ਨਵਾਂਸ਼ਹਿਰ ਦੇ ਅਮਰੀਸ਼ ਪੁਰੀ ਜਦੋਂ ਹੀਰੋ ਦਾ ਰੋਲ ਮੰਗਣ ਗਏ ਤਾਂ ਇਹ ਜਵਾਬ ਮਿਲਿਆ

ਅਮਰੀਸ਼ ਪੁਰੀ

ਤਸਵੀਰ ਸਰੋਤ, MADHAV AGASTI

ਆਪਣੀ ਦਮਦਾਰ ਅਵਾਜ਼, ਡਰਾਉਣੇ ਗੈੱਟਅਪ ਅਤੇ ਪ੍ਰਭਾਵੀ ਸ਼ਖ਼ਸੀਅਤ ਨਾਲ ਫਿਲਮ ਪ੍ਰੇਮੀਆਂ ਦੇ ਦਿਲਾਂ ਵਿੱਚ ਖੌਫ਼ ਪੈਦਾ ਕਰਨ ਲਈ ਜਾਣੇ-ਪਛਾਣੇ ਅਮਰੀਸ਼ ਪੁਰੀ ਦਰਅਸਲ ਫਿਲਮਾਂ ਵਿੱਚ ਹੀਰੋ ਬਣਨਾ ਚਾਹੁੰਦੇ ਸੀ।

ਉਹ ਪੰਜਾਬ ਦੇ ਨਵਾਂਸ਼ਹਿਰ ਵਿੱਚ ਪੈਦਾ ਹੋਏ ਸਨ। ਬੀਬੀਸੀ ਨਾਲ ਕਈ ਦਿਲਚਸਪ ਗੱਲਾਂ ਉਨ੍ਹਾਂ ਦੇ ਬੇਟੇ ਰਾਜੀਵ ਪੁਰੀ ਨੇ ਸਾਂਝੀਆਂ ਕੀਤੀਆਂ ਸੀ ਤੇ ਅਸੀਂ ਤੁਹਾਡੇ ਨਾਲ ਉਸ ਮੁਲਾਕਾਤ ਦੇ ਕੁਝ ਹਿੱਸੇ ਸਾਂਝੇ ਕਰ ਰਹੇ ਹਾਂ।

ਅਮਰੀਸ਼ ਪੁਰੀ ਨੇ 30 ਸਾਲ ਤੋਂ ਵੀ ਜ਼ਿਆਦਾ ਵੇਲੇ ਤੱਕ ਫਿਲਮਾਂ ਵਿੱਚ ਕੰਮ ਕੀਤਾ ਅਤੇ ਨਾਕਾਰਾਤਮਕ ਭੂਮਿਕਾਵਾਂ ਨੂੰ ਇਸ ਪ੍ਰਭਾਵੀ ਢੰਗ ਨਾਲ ਨਿਭਾਇਆ ਕਿ ਹਿੰਦੀ ਫਿਲਮਾਂ ਵਿੱਚ ਉਹ ਮਾੜੇ ਆਦਮੀ ਦਾ ਚਿਨ੍ਹ ਬਣ ਗਏ।

ਆਪਣੇ ਪਿਤਾ ਬਾਰੇ ਰਾਜੀਵ ਪੁਰੀ ਦੱਸਦੇ ਹਨ, "ਉਹ ਜਵਾਨੀ ਦੇ ਦਿਨਾਂ ਵਿੱਚ ਹੀਰੋ ਬਣਨ ਮੁੰਬਈ ਪਹੁੰਚੇ। ਉਨ੍ਹਾਂ ਦੇ ਵੱਡੇ ਭਰਾ ਮਦਨ ਪੁਰੀ ਪਹਿਲਾਂ ਤੋਂ ਫਿਲਮਾਂ ਵਿੱਚ ਸਨ, ਪਰ ਨਿਰਮਾਤਾਵਾਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਚਿਹਰਾ ਹੀਰੋ ਦੀ ਤਰ੍ਹਾਂ ਨਹੀਂ ਹੈ। ਉਸ ਤੋਂ ਉਹ ਕਾਫ਼ੀ ਨਿਰਾਸ਼ ਹੋ ਗਏ ਸਨ।"

