ਬੱਚੇ ਟੀਚਰ ਤੇ ਜਮਾਤੀਆਂ 'ਤੇ ਹਮਲਾ ਕਿਉਂ ਕਰਦੇ ਹਨ?

ਬੱਚਿਆਂ ਦਾ ਬਚਪਨ Image copyright Getty Images

ਬੀਤੇ ਸਮੇਂ ਦੌਰਾਨ ਸਕੂਲੀ ਵਿਦਿਆਰਥੀਆਂ ਵਿੱਚ ਹਿੰਸਾ ਦਾ ਰੁਝਾਨ ਵੱਧਦਾ ਨਜ਼ਰ ਆ ਰਿਹਾ ਹੈ। ਕਈ ਘਟਨਾਵਾਂ ਅਜਿਹੀਆਂ ਹੋਈਆਂ ਜਿਨ੍ਹਾਂ ਵਿੱਚ ਬੱਚਿਆਂ ਨੇ ਆਪਣੇ ਨਾਲ ਦੇ ਬੱਚਿਆਂ ਉੱਪਰ ਹਮਲੇ ਕਰ ਦਿੱਤੇ।

ਗੁਰੂਗ੍ਰਾਮ ਦੇ ਰਾਇਨ ਸਕੂਲ ਵਿੱਚ ਇੱਕ ਗਿਆਰਵੀਂ ਜਮਾਤ ਦੇ ਵਿਦਿਆਰਥੀ 'ਤੇ ਆਪਣੇ ਹੀ ਸਕੂਲ ਦੇ ਸੱਤ ਸਾਲਾ ਪ੍ਰਦਿਊਮਨ ਨੂੰ ਕਤਲ ਕਰਨ ਦਾ ਇਲਜ਼ਾਮ ਲੱਗਿਆ ਹੈ।

ਯਮੁਨਾਨਗਰ ਦੇ ਇੱਕ ਸਕੂਲ ਦੇ ਵਿਦਿਆਰਥੀ ਤੇ ਸਕੂਲ ਦੀ ਪ੍ਰਿੰਸੀਪਲ ਨੂੰ ਮਾਰਨ ਦਾ ਇਲਜ਼ਾਮ ਲੱਗਿਆ ਹੈ।

ਲਖਨਊ ਦੇ ਇੱਕ ਸਕੂਲ ਵਿੱਚ ਸੱਤਵੀਂ ਕਲਾਸ ਦੀ ਵਿਦਿਆਰਥਣ ਨੇ ਕਥਿਤ ਤੌਰ 'ਤੇ ਆਪਣੀ ਸਹਿ ਜਮਾਤਣ ਨੂੰ ਜ਼ਖਮੀ ਕਰ ਦਿੱਤਾ।

ਮਿਲੋ, ਕਸ਼ਮੀਰ ਦੀ 'ਕਰਾਟੇ ਗਰਲ' ਨੂੰ

ਲੰਡਨ ਦੀਆਂ ਸੜਕਾਂ 'ਤੇ 'ਮੋਦੀ ਵਿਰੋਧੀ' ਨਾਅਰੇ

ਆਖਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਕੀ ਕਾਰਨ ਹਨ?

ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਚੰਡੀਗੜ੍ਹ, ਦੇ ਡਾਰੈਕਟਰ-ਪ੍ਰਿੰਸੀਪਲਡਾ. ਬੀ.ਐਸ. ਚਵਨ ਨੇ ਆਪਣੇ ਵਿਚਾਰ ਬੀਬੀਸੀ ਨਾਲ ਸਾਂਝੇ ਕੀਤਾ।

Image copyright Getty Images

ਸਕੂਲੀ ਬੱਚਿਆਂ ਦੇ ਹਿੰਸਾ ਵਿੱਚ ਸ਼ਾਮਲ ਹੋਣ ਦੇ ਕੇਸ ਕਿਉਂ ਹੋ ਰਹੇ ਹਨ?

