ਬਲਾਗ- #HerChoice ਹਰ ਗਾਲ਼ ਔਰਤਾਂ ਦੇ ਨਾਂ ਉੱਤੇ ਹੀ ਕੱਢੀ ਕਿਉਂ ਜਾਂਦੀ ਹੈ?
- ਦਿਵਿਆ ਆਰਿਆ
- ਬੀਬੀਸੀ ਪੱਤਰਕਾਰ

ਉਹ ਗਾਲ਼ਾ ਐਨੀਆਂ ਮਾੜੀਆਂ ਮੰਨੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੀ ਇੱਥੇ ਕੀ ਗੱਲ ਕਰਾਂ। ਪਰ ਜਾਣਦੇ ਉਨ੍ਹਾਂ ਨੂੰ ਤੁਸੀਂ ਵੀ ਹੋ ਤੇ ਮੈਂ ਵੀ। ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸਦਾ ਮਤਲਬ ਬਦਲ ਸਕਦਾ ਹੈ ਪਰ ਉਸਦੀ ਭਾਸ਼ਾ ਨਹੀਂ ਬਦਲਦੀ।
ਗਾਲ਼ਾਂ ਦੀ ਭਾਸ਼ਾ ਵਿੱਚ ਔਰਤ, ਉਸਦੇ ਸਰੀਰ ਜਾਂ ਉਸਦੇ ਰਿਸ਼ਤੇ ਦਾ ਹੀ ਇਸਤੇਮਾਲ ਹੁੰਦਾ ਹੈ। ਅਕਸਰ ਹਿੰਸਾ ਵਿੱਚ ਲਪੇਟ ਕੇ ਅਤੇ 'ਸੈਕਸ਼ੁਅਲ' ਤੰਜ ਦੇ ਨਾਲ।
ਇਹ ਗਾਲ਼ਾਂ ਐਨੀਆਂ ਆਮ ਵਰਤੀਆਂ ਜਾਂਦੀਆਂ ਹਨ ਕਿ ਮਰਦ ਅਤੇ ਔਰਤ ਦੋਵਾਂ ਦੀ ਭਾਸ਼ਾ ਦਾ ਹਿੱਸਾ ਬਣ ਜਾਂਦੀਆਂ ਹਨ।
ਪਰ ਗਾਲ਼ ਵੀ ਇੱਕ ਤਰੀਕੇ ਨਾਲ ਔਰਤਾਂ ਨੂੰ ਮਰਦਾਂ ਦੇ ਸਾਹਮਣੇ ਦੂਜਾ ਦਰਜਾ ਦਿੰਦੀ ਹੈ ਅਤੇ ਕਈ ਔਰਤਾਂ ਨੂੰ ਇਹ ਰੁਝਾਨ ਬਹੁਤ ਪਰੇਸ਼ਾਨ ਕਰਦਾ ਹੈ।
ਸ਼ਾਇਦ ਇਸੇ ਲਈ ਜਦੋਂ ਅਸੀਂ ਔਰਤਾਂ ਦੀ 'ਮਰਜ਼ੀ' ਅਤੇ ਅਜ਼ਾਦ ਖਿਆਲ ਹੋਣ 'ਤੇ ਵਿਸ਼ੇਸ਼ ਸੀਰੀਜ਼ ਸ਼ੁਰੂ ਕੀਤੀ ਤਾਂ ਔਰਤਾਂ ਦੇ ਮਨ ਵਿੱਚ ਦੱਬੀਆਂ ਕਈ ਗੱਲਾਂ ਸਾਹਮਣੇ ਆਈਆਂ।
'ਔਰਤਾਂ ਦੇ ਕੋਲ ਵੀ ਦਿਲ ਅਤੇ ਦਿਮਾਗ ਹੁੰਦਾ ਹੈ'
ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਅਤੇ ਰਿਸ਼ਤੇ ਨਿਭਾਉਂਦੀਆਂ ਔਰਤਾਂ ਦੀਆਂ ਕਹਾਣੀਆਂ ਦੀ ਸੀਰੀਜ਼ #Herchoice, 'ਤੇ ਇੱਕ ਪਾਠਕ ਸੀਮਾ ਰਾਏ ਨੇ ਸਾਡੇ ਫ਼ੇਸਬੁੱਕ ਪੇਜ 'ਤੇ ਔਰਤਾਂ ਨਾਲ ਜੁੜੀਆਂ ਗਾਲ਼ਾ ਦੀ ਟਿੱਪਣੀ ਕੀਤੀ।
