਹਨ। ਪੈਰਨੇ ਫੱਟਾ 'ਤੇ ਪੁਲਿਸ ਗਸ਼ਤ ਕਰਦੀ ਹੈ। ਸਥਾਨਕ ਅਤੇ ਸੂਬੇ ਦੀ ਰਿਜ਼ਰਵ ਪੁਲਿਸ ਨੇ ਖੇਤਰ ਨੂੰ ਛਾਉਣੀ ਵਿੱਚ ਬਦਲ ਦਿੱਤਾ ਹੈ। ਅੱਗ ਬੁਝਾਊ ਗੱਡੀਆਂ ਹਰ ਵੇਲੇ ਮੌਜੂਦ ਰਹਿੰਦੀਆਂ ਹਨ। ਹੋਸਟਲ ਤੇ ਦੁਕਾਨਾਂ ਖੁੱਲ੍ਹ ਗਈਆਂ ਹਨ ਪਰ ਹਵਾ ਵਿੱਚ ਤਣਾਅ ਮਹਿਸੂਸ ਕੀਤਾ ਜਾ ਸਕਦਾ ਹੈ।

ਨਦੀ ਪਾਰ ਕਰਨ ਮਗਰੋਂ ਕਿਸੇ ਨੂੰ ਵੀ ਅੰਦਾਜਾ ਹੋ ਸਕਦਾ ਹੈ ਕਿ ਉਸ ਮਨਹੂਸ ਦਿਨ ਕੀ ਹੋਇਆ ਹੋਵੇਗਾ। ਟੁੱਟੀਆਂ ਤੇ ਸੜੀਆਂ ਹੋਈਆਂ ਕਾਰਾਂ ਸੜਕਾਂ ਕਿਨਾਰੇ ਹਲੇ ਵੀ ਪਈਆਂ ਹਨ। ਟੁੱਟੀਆਂ ਖਿੜਕੀਆਂ ਕਾਰਨ ਇਮਾਰਤਾਂ ਡਰਾਉਣੀਆਂ ਲਗਦੀਆਂ ਹਨ। ਹਫਤਾਵਾਰੀ ਬਾਜ਼ਾਰ ਮੁੜ ਖੁੱਲ੍ਹ ਗਿਆ ਹੈ ਕੁੱਝ ਲੋਕ ਇਮਾਰਤਾਂ 'ਤੇ ਨਵੇਂ ਰੰਗ-ਰੋਗਨ ਕਰਕੇ ਤਣਾਅ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਾਨਸਵਾੜੀ, ਕੋਰੇਗਾਓਂ ਭੀਮਾ ਤੋਂ ਮਹਿਜ ਪੰਜ ਕਿਲੋਮੀਟਰ ਦੂਰ ਹੈ। ਹਿੰਸਾ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ। ਇੱਥੇ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਹੋਣ ਕਰਕੇ ਇੱਥੇ ਦੀ ਆਬਾਦੀ ਕਾਫ਼ੀ ਵਧ ਗਈ ਹੈ।

ਕੇਸ ਸਟਡੀ 2

ਬੁੱਧ ਵਿਹਾਰ ਇੱਕ ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਦੇ ਅੰਦਰ ਇੱਕ ਇੰਡੋਰ ਕੰਪਲੈਕਸ ਵੀ ਹੈ। 86 ਸਾਲਾ ਦਲਿਤ ਕਾਰਕੁਨ ਸੁਦਾਮ ਪਵਾਰ ਇਸ ਦੀ ਸੰਭਾਲ ਕਰਦੇ ਹਨ। ਉਹ ਡਾ.ਅੰਬੇਦਕਰ ਨੂੰ ਵੀ ਮਿਲੇ ਹੋਏ ਹਨ ਤੇ ਕੰਪਲੈਕਸ ਦੇ ਅੰਦਰ ਹੀ ਰਹਿੰਦੇ ਹਨ।

ਪਹਿਲੀ ਜਨਵਰੀ ਦੀ ਘਟਨਾ ਤੋਂ ਬਾਅਦ ਉਹ ਬਹੁਤ ਘੁੰਮੇ ਹਨ। ਅਸੀਂ ਉਨ੍ਹਾਂ ਨੂੰ ਜਦੋਂ ਉਨ੍ਹਾਂ ਦੇ ਸਾਨਸਵਾੜੀ ਵਾਪਸ ਆਉਣ 'ਤੇ ਮਿਲੇ।

