ਵਿੱਕੀ ਗੌਂਡਰ ਮਾਮਲਾ: 'ਰਾਜਸਥਾਨ ਪੁਲਿਸ ਨੂੰ ਪੰਜਾਬ ਪੁਲਿਸ ਨੇ ਐਨਕਾਊਂਟਰ ਬਾਰੇ ਨਹੀਂ ਦੱਸਿਆ'

ਰਾਜਸਥਾਨ ਪੁਲਿਸ ਦੀ ਪੁਰਾਣੀ ਤਸਵੀਰ Image copyright RAVEENDRANAFPGetty Images
ਫੋਟੋ ਕੈਪਸ਼ਨ ਰਾਜਸਥਾਨ ਪੁਲਿਸ ਦੀ ਪੁਰਾਣੀ ਤਸਵੀਰ

ਸ਼ੁੱਕਰਵਾਰ ਨੂੰ ਪੰਜਾਬ-ਰਾਜਸਥਾਨ ਦੀ ਸਰਹੱਦ 'ਤੇ ਗੈਂਗਸਟਰਾਂ ਨਾਲ ਪੰਜਾਬ ਪੁਲਿਸ ਦੇ ਕਥਿਤ ਮੁਕਾਬਲੇ ਬਾਰੇ ਰਾਜਥਾਨ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਗਈ ਸੀ। ਮੁਕਾਬਲੇ ਵਿੱਚ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਮਾਰੇ ਗਏ ਸਨ।

ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਵਿੱਚ ਪਿੰਡ ਪੱਕੀ ਹੈ ਜਿੱਥੇ ਇਹ ਕਥਿਤ ਮੁਕਾਬਲਾ ਹੋਇਆ ਸੀ। ਇਹ ਥਾਂ ਪੰਜਾਬ ਦੀ ਸਰਹੱਦ ਤੋਂ ਕੁਝ ਕੂ ਮੀਟਰ ਦੀ ਦੂਰੀ 'ਤੇ ਹੈ।

ਇਸ ਬਾਰੇ ਬੀਬੀਸੀ ਨਾਲ ਫ਼ੋਨ ਉੱਤੇ ਰਾਜਸਥਾਨ ਦੇ ਡੀਜੀਪੀ ਓ.ਪੀ. ਗਲਹੋਤਰਾ ਨੇ ਗੱਲਬਾਤ ਕੀਤੀ।

Image copyright Rajasthan Police
ਫੋਟੋ ਕੈਪਸ਼ਨ ਰਾਜਸਥਾਨ ਪੁਲਿਸ ਦੇ ਡੀਜੀਪੀ ਓਮ ਪ੍ਰਕਾਸ਼ ਗਲਹੋਤਰਾ

ਉਨ੍ਹਾਂ ਦੱਸਿਆ, ''ਪੰਜਾਬ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨੂੰ ਮੁਕਾਬਲੇ ਬਾਰੇ ਕੋਈ ਵੀ ਅਗਾਊਂ ਸੂਚਨਾ ਨਹੀਂ ਦਿੱਤੀ ਗਈ ਸੀ।''

ਓ.ਪੀ. ਗਲਹੋਤਰਾ ਮੁਤਾਬਕ ਮੁਕਾਬਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ।

ਪੰਜਾਬ ਪੁਲਿਸ ਦੀ ਓਰਗਨਾਈਜ਼ਡ ਕਰਾਈਮ ਕੰਟਰੋਲ ਯੂਨਿਟ (OCCU) ਇਸ ਮੁਕਾਬਲੇ ਨੂੰ ਅੰਜਾਮ ਦੇ ਰਹੀ ਸੀ।

ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਨੇ ਕਥਿਤ ਐਨਕਾਊਂਟਰ ਬਾਰੇ ਪ੍ਰੈੱਸ ਕਾਨਫਰੰਸ ਵੀ ਕੀਤੀ।

ਫੋਟੋ ਕੈਪਸ਼ਨ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ

ਕੰਟਰੋਲ ਯੂਨਿਟ (OCCU) ਦੀ ਅਗਵਾਈ ਕਰਨ ਵਾਲੀ ਪੰਜਾਬ ਪੁਲਿਸ ਦੇ ਏਆਈਜੀ ਗੁਰਮੀਤ ਚੌਹਾਨ ਨੇ ਕਥਿਤ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ।

