ਸਵਿਟਜ਼ਰਲੈਂਡ: ਵਿਸ਼ਵ ਲਈ ਦਾਵੋਸ ਇੰਨਾ ਜ਼ਰੂਰੀ ਕਿਉਂ ਹੈ?

dawos Image copyright Getty Images

ਬਰਫ਼ਬਾਰੀ ਅਤੇ ਖੂਬਸੂਰਤ ਵਾਦੀਆਂ ਲਈ ਜਾਣੇ ਜਾਂਦੇ ਦੇਸ ਸਵਿਟਜ਼ਰਲੈਂਡ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਦਾਵੋਸ ਜਿੱਥੇ ਵੱਡੇ-ਵੱਡੇ ਸਿਆਸੀ ਅਤੇ ਕਾਰੋਬਾਰੀ ਫੈਸਲੇ ਹੁੰਦੇ ਹਨ।

ਸਾਲ 1997 ਤੋਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਪਹਿਲੀ ਵਾਰੀ ਇੱਥੇ ਪਹੁੰਚੇ ਹਨ।

ਇਸ ਦੀ ਵਜ੍ਹਾ ਪੁੱਛੀ ਗਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਦੁਨੀਆਂ ਚੰਗੀ ਤਰ੍ਹਾਂ ਜਾਣਦੀ ਹੈ ਕਿ ਦਾਵੋਸ ਵਿੱਤੀ ਜਗਤ ਦੀ ਪੰਚਾਇਤ ਬਣ ਗਿਆ ਹੈ।"

ਦਾਵੋਸ ਦੁਨੀਆਂ ਲਈ ਇੰਨਾ ਖਾਸ ਕਿਉਂ ਹੈ?

