#HerChoice: 'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਾ-ਮਰਦ ਹੈ'

symbolic illustration

ਸੁਹਾਗਰਾਤ ਨੂੰ ਮੈਂ ਪਹਿਲੀ ਵਾਰ ਕਿਸੇ ਮਰਦ ਨਾਲ ਸਬੰਧ ਬਣਾਉਣੇ ਸੀ।

ਆਪਣੀਆਂ ਸਹੇਲੀਆਂ ਨਾਲ ਕਈ ਵਾਰ ਇਸ ਬਾਰੇ ਕੀਤੀਆਂ ਗੱਲਾਂ ਤੇ ਅਸ਼ਲੀਲ (ਪੋਰਨ) ਵੀਡੀਓ ਦੇਖ ਕੇ ਮੇਰੇ ਜ਼ਿਹਨ ਵਿੱਚ ਕਈ ਧੁੰਦਲੀਆਂ ਤਸਵੀਰਾਂ ਉਭਰ ਆਈਆਂ ਸਨ।

ਮੈਂ ਰਤਾ ਸ਼ਰਮਾ ਕੇ ਕਮਰੇ ਵਿੱਚ ਦੁੱਧ ਦਾ ਗਲਾਸ ਲੈ ਕੇ ਦਾਖਲ ਹੋਈ। ਇਹ ਸਭ ਕੁਝ ਮੁੱਢਕਦੀਮੀਂ ਤੋਂ ਚੱਲੀ ਆ ਰਹੀ ਪਰੰਪਰਾ ਮੁਤਾਬਕ ਹੀ ਹੋ ਰਿਹਾ ਸੀ।

ਮੈਨੂੰ ਨਹੀਂ ਪਤਾ ਸੀ ਕਿ ਇੱਕ ਵੱਡਾ ਝਟਕਾ ਮੇਰੀ ਉਡੀਕ ਕਰ ਰਿਹਾ ਸੀ। ਸਗੋਂ ਇੱਕ ਵੱਡੀ ਨਿਰਾਸ਼ਾ।

ਮੈਂ ਸੋਚਿਆ ਸੀ ਕਿ ਮੈਂ ਆਪਣੇ ਪਤੀ ਦੇ ਕਮਰੇ 'ਚ ਦਾਖਲ ਹੋਵਾਂਗੀ ਤੇ ਉਹ ਮੈਨੂੰ ਆਪਣੀਆਂ ਬਾਹਾਂ ਵਿੱਚ ਲਵੇਗਾ ਤੇ ਅਸੀਂ ਕਿਸੇ ਹੋਰ ਹੀ ਜ਼ਿੰਦਗੀ ਵਿੱਚ ਤਬਦੀਲ ਹੋ ਜਾਵਾਂਗੇ।।

ਅਸਲ ਵਿੱਚ ਉਹ ਮੇਰੇ ਆਉਣ ਤੋਂ ਪਹਿਲਾਂ ਹੀ ਸੌਂ ਗਿਆ ਸੀ।

ਮੈਂ ਭਰ ਜੁਆਨ 35 ਸਾਲ ਦੀ ਸੀ ਅਤੇ ਮੇਰੇ ਅੰਦਰ ਅਥਾਹ ਅਰਮਾਨ ਸਨ। ਇਹ ਇੱਕ ਦਰਦ ਭਰੀ ਨਾਂਹ ਸੀ।

----------------------------------------------------------------------------------------------------

#HerChoice 12 ਭਾਰਤੀ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਦੀ ਲੜੀ ਹੈ। ਇਹ ਕਹਾਣੀਆਂ 'ਮਾਡਰਨ ਭਾਰਤੀ ਔਰਤਾਂ'

ਦੀ ਵਿਚਾਰਧਾਰਾ ਦਾ ਦਾਇਰਾ ਵਧਾਉਂਦੀ ਹੈ ਤੇ ਚੁਣੌਤੀ ਦਿੰਦੀਆਂ ਹਨ। ਉਨ੍ਹਾਂ ਔਰਤਾਂ ਦੀ ਚੋਣ, ਖਾਹਿਸ਼ਾਂ, ਇੱਛਾਵਾਂ ਨੂੰ ਪੇਸ਼ ਕਰਦੀ ਹੈ।

-----------------------------------------------------------------------------------------------------------

