ਨਜ਼ਰੀਆ : #HerChoice ਜਦੋਂ ਔਰਤਾਂ ਆਪਣੀ ਮਰਜ਼ੀ ਨਾਲ ਜਿਉਂਦੀਆਂ ਨੇ

WOMAN

'ਤੁਮ, ਜੋ ਪਤਨੀਓਂ ਕੋ ਅਲੱਗ ਰੱਖਤੇ ਹੋ, ਵੇਸ਼ਆਓਂ ਸੇ

ਔਰ ਪ੍ਰੋਮਿਕਾਓਂ ਕੋ ਅਲਗ ਰੱਖਤੇ ਹੋ, ਪਤਨੀਓਂ ਸੇ

ਕਿਤਨਾ ਆਤੰਕਿਤ ਹੋਤੇ ਹੋ

ਜਬ ਇਸਤਰੀ ਬੇਖੌਫ਼ ਭਟਕਤੀ ਹੈ, ਢੂੰਡਤੀ ਹੂਈ ਅਪਨਾ ਵਿਅਕਤੀਤਵ

ਏਕ ਹੀ ਸਾਥ ਵੇਸ਼ਿਆਓਂ ਔਰ ਪਤਨੀਓਂ ਮੇਂ!'

ਤਕਰੀਬਨ 40 ਸਾਲ ਪਹਿਲਾਂ ਜਦੋਂ ਉੱਘੇ ਹਿੰਦੀ ਕਵੀ ਆਲੋਕ ਧਨਵਾ ਨੇ ਆਪਣੀ ਕਵਿਤਾ, 'ਭਾਗੀ ਹੂਈ ਲੜਕੀਆਂ' ਵਿੱਚ ਇਹ ਸਤਰਾਂ ਲਿਖੀਆਂ ਤਾਂ ਉਹ ਸਾਨੂੰ-ਤੁਹਾਨੂੰ ਹੀ ਸੰਬੋਧਨ ਕਰ ਰਹੇ ਸੀ।

ਸੱਚ ਹੀ ਤਾਂ ਹੈ, ਜਦੋਂ ਔਰਤ ਬੇਖੌਫ਼ ਭਟਕਦੀ ਹੈ ਤਾਂ ਅਸੀਂ-ਤੁਸੀਂ ਕਿੰਨਾ ਡਰ ਜਾਂਦੇ ਹਾਂ।

ਕੀ ਤੁਸੀਂ ਜਾਣਦੇ ਹੋ, ਔਰਤਾਂ ਦੀ ਭਟਕਣ ਰੁਕੀ ਨਹੀਂ ਹੈ?

ਕੁਝ ਅੱਖਾਂ ਤੁਸੀਂ ਬੰਦ ਕਰ ਦਿੱਤੀਆਂ ਹਨ, ਅੱਖਾਂ ਫੇਰ ਲਈਆਂ ਹਨ ਅਤੇ ਕੁਝ ਔਰਤਾਂ ਨੇ ਆਪਣੇ ਜੀਵਨ ਵਿੱਚ ਕ੍ਰਾਂਤੀ ਚੁਪਚਾਪ ਲੈ ਆਉਂਦੀ ਹੈ।

ਇਸ ਲਈ ਅਸੀਂ ਸੋਚਿਆ ਕਿ ਇਸ ਗੁਪਤ ਭਾਂਬੜ ਉੱਤੇ ਰੌਸ਼ਨੀ ਮਾਰੀ ਜਾਵੇ।

ਕੀ ਹੈ ਸਿਆਸੀ ਹਿੱਸੇਦਾਰੀ ਦਾ ਔਰਤਾਂ 'ਤੇ ਅਸਰ?