ਅੱਜਕੱਲ ਬੱਚਿਆਂ ਤੇ ਕਿਸ਼ੋਰਾਂ ਵਿੱਚ ਤਣਾਅ ਨੂੰ ਝੱਲਣ ਦੀ ਸਮਰੱਥਾ ਖੀਣ ਹੋ ਰਹੀ ਹੈ ਤੇ ਉਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਗਏ ਹਨ।

ਪਿਛਲੇ ਵੀਹ ਸਾਲਾਂ ਦੌਰਾਨ ਇਨ੍ਹਾਂ ਵਿੱਚ ਜੋ ਤਬਦੀਲੀ ਮੈਂ ਦੇਖੀ ਹੈ ਉਹ ਇਹ ਹੈ ਕਿ ਕਿਸ਼ੋਰ ਬਹੁਤ ਸੰਵੇਦਨਸ਼ੀਲ, ਮਨੋਵੇਗੀ, ਖ਼ੁਦਗਰਜ਼ ਅਤੇ ਭਾਵੁਕ ਤੌਰ ਤੇ ਅਸਥਿਰ ਹਨ।

ਵਰਚੂਅਲ ਤੇ ਅਸਲੀ ਜ਼ਿੰਦਗੀ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਹੈ। ਇਸ ਪਿੱਛੇ ਵੱਡਾ ਕਾਰਨ ਛੋਟੇ ਪਰਿਵਾਰ (ਕਈਆਂ ̓ਚ ਤਾਂ ਇੱਕੋ ਬੱਚਾ ਹੁੰਦਾ ਹੈ) ਵਾਲੀ ਸਮਾਜਿਕ ਤਬਦੀਲੀ, ਕੰਮ-ਕਾਜੀ ਮਾਪੇ, ਸੋਸ਼ਲ ਮੀਡੀਆ ਤੇ ਸਿਨੇਮੇ ਦਾ ਪ੍ਰਭਾਵ ਹੋ ਸਕਦਾ ਹੈ।

ਇਸ ਦੇ ਇਲਾਵਾ, ਮਾਨਸਿਕ ਤੇ ਸਰੀਰਕ ਊਰਜਾ ਨੂੰ ਚੰਗੇ ਪਾਸੇ ਲਾਉਣ ਦੇ ਘੱਟ ਮੌਕੇ, ਮਾਪਿਆਂ ਤੇ ਅਧਿਆਪਕਾਂ ਦੀਆਂ ਉੱਚੀਆਂ ਉਮੀਦਾਂ ਕਰਕੇ ਪੜ੍ਹਾਈ ਦਾ ਦਬਾਉ ਅਤੇ ਚਿੰਤਾ ਤੇ ਨਿਰਾਸ਼ਾ ਨਾਲ ਨਿਪਟ ਸਕਣ ਦੇ ਕਾਰਗਰ ਤਰੀਕਿਆਂ ਦੀ ਜਾਣਕਾਰੀ ਨਾ ਹੋਣਾ ਸ਼ਾਮਲ ਹਨ।

ਵੀਡੀਓ ਖੇਡਾਂ ਜਿਨ੍ਹਾਂ ਵਿੱਚ ਬੱਚਾ ਕਿਸੇ ਪਾਤਰ ਨੂੰ ਕੁੱਟ ਮਾਰ ਕੇ ਆਪਣੇ ਗੁੱਸੇ ਤੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਾ ਹੈ ਉਹੀ ਬਾਹਰ ਅਸਲੀ ਜ਼ਿੰਦਗੀ ਵਿੱਚ ਹੋ ਰਿਹਾ ਹੈ।

Image copyright Getty Images

ਕਿਸ਼ੋਰਾਂ ਵਿੱਚ ਸ਼ਰਾਬ ̓ਤੇ ਨਸ਼ਿਆਂ ਦੀ ਵਰਤੋਂ ਹੋਰ ਬਲਦੀ 'ਤੇ ਤੇਲ ਦਾ ਕੰਮ ਕਰਦੀ ਹੈ।

ਕੀ ਅਧਿਆਪਕ ਵਿਦਿਆਰਥੀਆਂ ਨਾਲ ਨੇੜਲਾ ਰਿਸ਼ਤਾ ਉਸਾਰਨ ਵਿੱਚ ਨਾਕਾਮਯਾਬ ਰਹੇ ਹਨ?

