ਪਦਮਾਵਤ ਵਿਵਾਦ: ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੂਬਾ ਸਰਕਾਰਾਂ ਖਿਲਾਫ ਕੇਸ

Padmavat Image copyright EPA

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉਨ੍ਹਾਂ ਸੂਬਾ ਸਰਕਾਰਾਂ ਦੇ ਖ਼ਿਲਾਫ਼ ਜਨਹਿਤ ਪਟੀਸ਼ਨ ਪਾਈ ਹੈ ਜੋ ਫਿਲਮ 'ਪਦਮਾਵਤ' ਦੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਕੋਲੋਂ ਲੋਕਾਂ ਨੂੰ ਅਤੇ ਸਰਕਾਰੀ ਜਾਇਦਾਦ ਨੂੰ ਬਚਾਉਣ 'ਚ ਅਸਫਲ ਰਹੀਆਂ ਹਨ।

ਇਹ ਪਟੀਸ਼ਨ ਵਕੀਲ ਰੰਜਨ ਲਖਨਪਾਲ ਅਤੇ ਪ੍ਰਭਲੋਧ ਸਿੰਘ ਵੱਲੋਂ ਪਾਈ ਗਈ ਹੈ। ਇਨ੍ਹਾਂ ਨੇ ਇਸ ਦੇ ਨਾਲ ਹੀ ਸਿਨੇਮਾ ਘਰਾਂ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

ਰੰਜਨ ਲਖਨਪਾਲ ਨੇ ਬੀਬੀਸੀ ਨੂੰ ਦੱਸਿਆ ਕਿ ਅਦਾਲਤ ਨੇ ਕੇਸ ਦੀ ਸੁਣਵਾਈ ਸ਼ੁਕਰਵਾਰ ਨੂੰ ਰੱਖੀ ਹੈ।

ਉਨ੍ਹਾਂ ਨੇ ਦਲੀਲ ਦਿੱਤੀ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਦੀ ਹਿਮਾਇਤ ਹੈ, ਇਸੇ ਲਈ ਇਹ ਸਾਰੇ ਪ੍ਰਦਰਸ਼ਨ ਭਾਜਪਾ ਕਾਬਜ਼ ਸੂਬਿਆਂ ਵਿੱਚ ਹੋ ਰਹੇ ਹਨ।

Image copyright Manoj Dhaka/BBC

ਕਈ ਸੂਬਿਆਂ ਵਿੱਚ ਰਾਜਪੂਤ ਅਤੇ ਹਿੰਦੂ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਫਿਲਮ 'ਪਦਮਾਵਤ' ਦੇ ਰਿਲੀਜ਼ ਹੋ ਗਈ।

ਭਾਜਪਾ ਦੇ ਸੱਤਾ ਵਾਲੇ ਚਾਰ ਸੂਬਿਆਂ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਸਿਨੇਮਾ ਘਰਾਂ ਦੇ ਮਾਲਕਾਂ ਦੀ ਜਥੇਬੰਦੀ ਨੇ ਫਿਲਮ ਨਾ ਦਿਖਾਉਣ ਦਾ ਐਲਾਨ ਕਰ ਦਿੱਤਾ ਹੈ।

ਕਰਣੀ ਸੈਨਾ ਨੇ ਵੀਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਕਈ ਸ਼ਹਿਰਾਂ ਵਿੱਚ ਹਿੰਸਕ ਵਿਰੋਧ ਮੁਜ਼ਾਹਰੇ ਹੋ ਰਹੇ ਹਨ।

ਰਹਿਆਣਾ ਦੇ ਗੁਰੂਗਰਾਮ ਸ਼ਹਿਰ ਵਿੱਚ ਕਰਨੀ ਸੈਨਾ ਦੇ ਕਾਰਕੁਨਾਂ ਨੇ ਜੀਡੀ ਗੋਇਨਕਾ ਸਕੂਲ ਦੀ ਬੱਸ ਉੱਤੇ ਹਮਲਾ ਕਰ ਦਿੱਤਾ । ਮੁਜ਼ਾਹਰਕਾਰੀਆਂ ਨੇ ਜ਼ਬਰੀ ਬੱਸ ਰੋਕਣ ਲਈ ਕਿਹਾ ਜਦੋਂ ਬੱਸ ਨਹੀਂ ਰੋਕੀ ਗਈ ਤਾਂ ਉਨ੍ਹਾਂ ਨੇ ਪਥਰਾਅ ਕਰ ਦਿੱਤਾ।

