ਪਦਮਾਵਤ ਵਿਵਾਦ: 'ਦਲਿਤਾਂ ਤੇ ਮੁਸਲਮਾਨਾਂ ਨੂੰ ਮਾਰਨ ਵਾਲੇ ਸਾਡੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ'

Padmaavat Image copyright Manoj Dhaka/BBC

ਫਿਲਮ ਪਦਮਾਵਤ ਨੂੰ ਲੈ ਕੇ ਦੇਸ ਭਰ ਵਿੱਚ ਹੋ ਰਹੀ ਹਿੰਸਾ ਦੌਰਾਨ ਗੁਰੂਗ੍ਰਾਮ ਵਿੱਚ ਬੱਚਿਆਂ ਦੀ ਸਕੂਲ ਬੱਸ 'ਤੇ ਹੋਈ ਪੱਥਰਬਾਜ਼ੀ ਦੀ ਬੇਹੱਦ ਨਿੰਦਾ ਹੋ ਰਹੀ ਹੈ।

ਪੀਟੀਆਈ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਜੀਵਾਲ ਨੇ ਸਕੂਲ ਬੱਸ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ, "ਅਸੀਂ ਹੁਣ ਚੁੱਪ ਨਹੀਂ ਬੈਠ ਸਕਦੇ। ਉਨ੍ਹਾਂ ਨੇ ਮੁਸਲਮਾਨ ਮਾਰੇ, ਦਲਿਤਾਂ ਨੂੰ ਜ਼ਿੰਦਾ ਸਾੜਿਆ, ਉਨ੍ਹਾਂ ਨੂੰ ਕੁੱਟਿਆ। ਅੱਜ ਉਹ ਸਾਡੇ ਬੱਚਿਆਂ ਨੂੰ ਪੱਥਰ ਮਾਰ ਰਹੇ ਹਨ, ਸਾਡੇ ਘਰਾਂ ਵਿੱਚ ਵੜ ਰਹੇ ਹਨ।"

Image copyright Getty Images

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ "ਵੰਡੀ ਪਾਉਣ ਵਾਲੀਆਂ ਆਵਾਜ਼ਾਂ ਖ਼ਿਲਾਫ਼ ਬੋਲਣਾ" ਜ਼ਰੂਰੀ ਹੈ।

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਘਟਨਾ ਦੀ ਨਿੰਦਾ ਕਰਦਿਆਂ ਲਿਖਿਆ, "ਗੁੜਗਾਓਂ ਵਿੱਚ ਸਕੂਲ ਬੱਸ ਅਤੇ ਹਰਿਆਣਾ ਰੋਡਵੇਜ਼ ਦੀ ਬੱਸ ਉੱਤੇ ਹਮਲਾ ਹੋਣ ਦੇ ਕਾਰਨ ਅਸਵੀਕਾਰਨਯੋਗ, ਨਿੰਦਣਯੋਗ ਅਤੇ ਵਿਨਾਸ਼ਕਾਰੀ ਹਨ। ਡਰੇ ਸਹਿਮੇ ਬੱਚੇ ਰੋ ਰਹੇ ਸਨ, ਖੱਟਰ ਸਰਕਾਰ ਇੱਕ ਵਾਰ ਫੇਰ ਅਮਨ ਕਾਨੂੰਨ ਨੂੰ ਸਹੀ ਰੱਖਣ ਵਿੱਚ ਫੇਲ੍ਹ ਰਹੀ ਹੈ।"

ਇਸੇ ਤਰ੍ਹਾਂ ਕੁਝ ਉੱਘੀਆਂ ਫਿਲਮੀ ਅਤੇ ਟੀਵੀ ਜਗਤ ਦੀਆਂ ਹਸਤੀਆਂ ਨੇ ਵੀ ਆਪਣੀਆਂ ਪ੍ਰਤੀਕ੍ਰਿਆ ਦਿੰਦਿਆਂ ਕਰਦਿਆਂ ਆਪਣੇ ਟਵਿੱਟਰ ਅਕਾਊਂਟ ਕੁਝ ਇਸ ਤਰ੍ਹਾਂ ਬਿਆਨ ਦਿੱਤੇ-