ਹਾਂ, ਅਧਿਆਪਕਾਂ ਨੇ ਵਿਦਿਆਰਥੀਆਂ ਦੇ ਬਦਲਦੀ ਤਬੀਅਤ ਮੁਤਾਬਕ ਆਪਣੇ-ਆਪ ਨੂੰ ਨਹੀਂ ਬਦਲਿਆ। ਉਹ ਹਾਲੇ ਵੀ ਵਿਦਿਆਰਥੀਆਂ ਨੂੰ ਸਜਾ ਵਾਲੇ ਤਰਕੀਆਂ ਨਾਲ ਕਾਬੂ ਵਿੱਚ ਰੱਖਣਾ ਚਾਹੁੰਦੇ ਹਨ।

ਪੜ੍ਹਾਈ ਦੇ ਦਬਾਅ, ਮਾਪਿਆਂ ਤੇ ਸਕੂਲ ਅਧਿਕਾਰੀਆਂ ਦੀਆਂ ਉੱਚੀਆਂ ਉਮੀਦਾਂ ਕਾਰਨ ਇਨ੍ਹਾ ਦਿਨੀਂ ਅਧਿਆਪਕ ਵੀ ਬਹੁਤ ਤਣਾਅ ਵਿੱਚ ਹਨ।

ਸਿਖਲਾਈ ਦੀ ਕਮੀ ਕਰਕੇ ਉਹ ਵਿਦਿਆਰਥੀਆਂ ਦੀਆਂ ਵਿਵਹਾਰ ਤੇ ਭਾਵੁਕ ਮੁਸ਼ਕਿਲਾਂ ਸਮਝਣ ਤੋਂ ਅਸਮੱਰਥ ਹਨ। ਪ੍ਰਾਈਵੇਟ ਟਿਊਸ਼ਨ ਤਾਂ ਆਦਰਸ਼ ਬਣ ਗਈ ਹੈ।

ਅਧਿਆਪਕ ਵਿਦਿਆਰਥੀ ਨੂੰ ਪੜ੍ਹਾਉਣ ਤੇ ਮਿਹਨਤ ਕਰਨ ਦੀ ਥਾਂ ਚਾਹੁੰਦੇ ਹਨ ਕਿ ਉਹ ਸਭ ਕੁੱਝ ਟਿਊਸ਼ਨ ਤੋਂ ਸਿੱਖ ਕੇ ਆਉਣ। ਇਨ੍ਹੀਂ ਦਿਨੀਂ ਅਧਿਆਪਕ-ਵਿਦਿਆਰਥੀ ਰਿਸ਼ਤਾ ਬੜਾ ਨਾਜ਼ੁਕ ਹੈ।

ਮਾਪਿਆਂ ਤੇ ਪਰਿਵਾਰਾਂ ਦੀ ਇਸ ਵਿੱਚ ਕੀ ਭੂਮਿਕਾ ਹੈ?

ਕਾਫ਼ੀ ਹੱਦ ਤੱਕ ਬੱਚਿਆਂ ਦੀਆਂ ਹਿੰਸਕ ਗਤੀਵਿਧੀਆਂ ਲਈ ਉਨ੍ਹਾਂ ਦੇ ਪਰਿਵਾਰ ਤੇ ਮਾਪੇ ਹੀ ਜਿਮੇਂਵਾਰ ਹਨ।

ਮਾਪਿਆਂ ਦੁਆਰਾ ਬੱਚੇ ਦੇ ਗੈਰਤਾਰਕਿਕ ਤੇ ਅਣਚਾਹੇ ਵਤੀਰੇ ਨੂੰ ਨਜ਼ਰ ਅੰਦਾਜ ਕਰੀ ਜਾਣ ਨਾਲ ਉਹ ਸਹੀ ਤੇ ਗਲਤ ਦਾ ਫ਼ਰਕ ਨਹੀਂ ਸਿੱਖ ਪਾਉਂਦਾ।