ਕਾਲਜ ਅਤੇ ਮੇਰੇ ਕੰਮ ਕਰਨ ਵਾਲੀ ਥਾਂ ਉੱਤੇ ਕਈ ਕੁੜੀਆਂ ਤੇ ਮੁੰਡਿਆਂ ਦੀ ਗੂੜ੍ਹੀ ਦੋਸਤੀ ਸੀ। ਉਹ ਆਪਣੇ ਦੋਸਤ ਦੇ ਮੋਢੇ ਉੱਤੇ ਸਿਰ ਰੱਖਦੇ, ਹੱਥਾਂ ਵਿੱਚ ਹੱਥ ਪਾ ਕੇ ਚੱਲਦੇ ਅਤੇ ਮੈਨੂੰ ਉਨ੍ਹਾਂ ਤੋਂ ਚਿੜ ਵੀ ਹੁੰਦੀ ਸੀ।

'ਮੇਰਾ ਦਿਲ ਪਿਆਰ ਲਈ ਤੜਫਦਾ ਸੀ'

ਕੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਅਜਿਹੇ ਸਾਥੀ ਦੀ ਇੱਛਾ ਨਹੀਂ ਕਰਨੀ ਚਾਹੀਦੀ?

ਮੇਰਾ ਚਾਰ ਭਰਾਵਾਂ, ਇੱਕ ਭੈਣ ਤੇ ਬਜ਼ੁਰਗ ਮਾਪਿਆਂ ਵਾਲਾ ਵੱਡਾ ਪਰਿਵਾਰ ਸੀ, ਫਿਰ ਵੀ ਮੈਨੂੰ ਕਈ ਵਾਰੀ ਇਕੱਲਾ ਮਹਿਸੂਸ ਹੁੰਦਾ ਸੀ।

ਮੇਰੇ ਸਾਰੇ ਭੈਣ-ਭਰਾ ਵਿਆਹੇ ਹੋਏ ਸਨ ਤੇ ਆਪੋ-ਆਪਣੇ ਪਰਿਵਾਰ ਵਿੱਚ ਮਸ਼ਰੂਫ਼ ਸਨ। ਕਈ ਵਾਰੀ ਮੈਂ ਸੋਚਦੀ ਸਾਂ ਕਿ ਕੀ ਉਹ ਕਦੇ ਸੋਚਦੇ ਹਨ ਕਿ ਮੇਰੀ ਉਮਰ ਵਧ ਰਹੀ ਹੈ ਪਰ ਮੈਂ ਅਜੇ ਵੀ ਕੁਆਰੀ ਹਾਂ।

ਮੇਰਾ ਦਿਲ ਪਿਆਰ ਲਈ ਤੜਫ਼ਦਾ, ਪਰ ਮੈਂ ਇਕੱਲਤਾ ਵਿੱਚ ਘਿਰੀ ਹੋਈ ਸੀ।

ਕਈ ਵਾਰੀ ਲਗਦਾ ਕਿ ਇਹ ਸਭ ਕੁਝ ਮੇਰੇ ਮੁਟਾਪੇ ਕਾਰਨ ਹੈ।

ਕੀ ਮਰਦ ਮੋਟੀਆਂ ਔਰਤਾਂ ਪਸੰਦ ਨਹੀਂ ਕਰਦੇ? ਕੀ ਮੇਰੇ ਭਾਰ ਕਾਰਨ ਹੀ ਮੇਰਾ ਪਰਿਵਾਰ ਮੇਰੇ ਲਈ ਕੋਈ ਜੀਵਨ ਸਾਥੀ ਨਹੀਂ ਲੱਭ ਰਿਹਾ?

ਕੀ ਮੈਂ ਹਮੇਸ਼ਾ ਕੁਆਰੀ ਰਹਾਂਗੀ? ਕੀ ਮੈਂ ਕਦੇ ਸਰੀਰਕ ਸਬੰਧ ਨਹੀਂ ਬਣਾ ਪਾਵਾਂਗੀ? ਅਜਿਹੇ ਸਵਾਲ ਮੇਰੇ ਮਨ ਵਿੱਚ ਹਮੇਸ਼ਾ ਉੱਠਦੇ ਰਹਿੰਦੇ ਹਨ।

'ਸ਼ੁਰੂ 'ਚ ਪਤੀ ਨੂੰ ਨਹੀਂ ਸਮਝ ਸਕੀ'

ਆਖ਼ਰ ਜਦੋਂ ਮੈਂ 35 ਸਾਲਾਂ ਦੀ ਹੋਈ ਤਾਂ ਤਕਰੀਬਨ 40 ਸਾਲ ਦੇ ਇੱਕ ਆਦਮੀ ਨੇ ਮੇਰੇ ਨਾਲ ਵਿਆਹ ਦੀ ਇੱਛਾ ਜ਼ਾਹਿਰ ਕੀਤੀ।

