#HerChoice: 'ਜਦੋਂ ਮੇਰਾ ਪਤੀ ਮੈਨੂੰ ਛੱਡ ਗਿਆ, ਮੈਨੂੰ ਖ਼ੁਦ ਨਾਲ ਪਿਆਰ ਹੋ ਗਿਆ'

SINGLE MOTHER

ਜਦੋਂ ਮੇਰਾ ਪਤੀ ਉਸ ਰਾਤ ਘਰੋਂ ਚਲਾ ਗਿਆ, ਮੈਨੂੰ ਲੱਗਿਆ ਮੇਰੀ ਦੁਨੀਆਂ ਹੀ ਤਬਾਹ ਹੋ ਗਈ ਪਰ ਕੋਈ ਆਵਾਜ਼ ਨਹੀਂ ਸੁਣੀ। ਇੱਕ ਡਰਾਉਣੀ ਜਿਹੀ ਚੁੱਪ ਸੀ।

ਪਿਛਲੇ 17 ਸਾਲਾਂ ਦੀਆਂ ਤਸਵੀਰਾਂ ਅਤੇ ਯਾਦਾਂ ਵਿੱਚ ਘਿਰੀ ਮੈਂ ਆਪਣੀ 10 ਸਾਲ ਦੀ ਧੀ ਨਾਲ ਇਕੱਲੀ ਰਹਿ ਗਈ ਸੀ।

#HerChoice: ਪੰਘੂੜੇ 'ਚ ਛੱਡੀ ਕੁੜੀ ਦੀ ਪਿਆਰ ਦੀ ਭਾਲ

#HerChoice : ਜਦੋਂ ਔਰਤਾਂ ਆਪਣੀ ਮਰਜ਼ੀ ਨਾਲ ਜਿਉਂਦੀਆਂ ਹਨ

ਮੈਂ ਉਸ ਨੂੰ ਵਾਰ-ਵਾਰ ਫ਼ੋਨ ਕੀਤਾ ਅਤੇ ਉਸ ਨੇ ਬਸ ਐਨਾ ਕਿਹਾ ਕਿ ਸਾਡਾ ਵਿਆਹ ਟੁੱਟ ਚੁੱਕਾ ਹੈ।

ਕੋਈ ਸਫ਼ਾਈ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗ਼ਿਲਾ ਸੀ।

ਉਸ ਦੇ ਦੋਸਤਾਂ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਆਪਣੀ ਇੱਕ ਸਹਿਯੋਗੀ ਨਾਲ ਰਿਸ਼ਤੇ ਵਿੱਚ ਹੈ।

ਮੈਨੂੰ ਬਹੁਤ ਵੱਡਾ ਝਟਕਾ ਲੱਗਿਆ। ਮੈਂ ਜਿਉਣਾ ਨਹੀਂ ਚਾਹੁੰਦੀ ਸੀ। ਮੈਂ ਨਸ਼ੇ ਦੀਆਂ ਗੋਲੀਆਂ ਦਾ ਓਵਰਡੋਜ਼ ਲੈ ਲਿਆ।

ਮੈਂ ਮਰ ਸਕਦੀ ਸੀ ਪਰ ਬੱਚ ਗਈ। ਮੈਂ ਉਸ ਤੋਂ ਬਿਨਾਂ ਆਪਣੀ ਜ਼ਿੰਦਗੀ ਬਾਰੇ ਸੋਚ ਵੀ ਨਹੀਂ ਸਕਦੀ ਸੀ।

ਖ਼ੁਦ ਨਾਲ ਨਫ਼ਰਤ ਹੋਣ ਲੱਗੀ

ਮੈਂ ਆਪਣੇ ਪਿਆਰ ਨੂੰ ਕਿਸੇ ਹੋਰ ਔਰਤ ਨਾਲ ਨਹੀਂ ਦੇਖ ਸਕਦੀ ਸੀ। ਮੈਂ ਸੱਚਾਈ ਨੂੰ ਕਬੂਲ ਨਹੀਂ ਕਰ ਸਕੀ।

---------------------------------------------------------------------------------------------------------

