ਯੂਪੀ ਦੇ ਕਾਸਗੰਜ 'ਚ ਕਰੜੀ ਸੁਰੱਖਿਆ ਵਿਚਾਲੇ ਫਿਰ ਹਿੰਸਾ

ਕਾਸਗੰਜ ਵਿੱਚ ਤਣਾਅ Image copyright SAMEERATMAJ MISHRA/BBC

ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਸ਼ੁਕਰਵਾਰ ਨੂੰ ਭੜਕੀ ਹਿੰਸਾ 'ਤੇ ਸ਼ਨੀਵਾਰ ਨੂੰ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ।

ਸ਼ਨੀਵਾਰ ਨੂੰ ਕਈ ਇਲਾਕਿਆਂ ਵਿੱਚ ਪੱਥਰਬਾਜ਼ੀ, ਲੁੱਟ ਅਤੇ ਅੱਗਾਂ ਲਾਈਆਂ ਗਈਆਂ।

ਹਾਲਾਂਕਿ ਇਨ੍ਹਾਂ ਘਟਨਾਵਾਂ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਪਰ ਸ਼ਹਿਰ ਵਿੱਚ ਤਣਾਅ ਬਰਕਰਾਰ ਹੈ।

ਦੂਜੇ ਪਾਸੇ ਪੁਲਿਸ ਹਾਲਾਤ ਨੂੰ ਪੂਰੇ ਤਰੀਕੇ ਨਾਲ ਕਾਬੂ ਵਿੱਚ ਦੱਸ ਰਹੀ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਘਟਨਾ ਨੂੰ ਲੈ ਕੇ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।

9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 39 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਸ਼ੁਕਰਵਾਰ ਨੂੰ ਤਿਰੰਗਾ ਯਾਤਰਾ ਕੱਢੇ ਜਾਣ ਵੇਲੇ ਹੋਈ ਹਿੰਸਾ ਵਿੱਚ ਮਾਰੇ ਗਏ ਨੌਜਵਾਨ ਦਾ ਸ਼ਨੀਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ।

ਇਸ ਤੋਂ ਬਾਅਦ ਸ਼ਹਿਰ ਵਿੱਚ ਇੱਕ ਵਾਰ ਫਿਰ ਅਚਾਨਕ ਹਿੰਸਾ ਭੜਕ ਗਈ।

ਸਹਾਵਰ ਗੇਟ ਇਲਾਕੇ ਵਿੱਚ ਕਰੀਬ ਦੋ ਦਰਜਨ ਦੁਕਾਨਾਂ ਵਿੱਚ ਲੁੱਟ ਕਰਨ ਤੋਂ ਬਾਅਦ ਆਗਜ਼ਨੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਦੇ ਇਲਾਵਾ ਨਦਰਈ ਗੇਟ ਅਤੇ ਬਾਰਾਦਵਾਰੀ ਵਿੱਚ ਕਈ ਦੁਕਾਨਾਂ ਵਿੱਚ ਅੱਗ ਲਾ ਦਿੱਤੀ ਗਈ।

ਇਗ ਦੋਵੇਂ ਇਲਾਕੇ ਕਾਸਗੰਜ ਨਗਰ ਕੋਤਵਾਲੀ ਤੋਂ ਮਹਿਜ਼ ਤਿੰਨ ਸੋ ਕਿਲੋਮੀਟਰ ਦੀ ਦੂਰੀ 'ਤੇ ਹਨ।

ਕਰੜੀ ਸੁਰੱਖਿਆ ਦੇ ਇੰਤਜ਼ਾਮ

ਇਹ ਘਟਨਾਵਾਂ ਉਸ ਵੇਲੇ ਹੋਈਆਂ ਜਦੋਂ ਪੂਰੇ ਕਾਸਗੰਜ ਸ਼ਹਿਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਹਰ ਥਾਂ ਪੁਲਿਸ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਮੌਜੂਦਗੀ ਹੈ।