ਮੰਗਣੀ ਵੇਲੇ ਹੀ ਮੈਂ ਆਪਣੇ ਦਿਲ ਦੇ ਸਾਰੇ ਅਹਿਸਾਸ ਉਸ ਨਾਲ ਸਾਂਝੇ ਕਰ ਦਿੱਤੇ ਪਰ ਉਸ ਨੇ ਨਾ ਤਾਂ ਉਨ੍ਹਾਂ 'ਤੇ ਧਿਆਨ ਦਿੱਤਾ ਅਤੇ ਨਾ ਹੀ ਕੋਈ ਪ੍ਰਤੀਕ੍ਰਿਆ।

ਉਹ ਘਬਰਾਇਆ ਜਿਹਾ ਲੱਗ ਰਿਹਾ ਸੀ।

ਉਹ ਚੁੱਪਚਾਪ ਬੈਠ ਗਿਆ ਤੇ ਜ਼ਮੀਨ ਉੱਤੇ ਦੇਖਦਾ ਰਿਹਾ। ਉਸ ਨੇ ਆਪਣਾ ਸਿਰ ਵੀ ਨਹੀਂ ਹਿਲਾਇਆ।

ਮੈਂ ਸੋਚਿਆ ਕਿ ਸ਼ਾਇਦ ਅੱਜ ਕੱਲ੍ਹ ਮਰਦ ਔਰਤਾਂ ਨਾਲੋਂ ਵੱਧ ਸ਼ਰਮਾਉਂਦੇ ਹਨ ਅਤੇ ਮੇਰਾ ਮੰਗੇਤਰ ਵੀ ਉਨ੍ਹਾਂ ਵਰਗਾ ਹੀ ਹੈ।

ਫਿਰ ਸੁਹਾਗ ਰਾਤ ਨੇ ਮੇਰੇ ਮਨ ਵਿੱਚ ਖਦਸ਼ਾ ਪੈਦਾ ਕਰ ਦਿੱਤਾ। ਮੈਨੂੰ ਸਮਝ ਨਹੀਂ ਆਇਆ ਕਿ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ।

ਜਦੋਂ ਮੈਂ ਅਗਲੀ ਸਵੇਰ ਉਨ੍ਹਾਂ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਉਸ ਦੀ ਸਿਹਤ ਖਰਾਬ ਸੀ, ਪਰ ਕੁਝ ਨਹੀਂ ਬਦਲਿਆ।

ਸਾਡੀ ਦੂਜੀ, ਤੀਜੀ ਅਤੇ ਹੋਰ ਕਈ ਰਾਤਾਂ ਇਸੇ ਤਰ੍ਹਾਂ ਹੀ ਸਨ।

ਮੈਂ ਆਪਣੀ ਸੱਸ ਨਾਲ ਇਹ ਗੱਲ ਸਾਂਝੀ ਕੀਤੀ ਅਤੇ ਉਨ੍ਹਾਂ ਨੇ ਵੀ ਪੁੱਤਰ ਲਈ ਸਫ਼ਾਈ ਦਿੰਦਿਆਂ ਕਿਹਾ, "ਉਹ ਸ਼ਰਮੀਲਾ ਮੁੰਡਾ ਹੈ ਜੋ ਕਿ ਬਚਪਨ ਤੋਂ ਹੀ ਕੁੜੀਆਂ ਨਾਲ ਗੱਲ ਕਰਨ ਤੋਂ ਝਿਜਕਦਾ ਹੈ।''

"ਉਹ ਮੁੰਡਿਆਂ ਦੇ ਸਕੂਲ ਵਿੱਚ ਪੜ੍ਹਿਆ ਹੈ ਤੇ ਕੋਈ ਭੈਣ ਵੀ ਨਹੀਂ ਹੈ, ਨਾ ਹੀ ਉਸ ਦੀ ਕੋਈ ਕੁੜੀ ਦੋਸਤ ਰਹੀ ਹੈ।"

ਹਾਲਾਂਕਿ ਇਸ ਗੱਲਬਾਤ ਨੇ ਮੈਨੂੰ ਥੋੜ੍ਹੀ ਦੇਰ ਲਈ ਰਾਹਤ ਦਿੱਤੀ, ਪਰ ਮੈਂ ਫਿਰ ਵੀ ਇਸ ਬਾਰੇ ਸੋਚਦੀ ਰਹੀ।

