#HerChoice: 'ਮੈਂ ਇੱਕ ਕੁੜੀ ਨਾਲ ਰਹਿਣ ਦਾ ਫ਼ੈਸਲਾ ਕਿਉਂ ਕੀਤਾ?'

#HerChoice, ਔਰਤਾਂ ਦੀਆਂ ਕਹਾਣੀਆਂ

ਮੈਂ ਅਤੇ ਮੇਰੀ ਸਹੇਲੀ ਲੈਸਬੀਅਨ ਨਹੀਂ ਹਾਂ। ਅਸੀਂ ਸਰੀਰਕ ਤੌਰ 'ਤੇ ਇੱਕ ਦੂਜੇ ਪ੍ਰਤੀ ਆਕਰਸ਼ਿਤ ਨਹੀਂ ਹਾਂ। ਸਾਡਾ ਆਕਰਸ਼ਣ ਰੂਹਾਨੀ ਹੈ। ਅਸੀਂ ਲਗਭਗ 40 ਸਾਲ ਤੋਂ ਇਕੱਠੀਆਂ ਰਹਿ ਰਹੀਆਂ ਹਾਂ।

ਹੁਣ ਸਾਡੀ ਉਮਰ 70 ਸਾਲ ਹੋ ਗਈ ਹੈ। ਜਦੋਂ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ ਉਦੋਂ ਸਾਡੀ ਉਮਰ 30 ਸੀ।

ਜਵਾਨੀ ਦੇ ਉਨ੍ਹਾਂ ਦਿਨਾਂ ਵਿੱਚ ਰੋਮਾਂਚ ਤੋਂ ਵੱਧ ਸਕੂਨ ਦੀ ਭਾਲ ਸੀ। ਮੈਨੂੰ ਵੀ ਅਤੇ ਉਸਨੂੰ ਵੀ।

ਮੇਰੇ ਅਤੇ ਮੇਰੀ ਸਹੇਲੀ ਦੇ ਨਾਲ ਰਹਿਣ ਦੇ ਫ਼ੈਸਲੇ ਦਾ ਇਹ ਸਭ ਤੋਂ ਵੱਡਾ ਕਾਰਨ ਸੀ।

ਬੀਬੀਸੀ ਦੀ ਵਿਸ਼ੇਸ਼ ਸੀਰੀਜ਼ #HerChoice ਵਿੱਚ ਆਉਣ ਵਾਲੇ ਹਰ ਸ਼ਨਿਚਰਵਾਰ-ਐਤਵਾਰ ਨੂੰ ਪੜ੍ਹੋ ਇਹ ਬੇਬਾਕ ਕਹਾਣੀਆਂ।

ਸਾਥ ਪਸੰਦ ਪਰ ਆਦਤਾਂ ਵੱਖ ਵੱਖ

ਅਸੀਂ ਦੋਵੇਂ ਇੱਕ-ਦੂਜੇ ਤੋਂ ਬਿਲਕੁਲ ਵੱਖ ਹਾਂ।

ਮੈਨੂੰ ਇਸ ਉਮਰ ਵਿੱਚ ਵੀ ਗੂੜ੍ਹੇ ਰੰਗ ਪਸੰਦ ਹਨ। ਲਿਪਸਟਿਕ ਲਗਾਉਣਾ ਚੰਗਾ ਲੱਗਦਾ ਹੈ।

ਪਰ ਉਸਨੂੰ ਫਿੱਕੇ ਰੰਗ ਦੀਆਂ ਚੀਜ਼ਾਂ ਪਸੰਦ ਆਉਂਦੀਆਂ ਹਨ।

ਭਾਵੇਂ ਕਿ ਉਮਰ 70 ਹੈ, ਪਰ ਅਜੇ ਵੀ ਮੈਂ ਉੱਚੀ ਅੱਡੀ ਵਾਲੇ ਸੈਂਡਲ ਪਾਉਂਦੀ ਹਾਂ ਅਤੇ ਉਹ ਹਰ ਵੇਲੇ ਡਾਕਟਰ ਸਲੀਪਰ ਪਾ ਕੇ ਘੁੰਮਦੀ ਹੈ।