Image copyright Getty Images

ਬੱਚਾ ਦੂਜਿਆਂ ਦਾ ਸਤਿਕਾਰ ਤੇ ਅਨੁਸ਼ਾਸ਼ਨ ਨਹੀਂ ਸਿੱਖ ਪਾਉਂਦਾ। ਮਾਪਿਆਂ ਨਾਲ ਮਜ਼ਬੂਤ ਸੰਬੰਧ ਕਾਇਮ ਨਹੀਂ ਹੋ ਪਾਉਂਦੇ।

ਬੱਚੇ ਦੇ ਮਨੋਵੇਗੀ ਤੇ ਮੰਗਾਂ ਕਰਨ ਵਾਲੇ ਵਤੀਰੇ ਦੇ ਇਨਾਮ ਵਜੋਂ ਮਾਪੇ ਬੱਚੇ ਨੂੰ ਪਦਾਰਥਕ ਇਨਾਮ ਦਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ।

ਭਾਵੁਕ ਜ਼ਰੂਰਤਾਂ ਪੈਸੇ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

ਮਾਪਿਆਂ ਨਾਲ ਮਜਬੂਤ ਰਿਸ਼ਤਾ ਨਾ ਹੋਣਾ ਕਾਰਨ, ਅਧਿਆਪਕਾਂ ਤੇ ਮਿੱਤਰਾਂ ਨਾਲ ਜੋ ਸੰਬੰਧ ਹਨ ਉਹ ਵੀ ਓਪਰੀ ਤੇ ਮਤਲਬ ਲਈ ਹਨ।

ਕੀ ਇਸ ਸਭ ਦਾ ਕੁੜੀਆਂ ਤੇ ਵੀ ਮੁੰਡਿਆਂ ਜਿੰਨਾ ਹੀ ਅਸਰ ਪੈ ਰਿਹਾ ਹੈ?

ਮਾਤਾ-ਪਿਤਾ ਦਾ ਮੁੰਡਿਆ ਅਤੇ ਕੁੜੀਆਂ ਪ੍ਰਤੀ ਰੱਵਈਏ 'ਚ ਫਰਕ ਕਾਰਨ ਇਹ ਸਭ ਕੁੜੀਆਂ ਦੇ ਮੁਕਾਬਲੇ ਮੁੰਡਿਆਂ ̓ਤੇ ਜਿਆਦਾ ਅਸਰ ਪਾਉਂਦਾ ਹੈ।

Image copyright Getty Images

ਦੋਹਾਂ ਦਾ ਪਾਲਣ-ਪੋਸ਼ਣ ਵੱਖੋ-ਵੱਖ ਹੁੰਦਾ ਹੈ। ਕੁੜੀ ਦੀ ਮਾੜੀ ਮੋਟੀ ਹਰਕਤ ਦਾ ਵੀ ਨੋਟਿਸ ਲਿਆ ਜਾਂਦਾ ਹੈ।

ਗੁੱਸਾ ਦਿਖਾਉਣਾ, ਮਨਆਈਆਂ ਕਰਨਾ, ਦੂਸਰਿਆਂ ਨਾਲ ਲੜਨਾ, ਤੰਬਾਕੂਨੋਸ਼ੀ ਕਰਨਾ- ਨਸ਼ੇ ਵਰਤਣਾ, ਲੋੜੋਂ ਵੱਧ ਪੈਸੇ ਮੰਗਣੇ, ਝੂਠ ਬੋਲਣਾ, ਚੋਰੀ ਕਰਨਾ, ਧੋਖਾ ਦੇਣਾ ਤੇ ਦੇਰ ਰਾਤ ਘਰ ਵਾਪਸ ਆਉਣਾ ਇਹ ਸਭ ਮੁੰਡੇ ਲਈ ਤਾਂ ਠੀਕ ਹੈ ਪਰ ਕੁੜੀਆਂ ਲਈ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਂਦਾ।