ਮੇਰੀਆਂ ਸਾਰੀਆਂ ਉਮੀਦਾਂ, ਸੁਪਨਿਆਂ ਤੇ ਇੱਛਾਵਾਂ ਲਗਾਤਾਰ ਟੁੱਟਦੀਆਂ ਜਾ ਰਹੀਆਂ ਸਨ।

'ਕਈ ਖਦਸ਼ੇ ਦਿਮਾਗ 'ਚ ਪੈਦਾ ਹੋਏ'

ਸਿਰਫ਼ ਸੰਬੰਧ ਬਣਾਉਣਾ ਹੀ ਇਸ ਦੀ ਵਜ੍ਹਾ ਨਹੀਂ ਸੀ। ਉਸ ਨੇ ਮੇਰੇ ਨਾਲ ਬਹੁਤ ਹੀ ਘੱਟ ਗੱਲਬਾਤ ਕੀਤੀ। ਉਸ ਨੇ ਮੈਨੂੰ ਕਦੇ ਛੂਹਿਆ ਤੱਕ ਨਹੀਂ ਅਤੇ ਨਾ ਹੀ ਕਦੇ ਹੱਥ ਫੜ੍ਹਿਆ।

ਜੇ ਕੋਈ ਔਰਤ ਆਪਣੇ ਕੱਪੜੇ ਥੋੜ੍ਹੇ ਜਿਹੇ ਠੀਕ ਕਰਦੀ ਹੈ ਤਾਂ ਮਰਦਾਂ ਦੀਆਂ ਨਜ਼ਰਾਂ ਉਸ ਔਰਤ ਉੱਤੇ ਹੀ ਰੁਕ ਜਾਂਦੀਆਂ ਹਨ, ਪਰ ਜਦੋਂ ਮੈਂ ਰਾਤ ਨੂੰ ਪੂਰੇ ਕਪੜੇ ਵੀ ਉਤਾਰ ਦਿੰਦੀ ਤਾਂ ਵੀ ਮੇਰਾ ਪਤੀ ਮੈਨੂੰ ਨਜ਼ਰ ਅੰਦਾਜ਼ ਕਰ ਦਿੰਦਾ।

ਕੀ ਮੇਰੇ ਸਰੀਰ ਦਾ ਵਜ਼ਨ ਇਸ ਰਵੱਈਏ ਦੀ ਵਜ੍ਹਾ ਹੈ? ਕੀ ਉਸ ਨੇ ਕਿਸੇ ਦਬਾਅ ਹੇਠ ਮੇਰੇ ਨਾਲ ਵਿਆਹ ਕਰਵਾਇਆ?

ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸ ਨਾਲ ਇਹ ਸਭ ਸਾਂਝਾ ਕਰਾਂ। ਮੈਂ ਆਪਣੇ ਪਰਿਵਾਰ ਨਾਲ ਇਹ ਸਭ ਗੱਲਬਾਤ ਨਹੀਂ ਕਰ ਸਕਦੀ ਸੀ, ਜੋ ਸੋਚਦੇ ਸਨ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ।

ਪਰ ਮੇਰਾ ਸਬਰ ਟੁੱਟ ਰਿਹਾ ਸੀ। ਮੈਨੂੰ ਹੱਲ ਲੱਭਣ ਦੀ ਲੋੜ ਸੀ। ਉਸ ਦਿਨ ਛੁੱਟੀ ਸੀ। ਛੁੱਟੀ ਵਾਲੇ ਦਿਨ ਵੀ ਉਹ ਘਰ ਨਹੀਂ ਠਹਿਰਦਾ ਸੀ।

'ਇੱਕ ਦਿਨ ਮੌਕਾ ਮਿਲਿਆ'

ਉਹ ਆਪਣੇ ਕਿਸੇ ਦੋਸਤ ਦੇ ਘਰ ਚਲਿਆ ਜਾਂਦਾ ਜਾਂ ਆਪਣੇ ਮਾਪਿਆਂ ਨੂੰ ਬਾਹਰ ਘੁੰਮਾਉਣ ਲੈ ਜਾਂਦਾ। ਖੁਸ਼ਕਿਸਮਤੀ ਨਾਲ ਉਹ ਉਸ ਦਿਨ ਘਰ ਸੀ।

ਮੈਂ ਉਸ ਦੇ ਕਮਰੇ ਵਿੱਚ ਗਈ ਤੇ ਕਮਰੇ ਨੂੰ ਬੰਦ ਕਰ ਲਿਆ। ਉਸ ਨੇ ਤਕਰੀਬਨ ਆਪਣੇ ਬੈੱਡ ਉਪਰੋਂ ਛਾਲ ਮਾਰੀ।

