'ਭਾਸ਼ਾ ਨੂੰ ਲੈ ਕੇ ਮੇਰਾ ਵਿਰੋਧ ਮਾਨਸਿਕ ਕਾਰਨਾਂ ਨਾਲ ਹੈ'

ਪਾਤਰ

''ਮੈਨੂੰ ਕਾਂਗਰਸੀ ਉਸ ਵੇਲੇ ਕਹਿਣਾ ਜਦੋਂ ਮੈਂ ਕਿਸੇ ਗ਼ਲਤ ਨੀਤੀ ਨਾਲ ਪਰਣਾਇਆ ਜਾਵਾਂਗਾ। ਕਾਂਗਰਸ ਦੀ ਸਰਕਾਰ ਦੌਰਾਨ ਰਹਿ ਕਿ ਜੇ ਮੈਂ ਆਪਣੀ ਮਰਜ਼ੀ ਦੇ ਕੰਮ ਕਰ ਸਕਾਂ ਤਾਂ ਮੈਂ ਸਮਝਦਾ ਹਾਂ ਕੇ ਮੈਂ ਪਾਤਰ ਹੀ ਹਾਂ ਤੇ ਕਾਂਗਰਸ ਦਾ ਪ੍ਰਤੀਨਿਧ ਨਹੀਂ ਬਣਿਆ।''

ਇਹ ਗੱਲ ਉੱਘੇ ਸ਼ਾਇਰ ਅਤੇ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਪੰਜਾਬ ਆਰਟਸ ਕੌਂਸਲ ਦੀ ਪ੍ਰਧਾਨਗੀ ਸੰਭਾਲਣ ਨੂੰ ਲੈ ਕੇ ਬੀਬੀਸੀ ਪੰਜਾਬੀ ਨਾਲ ਕੀਤੀ ਗੱਲਬਾਤ ਦੌਰਾਨ ਕਹੀ।

ਬੀਬੀਸੀ ਪੰਜਾਬੀ ਨਾਲ ਫੇਸਬੁੱਕ ਲਾਈਵ ਦੌਰਾਨ ਪੰਜਾਬ ਅਤੇ ਪੰਜਾਬੀ ਭਾਸ਼ਾ ਨਾਲ ਜੁੜੇ ਕਈ ਹੋਰ ਮੁੱਦਿਆਂ 'ਤੇ ਵੀ ਉਨ੍ਹਾਂ ਆਪਣਾ ਪੱਖ ਰੱਖਿਆ।

ਪੰਜਾਬ ਕਲਾ ਪਰਿਸ਼ਦ ਦੇ ਪ੍ਰਧਾਨ ਦੀ ਕੁਰਸੀ ਕਾਂਗਰਸ ਤੋਂ ਮਿਲੀ ਹੈ?

ਸੁਰਜੀਤ ਪਾਤਰ ਨੇ ਇਸ ਬਾਰੇ ਕਿਹਾ, ''ਮੈਂ ਅਕਾਲੀਆਂ ਦੀ ਸਰਕਾਰ ਵੇਲੇ ਪੰਜਾਬ ਆਰਟਸ ਕੌਂਸਲ ਦੀ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਸੀ। ਕਾਂਗਰਸ ਵੇਲੇ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੇ ਬਹੁਤ ਵਾਰ ਫ਼ੋਨ ਕੀਤਾ ਕਿ ਤੁਸੀਂ ਇਸ ਕੌਂਸਲ ਨੂੰ ਸੰਭਾਲੋ। ਇਸ ਤੋਂ ਬਾਅਦ ਹੀ ਮੈਂ ਇਹ ਜ਼ਿੰਮੇਵਾਰੀ ਸੰਭਾਲੀ।''

ਮੌਜੂਦਾ ਨਿਆਂ ਪ੍ਰਣਾਲੀ 'ਤੇ ਤੁਹਾਡੇ ਵਿਚਾਰ?