ਮੈਂ ਟੀਵੀ ਦੇਖਦੀ ਹਾਂ ਤੇ ਉਹ ਮੋਬਾਈਲ 'ਤੇ ਲੱਗੀ ਰਹਿੰਦੀ ਹੈ। ਕਹਿੰਦੀ ਹੈ, ''ਬੁਢਾਪੇ ਵਿੱਚ ਇਹ ਕੀ ਰੋਗ ਲਾ ਲਿਆ ਹੈ।''

ਇਹ ਸਾਡੀ ਜ਼ਿੰਦਗੀ ਹੈ। ਥੋੜ੍ਹੀ ਜਿਹੀ ਨੋਕ-ਝੋਕ ਅਤੇ ਆਪਣੇ ਤਰੀਕੇ ਨਾਲ ਜੀਊਣ ਦੀ ਪੂਰੀ ਆਜ਼ਾਦੀ।

ਅਸੀਂ ਦੋਵੇਂ ਇੱਕ ਘਰ ਵਿੱਚ ਤਾਂ ਰਹਿੰਦੀਆਂ ਹਾਂ ਪਰ ਅਸੀਂ ਦੂਜੇ ਦੀ ਜ਼ਿੰਦਗੀ ਨੂੰ ਕਦੇ ਨਹੀਂ ਛੂਹਿਆ।

ਅੱਜ ਕੱਲ੍ਹ ਦੇ ਵਿਆਹਾਂ ਵਿੱਚ ਸ਼ਾਇਦ ਐਨਾ ਖੁੱਲ੍ਹਾਪਣ ਨਾ ਹੋਵੇ। ਉਮੀਦਾਂ ਅਕਸਰ ਵੱਧ ਹੁੰਦੀਆਂ ਹਨ ਤੇ ਰਿਸ਼ਤੇ ਉਨ੍ਹਾਂ ਦੇ ਬੋਝ ਹੇਠ ਦੱਬ ਕੇ ਟੁੱਟ ਜਾਂਦੇ ਹਨ।

ਅੱਜ ਵੀ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਨਹੀਂ ਜਾਣਦੇ

ਉਸੇ ਤਰ੍ਹਾਂ ਮੇਰਾ ਵਿਆਹ ਵੀ ਟੁੱਟਿਆ, ਪਰ ਜ਼ਿੰਦਗੀ ਦਾ ਉਹ ਪਾਠ ਹੁਣ ਪਿੱਛੇ ਰਹਿ ਗਿਆ, ਉਸਦੇ ਪੰਨੇ ਪਲਟਾਉਣੇ ਮੈਨੂੰ ਪਸੰਦ ਨਹੀਂ।

ਬੱਚੇ ਵੱਡੇ ਹੋ ਗਏ ਅਤੇ ਆਪਣੇ ਜ਼ਿੰਦਗੀ ਵਿੱਚ ਅੱਗੇ ਵਧ ਗਏ ਹਨ।

ਮੇਰੀ ਸਹੇਲੀ ਤਾਂ ਹਮੇਸ਼ਾ ਇਕੱਲੇ ਰਹਿਣ ਵਿੱਚ ਯਕੀਨ ਰੱਖਦੀ ਹੈ। ਹੁਣ ਵੀ ਅਸੀਂ ਨਾਲ ਹਾਂ ਵੀ ਅਤੇ ਨਹੀਂ ਵੀ।

ਇੰਨੇ ਅਰਸੇ ਮਗਰੋਂ ਵੀ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਇੱਕ-ਦੂਜੇ ਦੀ ਨਵੀਂ ਆਦਤ ਪਤਾ ਲੱਗ ਜਾਂਦੀ ਹੈ।

ਇਹੀ ਸਾਡੇ ਰਿਸ਼ਤੇ ਦੀ ਖ਼ੂਬਸੂਰਤੀ ਹੈ। ਅਸੀਂ ਅੱਜ ਵੀ ਇੱਕ-ਦੂਜੇ ਨੂੰ ਪੂਰੀ ਤਰ੍ਹਾਂ ਨਹੀਂ ਜਾਣਦੇ ਅਤੇ ਇਹੀ ਕਾਰਨ ਹੈ ਕਿ 'ਚਾਰਮ' ਬਣਿਆ ਹੋਇਆ ਹੈ।

ਲੋਕ ਸਾਨੂੰ ਪੁੱਛਦੇ ਹਨ ਕਿ ਤੁਸੀਂ ਦੋਵੇਂ ਇੱਕ ਦੂਜੀ ਨੂੰ ਵਾਰ ਵਾਰ ਦੇਖ ਕੇ ਬੋਰ ਨਹੀਂ ਹੋ ਜਾਂਦੇ?