ਬੱਚਿਆਂ ਤੇ ਅਧਿਆਪਕਾਂ ਨੇ ਸੀਟਾਂ ਪਿੱਛੇ ਲੁਕ ਕੇ ਆਪਣਾ ਬਚਾਅ ਕੀਤਾ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸਕੂਲ ਐਤਵਾਰ ਤੱਕ ਬੰਦ ਕਰ ਦਿੱਤੇ ਗਏ ਹਨ।

ਹਰਿਆਣਾ 'ਚ ਤਣਾਅ

ਇਸ ਤੋਂ ਪਹਿਲਾਂ ਮਿਲਿਆਂ ਪੀਟੀਆਈ ਦੀ ਰਿਪੋਰਟ ਮੁਤਾਬਕ, ਗੁਰੂਗਰਾਮ ਵਿੱਚ ਫਿਲਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਰਣੀ ਸੈਨਾ ਦੇ ਕਾਰਕੁਨਾਂ ਨੇ ਕਥਿਤ ਤੌਰ 'ਤੇ ਇੱਕ ਹਰਿਆਣਾ ਰੋਡਵੇਜ਼ ਦੀ ਬੱਸ ਫੂਕ ਦਿੱਤੀ।

ਪੁਲਿਸ ਮੁਤਾਬਕ ਪਿੰਡ ਭੌਂਡਸੀ ਸੋਹਣਾ ਰੋਡ 'ਤੇ ਜਥੇਬੰਦੀ ਦੇ ਕੁਝ ਕਾਰਕੁੰਨਾਂ ਨੇ ਇੱਕ ਹਰਿਆਣਾ ਰੋਡਵੇਜ਼ ਦੀ ਬੱਸ ਨੂੰ ਅੱਗ ਲਾ ਦਿੱਤੀ।

ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਫਿਲਮ ਦੀ ਰਿਲੀਜ਼ ਨੂੰ ਲੈ ਕੇ ਸੂਬੇ ਅੰਦਰ ਕਿਸੇ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਹੈ।

ਪੀਟੀਆਈ ਮੁਤਾਬਕ ਸਰਬ ਕਸ਼ੱਤਰੀਆ ਮਹਾਂਸਭਾ ਦੇ ਆਗੂ ਰਾਕੇਸ਼ ਸਿੰਘ ਬਾਇਸ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਰਾਜਪੂਤ ਭਾਈਚਾਰੇ ਵੱਲੋਂ ਕੇਂਦਰੀ ਛੱਤੀਸਗੜ੍ਹ ਵਿੱਚ ਦਰਜਨਾਂ ਥਾਵਾਂ 'ਤੇ ਧਰਨੇ ਦਿੱਤੇ ਗਏ ਅਤੇ ਭੰਸਾਲੀ ਦੇ ਪੁਤਲੇ ਫੂਕੇ।

Image copyright Manoj Dhaka/BBC

ਬਾਇਸ ਮੁਤਾਬਕ ਰਾਜਪੂਤ ਭਾਈਚਾਰਾ ਅਤੇ ਹਿੰਦੂ ਜਥੇਬੰਦੀਆਂ ਨੇ ਕਈ ਥਾਵਾਂ 'ਤੇ ਮੋਟਰਸਾਈਕਲ ਰੈਲੀਆਂ ਕੱਢ ਕੇ ਸਿਨੇਮਾ ਮਾਲਕਾਂ ਨੂੰ ਫਿਲਮ ਨਾ ਚਲਾਉਣ ਦੀ ਚਿਤਾਵਨੀ ਦਿੱਤੀ।

ਰਾਜਸਥਾਨ ਵਿੱਚ ਵੀ ਮੁਜ਼ਾਹਰੇ

ਉਧਰ ਰਾਜਸਥਾਨ ਪੁਲਿਸ ਦੇ ਡੀਜੀਪੀ ਓਪੀ ਗਲਹੋਤਰਾ ਮੁਤਾਬਕ ਕਰਣੀ ਸੈਨਾ ਅਤੇ ਕਈ ਰਾਜਪੂਤ ਸੰਗਠਨ ਸੂਬੇ ਭਰ 'ਚ ਧਰਨੇ ਮੁਜ਼ਾਹਰੇ ਕਰਨ ਦੀ ਯੋਜਨਾ ਬਣਾ ਰਹੇ ਹਨ।