 • ਪੂਰੀ ਦੁਨੀਆਂ ਦੀ ਆਰਥਿਕ ਨੀਤੀ ਉੱਥੋਂ ਕਿਉਂ ਪ੍ਰਭਾਵਿਤ ਹੁੰਦੀ ਹੈ। ਆਸਟ੍ਰੇਲੀਆ ਤੋਂ ਅਮਰੀਕਾ ਤੱਕ ਦੇ ਸਿਆਸੀ ਦਿੱਗਜ਼ ਆਗੂ ਇੱਥੇ ਕਿਉਂ ਪਹੁੰਚਦੇ ਹਨ।
 • ਵਰਲਡ ਇਕਨੋਮਿਕ ਫੋਰਮ ਕਾਰਨ ਦਾਵੋਸ ਨੂੰ ਪਛਾਣ ਮਿਲੀ। ਫੋਰਮ ਦੀ ਵੈੱਬਸਾਈਟ ਮੁਤਾਬਕ ਉਸ ਨੂੰ ਦਾਵੋਸ-ਕਲੋਸਟਰਸ ਦੀ ਸਾਲਾਨਾ ਬੈਠਕ ਲਈ ਜਾਣਿਆ ਜਾਂਦਾ ਹੈ। ਬੀਤੇ ਕਈ ਸਾਲਾਂ ਤੋਂ ਕਾਰੋਬਾਰੀ, ਸਰਕਾਰਾਂ ਅਤੇ ਸਿਵਿਲ ਸੋਸਾਈਟੀ ਦੇ ਨੁਮਾਇੰਦੇ ਗਲੋਬਲ ਮੁੱਦਿਆਂ ਉੱਤੇ ਚਰਚਾ ਲਈ ਇੱਥੇ ਜੁੜਦੇ ਹਨ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਇਸ ਦੇ ਹੱਲ ਲਈ ਵਿਚਾਰਾਂ ਕੀਤੀਆਂ ਜਾਂਦੀਆਂ ਹਨ।
 • ਪ੍ਰੋ. ਕਲੌਜ਼ ਸ਼ਵਾਬ ਵੱਲੋਂ ਜਦੋਂ ਇਸ ਦੀ ਨੀਂਹ ਰੱਖੀ ਗਈ ਸੀ ਤਾਂ ਇਸ ਨੂੰ ਯੂਰਪੀਅਨ ਮੈਨੇਜਮੈਂਟ ਫੋਰਮ ਕਿਹਾ ਜਾਂਦਾ ਸੀ। ਇਹ ਫੋਰਮ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਦਾ ਗੈਰ-ਲਾਭਕਾਰੀ ਫਾਊਂਡੇਸ਼ਨ ਹੋਇਆ ਕਰਦਾ ਸੀ।
 • ਹਰ ਸਾਲ ਜਨਵਰੀ ਵਿੱਚ ਇਸ ਦੀ ਸਾਲਾਨਾ ਬੈਠਕ ਹੁੰਦੀ ਸੀ ਅਤੇ ਦੁਨੀਆਂ ਭਰ ਦੇ ਮੰਨੇ-ਪ੍ਰਮੰਨੇ ਲੋਕ ਇੱਥੇ ਪਹੁੰਚਦੇ ਸਨ।
 • ਵੈੱਬਸਾਈਟ ਮੁਤਾਬਕ ਸ਼ੁਰੂਆਤ ਵਿੱਚ ਪ੍ਰੋ. ਸ਼ਵਾਬ ਇਨ੍ਹਾਂ ਬੈਠਕਾਂ ਵਿੱਚ ਇਸ ਗੱਲ ਉੱਤੇ ਚਰਚਾ ਕਰਦੇ ਸਨ ਕਿ ਕਿਸ ਤਰ੍ਹਾਂ ਯੂਰਪੀ ਕੰਪਨੀਆਂ, ਅਮਰੀਕੀ ਮੈਨੇਜਮੈਂਟ ਕੰਪਨੀਆਂ ਦੀ ਕਾਰਜਪ੍ਰਣਾਲੀ ਨੂੰ ਟੱਕਰ ਦੇ ਸਕਦੀਆਂ ਹਨ।
Image copyright Getty Images
 • ਪ੍ਰੋ. ਸ਼ਵਾਬ ਦਾ ਵਿਜ਼ਨ 'ਮੀਲ ਦੇ ਪੱਥਰ' ਤੱਕ ਪਹੁੰਚਣ ਦੇ ਨਾਲ-ਨਾਲ ਵੱਡਾ ਹੁੰਦਾ ਗਿਆ ਅਤੇ ਬਾਅਦ ਵਿੱਚ ਜਾ ਕੇ ਵਰਲਡ ਇਕਨੋਮਿਕ ਫੋਰਮ ਵਿੱਚ ਬਦਲ ਗਿਆ।
 • ਸਾਲ 1973 ਵਿੱਚ ਬ੍ਰੇਟਨ ਵੁਡਸ ਫਿਕਸਡ ਐਕਸਚੇਂਜ਼ ਰੇਟ ਮੈਕੇਨਿਜ਼ਮ ਦਾ ਢਹਿਣਾ ਹੋਵੇ ਜਾਂ ਫਿਰ ਅਰਬ-ਇਸਰਾਈਲ ਜੰਗ, ਅਜਿਹੀਆਂ ਘਟਨਾਵਾਂ ਨੇ ਸਾਲਾਨਾ ਬੈਠਕ ਨੂੰ ਮੈਨੇਜਮੈਂਟ ਤੋਂ ਅੱਗੇ ਲੈ ਕੇ ਜਾਂਦੇ ਹੋਏ ਵਿੱਤੀ ਅਤੇ ਸਮਾਜਿਕ ਮੁੱਦਿਆਂ ਤੱਕ ਵਿਸਥਾਰ ਦਿੱਤਾ।
 • 1974 ਵਿੱਚ ਪਹਿਲੀ ਵਾਰੀ ਇਸ ਬੈਠਕ ਵਿੱਚ ਸਿਆਸਤਦਾਨ ਸ਼ਾਮਿਲ ਹੋਏ ਸਨ।
