ਕੀ ਇਹ ਸ਼ਿਲਾਲੇਖ ਔਰਤਾਂ 'ਤੇ ਹੋਏ ਤਸ਼ੱਦਦ ਵੱਲ ਇਸ਼ਾਰਾ ਕਰ ਰਹੇ ਹਨ?

ਗਧੇਗਲ ਸ਼ਿਲਾਲੇਖ Image copyright SANKET SABNIS / BBC

ਮੱਧਕਾਲ ਦੇ ਮਹਾਰਾਸ਼ਟਰ ਨਾਲ ਜੁੜੇ ਕੁਝ ਰਹੱਸਮਈ ਸ਼ਿਲਾਲੇਖ ਮਿਲੇ ਹਨ, ਜਿਨ੍ਹਾਂ ਵਿੱਚ ਖੋਤਿਆਂ ਨੂੰ ਔਰਤਾਂ ਨਾਲ ਬਲਾਤਕਾਰ ਕਰਦਿਆਂ ਵਿਖਾਇਆ ਗਿਆ ਹੈ।

ਅਜਿਹੇ ਸ਼ਿਲਾਲੇਖਾਂ ਬਾਰੇ ਇਤਿਹਾਸਕਾਰਾਂ ਤੇ ਖੋਜਕਾਰਾਂ ਦੀ ਵੱਖੋ-ਵੱਖਰੀ ਰਾਏ ਹੈ।

ਕੀ ਇਹ ਗਧਿਆਂ ਵੱਲੋਂ ਔਰਤਾਂ ਦੇ ਬਲਾਤਕਾਰ ਕਰਨ ਦੇ ਸ਼ਾਹੀ ਹੁਕਮ ਸਨ? ਜਾਂ ਇਹ ਜ਼ਮੀਨ ਦੀ ਮਲਕੀਅਤ ਨਾਲ ਜੁੜੇ ਐਲਾਨ ਸਨ?

10ਵੀਂ ਤੇ 11ਵੀਂ ਸਦੀ ਨਾਲ ਜੁੜੇ ਕੁਝ ਸ਼ਿਲਾਲੇਖਾਂ ਵਿੱਚ ਅਜਿਹੀ ਧਮਕੀਆਂ ਨਜ਼ਰ ਆਈਆਂ ਹਨ ਕਿ ਜੇ ਕੋਈ ਰਾਜੇ ਦਾ ਹੁਕਮ ਨਹੀਂ ਮੰਨੇਗਾ ਤਾਂ ਉਸ ਦੇ ਪਰਿਵਾਰ ਦੀ ਔਰਤ ਦਾ ਗਧੇ ਤੋਂ ਬਲਾਤਕਾਰ ਕਰਵਾਇਆ ਜਾਵੇਗਾ।

ਪੁਰਾਤਨ ਮੰਦਿਰ, ਤਾਮਰ ਪੱਤਰਾਂ ਤੇ ਮਰਾਠੀ ਭਾਸ਼ਾ ਦੇ ਦਸਤਾਵੇਜ਼ਾਂ ਵਿੱਚ ਮੱਧਕਾਲੀ ਸਮਾਜ ਬਾਰੇ ਜਾਣਕਾਰੀ ਮਿਲਦੀ ਹੈ।

ਖਾਸਕਰ ਕਾਲੇ ਬੇਸਾਲਟ ਪੱਥਰ 'ਤੇ ਬਣੇ ਸ਼ਿਲਾਲੇਖ ਨਾ ਸਿਰਫ਼ ਸਾਨੂੰ ਇਤਿਹਾਸ ਦੱਸਦੇ ਹਨ ਬਲਕਿ ਉਸ ਵੇਲੇ ਦੇ ਸਮਾਜਿਕ, ਸਿਆਸੀ ਤੇ ਵਿੱਤੀ ਹਾਲਾਤ ਬਾਰੇ ਵੀ ਦੱਸਦੇ ਹਨ।