ਮੈਂ ਉਸ ਦੇ ਨੇੜੇ ਗਈ ਅਤੇ ਪਿਆਰ ਨਾਲ ਪੁੱਛਿਆ, "ਕੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ? ਅਸੀਂ ਇੱਕ ਵਾਰੀ ਵੀ ਸਰੀਰਕ ਤੌਰ 'ਤੇ ਨੇੜੇ ਨਹੀਂ ਆਏ, ਤੁਸੀਂ ਇੱਕ ਵਾਰੀ ਵੀ ਆਪਣੇ ਅਹਿਸਾਸ ਸ਼ਬਦਾਂ ਰਾਹੀਂ ਸਾਂਝੇ ਨਹੀਂ ਕੀਤੇ। ਕੀ ਤਕਲੀਫ਼ ਹੈ?"

ਉਸ ਨੇ ਕਿਹਾ, "ਮੈਨੂੰ ਕੋਈ ਮੁਸ਼ਕਿਲ ਨਹੀਂ ਹੈ।"

ਜਦੋਂ ਉਸ ਨੇ ਅਜਿਹਾ ਕਿਹਾ ਮੈਂ ਸੋਚਿਆ ਕਿ ਉਸ ਦਾ ਮੇਰੇ ਵੱਲ ਧਿਆਨ ਹੈ ਅਤੇ ਉਸ ਦੇ ਨੇੜੇ ਜਾਣ ਅਤੇ ਖਿੱਚ ਪੈਦਾ ਕਰਨ ਲਈ ਇਸ ਦਾ ਫਾਇਦਾ ਚੁੱਕਣਾ ਚਾਹੀਦਾ ਹੈ।

ਮੈਂ ਹਿੰਮਤ ਦਿਖਾਈ ਤੇ ਉਸਦੇ ਹੋਰ ਨੇੜੇ ਗਈ, ਪਰ ਮੈਨੂੰ ਬਹੁਤ ਨਿਰਾਸ਼ਾ ਹੋਈ।

ਮੈਂ ਉਲਝਣ ਵਿੱਚ ਸੀ ਕਿ ਜੋ ਪੋਰਨ ਵੀਡੀਓਜ਼ ਵਿੱਚ ਦਿਖਾਇਆ ਜਾਂਦਾ ਹੈ ਕੀ ਉਹ ਸਭ ਗ੍ਰਾਫ਼ਿਕਸ ਦਾ ਕਮਾਲ ਹੁੰਦਾ ਹੈ?

ਮੈਨੂੰ ਨਹੀਂ ਪਤਾ ਸੀ ਕਿ ਕਿਸ ਤੋਂ ਇਹ ਸਪਸ਼ਟ ਕਰਾਂ। ਮੈਂ ਬਹੁਤ ਸ਼ਰਮ ਮਹਿਸੂਸ ਕੀਤੀ। ਪਰ ਇਸ ਕਰਕੇ ਮੈਂ ਬਹੁਤ ਪਰੇਸ਼ਾਨ ਸੀ।

'ਮੇਰੇ ਤੋਂ ਲੁਕਾਇਆ ਗਿਆ'

ਇੱਕ ਔਰਤ ਦੀ ਖੂਬਸੂਰਤੀ ਇੱਕ ਮਰਦ ਵੱਲੋਂ ਪਛਾਣੀ ਜਾਂਦੀ ਹੈ, ਮੈਂ ਕਿਉਂ ਇੱਕ ਮਰਦ ਦੇ ਸਰੀਰਕ ਗੁਣ ਨਹੀਂ ਪਛਾਣ ਸਕੀ? ਜੇ ਮੈਂ ਉਸ ਤੋਂ ਕੋਈ ਉਮੀਦ ਰੱਖਦੀ ਹਾਂ ਤਾਂ ਇਸ ਵਿੱਚ ਬੁਰਾਈ ਕੀ ਹੈ?

