ਮੁਸਲਮਾਨ ਸ਼ਖਸ ਉੱਤੇ ਪੰਚਕੂਲਾ ਪੁਲਿਸ ਵੱਲੋਂ ਤਸ਼ੱਦਦ ਕਰਨ ਦਾ ਦੋਸ਼

ਮੁਹੰਮਦ ਰਮਜ਼ਾਨ

ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਸਕੇਤੜੀ ਦੇ ਰਹਿਣ ਵਾਲੇ 64 ਸਾਲਾ ਮੁਹੰਮਦ ਰਮਜ਼ਾਨ 21 ਜਨਵਰੀ ਦੀ ਅੱਧੀ ਰਾਤ ਦੀ ਘਟਨਾ ਨੂੰ ਯਾਦ ਕਰ ਕੇ ਹੁਣ ਵੀ ਸਹਿਮ ਜਾਂਦੇ ਹਨ।

ਇਲਜ਼ਾਮ ਹੈ ਕਿ ਉਸ ਰਾਤ ਰਮਜ਼ਾਨ ਨੂੰ ਪੰਚਕੂਲਾ ਪੁਲਿਸ ਦੇ ਦੋ ਜਵਾਨਾਂ ਨੇ ਨਾ ਸਿਰਫ਼ ਕੁੱਟਿਆ ਸਗੋਂ ਉਸ ਨੂੰ ਪਾਕਿਸਤਾਨੀ ਵੀ ਆਖਿਆ ਗਿਆ।

ਘਟਨਾ ਦਾ ਵੇਰਵਾ ਲੈਣ ਲਈ ਜਦੋਂ ਬੀਬੀਸੀ ਦੀ ਟੀਮ ਸਕੇਤੜੀ ਦੇ ਮੁਹੱਲਾ ਮਹਾਦੇਵ ਨਗਰ ਦੀਆਂ ਤੰਗ ਗਲੀਆਂ ਵਿੱਚੋਂ ਹੁੰਦੀ ਉਸ ਦੇ ਘਰ ਪਹੁੰਚੀ ਤਾਂ ਉਸ ਦਾ ਛੋਟਾ ਲੜਕਾ ਮੁਹੰਮਦ ਅਸਲਮ ਮਿਲਿਆ।

ਅੱਬਾ ਬਾਰੇ ਪੁੱਛੇ ਜਾਣ ਉੱਤੇ ਉਹ ਸਾਨੂੰ ਘਰ ਦੀ ਛੱਤ ਉੱਤੇ ਲੈ ਗਿਆ ਜਿੱਥੇ ਮੰਜੇ ਉੱਤੇ ਇੱਕ ਬਜ਼ੁਰਗ ਰਜਾਈ ਲੈ ਕੇ ਪਿਆ ਸੀ।

ਅਸਲਮ ਨੇ ਆਪਣੇ ਪਿਤਾ ਨੂੰ ਕਿਹਾ ਕਿ ਪੱਤਰਕਾਰ ਆਏ ਹਨ ਤਾਂ ਉਨ੍ਹਾਂ ਨੇ ਹੱਥ ਦੇ ਇਸ਼ਾਰੇ ਨਾਲ ਬੈਠਣ ਲਈ ਆਖਿਆ।

ਥੋੜ੍ਹੀ ਦੇਰ ਚੁੱਪ ਰਹਿਣ ਤੋਂ ਮਗਰੋਂ ਰਮਜ਼ਾਨ ਨੇ ਕਿਹਾ ਕਿ ਪੁਲਿਸ ਦੀ ਕੁੱਟਮਾਰ ਕਾਰਨ ਉਸ ਨੂੰ ਬੈਠਣ ਵਿੱਚ ਦਿੱਕਤ ਹੈ ਅਤੇ ਉਸ ਨੇ ਮੰਜੇ ਉੱਤੇ ਪੈ ਕੇ ਹੀ ਗੱਲ ਕਰ ਸਕਦਾ ਹੈ।

ਕੌਣ ਹਨ ਰਮਜ਼ਾਨ?