ਚੌਹਾਨ ਮੁਤਾਬਕ, ''ਮੁਕਾਬਲੇ ਵਾਲੀ ਥਾਂ ਪੰਜਾਬ-ਰਾਜਸਥਾਨ ਸਰਹੱਦ 'ਤੇ ਹੈ। ਸਾਨੂੰ ਲੱਗਿਆ ਕਿ ਜੋ ਘਟਨਾ ਵਾਲੀ ਥਾਂ ਹੈ ਉਹ ਪੰਜਾਬ ਦੀ ਹੱਦ ਵਿੱਚ ਆਉਂਦੀ ਹੈ। ਬਾਅਦ ਵਿੱਚ ਇਹ ਰਾਜਸਥਾਨ ਪੁਲਿਸ ਦੇ ਆਉਣ ਤੋਂ ਬਾਅਦ ਸਾਫ਼ ਹੋਇਆ ਕਿ ਉਹ ਇਲਾਕਾ ਰਾਜਸਥਾਨ ਦੀ ਹੱਦ ਵਿੱਚ ਹੈ।''

ਚੌਹਾਨ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਜਾਰੀ ਹੈ।

Image copyright BBC/Sukhcharan Preet
ਫੋਟੋ ਕੈਪਸ਼ਨ ਪਿੰਡ ਸਰਾਵਾਂ ਬੋਦਲਾ 'ਚ ਵਿੱਕੀ ਗੌਂਡਰ ਦਾ ਘਰ

ਗੈਂਗਸਟਰ ਵਿੱਕੀ ਗੌਂਡਰ ਉਰਫ਼ ਹਰਜਿੰਦਰ ਸਿੰਘ ਭੁੱਲਰ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਮੁਕਤਸਰ ਜ਼ਿਲ੍ਹੇ ਵਿੱਚ ਵਿੱਕੀ ਗੌਂਡਰ ਦਾ ਜੱਦੀ ਪਿੰਡ ਸਰਾਵਾਂ ਬੋਦਲਾ ਇਸ ਸਮੇਂ ਚਰਚਾ ਵਿੱਚ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਥਿਤ ਪੁਲਿਸ ਮੁਕਾਬਲਾ ਕਰਨ ਵਾਲੀ ਪੁਲਿਸ ਟੀਮ ਨੂੰ ਵਧਾਈ ਵੀ ਦਿੱਤੀ।

ਉਹ ਗੱਲ ਵੱਖਰੀ ਹੈ ਕਿ ਮੁੱਖ ਮੰਤਰੀ ਦੇ ਟਵੀਟ ਦਾ ਕੁਝ ਲੋਕ ਬੁਰਾ ਵੀ ਮਨਾ ਰਹੇ ਹਨ।

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਗੈਂਗਵਾਰ ਇੱਕ ਵੱਡਾ ਮੁੱਦਾ ਸੀ।

ਚੋਣਾਂ ਤੋਂ ਪਹਿਲਾਂ ਵਿੱਕੀ ਗੌਂਡਰ ਆਪਣੇ ਸਾਥੀਆਂ ਨਾਲ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਸੀ।

Image copyright @CAPT_AMARINDER
ਫੋਟੋ ਕੈਪਸ਼ਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਨੂੰ ਵਧਾਈ ਵਾਲਾ ਟਵੀਟ

ਉਸ ਸਮੇਂ ਕਾਂਗਰਸ ਨੇ ਤਤਕਾਲੀ ਅਕਾਲੀ ਦਲ-ਬੀਜੇਪੀ ਸਰਕਾਰ ਨੂੰ ਵਿਗੜ ਰਹੀ ਕਾਨੂੰਨ ਵਿਵਸਥਾ ਉੱਤੇ ਕਾਫ਼ੀ ਘੇਰਿਆ ਸੀ।

ਖਿਡਾਰੀ ਤੋਂ ਗੈਂਗਸਟਰ ਬਣਿਆ ਗੌਂਡਰ

ਹਰਜਿੰਦਰ ਸਿੰਘ ਭੁੱਲਰ ਇੱਕ ਸਰਾਵਾਂ ਬੋਦਲਾ ਪਿੰਡ ਦੇ ਆਮ ਕਿਸਾਨ ਪਰਿਵਾਰ ਤੋਂ ਸੀ।

ਹਰਜਿੰਦਰ ਡਿਸਕਸ ਥ੍ਰੋਅ ਦਾ ਚੰਗਾ ਖਿਡਾਰੀ ਸੀ ਇਸ ਲਈ ਜਲੰਧਰ ਸਪੋਰਟਸ ਸਕੂਲ ਵਿੱਚ ਉਸਨੂੰ ਦਾਖਲਾ ਮਿਲ ਗਿਆ।