ਮੁਸਲਮਾਨ ਦੇਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ

ਤੁਹਾਡੀ ਮੁਲਾਕਾਤ ਭਾਰਤ ਦੀਆਂ ਉਨ੍ਹਾਂ ਔਰਤਾਂ ਨਾਲ ਕਰਵਾਈ ਜਾਵੇਗੀ ਜੋ ਸਮਾਜਿਕ ਜ਼ਜੀਰਾਂ ਨੂੰ ਪਾਰ ਕੇ ਆਪਣੀਆਂ ਖਾਹਿਸ਼ਾਂ ਅਤੇ ਇੱਛਾ ਨੂੰ ਤਰਜੀਹ ਦੇ ਕੇ ਆਪਣਾ ਵਿਅਕਤੀਤਵ ਲੱਭ ਰਹੀਆਂ ਹਨ।

ਇਹ ਔਰਤਾਂ ਸਾਡੇ-ਤੁਹਾਡੇ ਵਿਚਾਲੇ ਹੀ ਹਨ। ਭਾਰਤ ਦੇ ਉੱਤਰ, ਪੂਰਬ-ਉੱਤਰ, ਦੱਖਣ, ਪੱਛਮ, ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ-ਉਹ ਆਪਣੀ ਮਰਜ਼ੀ #HerChoice ਨਾਲ ਜੀਅ ਰਹੀਆਂ ਹਨ।

ਅਗਲੇ ਡੇਢ ਮਹੀਨੇ ਵਿੱਚ ਅਸੀਂ ਵੱਖ-ਵੱਖ ਤਬਕੇ ਅਤੇ ਇਲਾਕਿਆਂ ਨਾਲ ਸਬੰਧਤ 12 ਔਰਤਾਂ ਦੀਆਂ ਸੱਚੀਆਂ ਕਹਾਣੀਆਂ ਲਿਆਂਵਾਂਗੇ।

ਵਾਅਦਾ ਹੈ ਕਿ ਇਹ ਕਹਾਣੀਆਂ ਤੁਹਾਨੂੰ ਹੈਰਾਨ ਕਰ ਦੇਣਗੀਆਂ। ਭਾਰਤ ਵਿੱਚ ਨੌਜਵਾਨ ਅਤੇ ਮੱਧ-ਵਰਗ ਉਮਰ ਦੀਆਂ ਔਰਤਾਂ ਬਾਰੇ ਤੁਹਾਡੀ ਸੋਚ ਅਤੇ ਸਮਝ ਦਾ ਦਾਇਰਾ ਵੀ ਵਧਾ ਦੇਣਗੀਆਂ।

ਇਹ ਵੀ ਦੱਸਾਂਗੇ ਕਿ ਇੱਕ ਔਰਤ ਜਿਸ ਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਪਤੀ ਨਾਮਰਦ ਹੈ। ਨਾ ਸਰੀਰਕ ਸਬੰਧ ਬਣਾ ਸਕਦਾ ਹੈ ਨਾ ਪਿਆਰ ਕਰਨ ਦਾ ਇਛੁੱਕ ਹੈ।

ਉਸ ਮਰਦ ਨੇ ਤਾਂ ਸਮਾਜ ਦੇ ਦਬਾਅ ਹੇਠ ਝੂਠ ਬੋਲ ਕੇ ਵਿਆਹ ਕਰਵਾਇਆ, ਪਰ ਉਸ ਅਧੂਰੇ ਰਿਸ਼ਤੇ ਵਿੱਚ ਔਰਤ ਨੇ ਕੀ ਕੀਤਾ?

ਇੱਕ ਅਜਿਹੀ ਕੁੜੀ ਦੀ ਕਹਾਣੀ ਵੀ ਹੈ ਜਿਸ ਦੇ ਪੇਂਡੂ ਮਾਪਿਆਂ ਨੇ ਉਸ ਦੇ ਜਨਮ ਤੋਂ ਬਾਅਦ ਆਪਣੇ ਪ੍ਰੇਮ-ਸਬੰਧਾਂ ਲਈ ਉਸ ਨੂੰ ਛੱਡ ਦਿੱਤਾ।

ਮਾਪੇ ਹੁੰਦੇ ਹੋਏ ਵੀ ਅਨਾਥ ਹੋਈ ਉਸ ਕੁੜੀ ਦੀ ਮਰਜ਼ੀ ਕੀ ਹੈ?