ਗਧੇਗਲ-ਮਤਲਬ ਖੋਤੇ ਦਾ ਸਰਾਪ, ਇੱਕ ਅਜਿਹਾ ਸ਼ਿਲਾਲੇਖ ਹੈ,ਜੋ ਮਹਾਰਾਸ਼ਟਰ ਦੇ ਸ਼ਿਲਾਹਰ ਸਮਰਾਜ ਨਾਲ ਸੰਬੰਧ ਰੱਖਦਾ ਹੈ। ਇਸ ਸ਼ਿਲਾਲੇਖ ਨੇ ਕਈ ਇਤਿਹਾਸਕਾਰਾਂ ਨੂੰ ਆਪਣੇ ਵੱਲ ਖਿੱਚਿਆ ਹੈ।

ਕੁਝ ਇਤਿਹਾਸਕਾਰਾਂ ਮੁਤਾਬਕ ਇਹ ਸ਼ਾਹੀ ਹੁਕਮਾਂ ਦਾ ਲਿਖਤੀ ਸਬੂਤ ਹੈ, ਜੋ ਸਮਰਾਜ ਵਿੱਚ ਔਰਤਾਂ ਦੇ ਹਾਲਾਤ ਬਾਰੇ ਦੱਸਦਾ ਹੈ।

ਗਧੇਗਲ ਕੀ ਹੈ?

ਪੁਰਾਤੱਤਵ ਵਿਗਿਆਨੀ ਹਰਸ਼ਦ ਵਿਰਕੁਡ ਗਧੇਗਲ 'ਤੇ ਪੀਐੱਚਡੀ ਕਰ ਰਹੀ ਹੈ। ਉਹ ਬੀਤੇ ਕੁਝ ਸਾਲਾਂ ਤੋਂ ਮਹਾਰਾਸ਼ਟਰ ਤੇ ਹੋਰ ਸੂਬਿਆਂ ਤੋਂ ਮਿਲਣ ਵਾਲੇ ਗਧੇਗਲ ਸ਼ਿਲਾਲੇਖਾਂ 'ਤੇ ਰਿਸਰਚ ਕਰ ਰਹੀ ਹੈ।

Image copyright video grab/bbc

ਉਹ ਦੱਸਦੀ ਹੈ, "ਗਧੇਗਲ ਇੱਕ ਤਰੀਕੇ ਦਾ ਸ਼ਿਲਾਲੇਖ ਹੈ। ਇਹ ਤਿੰਨ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ। ਉੱਪਰੀ ਹਿੱਸੇ ਵਿੱਚ ਸੂਰਜ, ਚੰਦ ਤੇ ਕਲਸ਼ ਬਣਿਆ ਹੁੰਦਾ ਹੈ।''

ਉਹ ਦਾਅਵਾ ਕਰਦੀ ਹੈ, "ਵਿਚਾਲੇ ਇੱਕ ਲੇਖ ਲਿਖਿਆ ਹੁੰਦਾ ਹੈ ਅਤੇ ਹੇਠਲੇ ਹਿੱਸੇ ਵਿੱਚ ਇੱਕ ਚਿੱਤਰ ਹੁੰਦਾ ਹੈ। ਇਸ ਚਿੱਤਰ ਵਿੱਚ ਗਧੇ ਨੂੰ ਔਰਤ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਂਦੇ ਹੋਏ ਦਿਖਾਇਆ ਹੁੰਦਾ ਹੈ।''

Image copyright RAHUL RANSUBHE / BBC

ਉਹ ਕਹਿੰਦੀ ਹੈ, "ਸ਼ਿਲਾਲੇਖ 'ਤੇ ਦਰਜ ਲੇਖ ਅਤੇ ਹੇਠਲੇ ਹਿੱਸੇ ਵਿੱਚ ਇੱਕ ਬਣੇ ਚਿੱਤਰ ਕਾਰਨ ਹੀ ਇਸ ਨੂੰ ਗਧੇਗਲ ਕਿਹਾ ਜਾਂਦਾ ਹੈ।''

"ਲੇਖ ਵਿੱਚ ਲਿਖਿਆ ਹੁੰਦਾ ਹੈ ਕਿ ਜੇ ਕੋਈ ਵਿਅਕਤੀ ਸ਼ਾਹੀ ਹੁਕਮ ਨੂੰ ਨਹੀਂ ਮੰਨੇਗਾ ਤਾਂ ਉਸ ਦੇ ਪਰਿਵਾਰ ਦੀ ਔਰਤ ਨਾਲ ਅਜਿਹਾ ਸਲੂਕ ਕੀਤਾ ਜਾਵੇਗਾ ਇਹ ਇੱਕ ਧਮਕੀ ਹੈ।''