ਨਾਲ ਹੀ ਉਨ੍ਹਾਂ ਨੇ ਲਿਖਿਆ ਕਿ''ਔਰਤਾਂ ਹਰ ਮੁੱਦੇ 'ਤੇ ਆਪਣਾ ਪੱਖ ਰੱਖ ਸਕਦੀਆਂ ਹਨ, ਉਨ੍ਹਾਂ ਦੇ ਕੋਲ ਵੀ ਦਿਲ ਅਤੇ ਦਿਮਾਗ ਹੁੰਦਾ ਹੈ ਪਰ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਾ ਬੋਲਣ।''
ਸੀਮਾ ਰਾਏ ਦਾ ਇਸ਼ਾਰਾ ਖ਼ਾਸ ਤੌਰ 'ਤੇ ਸਾਡੀ ਪਹਿਲੀ ਕਹਾਣੀ ਵੱਲ ਸੀ ਜਿੱਥੇ ਇੱਕ ਔਰਤ ਖੁੱਲ੍ਹ ਕੇ ਆਪਣੀ 'ਸੈਕਸ਼ੁਅਲ ਡਿਜ਼ਾਇਰ'ਦੇ ਬਾਰੇ ਦੱਸ ਰਹੀ ਹੈ।
ਹੁਣ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਅਜਿਹੇ ਮੁੱਦੇ 'ਤੇ ਔਰਤ ਦੀ ਸੋਚ ਨੂੰ ਤਰਜ਼ੀਹ ਨਹੀਂ ਦਿੱਤੀ ਜਾਂਦੀ। ਅਹਿਮੀਅਤ ਤਾਂ ਛੱਡੋ, ਆਮ ਧਾਰਨਾ ਇਹ ਹੈ ਕਿ ਅਜਿਹੀਆਂ ਇੱਛਾਵਾਂ ਸਿਰਫ਼ ਮਰਦਾਂ ਵਿੱਚ ਹੀ ਹੁੰਦੀਆਂ ਹਨ।
ਅਸਲੀ ਮਹਿਲਾਵਾਂ ਦੀਆਂ ਸੱਚੀਆਂ ਕਹਾਣੀਆਂ
ਜ਼ਾਹਿਰ ਹੈ ਬਹੁਤ ਸਾਰੀਆਂ ਮਹਿਲਾਵਾਂ ਨੂੰ ਉਸ ਔਰਤ ਦੀ ਕਹਾਣੀ ਵਿੱਚ ਆਪਣਾ ਅਕਸ ਨਜ਼ਰ ਆਇਆ। ਇੱਕ ਪਾਸੇ ਪਾਠਕ, ਵੀਰਾਸਨੀ ਬਘੇਲ ਨੇ ਲਿਖਿਆ ਕਿ ''ਇਹ ਜਿਸ ਵੀ ਔਰਤ ਦੀ ਕਹਾਣੀ ਹੈ, ਉਹ ਸਮਾਜ ਦੀ ਇੱਕ ਵੱਖਰੀ ਤਸਵੀਰ ਦਿਖਾਉਂਦੀ ਹੈ।
ਵੀਰਸਾਨੀ ਅੱਗੇ ਲਿਖਦੀ ਹੈ,''ਇਹ ਸਾਬਤ ਹੁੰਦਾ ਹੈ ਕਿ ਘਾਟ ਹਮੇਸ਼ਾ ਔਰਤਾਂ ਵਿੱਚ ਹੀ ਨਹੀਂ ਹੁੰਦੀ, ਕਮੀ ਮਰਦਾਂ ਵਿੱਚ ਵੀ ਹੁੰਦੀ ਹੈ ਅਤੇ ਸਮਾਜ ਨੂੰ ਆਪਣੇ ਗ਼ਲਤ ਨਜ਼ਰੀਏ ਦਾ ਚਸ਼ਮਾ ਉਤਾਰਨ ਦੀ ਲੋੜ ਹੈ।''
ਸਾਡੀ ਕਹਾਣੀਆਂ ਸੱਚੀਆਂ ਹਨ ਪਰ ਔਰਤਾਂ ਦੀ ਪਛਾਣ ਲੁਕਾਈ ਗਈ ਹੈ ਕਿਉਂਕਿ ਡਰ ਹੈ ਕਿ ਉਨ੍ਹਾਂ ਦੇ ਜਾਣ ਵਾਲੇ ਅਤੇ ਸਮਾਜ ਵੱਲੋਂ ਕਿਹੋ ਜਿਹੀਆਂ ਪ੍ਰਤੀਕਿਰਿਆਵਾਂ ਆਉਣਗੀਆਂ।
ਪਰ ਇਨ੍ਹਾਂ ਗੁਮਨਾਮ ਕਹਾਣੀਆਂ ਨੂੰ ਪੜ੍ਹਨ ਵਾਲੀਆਂ ਔਰਤਾਂ ਬੇਬਾਕੀ ਨਾਲ ਲਿਖ ਰਹੀਆਂ ਹਨ।
ਪੁਨਮ ਕੁਮਾਰੀ ਗੁਪਤਾ ਕਹਿੰਦੀ ਹੈ,''ਲੋਕ ਕਿੰਨਾ ਬਦਲਣਗੇ ਇਹ ਤਾਂ ਪਤਾ ਨਹੀਂ ਪਰ ਸ਼ਾਇਦ ਔਰਤਾਂ ਦੀ ਖ਼ੁਦ ਦੀ ਭੜਾਸ ਨਿਕਲ ਜਾਵੇ।''