ਆਯੁਸ਼ਮਾਨ ਖੁਰਾਣਾ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਕਰਣੀ ਸੈਨਾ ਵੱਲੋਂ ਬੱਚਿਆਂ ਦੀ ਬੱਸ 'ਤੇ ਹਮਲਾ ਕੀਤੇ ਜਾਣ ਬਾਰੇ ਆਪਣੀ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਲਿਖਿਆ, "ਪਿਆਰੇ ਕਰਣੀ ਸੈਨਾ ਦੇ ਮੈਂਬਰੋ, ਜੇ ਤੁਸੀਂ ਸਿਆਸਤ 'ਚ ਆਉਣਾ ਚਾਹੁੰਦੇ ਹੋ ਤਾਂ ਭੁੱਲ ਜਾਓ ਕਿਉਂਕਿ ਤੁਸੀਂ ਪਹਿਲਾਂ ਹੀ ਬਹੁਤ ਬਦਨਾਮੀ ਖੱਟ ਚੁੱਕੇ ਹੋ। ਤੁਸੀਂ ਮਾਸੂਮਾਂ 'ਤੇ ਹਮਲਾ ਕਰਨ ਦੀ ਹਿੰਮਤ ਕਿਵੇਂ ਕੀਤੀ?"

ਅਭਿਨੇਤਾ ਪ੍ਰਕਾਸ਼ ਰਾਜ ਨੇ ਲਿਖਿਆ, "ਮੇਰੇ ਦੇਸ ਦੇ ਬੱਚੇ ਡਰ ਨਾਲ ਕੰਬ ਅਤੇ ਰੋ ਰਹੇ ਹਨ... ਕਰਣੀ ਸੈਨਾ ਨੇ ਸਕੂਲ ਬੱਸ 'ਤੇ ਹਮਲਾ ਕੀਤਾ... ਚੁਣੀ ਹੋਈ ਸਰਕਾਰ ਦੂਜੇ ਪਾਸੇ ਮੂੰਹ ਘੁੰਮਾ ਲਿਆ... ਵਿਰੋਧੀ ਪਾਰਟੀ ਨੇ ਕੂਟਨੀਤੀ ਵਾਲਾ ਪ੍ਰਤੀਕਰਮ ਦਿੱਤਾ ... ਸਾਡੇ ਬੱਚਿਆਂ ਦੀ ਸੁਰੱਖਿਆ ਨਾਲ ਖੇਡਣ ਵਾਲਿਓ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਡੇ ਲਈ ਸਿਰਫ਼ ਵੋਟਾਂ ਦੀ ਰਾਜਨੀਤੀ ਹੈ।"

ਸੰਧਿਆ ਮ੍ਰਿਦੁਲ ਨੇ ਆਪਣੇ ਟਵਿੱਟਰ 'ਤੇ ਲਿਖਿਆ, "ਪਿਛਲੇ ਦੋ ਦਿਨਾਂ ਤੋਂ ਉਹ ਕਿਸ ਚੀਜ਼ ਦਾ ਜਸ਼ਨ ਮਨਾ ਰਹੇ ਨੇ, ਸਾਡੇ ਕੋਲ ਡਰੇ ਅਤੇ ਸਹਿਮੇ ਬੱਚਿਆਂ ਨੂੰ ਦੱਸਣ ਲਈ ਕੀ ਹੈ? ਪਿਆਰੇ ਸਿਆਸਤਦਾਨੋਂ ਪਰੇਡ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ?"

ਮਿੰਨੀ ਮਾਥੁਰ ਨੇ ਆਪਣਾ ਪ੍ਰਤੀਕਰਮ ਦਿੰਦਿਆ ਟਵਿੱਟਰ 'ਤੇ ਲਿਖਿਆ, "ਇਹ ਹੈ ਇੱਕ ਸ਼ਹਿਰ ਦੇ ਇੱਕ ਕਸਬੇ ਦੇ ਇੱਕ ਸਿਨੇਮਾ ਘਰ 'ਚ ਫਿਲਮ 'ਪਦਮਾਵਤ' ਦੀ ਸਕ੍ਰੀਨਿੰਗ ਰੋਕਣ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਦਾ ਬੰਦੋਬਸਤ ਹੈ। ਮੇਰਾ ਦੇਸ ਕਿੱਥੇ ਹੈ? ਕੀ ਹੋਇਆ? ਅਸਲ ਮੁੱਦਿਆਂ ਬਾਰੇ ਸੋਚੋ, ਜੋ ਪੁਲਿਸ ਨੂੰ ਅਸਲ ਵਿੱਚ ਨਿਪਟਾਉਣੇ ਚਾਹੀਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)