ਉਨ੍ਹਾਂ ਦੇ ਘਰ ਵੀ ਤਬਾਹੀ ਦਾ ਮੰਜ਼ਰ ਹੈ ਤੇ ਉਨ੍ਹਾਂ ਨੂੰ ਪੁਲਿਸ ਸੁਰਖਿਆ ਵੀ ਮਿਲੀ ਹੋਈ ਹੈ।

ਪਵਾਰ ਨੇ ਘਟਨਾ ਯਾਦ ਕਰਦਿਆਂ ਦੱਸਿਆ, "ਛੇ ਕੁ ਵਜੇ ਸਾਨੂੰ ਹਲਚਲ ਸੁਣਾਈ ਦਿੱਤੀ। ਲੋਕ ਇੱਧਰ-ਉਧਰ ਭੱਜ ਰਹੇ ਸਨ। ਅਚਾਨਕ ਸਾਨੂੰ ਦਰਵਾਜ਼ੇ ਤੇ ਦਸਤਕ ਸੁਣਾਈ ਦਿੱਤੀ। ਭੀੜ ਸਾਡਾ ਦਰਵਾਜਾ ਤੋੜਨਾ ਚਾਹੁੰਦੀ ਸੀ ਅਸੀਂ ਘਬਰਾ ਗਏ। ਭੀੜ ਨੇ ਸਾਡੇ ਘਰ ਦੀ ਖਿੜਕੀ ਤੇ ਦਰਵਾਜੇ ਤੋੜ ਦਿੱਤੇ। ਫੇਰ ਇਹ ਸਾਡੇ ਖੇਤਾਂ ਵੱਲ ਚਲੇ ਗਏ, ਰਾਹ ਵਿੱਚ ਖੜ੍ਹੀਆਂ ਕਾਰਾਂ ਨੂੰ ਅੱਗ ਲਾ ਦਿੱਤੀ ਤੇ ਸਾਡੇ ਖੇਤ ਨੂੰ ਅੱਗ ਲਾ ਦਿੱਤੀ। ਅਸੀਂ ਪੁਲਿਸ ਨੂੰ ਦੱਸਿਆ ਤੇ ਉਹ ਪੁਲਿਸ ਦੇ ਹੂਟਰ ਦੀ ਆਵਾਜ਼ ਸੁਣ ਕੇ ਭੱਜ ਗਏ।

Image copyright BBC/PAL SINGH NAULI
ਫੋਟੋ ਕੈਪਸ਼ਨ ਪੰਜਾਬ ਦੀਆਂ ਸੜਕਾਂ ਉੱਤੇ ਦਿਖਿਆ ਕੋਰੇਗਾਓਂ ਭੀਮਾ ਦੇ ਦਲਿਤਾਂ ਦੇ ਰੋਸ ਦਾ ਅਸਰ

"ਪਵਾਰ ਦਾ ਮੁੰਬਈ ਰਹਿੰਦਾ ਪੁੱਤਰ ਅਤੇ ਪੋਤੇ ਵੀ ਸਾਨਸਵਾੜੀ ਵਿੱਚ ਹੀ ਆਏ ਹੋਏ ਸਨ। ਉਹ ਹਾਲੇ ਵੀ ਉਨ੍ਹਾਂ ਦੇ ਕੋਲ ਹੀ ਹਨ। ਪਵਾਰ ਦਾ ਕਹਿਣਾ ਹੈ ਕਿ ਪਹਿਲਾਂ ਬਸਤੀ ਵਿੱਚ 14-15 ਲੋਕ ਰਹਿੰਦੇ ਸਨ ਹੁਣ ਕੇਵਲ 4-5 ਹੀ ਬਚੇ ਹਨ।

ਭਾਵੁਕ ਹੁੰਦਿਆਂ ਪਵਾਰ ਨੇ ਕਿਹਾ, "ਮੈਂ ਪੱਚੀ ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ। ਸਾਰੇ ਪਿੰਡ ਵਾਲਿਆਂ ਨਾਲ ਮੇਰਾ ਨਹੁੰ-ਮਾਸ ਦਾ ਰਿਸ਼ਤਾ ਹੈ। ਅਜਿਹੇ ਦੰਗੇ ਇੱਥੇ ਕਦੇ ਨਹੀਂ ਹੋਏ। ਮੈਨੂੰ ਹਾਲੇ ਵੀ ਸਮਝ ਨਹੀਂ ਆ ਰਹੀ ਕਿ ਇਹ ਸਭ ਕਿਵੇਂ ਵਾਪਰ ਗਿਆ। ਮੈਂ ਸਾਨਸਵਾੜੀ ਛੱਡ ਕੇ ਨਹੀਂ ਜਾਵਾਂਗਾ।"