ਰਮਜ਼ਾਨ ਨੇ ਦੱਸਿਆ ਕਿ ਉਹ ਪੰਚਕੂਲਾ ਦੇ ਇੱਕ ਵਪਾਰੀ ਕੋਲ ਡਰਾਈਵਰ ਵਜੋਂ ਨੌਕਰੀ ਕਰਦੇ ਹਨ।

ਉਨ੍ਹਾਂ ਕਿਹਾ, ''21 ਜਨਵਰੀ ਦੀ ਰਾਤ ਮੈਂ ਗੱਡੀ ਲੈ ਕੇ ਆਪਣੇ ਸਾਥੀ ਨਾਲ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਹਰਿਆਣਾ ਪੁਲਿਸ ਦੀ ਪੀਸੀਆਰ ਟੀਮ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।''

ਉਹ ਅੱਗੇ ਦੱਸਦੇ ਹਨ ਕਿ ਥੋੜ੍ਹੀ ਦੂਰ ਜਾ ਕੇ ਪੀਸੀਆਰ ਵਾਲੀ ਗੱਡੀ ਨੇ ਸਾਨੂੰ ਰੋਕ ਲਿਆ। ਗੱਡੀ ਵਿੱਚ ਸਵਾਰ ਦੋ ਪੁਲਿਸ ਕਰਮੀਂ ਬਾਹਰ ਆਏ ਅਤੇ ਕਾਗ਼ਜ਼ ਅਤੇ ਲਾਇਸੰਸ ਦਿਖਾਉਣ ਲਈ ਆਖਿਆ।

ਰਮਜ਼ਾਨ ਮੁਤਾਬਕ, ''ਲਾਇਸੈਂਸ ਦੇਖਣ ਤੋਂ ਬਾਅਦ ਇੱਕ ਪੁਲਿਸਵਾਲਾ ਬੋਲਿਆ "ਤੂੰ ਮੁਸਲਮਾਨ ਹੈ ਤੇ ਬਹੁਤ ਖ਼ਰਾਬ ਆਦਮੀ ਹੈ।" ਇਸ ਤੋਂ ਸਾਨੂੰ ਥਾਣੇ ਲਿਜਾਇਆ ਗਿਆ।

ਰਮਜ਼ਾਨ ਮੁਤਾਬਕ ਥਾਣੇ ਪਹੁੰਚਣ ਤੋਂ ਬਾਅਦ ਦੋਵਾਂ ਦੇ ਮੋਬਾਈਲ ਫ਼ੋਨ ਅਤੇ ਪਰਸ ਖੋਹ ਲਏ ਗਏ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ।

ਰਮਜ਼ਾਮ ਕਹਿੰਦੇ ਹਨ, ''ਪੁਲਿਸ ਵਾਲਿਆਂ ਨੇ ਕੱਪੜੇ ਉਤਾਰਨ ਲਈ ਆਖਿਆ, ਇਨਕਾਰ ਕਰਨ 'ਤੇ ਪੁਲਿਸ ਵਾਲਿਆਂ ਨੇ ਆਖਿਆ "ਤੂੰ ਪਾਕਿਸਤਾਨੀ ਤੇ ਕੱਟੜ ਮੁਸਲਮਾਨ ਹੈ।"

ਰਮਜ਼ਾਨ ਮੁਤਾਬਕ ਇਹਨਾਂ ਬੋਲਾਂ ਤੋਂ ਬਾਅਦ ਉਸ ਦੀ ਫਿਰ ਤੋਂ ਬੇਤਹਾਸ਼ਾ ਕੁੱਟਮਾਰ ਕੀਤੀ ਗਈ।

ਕਥਿਤ ਕੁੱਟਮਾਰ ਤੋਂ ਬਾਅਦ ਜਦੋਂ ਪੁਲਿਸ ਨੂੰ ਕੁਝ ਵੀ ਹਾਸਲ ਨਹੀਂ ਹੋਇਆ ਤਾਂ ਦੋਵਾਂ ਨੂੰ ਛੱਡ ਦਿੱਤਾ ਗਿਆ।

ਰਮਜ਼ਾਨ ਨੇ ਦੱਸਿਆ ਕਿ ਜਦੋਂ ਉਹ ਥਾਣੇ ਤੋਂ ਬਾਹਰ ਆ ਰਹੇ ਸੀ ਤਾਂ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਗੁਪਤ ਅੰਗਾਂ ਵਿੱਚੋਂ ਖ਼ੂਨ ਆ ਰਿਹਾ ਹੈ ।