ਸੱਚ ਤਾਂ ਇਹ ਹੈ ਕਿ ਅਸੀਂ ਇੱਕ-ਦੂਜੇ ਨਾਲ ਬਹੁਤ ਘੱਟ ਗੱਲ ਕਰਦੀਆਂ ਹਾਂ।

ਅਸੀਂ ਇੱਕ ਘਰ ਵਿੱਚ ਤਾਂ ਰਹਿੰਦੇ ਹਾਂ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਸਿਰਫ਼ ਖਾਣੇ ਦੇ ਮੇਜ਼ 'ਤੇ ਹੀ ਮਿਲਦੀਆਂ ਹਾਂ ਤੇ ਫਿਰ ਆਪੋ-ਆਪਣੇ ਕੰਮ ਵਿੱਚ ਰੁਝ ਜਾਂਦੀਆਂ ਹਾਂ।

ਜਦੋਂ ਅਸੀਂ ਨੌਕਰੀ ਕਰਦੇ ਸੀ ਉਦੋਂ ਤੋਂ ਹੀ ਇਹ ਆਦਤ ਹੈ, ਜੋ ਅੱਜ ਵੀ ਉਸ ਤਰ੍ਹਾਂ ਦੀ ਹੀ ਬਣੀ ਹੋਈ ਹੈ।

ਸ਼ੁਰੂ-ਸ਼ੁਰੂ ਵਿੱਚ ਜਦੋਂ ਘਰ ਕੰਮ ਵਾਲੀ ਆਉਂਦੀ ਸੀ ਤਾਂ ਵੱਡੀ ਦੁਚਿੱਤੀ ਵਿੱਚ ਰਹਿੰਦੀ ਸੀ।

ਉਹ ਸਾਨੂੰ ਰੋਜ਼ ਡਰਾਉਂਦੀ ਸੀ...

ਹਰ ਉਹ ਰੋਜ਼ ਪੁੱਛਦੀ ਰਹਿੰਦੀ ਸੀ ਕਿ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈ?

ਕੋਈ ਆਪਣਾ ਜੋ ਅਜੇ ਜਵਾਨ ਹੋਵੇ ਅਤੇ ਸਾਡੇ ਨਾਲ ਰਹਿ ਸਕੇ?

ਮੈਂ ਉਸ ਨਾਲ ਬਹਿਸ ਨਹੀਂ ਕਰਨਾ ਚਾਹੁੰਦੀ ਸੀ। ਉਸ ਨੂੰ ਕੀ ਸਮਝਾਉਂਦੀ ਕਿ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਮਾਮਲੇ ਵਿੱਚ ਬਹੁਤ ਅਮੀਰ ਹੈ ਪਰ ਇੱਕ-ਦੂਜੇ ਦੇ ਨਾਲ ਰਹਿਣ ਦੀ ਇਹ ਜ਼ਿੰਦਗੀ ਬੜੀ ਸੋਚ ਸਮਝ ਕੇ ਚੁਣੀ ਹੈ।

ਉਹ ਸਾਨੂੰ ਹਰ ਰੋਜ਼ ਡਰਾਉਂਦੀ ਸੀ ਕਿ ਕੋਈ ਤੁਹਾਨੂੰ ਮਾਰ ਕੇ ਚਲਾ ਜਾਵੇਗਾ, ਘਰ ਵਿੱਚ ਚੋਰੀ ਹੋ ਸਕਦੀ...