ਸਮਲਿੰਗੀ ਰਿਸ਼ਤਿਆਂ ਬਾਰੇ ਬਹੁਤ ਪੜ੍ਹਿਆ-ਸੁਣਿਆ ਹੈ, ਪਰ ਕਦੇ ਦੋ ਔਰਤਾਂ ਨੂੰ ਬਿਣਾ ਕਿਸੇ ਪ੍ਰੇਮ ਸਬੰਧ ਦੇ ਦਹਾਕਿਆਂ ਤੱਕ ਇਕੱਠੇ ਰਹਿੰਦੇ ਦੇਖਿਆ ਹੈ?

ਮਿਲਣਾ ਚਾਹੋਗੇ ਅਜਿਹੇ ਦੋ ਆਜ਼ਾਦ ਖਿਆਲ ਪੰਛੀਆਂ ਨੂੰ?

ਤਲਾਕਸ਼ੁਦਾ ਔਰਤਾਂ ਨੂੰ ਅਕਸਰ ਵਿਚਾਰੀ ਦੇ ਚਸ਼ਮੇ ਨਾਲ ਦੇਖਣ ਵਾਲਿਆਂ ਲਈ ਉਹ ਕਹਾਣੀ ਖਾਸ ਹੋਵੇਗੀ, ਜੋ ਉਨ੍ਹਾਂ ਨੂੰ ਅਜਿਹੀ ਔਰਤ ਨਾਲ ਮਿਲਵਾਏਗੀ ਜਿਸ ਨੇ ਆਪਣੇ ਪਤੀ ਦੇ ਪਿਆਰ ਨੂੰ ਗੁਆਉਣ ਤੋਂ ਬਾਅਦ ਹੀ ਖੁਦ ਨੂੰ ਪਿਆਰ ਕਰਨਾ ਅਤੇ ਖੁਦ ਦਾ ਸਤਿਕਾਰ ਕਰਨਾ ਸਿੱਖ ਲਿਆ।

ਕਹਾਣੀਆਂ ਤਾਂ ਉਨ੍ਹਾਂ ਔਰਤਾਂ ਲਈ ਵੀ ਬਹੁਤ ਦਿਲਚਸਪ ਹਨ, ਜਿਨ੍ਹਾਂ ਨੇ ਆਪਣੀ ਪਸੰਦ ਨਾਲ ਇਕੱਲੇ ਰਹਿਣ ਦਾ ਫੈਸਲਾ ਕੀਤਾ।

ਵਿਆਹ ਨਾ ਕਰਾਉਣ ਦਾ ਉਹ ਮੁਸ਼ਕਲ ਫੈਸਲਾ ਜੋ ਹਮੇਸ਼ਾਂ ਪਰਿਵਾਰ ਅਤੇ ਸਮਾਜ ਦੇ ਵਿਰੁੱਧ ਲੜਾਈ ਜਿੱਤਣ ਤੋਂ ਘੱਟ ਨਹੀਂ ਹੁੰਦਾ।

ਉਹ ਖੁਸ਼ ਹਨ।

ਕੋਈ ਇਕੱਲੀ ਮੌਜ ਵਿੱਚ ਹੈ।

ਕਿਸੇ ਨੇ ਬੱਚੀ ਨੂੰ ਗੋਦ ਲਿਆ ਅਤੇ ਉਸ ਨੂੰ ਇਕੱਲਾ ਪਾਲਣ ਵਿੱਚ ਮਸਰੂਫ਼ ਹੈ।

ਕੋਈ ਤਾਂ ਇਸ ਤੋਂ ਵੀ ਦਲੇਰ ਹੈ ਅਤੇ ਆਪਣੇ ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਗਰਭਵਤੀ ਹੋਣ ਤੋਂ ਬਾਅਦ ਅਤੇ ਉਸ ਰਿਸ਼ਤੇ ਦੇ ਟੁੱਟਣ ਦੀ ਸੂਰਤ ਵਿੱਚ ਉਸ ਬੱਚੇ ਨੂੰ ਰੱਖਣ ਦਾ ਫੈਸਲਾ ਕਰ ਕੇ ਇਕੱਲੇ ਪਾਲ ਰਹੀ ਹੈ।