#HerChoice 12 ਭਾਰਤੀ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਦੀ ਲੜੀ ਹੈ। ਇਹ ਕਹਾਣੀਆਂ 'ਮਾਡਰਨ ਭਾਰਤੀ ਔਰਤਾਂ'ਦੀ ਵਿਚਾਰਧਾਰਾ ਦਾ ਦਾਇਰਾ ਵਧਾਉਂਦੀਆਂ ਹਨ ਤੇ ਚੁਣੌਤੀ ਦਿੰਦੀਆਂ ਹਨ। ਉਨ੍ਹਾਂ ਔਰਤਾਂ ਦੀ ਚੋਣ, ਖਾਹਿਸ਼ਾਂ, ਇੱਛਾਵਾਂ ਨੂੰ ਪੇਸ਼ ਕਰਦੀਆਂ ਹਨ।

---------------------------------------------------------------------------------------------------------

ਦਰਦ ਅਤੇ ਈਰਖਾ ਨੇ ਮੈਨੂੰ ਘੇਰ ਲਿਆ। ਮੈਂ ਆਪਣੇ ਪਤੀ ਦੀ ਜ਼ਿੰਦਗੀ ਵਿੱਚ ਆਈ ਦੂਜੀ ਔਰਤ ਨੂੰ ਕੋਸਣ ਲੱਗੀ।

ਹਾਲਾਂਕਿ ਇਹ ਭੁੱਲ ਗਈ ਸੀ ਕਿ ਮੇਰੇ ਪਤੀ ਦੀ ਵੀ ਬਰਾਬਰ ਦੀ ਗ਼ਲਤੀ ਸੀ।

ਮੈਨੂੰ ਸਮਝ ਆ ਗਿਆ ਕਿ ਇਹ ਅਚਾਨਕ ਨਹੀਂ ਹੋਇਆ ਸੀ। ਕਈ ਘਟਨਾਵਾਂ ਮੇਰੇ ਦਿਮਾਗ ਵਿੱਚ ਘੁੰਮਣ ਲੱਗੀਆਂ ਤੇ ਫਿਰ ਉਨ੍ਹਾਂ ਦੇ ਤਾਰ ਜੁੜਦੇ ਗਏ।

ਉਸ ਨੇ ਮੈਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਮੈਂ ਨਾ ਤਾਂ ਜ਼ਿਆਦਾ ਸੋਹਣੀ ਸੀ ਅਤੇ ਨਾ ਹੀ ਜ਼ਿਆਦਾ ਕਮਾਉਂਦੀ ਸੀ।

'ਮੈਂ ਤੈਨੂੰ ਆਪਣੀ ਜ਼ਿੰਦਗੀ ਵਿੱਚ ਪਾ ਕੇ ਖੁਸ਼ਕਿਸਮਤ ਹਾਂ' ਇਹ ਹੁਣ ਇਸ ਵਿੱਚ ਤਬਦੀਲ ਹੋ ਗਿਆ ਸੀ 'ਮੈਂ ਕਿੰਨਾ ਬਦਕਿਸਮਤ ਹਾਂ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਹੈਂ।'

'ਤੂੰ ਸੋਹਣੀ ਲੱਗਦੀ ਹੈਂ' ਤੋਂ ਬਦਲ ਗਿਆ ਸੀ 'ਤੂੰ ਮੇਰੇ ਨਾਲ ਖੜ੍ਹਨ ਦੇ ਲਾਇਕ ਨਹੀਂ।'

ਮੈਂ ਉਸ ਦੀ ਸ਼ਹਿਰੀ ਸਹੇਲੀ ਦੇ ਸਾਹਮਣੇ ਇੱਕ ਪਿੰਡ ਦੀ ਕੁੜੀ ਲਗਦੀ ਹੋਵਾਂਗੀ।

ਅਚਾਨਕ ਹੀ ਉਸ ਨੂੰ ਲੱਗਣ ਲੱਗਿਆ ਕਿ ਮੈਂ ਸੋਹਣੇ ਕੱਪੜੇ ਨਹੀਂ ਪਾਉਂਦੀ।

ਉਹ ਕਹਿਣ ਲੱਗਾ ਸੀ, "ਤੂੰ ਤਾਂ ਅੰਗਰੇਜ਼ੀ ਵੀ ਨਹੀਂ ਬੋਲ ਸਕਦੀ, ਤੈਨੂੰ ਕੌਣ ਨੌਕਰੀ ਉੱਤੇ ਰੱਖੇਗਾ।"