ਮੈਂ ਉਸਦੀਆਂ ਗੱਲਾਂ ਨੂੰ ਹੱਸ ਕੇ ਟਾਲ ਦਿੰਦੀ ਸੀ। ਇੱਕ ਦਿਨ ਉਸ ਨੂੰ ਬਿਠਾ ਕੇ ਕਹਿ ਦਿੱਤਾ ਕਿ ਸਾਡੇ ਕੋਲ ਕੁਝ ਵੀ ਅਜਿਹਾ ਨਹੀਂ ਹੈ ਜੋ ਚੋਰ ਇੱਥੇ ਆਉਣ ਅਤੇ ਖੁਸ਼ ਹੋ ਕੇ ਜਾਣ।

ਚੋਰ ਜੇਕਰ ਇੱਥੇ ਆਉਣਗੇ ਵੀ ਤਾਂ ਸਾਡੇ ਘਰ ਦੀਆਂ ਚਿੱਟੀਆਂ-ਭੂਰੀਆਂ ਕੰਧਾਂ ਦੇਖ ਕੇ ਸਮਝ ਜਾਣਗੇ ਕਿ ਇੱਥੇ ਕਿਹੋ ਜਿਹੇ ਲੋਕ ਰਹਿੰਦੇ ਹਨ।

ਮੇਰੀ ਗੱਲ ਉਸ ਨੂੰ ਕਿੰਨੀ ਸਮਝ ਆਈ ਇਹ ਤਾਂ ਨਹੀਂ ਪਤਾ ਪਰ ਉਹ ਸਾਡੇ ਇਸ ਤਰ੍ਹਾਂ ਰਹਿਣ 'ਤੇ ਵਾਰ-ਵਾਰ ਅਫ਼ਸੋਸ ਜ਼ਰੂਰ ਜਤਾਉਂਦੀ ਰਹਿੰਦੀ।

ਸੱਚ ਇਹ ਹੈ ਕਿ ਸਾਡੀ ਜ਼ਿੰਦਗੀ ਉਸ ਤਰ੍ਹਾਂ ਦੀ ਹੀ ਹੈ ਜਿਵੇਂ ਦੀ ਅਸੀਂ ਸੋਚੀ ਸੀ।

ਮੈਂ ਆਰਾਮ ਨਾਲ ਉੱਠਦੀ ਹਾਂ। ਸਾਡੀ ਜ਼ਿੰਦਗੀ ਵਿੱਚ ਕੋਈ ਕਾਹਲ ਨਹੀਂ ਹੈ।

ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਜਦੋਂ ਮੈਂ ਸਵੇਰੇ ਉੱਠਾਂ ਤਾਂ ਆਪਣੇ ਇਲਾਵਾ ਹੋਰ ਚੀਜ਼ ਦੀ ਪ੍ਰੇਸ਼ਾਨੀ ਮੇਰੇ ਦਿਮਾਗ਼ ਵਿੱਚ ਰਹੇ।

ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਰਿਸ਼ਤਿਆਂ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਅਸੀਂ ਅਜਿਹਾ ਫ਼ੈਸਲਾ ਕੀਤਾ।

ਲੋਕ ਗ਼ਲਤ ਸਮਝਦੇ ਸਨ

ਸਾਡੇ ਘਰ ਆਉਣ ਜਾਣ ਵਾਲਿਆਂ ਨੂੰ ਜਾਂ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ ਉਨ੍ਹਾਂ ਨੂੰ ਲੱਗਦਾ ਹੈ ਸਾਡੇ 'ਤੇ ਕੋਈ ਜ਼ਿੰਮੇਵਾਰੀ ਨਹੀਂ ਹੈ ਤਾਂ ਅਸੀਂ ਮਜ਼ੇ ਵਿੱਚ ਹਾਂ ਪਰ ਕੀ ਆਪਣੀ ਜ਼ਿੰਮੇਵਾਰੀ ਘੱਟ ਹੁੰਦੀ ਹੈ?