ਉਹ ਖੇਡ ਦੇ ਮੈਦਾਨ ਦੀ ਥਾਂ ਅਪਰਾਧ ਦੀ ਦੁਨੀਆਂ ਵਿੱਚ ਹੌਲੀ ਹੌਲੀ ਖੁੱਭ ਗਿਆ।

ਪੁਲਿਸ ਰਿਕਾਰਡ ਮੁਤਾਬਕ ਵਿੱਕੀ ਉੱਤੇ ਹੱਤਿਆ ਡਕੈਤੀ ਅਤੇ ਅਗਵਾ ਦੇ ਕਈ ਕੇਸ ਦਰਜ ਸਨ।

ਕਈ ਸੂਬਿਆਂ ਦੀ ਪੁਲਿਸ ਨੂੰ ਵਿੱਕੀ ਗੌਂਡਰ ਦੀ ਭਾਲ ਸੀ।

Image copyright Getty Images
ਫੋਟੋ ਕੈਪਸ਼ਨ ਪੰਜਾਬ ਪੁਲਿਸ ਦੀ ਪੁਰਾਣੀ ਤਸਵੀਰ

ਵਿੱਕੀ ਦਾ ਗੌਂਡਰ ਦਾ ਨਾਮ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ 2015 ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਦੀ ਪੁਲਿਸ ਦੀ ਮੌਜੂਦਗੀ ਵਿੱਚ ਹੱਤਿਆ ਕਰ ਦਿੱਤੀ।

ਉਸਦੀ ਲਾਸ਼ 'ਤੇ ਭੰਗੜਾ ਵੀ ਪਾਇਆ ਸੀ। ਮਗਰੋਂ ਵਿੱਕ ਗੌਂਡਰ ਦੀ ਰੋਪੜ ਤੋਂ ਗ੍ਰਿਫ਼ਤਾਰੀ ਵੀ ਹੋ ਗਈ।

ਇਸ ਤੋਂ ਬਾਅਦ ਕਰੀਬ ਸਵਾ ਸਾਲ ਪਹਿਲਾਂ 27 ਨਵੰਬਰ 2016 ਵਿੱਕੀ ਆਪਣੇ ਸਾਥੀਆਂ ਨਾਲ ਨਾਭਾ ਦੀ ਅੱਤ ਸੁਰੱਖਿਆ ਜੇਲ੍ਹ ਤੋੜ ਕੇ ਫ਼ਰਾਰ ਹੋ ਗਿਆ।

ਵਿੱਕੀ ਨਾਲ ਫ਼ਰਾਰ ਹੋਣ ਵਾਲੇ ਜ਼ਿਆਦਾਤਰ ਉਸ ਦੇ ਸਾਥੀ ਫੜ੍ਹੇ ਗਏ ਪਰ ਵਿੱਕੀ ਹੱਥ ਨਹੀਂ ਆਇਆ।

ਕੁਝ ਸਮੇਂ ਬਾਅਦ ਮੀਡੀਆ ਵਿੱਕੀ ਦੇ ਵਿਦੇਸ਼ ਭੱਜਣ ਦੀਆਂ ਖ਼ਬਰਾਂ ਵੀ ਆਈਆਂ ਸਨ।

ਸੋਸ਼ਲ ਮੀਡੀਆ 'ਤੇ ਸਰਗਰਮੀ!

ਕਥਿਤ ਤੌਰ 'ਤੇ ਵਿੱਕੀ ਗੌਂਡਰ ਦੇ ਨਾਂ ਨਾਲ ਸੋਸ਼ਲ ਮੀਡੀਆ ਉੱਤੇ ਕਈ ਪੇਜ ਵੀ ਬਣਾਏ ਗਏ ਹਨ।

ਗੌਂਡਰ ਦੀ ਮੌਤ ਮਗਰੋਂ ਫੇਸਬੁੱਕ 'ਤੇ ਉਸਦੇ ਕਥਿਤ ਸਾਥੀਆਂ ਨੇ ਪੁਲਿਸ ਨੂੰ ਧਮਕੀ ਵੀ ਦਿੱਤੀ ਹੈ।

Image copyright FACEBOOK/BBC/VICKY GOUNDER SARAWN BODLA
ਫੋਟੋ ਕੈਪਸ਼ਨ ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਫੇਸਬੁੱਕ ਸਟੇਟਸ

ਹਾਲਾਂਕਿ ਪੰਜਾਬ ਪੁਲਿਸ ਦਾ ਕੋਈ ਵੀ ਅਫ਼ਸਰ ਉਸ ਧਮਕੀ ਉੱਤੇ ਆਪਣੀ ਰਾਏ ਨਹੀਂ ਦੇ ਰਿਹਾ।

ਇਹਨਾਂ ਪੇਜਾਂ ਵਿੱਚ ਕਿਹੜਾ ਉਸ ਦਾ ਅਸਲੀ ਹੈ ਇਸ ਦਾ ਪਤਾ ਲਗਾਉਣਾ ਕਾਫੀ ਔਖਾ ਹੈ।

ਉਂਝ ਵਿੱਕੀ ਦੇ ਮਾਰੇ ਜਾਣ ਤੋਂ ਬਾਅਦ ਵੀ ਉਸ ਦੇ ਕਈ ਅਕਾਊਂਟ ਅਪਡੇਟ ਹੋ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)