ਗਧੇਗਲ ਦੇ ਉੱਪਰੀ ਹਿੱਸੇ ਵਿੱਚ ਸੂਰਜ ਤੇ ਚੰਦ ਵੀ ਬਣਿਆ ਹੈ। ਇਸ ਬਾਰੇ ਵਿਰਕੁਡ ਦਾਅਵਾ ਕਰਦੀ ਹੈ, "ਇਹ ਤਸਵੀਰਾਂ ਦੱਸਦੀਆਂ ਹਨ ਕਿ ਸ਼ਾਹੀ ਹੁਕਮ ਉਸ ਵੇਲੇ ਤੱਕ ਮੰਨੇ ਜਾਣਗੇ, ਜਦੋਂ ਤੱਕ ਸੂਰਜ ਤੇ ਚੰਦ ਰਹਿਣਗੇ।

ਹੁਣ ਤੱਕ 150 ਗਧੇਗਲ ਮਿਲੇ

ਇਹ ਸ਼ਿਲਾਲੇਖ 10ਵੀਂ ਸਦੀ ਤੋਂ ਲੈ ਕੇ 16ਵੀਂ ਸਦੀਂ ਦੇ ਵਿਚਾਲੇ ਦੇ ਹਨ। ਅਜਿਹੇ ਸ਼ਿਲਾਲੇਖ ਦੁਰਲੱਭ ਹਨ ਅਤੇ ਮਹਾਰਾਸ਼ਟਰ, ਗੋਆ ਅਤੇ ਗੁਜਰਾਤ ਵਿੱਚ ਅਜਿਹੇ 150 ਸ਼ਿਲਾਲੇਖ ਮਿਲੇ ਹਨ।

ਮਹਾਰਾਸ਼ਟਰ ਤੋਂ ਮਿਲਿਆ ਪਹਿਲਾ ਗਧੇਗਲ ਸਾਲ 934 ਤੋਂ ਸਾਲ 1012 ਦੇ ਵਿਚਾਲੇ ਦਾ ਹੈ।

Image copyright video grab/bbc

ਹਰਸ਼ਦਾ ਅੱਗੇ ਦੱਸਦੀ ਹੈ, "ਸਭ ਤੋਂ ਪਹਿਲਾਂ ਸ਼ਿਲਾਹਾਰ ਦੇ ਰਾਜਾ ਕਾਸ਼ੀਦੇਵ ਨੇ ਗਧੇਗਲ ਬਣਵਾਇਆ ਸੀ। ਇਹ ਅਲੀਬਾਗ ਦੇ ਅਸ਼ਤੀ (ਮਹਾਰਾਸ਼ਟਰ ਦਾ ਰਾਏਗੜ੍ਹ ਜ਼ਿਲ੍ਹਾ) ਵਿੱਚ ਬਣਾਇਆ ਗਿਆ ਸੀ।

ਤਕਰੀਬਨ 50 ਫੀਸਦ ਗਧੇਗਲ ਸ਼ਿਲਾਲੇਖ ਸ਼ਿਲਾਹਾਰ ਰਾਜਵੰਸ਼ ਦੇ ਦੌਰਾਨ ਹੀ ਬਣਵਾਏ ਗਏ ਸਨ ਅਤੇ 30 ਫੀਸਦ ਗਧੇਗਲ ਯਾਦਵ, ਕਦੰਬ, ਚਾਲੁਕਏ ਅਤੇ ਬਹਿਮਾਨੀ ਸਮਰਾਜ ਦੇ ਦੌਰਾਨ ਬਣਾਵਾਏ ਗਏ ਸਨ।

ਕਿਉਂ ਹੁੰਦਾ ਹੈ ਮਹਿਲਾ ਦਾ ਚਿੱਤਰ?