ਤਸਵੀਰ ਸਰੋਤ, BBC/RAJEEV PURI

ਨਾਇਕ ਦੇ ਤੌਰ ਉੱਤੇ ਮੌਕਾ ਨਾ ਮਿਲਣ ਕਰਕੇ ਅਮਰੀਸ਼ ਪੁਰੀ ਨੇ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ।

ਇਸ ਤੋਂ ਬਾਅਦ 1970 ਵਿੱਚ ਉਨ੍ਹਾਂ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਯਾਦਗਾਰ ਰੋਲ

ਰਾਜੀਵ ਨੇ ਦੱਸਿਆ, "ਪਿਤਾ ਨੇ ਫ਼ਿਲਮਾਂ ਵਿੱਚ ਕਾਫ਼ੀ ਦੇਰ ਤੋਂ ਕੰਮ ਸ਼ੁਰੂ ਕੀਤਾ, ਪਰ ਇੱਕ ਥੀਏਟਰ ਕਲਾਕਾਰ ਦੇ ਤੌਰ ਉੱਤੇ ਉਹ ਖਾਸ ਪ੍ਰਸਿੱਧੀ ਹਾਸਿਲ ਕਰ ਚੁੱਕੇ ਸਨ। ਅਸੀਂ ਉਦੋਂ ਤੋਂ ਉਨ੍ਹਾਂ ਦੀ ਸਟਾਰਡਮ ਦੇਖ ਲਈ ਸੀ ਅਤੇ ਸਾਨੂੰ ਪਤਾ ਲੱਗ ਗਿਆ ਸੀ ਕਿ ਉਹ ਕਿੰਨੇ ਵੱਡੇ ਕਲਾਕਾਰ ਸਨ।"

70 ਦੇ ਦਹਾਕੇ ਵਿੱਚ ਉਨ੍ਹਾਂ ਨੇ 'ਨਿਸ਼ਾਂਤ', 'ਮੰਥਨ', 'ਭੂਮਿਕਾ', 'ਆਕਰੋਸ਼' ਵਰਗੀਆਂ ਕਈ ਫ਼ਿਲਮਾਂ ਕੀਤੀਆਂ। 80 ਦੇ ਦਹਾਕੇ ਵਿੱਚ ਉਨ੍ਹਾਂ ਨੇ ਬਤੌਰ ਖਲਨਾਇਕ ਕਈ ਯਾਦਕਾਰ ਭੂਮਿਕਾਵਾਂ ਨਿਭਾਈਆਂ।

ਤਸਵੀਰ ਸਰੋਤ, MADHAV AGASTI

'ਹਮ ਪਾਂਚ', 'ਨਸੀਬ', 'ਵਿਧਾਤਾ', 'ਹੀਰੋ', 'ਅੰਧਾ ਕਾਨੂੰਨ', 'ਅਰਧ-ਸੱਤਿਆ' ਵਰਗੀਆਂ ਫ਼ਿਮਲਾਂ ਵਿੱਚ ਉਨ੍ਹਾਂ ਨੇ ਬਤੌਰ ਖਲਨਾਇਕ ਅਜਿਹੀ ਛਾਪ ਛੱਡੀ ਕਿ ਫ਼ਿਲਮ ਪ੍ਰੇਮੀਆਂ ਦੇ ਮਨਾਂ ਵਿੱਚ ਉਨ੍ਹਾਂ ਦੇ ਨਾਮ ਤੋਂ ਹੀ ਖੌਫ਼ ਪੈਦਾ ਹੋ ਜਾਂਦਾ ਸੀ।

ਸਾਲ 1987 ਵਿੱਚ ਆਈ 'ਮਿਸਟਰ ਇੰਡੀਆ' ਫ਼ਿਲਮ ਵਿੱਚ ਉਨ੍ਹਾਂ ਦਾ ਕਿਰਦਾਰ 'ਮੋਗੈਂਬੋ' ਬੇਹੱਦ ਮਸ਼ਹੂਰ ਹੋਇਆ। ਫ਼ਿਲਮ ਦਾ ਸੰਵਾਦ 'ਮੋਗੈਂਬੋ ਖੁਸ਼ ਹੋਇਆ', ਅੱਜ ਵੀ ਲੋਕਾਂ ਦੇ ਜ਼ਹਿਨ ਵਿੱਚ ਬਰਕਰਾਰ ਹੈ।