ਇਹ ਕਹਾਣੀਆਂ ਦੁਖ਼ ਅਤੇ ਸ਼ਿਕਾਇਤ ਦੀਆਂ ਨਹੀਂ ਹਨ। ਸਮਾਜਿਕ ਦਬਾਅ, ਪਰਿਵਾਰਕ ਦਾਇਰੇ ਅਤੇ ਔਰਤ ਹੋਣ ਦੇ ਨਾਤੇ ਤੈਅ ਭੂਮਿਕਾਵਾਂ ਨੂੰ ਤੋੜ ਕੇ ਆਪਣੇ ਮਨ ਨੂੰ ਸੁਣਨ ਦੀ ਹੈ।
ਇਸ ਲਈ ਇਸਨੂੰ ਪੜ੍ਹ ਕੇ ਕਿਸੇ ਦੀ ਭੜਾਸ ਨਿਕਲ ਰਹੀ ਹੈ , ਤਾਂ ਕਿਸੇ ਨੂੰ ਵੱਖਰੇ ਤਰੀਕੇ ਨਾਲ ਜੀਣ ਦਾ ਹੌਸਲਾ ਮਿਲ ਰਿਹਾ ਹੈ।
ਔਰਤਾਂ ਦੇ ਦਿਲ-ਦਿਮਾਗ ਨੂੰ ਜਾਣਨ ਦਾ ਮੌਕਾ
ਬਿਨਾਂ ਕਿਸੇ ਸਰੀਰਕ ਰਿਸ਼ਤੇ ਵਿੱਚ ਬੱਝੇ, 2 ਔਰਤਾਂ ਦੇ ਇਕੱਠੇ ਰਹਿਣ ਦੀ ਸਾਡੀ ਦੂਜੀ ਕਹਾਣੀ 'ਤੇ ਇੱਕ ਪਾਠਕ ਮੀਨਾਕਸ਼ੀ ਠਾਕੁਰ ਲਿਖਦੀ ਹੈ,''ਆਪਣੇ ਤਰੀਕੇ ਨਾਲ ਜੀਣ ਦੀ ਹਿੰਮਤ ਸਾਰਿਆਂ 'ਚ ਨਹੀਂ ਹੁੰਦੀ, ਜੋ ਇਨ੍ਹਾਂ ਦੋਵਾਂ ਨੇ ਕਰ ਕੇ ਦਿਖਾਇਆ।''
ਅਤਿਆ ਰਹਿਮਾਨ ਨੇ ਲਿਖਿਆ''ਜਦੋਂ ਤੁਹਾਨੂੰ ਸੱਚ ਵਿੱਚ ਪਤਾ ਹੁੰਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਸਦਾ ਕਾਰਨ ਕੀ ਹੈ ਅਤੇ ਤੁਸੀਂ ਸੱਚਮੁਚ ਚਾਹੁੰਦੇ ਕੀ ਹੋ, ਉਦੋਂ ਅਜਿਹੀਆਂ ਕਹਾਣੀਆਂ ਬਣਦੀਆਂ ਹਨ।''
ਸਾਡੇ ਸਮਾਜ ਵਿੱਚ ਅਕਸਰ ਔਰਤਾਂ ਨੂੰ ਆਪਣੀ ਚਾਹਤ ਜਾਣਨ, ਪਛਾਣਨ ਅਤੇ ਉਸ ਨੂੰ ਅਹਿਮੀਅਤ ਦੇਣ ਦੀ ਸਿੱਖਿਆ ਦਿੱਤੀ ਹੀ ਨਹੀਂ ਜਾਂਦੀ।
ਸ਼ਾਇਦ ਇਸ ਲਈ 12 ਆਮ ਔਰਤਾਂ ਦੀਆਂ ਕਹਾਣੀਆਂ ਦੱਸਣ ਵਾਲੀ ਸਾਡੀ ਇਸ ਸੀਰੀਜ਼ ਵਿੱਚ ਪਾਠਕਾਂ ਦੀ ਐਨੀ ਦਿਲਚਸਪੀ ਹੈ।
ਇਹ ਮੌਕਾ ਹੈ ਔਰਤਾਂ ਦੇ ਖ਼ੁਦ ਨੂੰ ਅਤੇ ਮਰਦਾਂ ਵੱਲੋਂ ਔਰਤਾਂ ਦੇ ਦਿਲ ਦੀ ਗੱਲ ਜਾਣਨ ਦਾ।
ਆਉਣ ਵਾਲੇ ਸ਼ਨੀਵਾਰ ਅਤੇ ਐਤਵਾਰ ਫ਼ਿਰ ਲਿਆਵਾਂਗੇ ਬਾਗ਼ੀ ਤੇਵਰ ਦੀਆਂ ਹੋਰ 2 ਸੱਚੀਆਂ ਕਹਾਣੀਆਂ। ਪੜ੍ਹਿਓ ਅਤੇ ਦੱਸੀਓ ਕਿ ਉਨ੍ਹਾਂ ਨੇ ਤੁਹਾਡੇ ਮਨ ਨੂੰ ਡਰਾਇਆ ਜਾਂ ਤਹਾਨੂੰ ਹਿੰਮਤ ਦਿੱਤੀ।