ਹਰਸ਼ਦਾ ਦੱਸਦੀ ਹੈ ਕਿ ਇਤਿਹਾਸਕਾਰਾਂ ਵਿਚਾਲੇ ਵੀ ਇਸ ਬਾਰੇ ਕੁਝ ਵੱਖਰੇ ਮਤ ਹਨ। ਉਨ੍ਹਾਂ ਦੱਸਿਆ, "ਸੀਨੀਅਰ ਇਤਿਹਾਸਕਾਰ ਡਾ. ਆਰ. ਸੀ ਢੇਰੇ ਨੇ ਸਭ ਤੋਂ ਪਹਿਲਾਂ ਗਧੇਗਲ 'ਤੇ ਖੋਜ ਕਰਨੀ ਸ਼ੁਰੂ ਕੀਤੀ ਸੀ।''

"ਗਧੇ ਦੇ ਔਰਤ ਨਾਲ ਸੈਕਸ ਕਰਨ ਦੇ ਚਿੱਤਰ ਬਾਰੇ ਡਾ. ਢੇਰੇ ਦਾ ਅਨੁਮਾਨ ਹੈ ਕਿ ਚਿੱਤਰ ਵਿੱਚ ਗਧੇ ਨੂੰ ਵਾਹੀ ਕਰਦੇ ਹੋਏ ਵਿਖਾਇਆ ਗਿਆ ਹੈ।''

"ਉਨ੍ਹਾਂ ਮੁਤਾਬਕ ਉਸ ਵੇਲੇ ਇਹ ਵਿਸ਼ਵਾਸ ਸੀ ਕਿ ਜੇ ਗਧੇ ਤੋਂ ਵਾਹੀ ਕਰਵਾਈ ਗਈ ਤਾਂ ਜ਼ਮੀਨ ਬੰਜ਼ਰ ਹੋ ਜਾਵੇਗੀ ਤੇ ਗਧੇਗਲ ਨਾਲ ਅਜਿਹਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।''"ਇਹ ਧਮਕੀ ਸੀ ਕਿ ਜੇ ਕੋਈ ਰਾਜੇ ਦਾ ਹੁਕਮ ਨਹੀਂ ਮੰਨੇਗਾ ਤਾਂ ਉਸ ਨੂੰ ਇਸੇ ਤਰੀਕੇ ਨਾਲ ਸਜ਼ਾ ਦਿੱਤੀ ਜਾਵੇਗੀ।''

ਸਮਾਜਿਕ ਹਾਲਾਤ ਦੀ ਜਾਣਕਾਰੀ ਦਾ ਸਰੋਤ

ਹਰਸ਼ਦਾ ਅੱਗੇ ਦੱਸਦੀ ਹੈ, "ਹੁਣ 150 ਗਧੇਗਲ ਸ਼ਿਲਾਲੇਖਾਂ 'ਤੇ ਰਿਸਰਚ ਕਰਨ ਤੋਂ ਬਾਅਦ ਮੈਨੂੰ ਇੱਕ ਦੂਜੇ ਸੱਚ ਦਾ ਪਤਾ ਲੱਗਿਆ ਹੈ। ਗਧੇਗਲ ਦਾ ਸੰਬੰਧ ਵਾਹੀ ਨਾਲ ਨਹੀਂ ਸਗੋਂ ਸਮਾਜ ਵਿੱਚ ਔਰਤਾਂ ਦੇ ਹਾਲਾਤ ਨਾਲ ਹੈ।''

"ਜੇ ਅਸੀਂ ਗਧੇਗਲ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਵੇਲੇ ਦੇ ਹਾਲਾਤ ਨੂੰ ਵੀ ਸਮਝਣਾ ਹੋਵੇਗਾ।''

ਹਰਸ਼ਦਾ ਦੱਸਦੀ ਹੈ, "ਉਸ ਵਕਤ ਸਮਾਜ ਦੇ ਹਾਲਾਤ ਕਾਫ਼ੀ ਬੁਰੇ ਸੀ। ਸ਼ਾਸਕਾਂ ਵਿਚਾਲੇ ਲੜਾਈਆਂ ਹੋ ਰਹੀਆਂ ਸਨ। ਰਾਜੇ ਆਪਣੀ ਤਾਕਤ ਨੂੰ ਵਧਾਉਣਾ ਚਾਹੁੰਦੇ ਸਨ ਅਤੇ ਲੋਕਾਂ 'ਤੇ ਆਪਣੀ ਹਕੂਮਤ ਕਾਬਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।''