ਰਾਜੀਵ ਪੁਰੀ ਦੱਸਦੇ ਹਨ ਕਿ ਅਸਲ ਜੀਵਨ ਵਿੱਚ ਅਮਰੀਸ਼ ਪੁਰੀ ਬੇਹੱਦ ਅਨੁਸ਼ਾਸਨ ਪਸੰਦ ਅਤੇ ਵਕਤ ਦੇ ਪਾਬੰਦ ਇਨਸਾਨ ਸਨ।

ਪੋਤੇ-ਪੋਤੀਆਂ ਨਾਲ ਲਗਾਅ

ਰਾਜੀਵ ਦਾ ਕਹਿਣਾ ਹੈ, "ਪਿਤਾ ਦੇ ਸਿਧਾਂਤ ਬਿਲਕੁੱਲ ਸਪਸ਼ਟ ਸਨ। ਜੋ ਗੱਲ ਉਨ੍ਹਾਂ ਨੂੰ ਪਸੰਦ ਨਹੀਂ ਆਉਂਦੀ ਸੀ, ਉਹ ਉਸ ਨੂੰ ਸਾਫ਼-ਸਾਫ਼ ਬੋਲ ਦਿੰਦੇ ਸੀ। ਉਹ ਸਾਡੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਬਿਲਕੁਲ ਨਿਮਰਤਾ ਨਾਲ ਰਹਿੰਦੇ। ਉਨ੍ਹਾਂ ਨੇ ਕਦੇ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਕਿੰਨੇ ਮਸ਼ਹੂਰ ਹਨ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

13 ਜਨਵਰੀ, 2005: ਅਮਰੀਸ਼ ਪੁਰੀ ਦੇ ਪੁੱਤਰ ਰਾਜੀਵ ਪੁਰੀ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ।

ਅਮਰੀਸ਼ ਪੁਰੀ, ਸ਼ਿਆਮ ਬੇਨੇਗਲ, ਗੋਵਿੰਦ ਨਿਹਲਾਨੀ, ਅਮਿਤਾਭ ਬੱਚਨ, ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਦੇ ਕਾਫ਼ੀ ਕੀਰੀਬੀ ਸਨ। ਨੌਜਵਾਨ ਕਲਾਕਾਰਾਂ ਵਿੱਚ ਵੀ ਉਨ੍ਹਾਂ ਦੀ ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਅਕਸ਼ੇ ਕੁਮਾਰ ਨਾਲ ਕਾਫ਼ੀ ਨੇੜਤਾ ਸੀ।

ਰਾਜੀਵ ਪੁਰੀ ਦੱਸਦੇ ਹਨ, "ਉਨ੍ਹਾਂ ਨੂੰ ਆਪਣੇ ਪੋਤੇ-ਪੋਤੀਆਂ ਨਾਲ ਕਾਫ਼ੀ ਲਗਾਅ ਸੀ। ਜਦੋਂ ਉਹ ਉਨ੍ਹਾਂ ਦੇ ਨਾਲ ਹੁੰਦੇ, ਤਾਂ ਸਾਨੂੰ ਕਹਿੰਦੇ-ਚਲੋ ਤੁਸੀਂ ਲੋਕ ਜਾਓ। ਇਹ ਸਾਡਾ ਬੱਚਿਆਂ ਦਾ ਖੇਡਣ ਦਾ ਸਮਾਂ ਹੈ।"

ਅਮਰੀਸ਼ ਪੁਰੀ ਆਪਣੇ ਕਰੀਅਰ ਦੇ ਆਖਰੀ ਸਾਲਾਂ ਵਿੱਚ ਚਰਿੱਤਰ ਭੂਮਿਕਾਵਾਂ ਕਰਨ ਲੱਗੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 'ਪਰਦੇਸ', 'ਤਾਲ' ਅਤੇ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਵਰਗੀਆਂ ਫ਼ਿਲਮਾਂ ਵਿੱਚ ਅਦਾਕਾਰੀ ਦੀ ਜ਼ਬਰਦਸਤ ਛਾਪ ਛੱਡੀ ਸੀ।

12 ਜਨਵਰੀ 2005 ਨੂੰ ਅਮਰੀਸ਼ ਪੁਰੀ ਦਾ ਦੇਹਾਂਤ ਹੋ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)