ਇੱਕ ਅਜਿਹੀ ਔਰਤ ਦੀ ਕਹਾਣੀ ਵੀ ਹੋਵੇਗੀ ਜਿਸ ਨੇ ਮਾਪਿਆਂ ਦੇ ਦਬਾਅ ਹੇਠ ਵਿਆਹ ਤਾਂ ਕਰਵਾਇਆ, ਪਰ ਉਸ ਨੂੰ ਇਸ ਰਿਸ਼ਤੇ ਵਿੱਚ ਸਿਰਫ਼ ਪਤੀ ਦੀ ਹਿੰਸਾ ਹੀ ਮਿਲੀ।

ਕਿਵੇਂ ਨਜਿੱਠੇਗੀ ਉਹ ਇਸ ਨਾਲ? ਕੀ ਉਹ ਉਸ ਰਿਸ਼ਤੇ ਨੂੰ ਨਿਭਾਉਂਦੀ ਰਹੀ ਜਾਂ ਤੋੜਨ ਦੀ ਹਿੰਮਤ ਕਰ ਸਕੀ?

ਪਤੀ ਕੁੱਟਮਾਰ ਨਾ ਕਰੇ, ਪਰ ਜੇ ਪਿਆਰ ਨਾ ਕਰੇ ਤਾਂ ਕੀ? ਕੀ ਨੀਰਸ ਵਿਆਹ ਵਿੱਚ ਰੱਸ ਭਰਨ ਦਾ ਕੋਈ ਤਰੀਕਾ ਹੈ?

ਕੀ ਪਤਨੀ ਅਤੇ ਮਾਂ ਦੀ ਭੂਮਿਕਾ ਵਿੱਚ ਘਰੇਲੂ ਔਰਤ ਅਧੂਰਾ ਮਹਿਸੂਸ ਕਰ ਸਕਦੀ ਹੈ?

ਜੇ ਉਹ ਕਿਸੇ ਗ਼ੈਰ-ਮਰਦ ਨਾਲ ਉਸ ਨੂੰ ਪੂਰਾ ਕਰਨ ਦੀ ਹਿੰਮਤ ਕਰੇ ਤਾਂ?

ਆਪਣੇ ਹੀ ਪਤੀ ਕੋਲੋਂ ਭੱਜਣ ਦਾ ਮਨ ਕਿਉਂ ਕਰਦਾ ਹੈ ਔਰਤ ਦਾ?

ਅਜਿਹੀਆਂ ਕਹਾਣੀਆਂ ਵੀ ਮਿਲਣਗੀਆਂ ਜੋ ਇਸ ਦੀ ਵਜ੍ਹਾ ਵੀ ਦੱਸਣਗੀਆਂ ਅਤੇ ਰਿਸ਼ਤਾ ਤੋੜੇ ਬਿਨਾਂ, ਉਸ ਵਿੱਚ ਸਾਹ ਲੈਣ ਦੀ ਥਾਂ ਬਨਾਉਣ ਦਾ ਔਰਤ ਦਾ ਲੱਭਿਆ ਰਾਹ ਵੀ ਦਿਖਾਏਗੀ।

ਔਰਤ ਜੇ ਵਿਕਲਾਂਗ ਹੈ ਤਾਂ ਮਰਦ ਅਤੇ ਉਸ ਦੇ ਪਰਿਵਾਰ ਦੀ ਨਜ਼ਰ ਵਿੱਚ 'ਸੰਪੂਰਨ' ਕਿਵੇਂ ਬਣੇ?

ਇੱਕ ਅਜਿਹੀ ਔਰਤ ਦੀ ਕਹਾਣੀ ਵਿੱਚ ਵਿਆਹ ਤੋਂ ਪਹਿਲਾਂ ਰਿਸ਼ਤਾ ਬਨਾਉਣ ਦੀ ਹਿੰਮਤ ਅਤੇ ਫਿਰ ਉਸ ਰਿਸ਼ਤੇ ਵਿੱਚ ਆਪਣੀ ਸਮਰੱਥਾ ਨੂੰ ਭਰੋਸਾ ਦਿਵਾਉਣ ਦੀ ਜਦੋ-ਜਹਿਦ ਮਿਲੇਗੀ।

ਬਲਾਗ: ਸ਼ਰਮ ਜਿੰਨਕੋ ਮਗਰ ਆਤੀ ਨਹੀਂ..