Image copyright RAHUL RANSUBHE / BBC

"ਸਮਾਜ ਵਿੱਚ ਜਾਤੀਵਾਦ ਤੇ ਵਰਣਵਾਦ ਫੈਲਿਆ ਹੋਇਆ ਸੀ। ਅੰਧਵਿਸ਼ਵਾਸ ਕਾਫੀ ਜ਼ੋਰਾਂ 'ਤੇ ਸੀ। ਉਸ ਵੇਲੇ ਮਰਾਠੀ ਭਾਸ਼ਾ ਦਾ ਵੀ ਵਿਕਾਸ ਹੋ ਰਿਹਾ ਸੀ ਪਰ ਇਨ੍ਹਾਂ ਸਾਰੀਆਂ ਗੱਲਾਂ ਵਿਚਾਲੇ ਔਰਤਾਂ ਦੇ ਹਾਲਾਤ ਬਹੁਤ ਤਰਸਯੋਗ ਸਨ।''

ਹਰਸ਼ਦ ਅੱਗੇ ਦੱਸਦੀ ਹੈ, "ਔਰਤਾਂ ਨੂੰ ਮਾਂ, ਪਤਨੀ, ਭੈਣ ਜਾਂ ਇੱਥੋਂ ਤੱਕ ਦੇਵੀ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਸੀ ਪਰ ਸਮਾਜ ਵਿੱਚ ਉਨ੍ਹਾਂ ਕੋਈ ਥਾਂ ਨਹੀਂ ਸੀ। ਇਹੀ ਵਜ੍ਹਾ ਸੀ ਕਿ ਗਧੇ 'ਤੇ ਔਰਤ ਨੂੰ ਉਸ ਚਿੱਤਰ ਵਿੱਚ ਉਕੇਰਿਆ ਗਿਆ ਸੀ।''

ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਲਈ ਵਰਤੋਂ

ਮੁੰਬਈ ਵਿੱਚ ਰਹਿਣ ਵਾਲੇ ਪੁਰਾਤੱਤਵ ਵਿਗਿਆਨੀ ਡਾ. ਕੁਰੁਸ਼ ਦਲਾਲ ਕਹਿੰਦੇ ਹਨ, ਔਰਤਾਂ ਨੂੰ ਮਾਂ ਦਾ ਦਰਜਾ ਤਾਂ ਮਿਲਿਆ ਸੀ ਪਰ ਉਨ੍ਹਾਂ ਨੂੰ ਸਮਾਜ ਵਿੱਚ ਕੋਈ ਥਾਂ ਪ੍ਰਾਪਤ ਨਹੀਂ ਸੀ। ਇਸੇ ਕਾਰਨ ਗਧੇ ਅਤੇ ਔਰਤ ਨੂੰ ਉਸ ਸ਼ਿਲਾਲੇਖ ਵਿੱਚ ਉਕੇਰਿਆ ਗਿਆ ਸੀ।

ਡਾ. ਦਲਾਲ ਅਨੁਸਾਰ ਮੱਧਕਾਲ ਦੇ ਮਹਾਰਾਸ਼ਟਰ ਦੇ ਸ਼ਾਸਕ ਚਾਹੁੰਦੇ ਸੀ ਕਿ ਉਨ੍ਹਾਂ ਦੇ ਹੁਕਮਾਂ ਦੀ ਗੰਭੀਰਤਾ ਨਾਲ ਪਾਲਣਾ ਕੀਤਾ ਜਾਏ, ਇਸ ਲਈ ਉਹ ਇਨ੍ਹਾਂ ਸ਼ਿਲਾਲੇਖਾਂ ਦਾ ਇਸਤੇਮਾਲ ਕਰਦੇ ਸੀ।

ਅਜਿਹੇ ਸ਼ਿਲਾਲੇਖ ਸਿਰਫ਼ ਮਹਾਰਾਸ਼ਟਰ ਹੀ ਨਹੀਂ ਸਗੋਂ ਬਿਹਾਰ ਅਤੇ ਉੱਤਰ ਭਾਰਤ ਦੇ ਕਈ ਹੋਰ ਸੂਬਿਆਂ ਵਿੱਚੋਂ ਵੀ ਮਿਲਦੇ ਹਨ।

ਹਾਲਾਂਕਿ ਉਹ ਸ਼ਿਲਾਲੇਖ ਗਧੇਗਲ ਵਰਗੇ ਨਹੀਂ ਹਨ ਪਰ ਉਨ੍ਹਾਂ ਵਿੱਚ ਵੀ ਰਾਜਾ ਵੱਲੋਂ ਆਮ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਦੇ ਸੰਦੇਸ਼ ਮਿਲਦੇ ਹਨ।

ਗਧੇਗਲ ਦਾ ਕੀ ਮਹੱਤਵ ਹੈ?