ਗਲਹੋਤਰਾ ਨੇ ਕਿਹਾ ਕਿ ਇਨ੍ਹਾਂ ਜਥੇਬੰਦੀਆਂ ਦੇ ਧਰਨਿਆਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ।

ਕਰਣੀ ਸੈਨਾ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਸਕੱਤਰ ਰਾਜਵੰਸ਼ ਸਿੰਘ ਮੁਤਾਬਕ ਹਿੰਦੂ ਰਾਜਪੂਤ ਮਹਿਲਾਵਾਂ ਦੇ ਸਨਮਾਨ ਨੂੰ ਸੱਟ ਮਾਰਨ ਵਾਲੀ ਫਿਲਮ ਖ਼ਿਲਾਫ਼ ਮੋਰਚਾ ਲੱਗਿਆ ਰਹੇਗਾ।

"ਅਸੀਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਵਾਂਗੇ। ਡਾਇਰੈਕਟਰ ਨੂੰ ਲਗਦਾ ਹੈ ਕਿ ਉਹ ਨਾਂ ਬਦਲ ਕੇ ਸਾਡੀ ਦੇਵੀ ਪਦਮਨੀ ਦਾ ਅਪਮਾਨ ਕਰ ਲਵੇਗਾ ਪਰ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ।"

Image copyright SAM PANTHAKY/AFP/Getty Images

ਕਰਣੀ ਸੈਨਾ ਦੇ 50 ਸਮਰਥਕ ਹਿਰਾਸਤ 'ਚ

ਪੀਟੀਆਈ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਮੁੰਬਈ ਦੇ ਵੱਖ ਵੱਖ ਇਲਾਕਿਆਂ ਵਿੱਚ ਫਿਲਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਰਣੀ ਸੈਨਾ ਦੇ ਕਰੀਬ 50 ਸਮਰਥਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਫਿਲਮ 'ਪਦਮਾਵਤ' ਦੇ ਵਿਰੋਧ ਵਿੱਚ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਤਿੰਨ ਪ੍ਰਮੁੱਖ ਮਲਟੀਪਲੈਕਸਾਂ ਤੋਂ ਬਾਹਰ ਹਿੰਸਾ ਤੇ ਭੰਨ-ਤੋੜ ਹੋਈ ਹੈ।

ਕੁਝ ਗੱਡੀਆਂ ਭੰਨੀਆਂ ਗਈਆਂ ਅਤੇ ਕਈਆਂ ਨੂੰ ਅੱਗ ਲਗਾ ਦਿੱਤੀ ਗਈ।

Image copyright SAM PANTHAKY/AFP/Getty Images

ਥਲਤੇਜ ਦੇ ਐਕਰੋਪੋਲਿਸ ਮਾਲ, ਗੁਰੂਕੁਲ ਮੇਮ ਨਗਰ ਦੇ ਹਿਮਾਲਿਆ ਮਾਲ ਅਤੇ ਵਤਰਾਪੁਰ ਦੇ ਐਲਫਾ ਈਕੋ ਮਾਲ ਦੇ ਬਾਹਰ ਅੱਗ ਲਾਉਣ ਅਤੇ ਭੰਨ-ਤੋੜ ਕੀਤੇ ਜਾਣ ਦੀਆਂ ਖ਼ਬਰਾਂ ਹਨ।

ਇਸ ਦੀਆਂ ਆਲੋਚਕ ਜਥੇਬੰਦੀਆਂ ਨੇ ਇਸ ਲਈ ਇਸ ਦੇ ਡਾਇਰੈਕਟਰ ਸੰਜੈ ਲੀਲਾ ਬੰਸਾਲੀ 'ਤੇ ਇਲਜ਼ਾਮ ਲਗਾਏ ਹਨ, ਉਸ ਨੇ ਇੱਕ ਰਾਣੀ ਪਦਮਾਵਤੀ ਦੇ ਪ੍ਰੇਮੀ ਵਜੋਂ ਇੱਕ ਮੁਸਲਿਮ ਰਾਜੇ ਨੂੰ ਪੇਸ਼ ਕਰਕੇ ਇਤਿਹਾਸ ਨਲ ਛੇੜਛਾੜ ਕੀਤੀ ਹੈ।

Image copyright SAM PANTHAKY/AFP/Getty Images

ਹਾਲਾਂਕਿ ਫਿਲਮ ਦੇ ਨਿਰਮਾਤਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)