ਆਮ ਆਦਮੀ ਦੀ ਜ਼ਿੰਦਗੀ 'ਤੇ ਪ੍ਰਭਾਵ

ਕਈ ਲੋਕਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਸੀ। ਉਹ ਨਾ ਤਾਂ ਕਿਸੇ ਸੰਗਠਨ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਸਨ। ਅਸੀਂ ਕੋਰੇਗਾਓਂ ਅਤੇ ਸਾਨਸਵਾੜੀ ਦਰਮਿਆਨ ਇੱਕ ਹੋਟਲ ਠਹਿਰੇ। ਪਹਿਲਾਂ ਉੱਥੇ ਕੁੱਝ ਤਣਾਅ ਸੀ ਪਰ ਹੌਲੀ-ਹੌਲੀ ਲੋਕ ਖੁੱਲ੍ਹਣ ਲੱਗੇ। ਮੀਡੀਆ ਤੇ ਪੁਲਿਸ ਦੀ ਨਿਰੰਤਰ ਮੌਜੂਦਗੀ ਕਰਕੇ ਹਵਾ ਵਿੱਚ ਤਲਖ਼ੀ ਸੀ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਲੋਕਾਂ ਨੇ ਸਾਨੂੰ ਆਪ-ਬੀਤੀ ਸੁਣਾਈ।

ਇੱਕ ਹੋਟਲ ਵਾਲੇ ਨੇ ਸਾਨੂੰ ਦੱਸਿਆ,"ਉਸ ਦਿਨ ਸਭ ਕੁੱਝ ਬੰਦ ਹੋਣ ਕਰਕੇ ਅਸੀਂ ਘਰਾਂ ਵਿੱਚ ਹੀ ਸੀ। ਕੁੱਝ ਲੋਕਾਂ ਨੇ ਹੋਟਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ਟਰ ਨਹੀਂ ਉੱਠਾ ਸਕੇ ਜਿਸ ਕਰਕੇ ਅਸੀਂ ਵੱਡੇ ਨੁਕਸਾਨ ਤੋਂ ਬਚ ਗਏ। ਫੇਰ ਵੀ ਬਾਹਰਲਾ ਕਾਊਂਟਰ ਕਾਫ਼ੀ ਨੁਕਸਾਨਿਆ ਗਿਆ।"

ਇੱਕ ਬਜ਼ੁਰਗ ਨੇ ਸਾਨੂੰ ਦੱਸਿਆ, "ਬਹੁਤੇ ਪਿੰਡ ਵਾਲੇ ਆਪਣੇ ਨੁਕਸਾਨ ਦਾ ਅੰਦਾਜ਼ਾ ਲਾਉਣ ਵਿੱਚ ਰੁੱਝੇ ਹੋਏ ਸਨ। ਕਈ ਵਾਹਨ ਨੁਕਸਾਨੇ ਗਏ , ਭੀੜ ਬਹੁਤ ਜਿਆਦਾ ਸੀ ਲੋਕ ਡਰੇ ਹੋਏ ਸਨ। ਕੁੱਝ ਨੇ ਆਪਣੀ ਜਾਇਦਾਦ ਬਚਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਕੋਰੇਗਾਓਂ ਜੰਗ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਆਈਆਂ ਕੁੱਝ ਔਰਤਾਂ ਨੂੰ ਪਨਾਹ ਦਿੱਤੀ। ਸਾਰੇ ਲੋਕ ਡਰੇ ਹੋਏ ਸਨ।"