ਫਿਰ ਮੈਨੂੰ ਪਤਾ ਲੱਗਿਆ ਕਿ ਉਹ ਨਾ-ਮਰਦ ਹੈ ਤੇ ਡਾਕਟਰਾਂ ਨੇ ਸਾਡੇ ਵਿਆਹ ਤੋਂ ਪਹਿਲਾਂ ਇਹ ਦੱਸ ਦਿੱਤਾ ਸੀ।

ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਇਸ ਬਾਰੇ ਸਭ ਪਤਾ ਸੀ, ਪਰ ਉਨ੍ਹਾਂ ਮੈਨੂੰ ਹਨੇਰੇ ਵਿੱਚ ਰੱਖ ਕੇ ਮੇਰੇ ਨਾਲ ਧੋਖਾ ਕੀਤਾ।

ਜਦੋਂ ਮੈਨੂੰ ਸੱਚ ਦਾ ਪਤਾ ਲੱਗਿਆ ਤਾਂ ਉਸ ਨੂੰ ਸ਼ਰਮ ਮਹਿਸੂਸ ਹੋਈ ਪਰ ਉਸ ਨੇ ਮੁਆਫ਼ੀ ਨਹੀਂ ਮੰਗੀ।

ਸਮਾਜ ਔਰਤ ਦੀ ਛੋਟੀ ਤੋਂ ਛੋਟੀ ਗਲਤੀ ਨੂੰ ਵੀ ਵੱਡਾ ਕਰ ਦਿੰਦਾ ਹੈ ਪਰ ਜੇ ਮਰਦ ਮੁਸ਼ਕਿਲ ਵਿੱਚ ਹੈ ਤਾਂ ਵੀ ਔਰਤ ਉੱਤੇ ਹੀ ਉਂਗਲ ਚੁੱਕੀ ਜਾਂਦੀ ਹੈ।

'ਪਰਿਵਾਰ ਨੇ ਵੀ ਛੱਡਿਆ ਸਾਥ'

ਮੇਰੇ ਰਿਸ਼ਤੇਦਾਰਾਂ ਨੇ ਸੁਝਾਅ ਦਿੱਤਾ, "ਸਿਰਫ਼ ਸੈਕਸ ਹੀ ਜ਼ਿੰਦਗੀ ਲਈ ਜ਼ਰੂਰੀ ਨਹੀਂ ਹੁੰਦਾ। ਤੁਸੀਂ ਕੋਈ ਬੱਚਾ ਗੋਦ ਕਿਉਂ ਨਹੀਂ ਲੈ ਲੈਂਦੇ?"

ਮੇਰੇ ਸਹੁਰੇ ਪਰਿਵਾਰ ਨੇ ਕਿਹਾ, "ਜੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਇਹ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੋਵੇਗੀ।"

ਮੇਰੇ ਪਰਿਵਾਰ ਨੇ ਕਿਹਾ, "ਇਹੀ ਤੇਰੀ ਕਿਸਮਤ ਹੈ!" ਪਰ ਮੇਰੇ ਪਤੀ ਦੇ ਸ਼ਬਦਾਂ ਨੇ ਮੈਨੂੰ ਸਭ ਤੋਂ ਵੱਧ ਠੇਸ ਪਹੁੰਚਾਈ।

ਉਸ ਨੇ ਕਿਹਾ, "ਤੂੰ ਜੋ ਕੁਝ ਕਰਨਾ ਚਾਹੇ ਕਰ ਸਕਦੀ ਹੈ। ਜਿਸ ਨਾਲ ਵੀ ਹਮਬਿਸਤਰ ਹੋਣ ਦੀ ਇੱਛਾ ਹੈ ਹੋ ਜਾ, ਮੈਂ ਕੁਝ ਨਹੀਂ ਕਹਾਂਗਾ ਤੇ ਨਾ ਹੀ ਕਿਸੇ ਨੂੰ ਦੱਸਾਂਗਾ।

ਜੇ ਤੂੰ ਕਿਸੇ ਹੋਰ ਤੋਂ ਬੱਚਾ ਕਰਨਾ ਚਾਹੁੰਦੀ ਹੈ ਮੈਂ ਤਾਂ ਵੀ ਉਸ ਨੂੰ ਆਪਣਾ ਨਾਮ ਦੇਵਾਂਗਾ।"

ਇੱਕ ਪਤੀ ਵੱਲੋਂ ਕਿਸੇ ਵੀ ਔਰਤ ਨੂੰ ਅਜਿਹੇ ਡਰਾਉਣੇ ਸੁਝਾਅ ਨਹੀਂ ਦੇਣੇ ਚਾਹੀਦੇ।

ਉਹ ਧੋਖੇਬਾਜ਼ ਸੀ ਤੇ ਮੈਨੂੰ ਅਜਿਹਾ ਕਰਨ ਲਈ ਇਸ ਲਈ ਕਹਿ ਰਿਹਾ ਸੀ ਤਾਂ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਇੱਜ਼ਤ ਬਣੀ ਰਹੇ।