ਇਸੇ ਕਰਕੇ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਵਧੇਰੇ ਅਨੁਸ਼ਾਸ਼ਿਤ ਹਨ, ਆਤਮ-ਸੰਜਮ ਵਾਲੀਆਂ ਹਨ। ਉਹ ਘੱਟ ਮਨਆਈਆਂ ਕਰਦੀਆਂ ਹਨ ਤੇ ਘੱਟ ਖਿਝਦੀਆਂ ਹਨ।

ਇਸ ਤੋਂ ਨਜਿਠਣ ਲਈ ਕੀ ਰਾਹ ਹੈ?

ਇਸ ਦਾ ਕੋਈ ਸਿਰਫ਼ ਇੱਕ ਹੱਲ ਨਹੀਂ ਹੋ ਸਕਦਾ ਬਲਕਿ ਕਈ ਕੰਮ ਕਰਨੇ ਪੈਣਗੇ꞉

1. ਮਾਪਿਆਂ ਨੂੰ ਪਾਲਣ-ਪੋਸ਼ਣ ਦੇ ਤਰੀਕੇ ਸਿਖਾਏ ਜਾਣੇ ਚਾਹੀਦੇ ਹਨ।

2. ਨੈਤਿਕ ਸਿੱਖਿਆ, ਖੇਡਾਂ ਅਤੇ ਯੋਗਾ ਨੂੰ ਸਕੂਲਾਂ ਦੇ ਰੋਜਾਨਾ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ।

Image copyright Getty Images

3. ਸਕੂਲ ਵਿੱਚ ਇੱਕ ਕਾਊਂਸਲਰ ਹੋਣਾ ਚਾਹੀਦਾ ਹੈ ਜੋ ਭਾਵੁਕ ਤੇ ਵਿਵਹਾਰਕ ਦਿੱਕਤਾਂ ਵਾਲੇ ਬੱਚਿਆਂ ਦੀ ਪਛਾਣ ਕਰੇ। ਇਸ ਦੇ ਨਾਲ ਉਹ ਨਸ਼ੇ ਵਰਗੀਆਂ ਅਲਾਮਤਾਂ ਦੇ ਸ਼ਿਕਾਰ ਬੱਚਿਆਂ ਦਾ ਵੀ ਮਾਰਗ ਦਰਸ਼ਨ ਕਰੇ।

4. ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਸੰਪਰਕ ਬਣਾਉਣ ਦੇ ਹੋਰ ਵਧੀਆ ਢੰਗ ਸਿੱਖਣੇ ਚਾਹੀਦੇ ਹਨ।

5. ਅਧਿਆਪਕਾਂ ਦੀ ਸੁਰਖਿਆ ਵੀ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਕਿ ਕੋਈ ਸਕੂਲ ਵਿੱਚ ਹਥਿਆਰ ਆਦਿ ਨਾ ਲੈ ਕੇ ਆ ਸਕੇ।

6. ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਕੁਦਰਤੀ ਰੂਪ ਵਿੱਚ ਜਾਂ ਆਪਣੇ ਆਲੇ-ਦੁਆਲੇ ਕਰਕੇ ਹਿੰਸਕ ਹਨ ਜਾਂ ਮਨਆਈਆਂ ਕਰਦੇ ਹਨ। ਅਜਿਹੇ ਬੱਚਿਆਂ ਨਾਲ ਟਕਰਾਉ ਤੋਂ ਬਚਣਾ ਚਾਹੀਦਾ ਹੈ।

7 ਸੰਕੇਤ ਜੋ ਦੱਸਣਗੇ ਕਿ ਤੁਹਾਡਾ ਫ਼ੋਨ ਹੈਕ ਹੋ ਗਿਆ

ਫੇਕ ਨਿਊਜ਼ ਨੂੰ ਠੱਲਣ ਲਈ ਫੇਸਬੁੱਕ ਨੇ ਘੜੀ ਰਣਨੀਤੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