ਜਿਆਦਾਤਰ ਲੋਕਾਂ ਦੀ ਇਹੋ ਕਹਾਣੀ ਹੈ।

ਐਲਵਨ ਫਰਨਾਂਡੇਜ਼ ਨੂੰ ਅਸੀਂ ਕੋਰੇਗਾਓਂ ਦੇ ਨੇੜੇ ਇੱਕ ਸੜਕ 'ਤੇ ਮਿਲੇ। ਉਹ ਫਾਈਬਰ ਦੀਆਂ ਮੂਰਤੀਆਂ ਤਿਆਰ ਕਰਨ ਕਰਕੇ ਮਸ਼ਹੂਰ ਹਨ। ਉਨ੍ਹਾਂ ਦਾ ਸਟੂਡੀਓ ਨੇੜੇ ਹੀ ਹੈ ਜੋ ਕਦੇ ਦੂਰੋਂ ਪਛਾਣਿਆ ਜਾਂਦਾ ਸੀ ਪਰ ਹੁਣ ਰਾਖ ਹੋ ਚੁੱਕਿਆ ਹੈ।

Image copyright Getty Images

ਫਰਨਾਂਡੇਜ਼ ਨੇ ਦੱਸਿਆ, "ਮੈਂ ਕਿਸੇ ਕੰਮ ਨਾਲ ਪੁਣੇ ਗਿਆ ਹੋਇਆ ਸੀ। ਬਾਅਦ ਦੁਪਹਿਰ ਮੈਨੂੰ ਇੱਥੇ ਜੋ ਹੋ ਰਿਹਾ ਸੀ ਉਸ ਬਾਰੇ ਫੋਨ ਆਉੇਣੇ ਸ਼ੁਰੂ ਹੋਏ। ਮੈਂ ਭੀੜ ਕਾਰਨ 12 ਕਿਲੋਮੀਟਰ ਪੈਦਲ ਚੱਲ ਕੇ ਪਹੁੰਚਿਆ। ਜਦੋਂ ਮੈਂ ਇੱਥੇ ਪਹੁੰਚਿਆ ਤਾਂ ਦੇਖਿਆ ਕਿ ਸਭ ਕੁੱਝ ਨਸ਼ਟ ਹੋ ਚੁੱਕਿਆ ਸੀ। ਮੇਰੇ ਗੁਆਂਢੀ ਕੁੱਝ ਮੂਰਤੀਆਂ ਬਚਾ ਕੇ ਨਜਦੀਕੀ ਕਮਰੇ ਵਿੱਚ ਰੱਖਣ ਵਿੱਚ ਸਫ਼ਲ ਹੋ ਗਏ। ਮੇਰੇ ਕੋਲ ਹੁਣ ਇਹੀ ਬਚਿਆ ਹੈ। ਇਸ ਨਾਲ ਮੈਨੂੰ ਸੱਤਰ ਲੱਖ ਦਾ ਨੁਕਸਾਨ ਹੋਇਆ।"

ਫਰਨਾਂਡੇਜ਼ ਨੇ ਇਹ ਸਟੂ਼ਡੀਓ ਤਿੰਨ ਸਾਲ ਪਹਿਲਾਂ ਬਣਾਇਆ ਸੀ ਪਰ ਉਹ ਮੂਰਤੀਆਂ ਬਣਾਉਣ ਲਈ ਪੂਰੇ ਮਹਾਰਾਸ਼ਟਰ ਵਿੱਚ ਘੁੰਮਦੇ ਰਹਿੰਦੇ ਹਨ। ਉਨ੍ਹਾਂ ਨੇ ਪਿੰਪਰੀ ਵਿੱਚ ਡਾ. ਅੰਬੇਦਕਰ ਦੇ ਮਿਊਰਲ ਵੀ ਬਣਾਏ ਹਨ। ਉਨ੍ਹਾਂ ਨੇ ਸ਼ਿਵਾਜੀ ਦੀਆਂ ਜੀਵਨ ਘਟਨਾਵਾਂ ਦਰਸਾਉਂਦੀ ਸ਼ਿਵਸ਼ਰੁਸਤੀ ਨਾਮਕ ਮਿਊਰਲ ਲੜੀ ਵੀ ਬਣਾਈ ਹੈ। ਪੀੜਤ ਫਰਨਾਂਡੇਜ਼ ਦਾ ਕਹਿਣਾ ਹੈ ਕਿ ਇਹ ਦੋਵੇਂ ਪ੍ਰੋਜੈਕਟ ਉਸਦੇ ਕਿੱਤੇ ਵਿੱਚ ਸਭ ਤੋਂ ਅਹਿਮ ਹਨ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