ਮੈਂ ਸਿਰਫ਼ ਉਸ ਦੀਆਂ ਹੀ ਨਜ਼ਰਾਂ ਵਿੱਚ ਨਹੀਂ ਡਿੱਗੀ ਸਗੋਂ ਖ਼ੁਦ ਨੂੰ ਘੱਟ ਸਮਝਣ ਲੱਗੀ।

ਮੇਰੇ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਸੀ ਜਿਸ ਵਿੱਚ ਸਬਜ਼ੀਆਂ ਖਰੀਦਣ ਤੋਂ ਲੈ ਕੇ ਬਿਮਾਰੀ ਤੱਕ ਦਾ ਧਿਆਨ ਰੱਖਣਾ ਹੁੰਦਾ ਸੀ।

ਤਲਾਕ ਦੀ ਅਰਜ਼ੀ

ਉਸ ਨੇ ਮੈਨੂੰ ਪਾਰਟੀਆਂ, ਰਾਤ ਦੇ ਖਾਣੇ ਅਤੇ ਕਿਸੇ ਵੀ ਸਮਾਜਿਕ ਇਕੱਠ ਵਿੱਚ ਲਿਜਾਣਾ ਬੰਦ ਕਰ ਦਿੱਤਾ।

ਜਿਸ ਸ਼ਖ਼ਸ ਨੂੰ ਮੈਂ ਪਿਆਰ ਕਰਦੀ ਸੀ ਉਹ ਮੈਨੂੰ ਪਿੱਛੇ ਧੱਕ ਰਿਹਾ ਸੀ। ਹੌਲੀ-ਹੌਲੀ ਸਾਰਾ ਪਿਆਰ ਖ਼ਤਮ ਹੋ ਗਿਆ।

#HerChoice: ਹਰ ਗਾਲ਼ ਔਰਤਾਂ ਦੇ ਨਾਂ ਉੱਤੇ ?

#HerChoice: 'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਾ-ਮਰਦ ਹੈ'

ਮੈਨੂੰ ਕੁਝ ਅਹਿਸਾਸ ਹੋਇਆ ਤੇ ਮੈਂ ਉਹੀ ਪਿਆਰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮਯਾਬ ਰਹੀ। ਫਿਰ ਇੱਕ ਰਾਤ ਉਹ ਚਲਾ ਗਿਆ।

ਉਸ ਨੇ ਇੱਕ ਵੱਖਰੇ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਆਪਣੇ ਸਹੁਰਿਆਂ ਘਰ ਹੀ ਆਪਣੀ ਧੀ ਨਾਲ ਰਹਿਣ ਲੱਗੀ।

ਇਹ ਨਹੀਂ ਸੀ ਕਿ ਉਹ ਮੈਨੂੰ ਨਾਲ ਰੱਖਣਾ ਚਾਹੁੰਦੇ ਸਨ ਪਰ ਮੈਂ ਉੱਥੇ ਇਸ ਉਮੀਦ ਵਿੱਚ ਰੁਕੀ ਸੀ ਕਿ ਸ਼ਾਇਦ ਉਹ ਵਾਪਸ ਆ ਜਾਏਗਾ।

ਜਦੋਂ ਵੀ ਬੂਹਾ ਖੜਕਦਾ ਮੇਰੀ ਨਜ਼ਰ ਦਰਵਾਜ਼ੇ ਉੱਤੇ ਹੀ ਰਹਿੰਦੀ ਪਰ ਹਰ ਵਾਰੀ ਕੋਈ ਕੁਰੀਅਰ ਵਾਲੇ ਜਾਂ ਸਫਾਈ ਵਾਲੇ ਦਾ ਚਿਹਰਾ ਦੇਖ ਕੇ ਮਾਯੂਸੀ ਹੀ ਹੱਥ ਲੱਗਦੀ।