ਅਸੀਂ ਦੋਵੇਂ ਆਪਣੀਆਂ ਲੋੜਾਂ ਲਈ ਕਿਸੇ ਦਾ ਮੂੰਹ ਨਹੀਂ ਤੱਕਦੀਆਂ। ਅਸੀਂ ਆਪਣੀ ਖ਼ੁਦ ਦੀ ਜ਼ਿੰਮੇਵਾਰੀ ਨੂੰ ਆਪਣੇ ਤਰੀਕੇ ਨਾਲ ਨਿਭਾਉਂਦੀਆਂ ਹਾਂ।

ਪਹਿਲਾਂ ਲੋਕਾਂ ਨੂੰ ਲੱਗਦਾ ਸੀ ਅਸੀਂ ਇਕੱਠੇ ਰਹਿੰਦੇ ਹਾਂ ਤਾਂ ਕੁਝ ਗੜਬੜ ਜ਼ਰੂਰ ਹੈ। ਸਾਡੇ ਵਿੱਚ ਕੁਝ ਹੈ।

ਪਰ ਲੋਕਾਂ ਦੀ ਸੋਚ ਨੂੰ ਠੀਕ ਕਰਨਾ ਜਾਂ ਅਹਿਮੀਅਤ ਦੇਣਾ ਮੇਰੀ ਫਿਤਰਤ ਨਹੀਂ।

ਮੈਂ ਸੰਧੂਰ ਪਾਉਂਦੀ ਹਾਂ, ਬਿਛੂਆ ਪਾਉਂਦੀ ਹਾਂ, ਨੱਕ ਵਿੱਚ ਸੋਨਾ ਪਾਉਂਦੀ ਹਾਂ।

ਜਦੋਂ ਤੱਕ ਦਿਲ ਕਰ ਰਿਹਾ ਹੈ ਪਹਿਨਾਂਗੀ, ਮਨ ਭਰ ਜਾਵੇਗਾ ਤਾਂ ਲਾਹ ਛੱਡਾਂਗੀ।

ਆਖ਼ਰ ਇਸ ਵਿੱਚ ਗ਼ਲਤ ਕੀ ਹੈ...

ਇਸ ਰਿਸ਼ਤੇ ਵਿੱਚ ਰਹਿੰਦਿਆਂ ਜੋ ਇੱਕ ਗੱਲ ਸਮਝ ਆਈ ਉਹ ਇਹ ਕਿ ਤੁਸੀਂ ਜ਼ਿੰਦਗੀ ਗੁਜ਼ਾਰ ਤਾਂ ਕਿਸੇ ਨਾਲ ਵੀ ਸਕਦੇ ਹੋ ਪਰ ਨਿਭਾ ਉਸੇ ਦੇ ਨਾਲ ਸਕਦੇ ਹੋ ਜੋ ਤੁਹਾਡੇ ਨਾਲ ਤਾਂ ਰਹੇ ਪਰ ਤੁਹਾਡੇ ਅੰਦਰ ਵੜੇ ਨਾ।

ਲੋਕਾਂ ਨੂੰ ਸਾਡੀ ਸੰਤੁਲਿਤ ਜ਼ਿੰਦਗੀ ਬੜੀ ਅਜੀਬ ਲਗਦੀ ਹੈ।

ਸਮਝ ਹੀ ਨਹੀਂ ਆਉਂਦਾ ਕਿ 2 ਸਹੇਲੀਆਂ ਹਨ, ਆਪਣਾ ਖਾ ਰਹੀਆਂ ਹਨ, ਰਹਿ ਰਹੀਆਂ ਹਨ, ਨਾ ਤਾਂ ਕਿਸੇ ਤੋਂ ਕੁਝ ਮੰਗਦੀਆਂ ਹਨ, ਨਾਂ ਕੁਝ ਕਹਿੰਦੀਆਂ ਹਨ, ਆਪਣੇ ਆਪ ਵਿੱਚ ਰਹਿੰਦੀਆਂ ਹਨ।

ਇਸ ਵਿੱਚ ਗ਼ਲਤ ਕੀ ਹੈ... ਇਹ ਅਜੀਬ ਕਿਉਂ ਹੈ?

(ਇਹ ਕਹਾਣੀ ਉੱਤਰ ਭਾਰਤ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਜਿਨ੍ਹਾਂ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਭੂਮਿਕਾ ਰਾਏ ਨੇ ਅਤੇ ਕਹਾਣੀ ਨੂੰ ਪ੍ਰੋਡਿਊਸ ਕੀਤਾ ਹੈ ਦਿਵਿਆ ਆਰੀਆ ਨੇ। ਔਰਤ ਦੀ ਪਛਾਣ ਜਾਣਬੁਝ ਕੇ ਲੁਕਾਈ ਗਈ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)