ਇਸ ਤੋਂ ਬਾਅਦ ਉਹ ਸਿੱਧਾ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਰੈਫਰ ਕੀਤਾ।

ਸੈਕਟਰ-32 ਦੇ ਡਾਕਟਰਾਂ ਨੇ ਦੱਸਿਆ ਕਿ ਰਮਜ਼ਾਨ ਦੇ ਅੰਦਰੂਨੀ ਅੰਗ ਉੱਤੇ ਸੱਟ ਲੱਗੀ ਹੈ ਜਿਸ ਕਾਰਨ ਖ਼ੂਨ ਆ ਰਿਹਾ ਹੈ।

'ਰਿਸ਼ਤੇਦਾਰ ਕਰਦੇ ਹਨ ਭਾਰਤੀ ਸੈਨਾ ਵਿੱਚ ਨੌਕਰੀ'

ਰਮਜ਼ਾਨ ਨੇ ਭਰੇ ਮੰਨ ਨਾਲ ਆਖਿਆ ਕਿ ਉਹ ਗੱਡੀ ਲੈ ਕੇ ਕਈ ਸੂਬਿਆਂ 'ਚ ਜਾਂਦੇ ਰਹਿੰਦੇ ਹਨ ਅਤੇ ਮੁਸਲਮਾਨ ਹੋਣ ਕਰ ਕੇ ਕਿਸੀ ਵੀ ਥਾਂ 'ਤੇ ਭੇਦਭਾਵ ਜਾਂ ਨਸਲੀ ਟਿੱਪਣੀ ਦਾ ਸਾਹਮਣਾ ਨਹੀਂ ਕਰਨਾ ਪਿਆ।

ਰਮਜ਼ਾਨ ਨੇ ਦੱਸਿਆ, "ਮੇਰੇ ਕਈ ਰਿਸ਼ਤੇਦਾਰ ਭਾਰਤੀ ਸੈਨਾ ਵਿੱਚ ਸੇਵਾ ਕਰ ਰਹੇ ਹਨ ਅਤੇ ਉਹ ਆਪ ਵੀ ਪੱਕਾ ਦੇਸ਼ ਭਗਤ ਹੈ ਪਰ ਮੇਰੇ ਧਰਮ ਕਰ ਕੇ ਮੈਨੂੰ ਪਾਕਿਸਤਾਨੀ ਆਖਣਾ ਉਸ ਨੂੰ ਬਰਦਾਸ਼ਤ ਨਹੀਂ ਹੈ।"

ਰਮਜ਼ਾਨ ਨੇ ਕਾਨੂੰਨ ਮੁਤਾਬਕ ਦੋਵਾਂ ਪੁਲਿਸ ਕਰਮੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਕੀ ਕਹਿਣਾ ਹੈ ਪੰਚਕੂਲਾ ਪੁਲਿਸ ਦਾ?

ਪੰਚਕੂਲਾ ਪੁਲਿਸ ਦੇ ਕਮਿਸ਼ਨਰ ਏਐੱਸ ਚਾਵਲਾ ਨੇ ਬੀਬੀਸੀ ਨੂੰ ਦੱਸਿਆ ਕਿ ਰਮਜ਼ਾਨ ਨਾਲ ਹੋਈ ਕੁੱਟਮਾਰ ਦੀ ਘਟਨਾ ਲਈ ਜ਼ਿੰਮੇਵਾਰ ਦੋਵੇਂ ਪੁਲਿਸ ਕਰਮੀਆਂ ਨੂੰ ਫ਼ਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਚਾਵਲਾ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਵਾਂ ਦੇ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਚਾਵਲਾ ਨੇ ਪੀੜਤ ਨੂੰ ਵਿਸ਼ਵਾਸ ਦਿੰਦੇ ਹੋਏ ਆਖਿਆ ਕਿ ਉਸ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ ਅਤੇ ਫਿਰ ਵੀ ਜੇਕਰ ਮਨ ਵਿੱਚ ਕੋਈ ਸ਼ੱਕ ਹੋਵੇ ਤਾਂ ਉਹ ਡੀਸੀਪੀ ਨੂੰ ਮਿਲ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)