ਮੈਂ ਆਪਣੀ ਜ਼ਿੰਦਗੀ ਦਾ ਤਾਣਾ-ਬਾਣਾ ਪਤੀ ਦੇ ਆਲੇ-ਦੁਆਲੇ ਹੀ ਬੁਣਿਆ ਸੀ। ਹੁਣ ਮੇਰੀ ਉਮਰ ਹੋ ਗਈ ਸੀ।

ਜ਼ਿੰਦਗੀ ਦੀ ਮੁੜ ਸ਼ੁਰੂਆਤ ਕਰਨ ਦਾ ਸਮਾਂ ਨਹੀਂ ਸੀ।

ਮੈਨੂੰ ਲੱਗਿਆ ਰਿਸ਼ਤਾ ਬਚਾਉਣ ਲਈ ਮੈਨੂੰ ਲੜਨਾ ਪਏਗਾ ਤੇ ਮੈਂ ਇਕੱਲਿਆਂ ਹੀ ਸੰਘਰਸ਼ ਕੀਤਾ।

ਮੇਰੀ ਧੀ ਮੇਰੀਆਂ ਭਾਵਨਾਵਾਂ ਨੂੰ ਸਮਝਣ ਲਈ ਅਜੇ ਬਹੁਤ ਛੋਟੀ ਸੀ।

ਮੇਰੀ ਸਿਹਤ ਵਿਗੜ ਗਈ। ਫਿਰ ਵੀ ਮੈਂ ਉਸ ਦਾ ਮੋਢਾ ਹੀ ਭਾਲਦੀ।

ਉਸ ਵੱਲੋਂ ਦਿੱਤੇ ਜ਼ਖਮਾਂ 'ਤੇ ਮਲਹਮ ਲਾਉਣ ਲਈ ਮੈਨੂੰ ਉਸ ਦੀ ਹੀ ਲੋੜ ਸੀ।

ਉਸ ਨੇ ਅਦਾਲਤ ਵਿੱਚ ਤਲਾਕ ਲਈ ਅਪੀਲ ਕਰ ਦਿੱਤੀ। ਫਿਰ ਵੀ ਮੈਂ ਲੜੀ।

ਮੈਨੂੰ ਇਹ ਸਮਝਣ ਵਿੱਚ ਤਿੰਨ ਸਾਲ ਲੱਗ ਗਏ ਕਿ ਮੈਂ ਉਸ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜੋ ਬਹੁਤ ਪਹਿਲਾਂ ਹੀ ਖ਼ਤਮ ਹੋ ਚੁੱਕਿਆ ਸੀ।

ਉਸ ਸ਼ਖ਼ਸ ਲਈ ਜੋ ਮੇਰੀ ਜ਼ਿੰਦਗੀ ਵਿੱਚ ਹੈ ਹੀ ਨਹੀਂ।

ਅਖ਼ੀਰ ਮੈਂ ਥੱਕ ਗਈ। ਮੈਂ ਅਦਾਲਤਾਂ ਦੇ ਚੱਕਰ ਲਾ ਕੇ, ਵਕੀਲਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਤੇ ਕਾਨੂੰਨੀ ਕਾਰਵਾਈ ਲਈ ਖਰਚੇ ਕਰਦੀ ਥੱਕ ਗਈ ਸੀ।

ਮੈਂ ਤਲਾਕ ਲਈ ਸਮਝੌਤਾ ਕਰਨ ਲਈ ਮੰਨ ਗਈ ਅਤੇ ਨਵਾਂ ਦਰਜਾ ਮਿਲ ਗਿਆ ਸੀ 'ਤਲਾਕਸ਼ੁਦਾ' ਦਾ।

ਸਹੇਲੀਆਂ ਦੀ ਮਦਦ ਨਾਲ ਬਣ ਗਈ 'ਸਿੰਗਲ ਮਦਰ'