ਇੱਕ ਵਾਰ ਮੈਨੂੰ ਹਾਈ ਕੋਰਟ ਦੇ ਇੱਕ ਜੱਜ ਨੇ ਕਿਹਾ ਕਿ ਉਹ ਸ਼ੇਅਰ ਸੁਣਾਓ ਜਿਸ ਵਿੱਚ ਸਾਡੀ ਗੱਲ ਹੋ ਰਹੀ ਹੈ।

ਇਸ ਅਦਾਲਤ 'ਚ ਬੰਦੇ ਬਿਰਖ਼ ਹੋ ਗਏ

ਫੈਸਲੇ ਸੁਣਦਿਆਂ-ਸੁਣਦਿਆਂ ਸੁੱਕ ਗਏ।

ਆਖੋ ਇਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ

ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ....

ਮੇਰਾ ਸ਼ੇਅਰ ਸੁਣ ਕੇ ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਸਾਡੇ ਕੋਲ ਜੱਜਾਂ ਦੀ ਗਿਣਤੀ ਬਹੁਤ ਘੱਟ ਹੈ।

ਪਰ ਮੈਂ ਸਮਝਦਾ ਹਾਂ ਕਿ ਲੋਕਾਂ ਦੇ ਕਿਰਦਾਰਾਂ ਦੇ ਨਾਲ-ਨਾਲ ਗਵਾਹਾਂ, ਵਕੀਲਾਂ ਅਤੇ ਜੱਜਾਂ ਦੇ ਕਿਰਦਾਰ ਵੀ ਇਸ ਲਈ ਜ਼ਿੰਮੇਵਾਰ ਹਨ।

ਮੇਰਾ ਵੀ ਇੱਕ-ਦੋ ਵਾਰ ਅਦਾਲਤ ਨਾਲ ਵਾਹ ਪਿਆ ਤਾਂ ਕਾਫ਼ੀ ਖੱਜਲ ਖੁਆਰ ਹੋਇਆ।

ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਕੀ ਸੋਚਦੇ ਹੋ?

ਪਹਿਲਾਂ ਰੂਹ ਤਾਂ ਨੰਗੇਜ਼ ਹੁੰਦੀ ਸੀ, ਹੁਣ ਭਾਸ਼ਾ ਪਹਿਰਾਵਾ ਹੋ ਗਈ। ਜਿਸ ਤਰ੍ਹਾਂ ਕਿਸੇ ਨੂੰ ਲੱਗਦਾ ਹੈ ਕਿ ਮੈਂ ਸੋਹਣੇ ਕੱਪੜੇ ਪਾਵਾਂ। ਉਸੇ ਤਰ੍ਹਾਂ ਲੋਕ ਸੋਚਦੇ ਹਨ ਕਿ ਮੈਂ ਅੰਗਰੇਜ਼ੀ ਬੋਲਾਂ।

ਮੇਰਾ ਬੱਚਾ ਅੰਗਰੇਜ਼ੀ ਬੋਲੇਗਾ ਤਾਂ ਇਹ ਉਸ ਦੀ ਇੱਕ ਪਛਾਣ ਹੋ ਜਾਵੇਗੀ। ਆਪਣੀ ਰੂਹ ਦੇ ਨੰਗੇਜ਼ ਹੋਣ ਦੀ ਥਾਂ ਭਾਸ਼ਾ ਸਾਡੇ ਜਿਸਮਾਂ ਦਾ ਪਹਿਰਾਵਾ ਬਣ ਗਈ ਹੈ।

ਦੂਸਰੀ ਗੱਲ ਇਹ ਕਿ ਭਾਸ਼ਾ ਦਾ ਅਸੀਂ ਰਿਜ਼ਕ ਨਾਲ ਅਤੇ ਆਰਥਿਕਤਾ ਨਾਲ ਬਹੁਤ ਗਹਿਰਾ ਰਿਸ਼ਤਾ ਸਮਝਦੇ ਹਾਂ, ਤੇ ਇਸ ਤਰ੍ਹਾਂ ਹੁੰਦਾ ਵੀ ਹੈ।

ਪਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਆਪਣੀ ਧਰਤੀ ਤੇ ਮਾਂ ਬੋਲੀ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ।

ਮਾਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਕਿਸੇ ਨਾਲ ਆਪਣੀ ਮਾਂ ਵਟਾ ਨਹੀਂ ਸਕਦੇ।

ਇਹ ਸਿਰਫ਼ ਬੋਲੀ ਦੇ ਮਰਨ ਦੀ ਗੱਲ ਨਹੀਂ ਇਹ ਬੰਦੇ ਦੇ ਅੰਦਰ ਦੇ ਮਰਨ ਦੀ ਗੱਲ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਵੀਡੀਓ - ਕਾਂਗਰਸ ਸਰਕਾਰ ਵੱਲੋਂ ਦਿੱਤੇ ਸਰਕਾਰੀ ਅਹੁਦੇ ਬਾਰੇ ਸੁਰਜੀਤ ਪਾਤਰ ਨੇ ਕੀ ਕਿਹਾ ?