ਉਹ ਮੇਰੇ ਪੈਰਾਂ ਉੱਤੇ ਡਿੱਗ ਗਿਆ ਤੇ ਰੋਂਦੇ ਹੋਏ ਕਿਹਾ, "ਕਿਰਪਾ ਕਰਕੇ ਇਹ ਕਿਸੇ ਨੂੰ ਨਾ ਦੱਸਣਾ ਤੇ ਮੈਨੂੰ ਤਲਾਕ ਵੀ ਨਾ ਦੇਣਾ।"

ਰਿਸ਼ਤੇ ਨੂੰ ਤੋੜਿਆ

ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ।

ਮੇਰੇ ਸਾਹਮਣੇ ਦੋ ਬਦਲ ਹੀ ਸਨ, ਜਾਂ ਤਾਂ ਮੈਂ ਉਸ ਨੂੰ ਛੱਡ ਦਿਆਂ ਜਾਂ ਪਿਆਰ ਕਰਨ ਤੇ ਧਿਆਨ ਰੱਖਣ ਵਾਲੇ ਜੀਵਨ ਸਾਥੀ ਨੂੰ ਪਾਉਣ ਦੀਆਂ ਆਪਣੀਆਂ ਇੱਛਾਵਾਂ ਨੂੰ ਛੱਡਾ।

ਅਖੀਰ ਮੇਰਾ ਅਹਿਸਾਸ ਜਿੱਤਿਆ ਤੇ ਮੈਂ ਆਪਣੇ ਪਤੀ ਦਾ ਘਰ ਛੱਡ ਦਿੱਤਾ। ਮੇਰੇ ਪਰਿਵਾਰ ਨੇ ਮੈਨੂੰ ਅਪਣਾਇਆ ਨਹੀਂ।

ਆਪਣੇ ਦੋਸਤਾਂ ਦੀ ਮਦਦ ਨਾਲ ਮੈਂ ਇੱਕ ਔਰਤਾਂ ਦੇ ਹੌਸਟਲ ਵਿੱਚ ਰਹਿਣ ਲੱਗੀ ਅਤੇ ਇੱਕ ਨੌਕਰੀ ਵੀ ਮਿਲ ਗਈ।

ਮੇਰੀ ਜ਼ਿੰਦਗੀ ਵਾਪਿਸ ਲੀਹ ਉੱਤੇ ਆਉਣ ਲੱਗੀ ਅਤੇ ਅਦਾਲਤ ਵਿੱਚ ਤਲਾਕ ਲਈ ਵੀ ਅਰਜ਼ੀ ਪਾ ਦਿੱਤੀ।

ਮੇਰਾ ਸਹੁਰਾ ਪਰਿਵਾਰ ਬੇਸ਼ਰਮ ਸੀ ਅਤੇ ਵਿਆਹ ਦਾ ਸਹੀ ਕਾਰਨ ਲੁਕਾਉਣ ਲਈ ਮੈਨੂੰ ਚਰਿੱਤਰਹੀਣ ਕਰਾਰ ਦਿੱਤਾ।

'ਮਾੜੇ ਕਿਰਦਾਰ ਦੇ ਲਾਏ ਇਲਜ਼ਾਮ'

ਮੈਂ ਲੜਾਈ ਲੜੀ ਅਤੇ ਮੈਡੀਕਲ ਚੈੱਕਅਪ ਕਰਵਾਇਆ। ਤਿੰਨ ਸਾਲ ਬਾਅਦ ਉਸ ਤੋਂ ਤਲਾਕ ਲੈ ਸਕੀ।

ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਮੇਰਾ ਦੂਜਾ ਜਨਮ ਹੋਇਆ ਹੋਵੇ।

ਅੱਜ ਮੈਂ 40 ਸਾਲ ਢੁੱਕ ਗਈ ਹਾਂ ਤੇ ਹਾਲੇ ਤੱਕ ਸਰੀਰਕ ਸਬੰਧ ਨਹੀਂ ਬਣਾਏ। ਪਿਛਲੇ ਕੁਝ ਸਾਲਾਂ ਦੌਰਾਨ ਕਈ ਮਰਦਾਂ ਨੇ ਮੇਰੇ ਤੱਕ ਪਹੁੰਚ ਕੀਤੀ।