ਇਹ ਉਹ ਦਰਜਾ ਸੀ ਜਿਸ ਨੂੰ ਸਾਡੇ ਰੂੜੀਵਾਦੀ ਸਮਾਜ ਵਿੱਚ ਸਨਮਾਨ ਨਾਲ ਨਹੀਂ ਦੇਖਿਆ ਜਾਂਦਾ।

ਮੈਂ 39 ਸਾਲ ਦੀ ਹੋ ਗਈ ਸੀ।

ਸਭ ਤੋਂ ਵੱਡੀ ਚੁਣੌਤੀ ਸੀ ਇੱਕ ਘਰ ਲੱਭਣ ਦੀ। ਇਸ ਲਈ ਮੈਨੂੰ ਕਈ ਸਵਾਲ ਝੱਲਣੇ ਪੈਣੇ ਸੀ।

ਮੇਰਾ ਪਤੀ ਕਿੱਥੇ ਹੈ? ਉਹ ਕੀ ਕੰਮ ਕਰਦਾ ਹੈ?

ਮੈਂ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਨਹੀਂ ਸੀ। ਮੈਂ ਆਪਣੀਆਂ ਯਾਦਾਂ 'ਚੋਂ ਬਾਹਰ ਨਹੀਂ ਆਉਣਾ ਚਾਹੁੰਦੀ ਸੀ।

ਮੇਰੀਆਂ ਸਹੇਲੀਆਂ ਨੇ ਹੀ ਮੈਨੂੰ ਇਸ ਸਭ 'ਚੋਂ ਬਾਹਰ ਕੱਢਿਆ। ਉਹ ਮੇਰੀ ਜ਼ਿੰਦਗੀ ਵਿੱਚ ਫਰਿਸ਼ਤੇ ਵਾਂਗ ਆਈਆਂ।

ਉਨ੍ਹਾਂ ਹਿੰਮਤ ਜੁਟਾਉਣ ਵਿੱਚ ਮੇਰੀ ਮਦਦ ਕੀਤੀ ਅਤੇ ਮੈਨੂੰ 'ਸਿੰਗਲ ਮਦਰ' ਕਹੇ ਜਾਣ ਲਈ ਤਿਆਰ ਕੀਤਾ।

ਇਹ ਸੌਖਾ ਨਹੀਂ ਸੀ।

ਉਸਨੇ ਤੁਰੰਤ ਆਪਣੀ ਸਹਿਯੋਗੀ ਨਾਲ ਵਿਆਹ ਕਰਵਾ ਲਿਆ। ਜਦੋਂ ਵੀ ਮੈਂ ਉਨ੍ਹਾਂ ਨੂੰ ਇਕੱਠੇ ਦੇਖਦੀ ਮੇਰੇ ਜ਼ਖ਼ਮ ਅੱਲੇ ਹੋ ਜਾਂਦੇ।

ਆਰਐੱਸਐੱਸ 'ਚ ਕੀ ਹੈ ਔਰਤਾਂ ਦਾ ਪਹਿਰਾਵਾ?

ਔਰਤ ਦੇ ਚਿਹਰੇ 'ਤੇ ਦਾਗ ਤਾਂ ਪੁਲਿਸ 'ਚ ਭਰਤੀ ਨਹੀਂ

ਉਸ ਵੇਲੇ ਮੇਰੇ ਮਾਪੇ ਵੀ ਗੁਜ਼ਰ ਗਏ।

ਮੇਰੀ ਜ਼ਿੰਦਗੀ ਵਿੱਚ ਸਿਰਫ਼ ਦੋ ਹੀ ਹਿੱਸੇ ਰਹਿ ਗਏ ਸਨ-ਮੇਰੀ ਨੌਕਰੀ ਅਤੇ ਮੇਰੀ ਧੀ।

ਮੈਂ ਆਪਣੇ ਕਰੀਅਰ ਉੱਤੇ ਵੱਧ ਧਿਆਨ ਦਿੱਤਾ ਅਤੇ ਕਾਰਪੋਰੇਟ ਦੀਆਂ ਪੌੜੀਆਂ ਚੜ੍ਹ ਗਈ।

ਮੈਂ ਕਿਤਾਬਾਂ ਪੜ੍ਹਨ ਅਤੇ ਆਪਣੇ ਵਿਚਾਰਾਂ ਨੂੰ ਕਲਮਬੱਧ ਕਰਨ ਵਿੱਚ ਰੁੱਝ ਗਈ ਜਿਸ ਵਿੱਚ ਮੇਰਾ ਲਿਖਣ ਦਾ ਸ਼ੌਂਕ ਵੀ ਸ਼ਾਮਿਲ ਸੀ।