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ ਵਾਕ-ਵਾਕ!

ਜਦੋਂ ਨਵੀਂ ਤਕਨੀਕ ਆਉਂਦੀ ਹੈ ਤਾਂ ਪੁਰਾਣੇ ਸ਼ਬਦ ਬਦਲ ਹੀ ਜਾਂਦੇ ਹਨ। ਪਰ ਜਿਨ੍ਹਾਂ ਲਫ਼ਜ਼ਾਂ ਦਾ ਤਕਨੀਕ ਨਾਲ ਕੋਈ ਸੰਬੰਧ ਨਹੀਂ ਸੀ, ਉਹ ਵੀ ਬਦਲ ਗਏ ਜਿਵੇਂ ਡੈਡੀ, ਮੰਮੀ, ਅੰਕਲ।

ਇਸ ਦਾ ਕਰਨ ਸਾਡੀ ਮਾਨਸਿਕਤਾ ਹੈ। ਮੇਰਾ ਵਿਰੋਧ ਮਾਨਸਿਕ ਕਾਰਨਾਂ ਨਾਲ ਹੈ।

ਪੂਰਾ ਫੇਸਬੁੱਕ ਲਾਈਵ ਦੇਖਣ ਲਈ ਹੇਠਾਂ ਕਲਿੱਕ ਕਰੋ

ਪੰਜਾਬ ਦੀਆਂ ਕਵਿੱਤਰੀਆਂ ਦੀ ਘਾਟ ਬਾਰੇ ਕੀ ਸੋਚਦੇ ਹੋ?

ਕਵੀ ਦਰਬਾਰਾਂ ਵਿੱਚ ਕਵਿੱਤਰੀਆਂ ਦੀ ਹਾਜ਼ਰੀ ਵੱਧਣੀ ਚਾਹੀਦੀ ਹੈ।

ਕੁੜੀਆਂ ਨੇ ਦੇਰੀ ਨਾਲ ਲਿਖਣਾ ਸ਼ੁਰੂ ਕੀਤਾ।

ਕਿਸੇ ਵੇਲੇ ਸਾਡੇ ਕੋਲ ਅੰਮ੍ਰਿਤਾ ਪ੍ਰੀਤਮ ਸੀ।

ਤੇ ਹੁਣ ਸਾਡੇ ਕੋਲ ਪ੍ਰਭਜੋਤ, ਮਨਜੀਤ ਟਿਵਾਣਾ, ਕੁਲਦੀਪ ਕਲਪਨਾ, ਸੁਖਵਿੰਦਰ ਅੰਮ੍ਰਿਤ ਹਨ।

ਤੁਹਾਡੀ ਸਿਆਸੀ ਚੇਤਨਾ ਦਾ ਸਰੋਤ ਕੀ ਹੈ?

ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮਏ ਪੰਜਾਬੀ ਕਰ ਰਿਹਾ ਸੀ ਤਾਂ ਉਸ ਵੇਲੇ ਨਕਸਲਵਾਦੀ ਲਹਿਰ ਜ਼ੋਰਾਂ 'ਤੇ ਸੀ।

ਸਾਡੇ ਕੋਲ ਰਾਤ ਬਰਾਤੇ ਨਕਸਲਵਾਦੀ ਕਵੀ ਰੂਪੋਸ਼ ਹੋ ਕੇ ਆਉਂਦੇ ਸੀ।

ਜਦੋਂ ਹਰਭਜਨ ਹਲਵਾਰਵੀ ਪਹਿਲੀ ਵਾਰੀ ਸਾਡੇ ਕੋਲ ਮਨੋਹਰ ਲਾਲ ਬਣ ਕੇ ਆਇਆ ਤਾਂ ਅਸੀਂ ਉਸ ਨੂੰ ਉਸ ਦੀ ਆਵਾਜ਼ ਤੋਂ ਪਛਾਣਿਆ।