#MeToo: "ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ"

ਘੱਟ ਪੜ੍ਹੀ-ਲਿਖੀ ਪਰ ਸ਼ਕਤੀਸ਼ਾਲੀ ਔਰਤ ਦੀ ਉਹ ਕਹਾਣੀ ਵੀ ਅਸੀਂ ਲਿਆਵਾਂਗੇ ਜੋ ਇੱਕ ਗ਼ੈਰ-ਜ਼ਿੰਮੇਵਾਰ ਪਤੀ ਨਾਲ ਰਹਿੰਦੀ ਹੈ।

ਉਹ ਕਮਾਈ ਨਹੀਂ ਕਰਦਾ ਅਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਹੈ।

ਬੱਚਿਆਂ ਦੇ ਜਨਮ ਉੱਤੇ ਰੋਕ ਨਹੀਂ ਹੈ, ਔਰਤ ਦਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਪਰ ਰਿਸ਼ਤੇ ਨੂੰ ਤੋੜਨ ਦੀ ਹਿੰਮਤ ਨਹੀਂ ਹੈ।

ਅਜਿਹੀ ਔਰਤ ਕੀ ਕਰਦੀ ਹੈ? ਉਸ ਦੀ ਇੱਛਾ, ਖਵਾਹਿਸ਼ ਕੀ ਹੈ ਅਤੇ ਉਸ ਕੋਲ ਰਾਹ ਕੀ ਹੈ?

ਬੀਬੀਸੀ ਦੀ ਖਾਸ ਲੜੀ #HerChoice ਵਿੱਚ ਆਉਣ ਵਾਲੇ ਹਰ ਸ਼ਨੀਵਾਰ-ਐਤਵਾਰ ਨੂੰ 12 ਸੱਚੀਆਂ ਕਹਾਣੀਆਂ ਜ਼ਰੂਰ ਪੜ੍ਹਿਓ।

ਅਤੇ ਸੋਚਿਓ।

ਸੋਚਣਾ ਤੇ ਸਮਝਣਾ ਸਭ ਤੋਂ ਜ਼ਰੂਰੀ ਹੈ।

ਕਿਉਂਕਿ ਮੰਨ ਲਓ ਇਹ ਸਾਡੇ-ਤੁਹਾਡੇ ਵਿਚਾਲੇ ਹੀ ਹੋ ਰਿਹਾ ਹੈ।

ਕਈ ਸੋਚ ਰਹੀਆਂ ਹਨ ਤਾਂ ਕਈ ਕਰ ਪਾ ਰਹੀਆਂ ਹਨ।

ਅਤੇ ਇਹ ਉਨ੍ਹਾਂ ਨੂੰ ਜਾਣਨ ਦਾ ਮੌਕਾ ਹੈ।

ਜਿਵੇਂ ਆਪਣੀ ਕਵਿਤਾ, 'ਭਾਗੀ ਹੁਈ ਲੜਕੀਆਂ' ਵਿੱਚ ਕਵੀ ਆਲੋਕ ਧਨਵਾ ਨੇ ਅੱਗੇ ਲਿਖਿਆ ਹੈ...

'ਕਿਤਨੀ-ਕਿਤਨੀ ਲੜਕੀਆਂ, ਭਾਗਤੀ ਹੈਂ ਮਨ ਹੀ ਮਨ

ਅਪਣੇ ਰਾਤਜਗੇ, ਅਪਣੀ ਡਾਇਰੀ ਮੇਂ

ਸਚਮੁੱਚ ਭਾਗੀ ਲੜਕੀਓਂ ਸੇ, ਉਨਕੀ ਆਬਾਦੀ ਬਹੁਤ ਬੜੀ ਹੈ...'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)