ਆਪਣੇ ਪਤੀ ਲਈ ਖਾਣਾ ਪਕਾਉਣ ਦੀ ਥਾਂ ਮੈਂ ਆਪਣੀਆਂ ਸਹੇਲੀਆਂ ਲਈ ਪਕਾਉਣਾ ਸ਼ੁਰੂ ਕਰ ਦਿੱਤਾ।

ਮੈਂ ਪਾਰਟੀਆਂ ਕੀਤੀਆਂ, ਛੋਟੇ-ਮੋਟਾ ਸੈਰ-ਸਪਾਟਾ ਸ਼ੁਰੂ ਕੀਤਾ ਅਤੇ ਨਵੀਆਂ ਯਾਦਾਂ ਬਣਾਉਣ ਲਈ ਮੈਂ ਤਸਵੀਰਾਂ ਖਿਚਵਾਈਆਂ।

ਉਸ ਦੀ ਗੈਰ-ਹਾਜ਼ਰੀ ਨੇ ਜੋ ਖਾਲੀ ਥਾਂ ਬਣਾਈ ਸੀ ਮੈਂ 'ਵਰਚੁਅਲ ਸਪੇਸ' (ਸੋਸ਼ਲ ਮੀਡੀਆ) 'ਤੇ ਦੋਸਤ ਬਣਾ ਕੇ ਉਹ ਥਾਂ ਭਰਨ ਦੀ ਕੋਸ਼ਿਸ਼ ਕੀਤੀ।

ਵਰਚੁਅਲ ਗੱਲਬਾਤ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਮੇਰੇ ਆਲੇ-ਦੁਆਲੇ ਦੁਨੀਆਂ ਬਹੁਤ ਵੱਡੀ ਹੈ।

ਮੇਰਾ ਇਕੱਲਾਪਣ ਫੇਸਬੁੱਕ ਪੋਸਟਜ਼ ਉੱਤੇ ਲਾਈਕ ਅਤੇ ਕਮੈਂਟ ਕਰਨ ਨਾਲ ਦੂਰ ਹੋ ਗਿਆ ਸੀ।

ਮੈਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਮੇਰਾ ਪਰਿਵਾਰ ਸੀ ਪਰ ਹੁਣ ਮੈਂ ਆਪਣਾ ਦਾਇਰਾ ਵਧਾ ਲਿਆ ਹੈ।

ਖ਼ੁਦ ਨਾਲ ਪਿਆਰ ਕਰਨਾ ਸਿਖ ਲਿਆ

ਮੈਂ ਇੱਕ ਸੰਸਥਾ ਨਾਲ ਜੁੜ ਗਈ ਜੋ ਕਿ ਗਰੀਬ ਬੱਚਿਆਂ ਲਈ ਕੰਮ ਕਰਦੀ ਹੈ ਅਤੇ ਉਹੀ ਸਕਾਰਾਤਮਕ ਸੋਚ ਦਾ ਜ਼ਰੀਆ ਬਣ ਗਈ।

ਮੈਂ ਫਿਰ ਜਿਓਣਾ ਸ਼ੁਰੂ ਕੀਤਾ, ਆਪਣੇ ਗੁਣਾਂ ਨੂੰ ਪਛਾਣਿਆ ਅਤੇ ਆਪਣੀ ਡਾਕਟਰੇਟ ਦੀ ਡਿਗਰੀ ਪੂਰੀ ਕੀਤੀ।

ਕੀ ਹੈ ਸਿਆਸੀ ਹਿੱਸੇਦਾਰੀ ਦਾ ਔਰਤਾਂ 'ਤੇ ਅਸਰ?