ਹੋਸਟਲਾਂ ਵਿੱਚ ਬਹੁਤ ਤਿੱਖੀਆਂ ਬਹਿਸਾਂ ਹੁੰਦੀਆਂ ਸਨ ਨਿਜ਼ਾਮ ਨੂੰ ਲੈ ਕੇ।

ਉਸ ਵੇਲੇ 1959 ਵਿੱਚ ਬਹੁਤ ਵੱਡੀ ਹੜਤਾਲ ਹੋਈ ਸੀ ਤਾਂ ਵਿਦਿਆਰਥੀਆਂ 'ਤੇ ਲਾਠੀ-ਚਾਰਜ ਵੀ ਹੋਇਆ।

ਮੈਂ ਉਸ ਵੇਲੇ ਰਿਸਰਚ ਸਕਾਲਰ ਸੀ ਤੇ ਮੈਨੂੰ ਯਾਦ ਹੈ ਕਿ ਮੈਨੂੰ ਐਕਸਟੈਨਸ਼ਨ ਨਹੀਂ ਮਿਲੀ ਸੀ।

ਖ਼ਾਲਿਸਤਾਨ ਬਾਰੇ ਤੁਸੀਂ ਕੀ ਸੋਚਦੇ ਹੋ?

ਜੋ ਮੇਰੇ ਮੰਨ 'ਚ ਖ਼ਾਲਿਸਤਾਨ ਦਾ ਸੰਕਲਪ ਹੈ ਉਹ ਇਹ ਹੈ ਕਿ ਇਸ ਤਰ੍ਹਾਂ ਨਹੀਂ ਕਿ ਸਿਰਫ਼ ਇੱਕ ਧਰਮ ਦਾ ਹੀ ਬੋਲਬਾਲਾ ਹੋਵੇ।

ਜੋ ਗੁਰੂ ਸਾਹਿਬਾਨ ਦਾ ਸੰਕਲਪ ਸੀ "ਮਾਨਸ ਕੀ ਜਾਤ ਸਭੈ ਏਕੁ ਪਹਿਚਾਨਬੋ" ਇਹੋ ਸੰਕਲਪ ਹੈ।

ਪੰਜਾਬੀ ਗੀਤਾਂ 'ਤੇ ਸੈਂਸਰ ਬੋਰਡ ਬਾਰੇ ਤੁਹਾਡੀ ਕੀ ਰਾ ਹੈ?

ਸੈਂਸਰ ਬੋਰਡ ਬਾਰੇ ਬਹੁਤ ਵਾਰ ਗੱਲਾਂ ਹੋਈਆਂ। ਕਈ ਮੀਟਿੰਗਾਂ 'ਚ ਮੈਂ ਵੀ ਸ਼ਾਮਲ ਹੋਇਆ ਤੇ ਹੋਰ ਕਲਾਕਾਰ ਵੀ ਸ਼ਾਮਲ ਹੁੰਦੇ ਰਹੇ।

ਕਈ ਚੀਜ਼ਾਂ ਸਾਡੇ ਵੱਸ ਵਿੱਚ ਹੀ ਨਹੀਂ ਜਿਸ ਤਰ੍ਹਾਂ ਇੰਟਰਨੈੱਟ ਅਤੇ ਕਈ ਚੀਜ਼ਾਂ ਟੈਲੀਕਾਸਟ ਹੀ ਦਿੱਲੀ ਤੋਂ ਹੁੰਦੀਆਂ ਹਨ। ਇਨ੍ਹਾਂ ਗੱਲਾਂ 'ਤੇ ਗੱਲ ਖ਼ਤਮ ਹੁੰਦੀ ਰਹੀ।

ਫ਼ਿਲਮਾਂ 'ਤੇ ਸੈਂਸਰ ਤਾਂ ਹੈ ਪਰ ਉਹ ਵੀ ਇਹੋ ਕੁਝ ਪਰੋਸ ਰਹੀਆਂ ਹਨ। ਇਨ੍ਹਾਂ ਗੱਲਾਂ 'ਤੇ ਅਜੇ ਤੱਕ ਸੋਚਿਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)