ਮੇਰੇ ਪਿਤਾ ਦੀ ਮੌਤ 'ਤੇ ਜਾਂਚ ਦੀ ਲੋੜ ਨਹੀਂ: ਅਨੁਜ ਲੋਇਆ

  • ਆਸ਼ੀਸ਼ ਦੀਕਸ਼ਿਤ
  • ਬੀਬੀਸੀ ਪੱਤਰਕਾਰ
ਜਸਟਿਸ ਲੋਇਆ

ਤਸਵੀਰ ਸਰੋਤ, CARAVAN MAGAZINE

ਜਸਟਿਸ ਬ੍ਰਜਗੋਪਾਲ ਲੋਇਆ ਦੇ ਬੇਟੇ ਅਨੁਜ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪਿਤਾ ਦੀ ਮੌਤ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ।

ਅਨੁਜ ਨੇ ਮੀਡੀਆ ਸਾਹਮਣੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਮੌਤ 'ਤੇ 'ਕੋਈ ਸ਼ੱਕ ਨਹੀਂ' ਹੈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ 'ਕਿਸੇ 'ਤੇ ਕੋਈ ਇਲਜ਼ਾਮ' ਹੈ।

ਅਨੁਜ ਨੇ ਇਹ ਵੀ ਕਿਹਾ ਇਸ ਨੂੰ ਲੈ ਕੇ ਉਹ ਕਿਸੇ ਤਰ੍ਹਾਂ ਦੀ ਕੋਈ ਜਾਂਚ ਨਹੀਂ ਚਾਹੁੰਦੇ ਹਨ।

ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨਾਲ ਮੌਜੂਦ ਵਕੀਲ ਅਮੀਰ ਨਾਇਕ ਨੇ ਕਿਹਾ, "ਪਰਿਵਾਰ ਨਹੀਂ ਚਾਹੁੰਦਾ ਕਿ ਇਸ ਮਾਮਲੇ 'ਤੇ ਸਿਆਸਤ ਹੋਵੇ ਅਤੇ ਕਿਸੇ ਨੂੰ ਇਸ ਦਾ ਲਾਭ ਪਹੁੰਚੇ।"

21 ਸਾਲਾ ਅਨੁਜ ਨੇ ਕਿਹਾ, "ਪਿਛਲੇ ਕੁਝ ਦਿਨਾਂ ਤੋਂ ਆ ਰਹੀਆਂ ਮੀਡੀਆ ਰਿਪੋਰਟਾਂ ਨੂੰ ਦੇਖਦੇ ਹੋਏ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਰਿਵਾਰ ਨੂੰ ਇਨ੍ਹਾਂ ਸਭ ਚੀਜ਼ਾਂ ਨਾਲ ਬਹੁਤ ਤਕਲੀਫ਼ ਹੋ ਰਹੀ ਹੈ। ਸਾਡਾ ਕਿਸੇ 'ਤੇ ਕੋਈ ਇਲਜ਼ਾਮ ਨਹੀਂ ਹੈ।"

ਉਸ ਨੇ ਅੱਗੇ ਕਿਹਾ, "ਅਸੀਂ ਕਾਫੀਂ ਕਸ਼ਟ 'ਚ ਹਾਂ ਅਤੇ ਇਨ੍ਹਾਂ ਸਭ ਚੀਜ਼ਾਂ ਤੋਂ ਬਾਹਰ ਆਉਣਾ ਚਾਹੁੰਦੇ ਹਾਂ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਕ੍ਰਿਪਾ ਕਰਕੇ ਸਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕਰੋ। ਮੈਂ ਮੀਡੀਆ ਰਾਹੀਂ ਇਹ ਗੱਲ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ।"

ਇਸ ਦੌਰਾਨ ਅਨੁਜ ਕਾਫੀ ਅਸਹਿਜ ਲੱਗੇ ਅਤੇ ਉਨ੍ਹਾਂ ਦੇ ਵਕੀਲ ਨਾਇਕ ਨੇ ਵੀ ਜ਼ਿਆਦਾ ਸਵਾਲ-ਜਵਾਬ ਦੀ ਇਜਾਜ਼ਤ ਨਹੀਂ ਦਿੱਤੀ।

ਇਸ ਬਾਰੇ ਵਕੀਲ ਅਮੀਰ ਨਾਇਕ ਨੇ ਕਿਹਾ ਕਿ ਅਨੁਜ ਨੇ ਜ਼ਿਆਦਾਤਰ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ ਅਤੇ ਕਿਉਂਕਿ ਉਹ ਇੱਕ ਜਵਾਨ ਮੁੰਡਾ ਹੈ ਤੇ ਮੀਡੀਆ ਸਾਹਮਣੇ ਆਇਆ, ਇਸ ਲਈ ਇਸ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ।

2014 'ਚ ਹੋਈ ਸੀ ਮੌਤ

ਜੱਜ ਬ੍ਰਜਗੋਪਾਲ ਲੋਇਆ ਦੀ ਮੌਤ 1 ਦਸੰਬਰ 2014 ਨੂੰ ਇੱਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਦੌਰਾਨ ਨਾਗਪੁਰ 'ਚ ਹੋਈ ਸੀ।

ਆਪਣੀ ਮੌਤ ਤੋਂ ਪਹਿਲਾਂ ਜੱਜ ਲੋਇਆ ਗੁਜਰਾਤ ਦੇ ਚਰਚਿਤ ਸੋਹਰਾਬੁੱਦੀਨ ਸ਼ੇਖ਼ ਐਨਕਾਉਂਟਰ ਮਾਮਲੇ ਦੀ ਸੁਣਵਾਈ ਕਰ ਰਹੇ ਸਨ।

ਇਸ ਮਾਮਲੇ 'ਚ ਹੋਰ ਲੋਕਾਂ ਦੇ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਮੁਲਜ਼ਮ ਸਨ।

ਹੁਣ ਇਹ ਕੇਸ ਖ਼ਤਮ ਹੋ ਚੁੱਕਿਆ ਹੈ ਅਤੇ ਅਮਿਤ ਸ਼ਾਹ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)