ਉਨ੍ਹਾਂ ਨੂੰ ਲੱਗਿਆ ਕਿ ਮੈਂ ਆਪਣੇ ਪਤੀ ਨੂੰ ਛੱਡ ਦਿੱਤਾ ਹੈ ਕਿਉਂਕਿ ਮੈਂ ਸਰੀਰਕ ਤੌਰ ਉੱਤੇ ਸੰਤੁਸ਼ਟ ਨਹੀਂ ਸੀ ਅਤੇ ਇਹੀ ਸਭ ਉਹ ਚਾਹੁੰਦੇ ਸਨ।

'ਵੈੱਬਸਾਈਟਸ ਮੇਰੀ ਦੋਸਤ'

ਮੇਰੇ ਬਾਰੇ ਇਹ ਗਲਤ ਧਾਰਨਾ ਤੇ ਤੰਗ ਸੋਚ ਸੀ। ਮੈਂ ਅਜਿਹੇ ਮਰਦਾਂ ਤੋਂ ਦੂਰ ਰਹਿਣਾ ਪਸੰਦ ਕਰਦੀ ਹਾਂ।

ਕੋਈ ਵੀ ਨਾ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਤੇ ਨਾ ਹੀ ਇੱਕ ਰਿਸ਼ਤੇ ਵਿੱਚ ਬੰਨ੍ਹਣਾ ਚਾਹੁੰਦਾ ਸੀ।

ਮੇਰੀਆਂ ਇੱਛਾਵਾਂ ਸੁਪਨੇ ਤੇ ਅਹਿਸਾਸ ਹਨ ਪਰ ਮੈਂ ਇਹ ਸਭ ਉਸੇ ਮਰਦ ਨੂੰ ਕਹਿਣਾ ਚਾਹੁੰਦੀ ਹਾਂ ਜੋ ਮੈਨੂੰ ਪਿਆਰ ਕਰੇ, ਮੈਨੂੰ ਸਮਝੇ, ਮੇਰੀ ਫਿਕਰ ਕਰੇ ਤੇ ਮੇਰੇ ਨਾਲ ਪੂਰੀ ਜ਼ਿੰਦਗੀ ਕੱਟੇ।

ਮੈਂ ਅਜਿਹੇ ਮਰਦ ਦੀ ਉਡੀਕ ਕਰ ਰਹੀ ਹਾਂ। ਉਦੋਂ ਤੱਕ ਮੈਂ ਆਪਣੇ ਦੋਸਤਾਂ ਨਾਲ ਉਨ੍ਹਾਂ ਦੀ ਕਾਮੁਕ ਜ਼ਿੰਦਗੀ ਬਾਰੇ ਗੱਲਬਾਤ ਕਰਕੇ ਸੰਤੁਸ਼ਟ ਰਹਿੰਦੀ ਹਾਂ।

ਜਦੋਂ ਵੀ ਮੈਂ ਸੈਕਸ ਬਾਰੇ ਸੋਚਦੀ ਹਾਂ, ਵੈੱਬਸਾਈਟਸ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ।

ਉਨ੍ਹਾਂ ਲੋਕਾਂ ਦੀ ਵੀ ਘਾਟ ਨਹੀਂ ਹੈ ਜੋ ਮੈਨੂੰ ਮੇਰੀ ਜ਼ਿੰਦਗੀ ਦੇ ਫੈਸਲਿਆਂ ਕਰਕੇ ਪ੍ਰਸ਼ਨ ਚਿਨ੍ਹ ਲਾਉਂਦੇ ਹਨ।

ਮੈਨੂੰ ਉਮੀਦ ਹੈ ਕਿ ਲੋਕ ਸਮਝਣਗੇ ਕਿ ਔਰਤਾਂ ਬੇਜ਼ਾਨ ਚੀਜ਼ ਨਹੀਂ ਹਨ, ਉਨ੍ਹਾਂ ਦੇ ਮਨ ਵਿੱਚ ਵੀ ਬਹੁਤ ਅਰਮਾਨ ਹੁੰਦੇ ਹਨ।

ਇਹ ਦੱਖਣੀ-ਭਾਰਤ ਦੀ ਇੱਕ ਔਰਤ ਦੀ ਜ਼ਿੰਦਗੀ ਦੀ ਸੱਚੀ ਕਹਾਣੀ ਹੈ, ਜੋ ਬੀਬੀਸੀ ਦੀ ਪੱਤਰਕਾਰ ਐਸ਼ਵਰਿਆ ਰਵੀਸ਼ੰਕਰ ਨਾਲ ਸਾਂਝੀ ਕੀਤੀ ਗਈ ਹੈ। ਦਿਵਿਆ ਆਰੀਆ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)