ਇਸ ਵਿਸ਼ੇ ਬਾਰੇ ਡਾ ਕੁਰੁਸ਼ ਦਲਾਲ ਦੱਸਦੇ ਹਨ, "ਇਸ ਗਧੇਗਲ ਸ਼ਿਲਾਲੇਖ ਨਾਲ ਕਈ ਅੰਧਵਿਸ਼ਵਾਸ ਜੁੜ ਗਏ। ਕੁਝ ਲੋਕਾਂ ਨੇ ਇਸ ਨੂੰ ਮਾੜੇ ਸ਼ਗਨ ਨਾਲ ਜੋੜ ਕੇ ਵੇਖਿਆ ਤਾਂ ਕੁਝ ਨੇ ਇਨ੍ਹਾਂ ਦੀ ਪੂਜਾ ਕਰਨ ਦੀ ਸੋਚੀ।''

"ਕਈ ਲੋਕਾਂ ਨੂੰ ਲੱਗਿਆ ਕਿ ਇਹ ਸ਼ਿਲਾਲੇਖ ਦੇਵੀ-ਦੇਵਤਾ ਨੂੰ ਦਰਸਾ ਰਿਹਾ ਹੈ। ਉੱਥੇ ਹੀ ਕੁਝ ਲੋਕਾਂ ਨੇ ਇਨ੍ਹਾਂ ਨੂੰ ਤੋੜ ਕੇ ਵੀ ਦੇਖਿਆ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਇਹ ਅਸ਼ੁੱਭ ਨਹੀਂ ਹਨ।''

Image copyright video grab/bbc

ਡਾ. ਦਲਾਲ ਕਹਿੰਦੇ ਹਨ ਕਿ ਜੇ ਸਾਨੂੰ ਕਿਸੇ ਥਾਂ 'ਤੇ ਗਧੇਗਲ ਮਿਲਦੇ ਹਨ ਤਾਂ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਸ ਥਾਂ ਦਾ ਇਤਿਹਾਸਕ ਮਹੱਤਵ ਹੈ।

ਹਰਸ਼ਦਾ ਦੱਸਦੀ ਹੈ ਕਿ ਗਧੇਗਲ ਮਰਾਠੀ ਭਾਸ਼ਾ ਦਾ ਸ਼ਬਦ ਹੈ, ਇਸ ਲਈ ਮਰਾਠੀ ਭਾਸ਼ਾ ਦੇ ਇਤਿਹਾਸ ਬਾਰੇ ਵੀ ਇਸ ਨਾਲ ਜਾਣਾਕਾਰੀ ਮਿਲਦੀ ਹੈ। ਕੁਝ ਗਧੇਗਲ ਸ਼ਿਲਾਲੇਖ ਅਰਬੀ ਭਾਸ਼ਾ ਵਿੱਚ ਵੀ ਲਿਖੇ ਹਨ।

ਹਰਸ਼ਦਾ ਅੰਤ ਵਿੱਚ ਕਹਿੰਦੀ ਹੈ, "ਜੇ ਸਾਨੂੰ ਕੋਈ ਵੀ ਸ਼ਿਲਾਲੇਖ ਮਿਲੇ ਤਾਂ ਸਾਨੂੰ ਉਸ ਨੂੰ ਸੁੱਟਣਾ ਜਾਂ ਤੋੜਨਾ ਨਹੀਂ ਚਾਹੀਦਾ ਅਤੇ ਨਾ ਹੀ ਉਸ ਦੀ ਪੂਜਾ ਕਰਨ ਦੀ ਲੋੜ ਹੈ। ਸਾਨੂੰ ਉਸ ਦੇ ਇਤਿਹਾਸਕ ਮਹੱਤਵ ਨੂੰ ਸਮਝਣਾ ਚਾਹੀਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)