ਔਰਤਾਂ ਜਿਨ੍ਹਾਂ ਦੁਨੀਆਂ ਬਦਲ ਦਿੱਤੀ

ਮੇਰੇ ਤੋਂ ਜੋ ਵੀ ਖੋਹ ਲਿਆ ਗਿਆ ਸੀ ਮੈਂ ਸਭ ਕੁਝ ਵਾਪਸ ਹਾਸਿਲ ਕਰ ਲਿਆ।

ਸ਼ਰਮਿੰਦਾ ਹੋਣ ਦੀ ਥਾਂ ਮੈਂ ਸਮਾਜਿਕ ਇਕੱਠ ਅਤੇ ਵਿਆਹਾਂ ਉੱਤੇ ਜਾਣਾ ਸ਼ੁਰੂ ਕਰ ਦਿੱਤਾ।

ਮੈਂ ਸੋਹਣੀਆਂ ਸਾੜੀਆਂ ਪਾ ਕੇ ਚੰਗੀ ਤਰ੍ਹਾਂ ਤਿਆਰ ਹੁੰਦੀ ਸੀ। ਇਹ ਮੇਰਾ ਉਨ੍ਹਾਂ ਲੋਕਾਂ ਨੂੰ ਚੁੱਪੀ ਧਾਰ ਕੇ ਜਵਾਬ ਸੀ ਜੋ ਤਲਾਕਸ਼ੁਦਾ ਔਰਤਾਂ ਨੂੰ ਉਦਾਸ ਹੀ ਦੇਖਣ ਦੀ ਉਮੀਦ ਕਰਦੇ ਹਨ।

ਉਨ੍ਹਾਂ ਦੀਆਂ ਅੱਖਾਂ ਆਪਣੀਆਂ ਹੀ ਧਾਰਨਾਵਾਂ ਕਰਕੇ ਚੌੜੀਆਂ ਹੋ ਜਾਂਦੀਆਂ ਹਨ ਅਤੇ ਮੇਰੀਆਂ ਚੁਣੌਤੀ ਨਾਲ ਚਮਕ ਜਾਂਦੀਆਂ ਹਨ।

ਮੈਂ ਇੱਕ ਹੋਰ ਸੋਹਣਾ ਘਰ ਬਣਾਇਆ ਅਤੇ ਮੈਂ ਦਫ਼ਤਰੀ ਕੰਮਾਂ ਤੋਂ ਵਿਦੇਸ਼ ਵੀ ਜਾਂਦੀ ਹਾਂ।

ਚਾਰ ਸਾਲ ਬਾਅਦ ਮੈਂ ਹੋਰ ਨੌਕਰੀ ਲੱਭ ਲਈ ਅਤੇ ਆਪਣਾ ਸ਼ਹਿਰ ਛੱਡ ਕੇ ਕਿਸੇ ਹੋਰ ਥਾਂ ਜਾ ਕੇ ਵੱਸਣ ਦਾ ਫੈਸਲਾ ਲਿਆ।

ਇੱਕ ਆਤਮ-ਨਿਰਭਰ ਔਰਤ ਦੇ ਤੌਰ ਵਿੱਚ ਮੇਰਾ ਮੁੜ ਜਨਮ ਹੋਇਆ ਸੀ।

ਅੱਜ ਮੈਨੂੰ ਕਿਸੇ ਮੋਢੇ ਦੀ ਲੋੜ ਨਹੀਂ। ਮੈਂ ਇਕੱਲੀ ਚੱਲ ਸਕਦੀ ਹਾਂ, 'ਹਨੇਰੇ' ਵਿੱਚ ਵੀ!

(ਇਹ ਦੱਖਣੀ-ਭਾਰਤ ਦੀ ਇੱਕ ਮਹਿਲਾ ਦੀ ਕਹਾਣੀ ਹੈ ਜੋ ਕਿ ਬੀਬੀਸੀ ਪੱਤਰਕਾਰ ਪਦਮਾ ਮੀਨਾਕਸ਼ੀ ਨੂੰ ਦੱਸੀ ਗਈ ਤੇ ਦਿਵਿਆ ਆਰਿਆ ਨੇ ਪ੍ਰੋਡਿਊਸ ਕੀਤੀ ਹੈ। ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)