 • ਇਸ ਦੇ ਦੋ ਸਾਲ ਬਾਅਦ ਫੋਰਮ ਨੇ 'ਦੁਨੀਆਂ ਦੀਆਂ 1000 ਮੁੱਖ ਕੰਪਨੀਆਂ' ਲਈ ਮੈਂਬਰਸ਼ਿਪ ਦੇਣ ਦਾ ਸਿਸਟਮ ਸ਼ੁਰੂ ਕੀਤਾ।
 • ਯੂਰਪੀਅਨ ਮੈਨੇਜਮੈਂਟ ਫੋਰਮ ਪਹਿਲੀ ਗੈਰ-ਸਰਕਾਰੀ ਸੰਸਥਾ ਹੈ ਜਿਸ ਨੇ ਚੀਨ ਦੇ ਇਕਨੋਮਿਕ ਡਿਵਲਪਮੈਂਟ ਕਮਿਸ਼ਨ ਨਾਲ ਸਾਂਝੇਦਾਰੀ ਦੀ ਪਹਿਲ ਕੀਤੀ ਸੀ।
 • ਇਹ ਉਹੀ ਸਾਲ ਸੀ ਜਦੋਂ ਖੇਤਰੀ ਬੈਠਕਾਂ ਨੂੰ ਵੀ ਥਾਂ ਦਿੱਤੀ ਗਈ ਅਤੇ ਸਾਲ 1979 ਵਿੱਚ 'ਗਲੋਬਲ ਕੰਪੀਟੀਟਿਵ ਰਿਪੋਰਟ' ਛਪਣ ਨਾਲ ਹੀ ਇਹ 'ਨੌਲਿਜ ਹਬ' ਵੀ ਬਣ ਗਿਆ।
 • ਸਾਲ 1987 ਵਿੱਚ ਯੂਰੋਪੀਅਨ ਮੈਨੇਜਮੈਂਟ ਫੋਰਮ ਵਰਲਡ ਇਕਨੌਮਿਕ ਫੋਰਮ ਬਣਿਆ ਅਤੇ ਵਿਜ਼ਨ ਨੂੰ ਵਧਾਉਂਦੇ ਹੋਏ ਵਿਚਾਰ-ਚਰਚਾ ਦੇ ਮੰਚ ਵਿੱਚ ਬਦਲ ਗਿਆ।
 • ਵਰਲਡ ਇਕਨੌਮਿਕ ਫੋਰਮ ਦੀ ਸਾਲਾਨਾ ਮੀਟਿੰਗ ਦੇ ਅਹਿਮ ਪੜਾਵਾਂ ਵਿੱਚ ਸਾਲ 1988 ਵਿੱਚ ਦਾਵੋਸ ਮੈਨੀਫੈਸਟੋ ਵਿੱਚ ਯੂਨਾਨ ਅਤੇ ਤੁਰਕੀ ਦੇ ਦਸਤਖ਼ਤ ਕਰਨਾ ਸ਼ਾਮਿਲ ਹੈ, ਜੋ ਉਸ ਵੇਲੇ ਜੰਗ ਲਈ ਤਿਆਰ ਸਨ।
 • ਅਗਲੇ ਸਾਲ ਉੱਤਰੀ ਅਤੇ ਦੱਖਣੀ ਕੋਰੀਆ ਦੀ ਪਹਿਲੀ ਮੰਤਰੀ-ਪੱਧਰੀ ਬੈਠਕ ਹੋਈ ਸੀ।
 • ਦਾਵੋਸ ਇਸ ਤੋਂ ਇਲਾਵਾ ਵੀ ਕੋਈ ਅਹਿਮ ਘਟਨਾਵਾਂ ਦੇਖ ਚੁੱਕਿਆ ਹੈ। ਉੱਥੇ ਹੋਈ ਇੱਕ ਅਹਿਮ ਬੈਠਕ ਵਿੱਚ ਪੂਰਬੀ ਜਰਮਨੀ ਦੇ ਪ੍ਰਧਾਨ ਮੰਤਰੀ ਹਾਂਸ ਮੋਡਰੋ ਅਤੇ ਜਰਮਨ ਚਾਸ਼ਲਰ ਹੇਲਮੁਤ ਕੋਹਲ ਦੋਵੇਂ ਜਰਮਨੀ ਦੇ ਮਿਲਣ 'ਤੇ ਚਰਚਾ ਕਰਨ ਲਈ ਮਿਲੇ ਸਨ।
 • ਸਾਲ 1992 ਵਿੱਚ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਡੇਅ ਕਲਰਕ ਨੇ ਸਾਲਾਨਾ ਮੀਟਿੰਗ ਨੇ ਨੈਲਸਨ ਮੰਡੇਲਾ ਅਤੇ ਚੀਫ਼ ਮੈਂਗੋਸੁਥੁ ਬੁਥਲੇਜ਼ੀ ਨਾਲ ਮੁਲਾਕਾਤ ਕੀਤੀ। ਇਹ ਦੱਖਣੀ ਅਫ਼ਰੀਕਾ ਦੇ ਬਾਹਰ ਉਨ੍ਹਾਂ ਦੀ ਪਹਿਲੀ ਬੈਠਕ ਸੀ ਅਤੇ ਦੇਸ ਦੇ ਸਿਆਸੀ ਬਦਲਾਅ ਵਿੱਚ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ।
 • ਸਾਲ 2015 ਵਿੱਚ ਫੋਰਮ ਨੂੰ ਰਸਮੀ ਤੌਰ ਉੱਤੇ ਕੌਮਾਂਤਰੀ ਸੰਸਥਾ ਦਾ ਦਰਜਾ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)