ਕਾਸਗੰਜ ਸ਼ਹਿਰ ਦੇ ਅੰਦਰ ਦਾਖਿਲ ਹੋਣ ਵਾਲੇ ਸਾਰੇ ਰਸਤਿਆਂ ਨੂੰ ਤਕਰੀਬਨ ਬੰਦ ਕਰ ਦਿੱਤਾ ਗਿਆ ਹੈ।

ਆਉਣ-ਜਾਣ ਵਾਲਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

Image copyright SAMEERATMAJ MISHRA/BBC

ਇੰਨੀ ਚੌਕਸੀ ਤੋਂ ਬਾਅਦ ਵੀ ਸ਼ਹਿਰ ਦੇ ਅੰਦਰ ਤਿੰਨ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਵਿੱਚ ਇੱਕ ਰੋਡਵੇਜ਼ ਦੀ ਬੱਸ ਵੀ ਸ਼ਾਮਲ ਹੈ।

ਨਦਰਈ ਗੇਟ ਤੇ ਅਲੀਗੜ੍ਹ ਦੇ ਏਡੀਜੀ ਅਜੇ ਆਨੰਦ ਵੀ ਗਸ਼ਤ ਕਰ ਰਹੇ ਸੀ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕੀ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ।

ਇਹ ਪੁੱਛੇ ਜਾਣ 'ਤੇ ਕਿ ਇੰਨੀ ਕਰੜੀ ਸੁਰੱਖਿਆ ਦੇ ਬਾਵਜੂਦ ਸ਼ਨੀਵਾਰ ਨੂੰ ਹਿੰਸਾ ਦੁਬਾਰਾ ਕਿਵੇਂ ਭੜਕੀ ਤਾਂ ਉਨ੍ਹਾਂ ਦਾ ਜਵਾਬ ਸੀ, "ਹਰ ਸ਼ਖਸ 'ਤੇ ਨਿਗਰਾਨੀ ਨਹੀਂ ਰੱਖੀ ਜਾ ਸਕਦੀ ਪਰ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਤਾਇਨਾਤ ਹੈ।

Image copyright SAMEERATMAJ MISHRA/BBC

"ਜੋ ਲੋਕ ਵੀ ਹਿੰਸਾ ਲਈ ਦੋਸ਼ੀ ਹਨ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 39 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਦੂਜੇ ਲੋਕਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ।''

ਸਿਆਸਤ ਖੇਡਣ ਦੀ ਕੋਸ਼ਿਸ਼

ਇਸ ਤੋਂ ਪਹਿਲਾਂ, ਸ਼ੁੱਕਰਵਾਰ ਰਾਤ ਕਰੀਬ 9 ਵਜੇ ਕਾਸਗੰਜ ਸ਼ਹਿਰ ਵਿੱਚ ਹੀ ਮਥੁਰਾ-ਬਰੇਲੀ ਹਾਈਵੇ 'ਤੇ ਸਫ਼ਾਰੀ ਸਵਾਰ ਇੱਕ ਮੁਸਲਿਮ ਪਰਿਵਾਰ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।

ਹਮਲੇ ਵਿੱਚ ਗੱਡੀ ਪੂਰੇ ਤਰ੍ਹਾਂ ਬਰਬਾਦ ਹੋ ਗਈ ਅਤੇ ਉਸ ਵਿੱਚ ਸਵਾਰ ਇੱਕ ਸ਼ਖਸ ਨੂੰ ਗੰਭੀਰ ਸੱਟਾਂ ਲੱਗੀਆਂ।

Image copyright SAMEERATMAJ MISHRA/BBC

ਇਸ ਵਿਚਾਲੇ ਮਾਮਲੇ ਨੂੰ ਸਿਆਸੀ ਰੰਗ ਦੇਣ ਵੀ ਕੋਸ਼ਿਸ਼ ਕੀਤੀ ਗਈ। ਕਾਸਗੰਜ-ਏਟਾ ਖੇਤਰ ਦੇ ਮੈਂਬਰ ਪਾਰਲੀਮੈਂਟ ਰਾਜਵੀਰ ਸਿੰਘ ਅਤੇ ਇਲਾਕੇ ਦੇ ਤਿੰਨ ਬੀਜੇਪੀ ਵਿਧਾਇਕ ਮ੍ਰਿਤਕ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਸੀ।

ਇਸ ਤੋਂ ਪਹਿਲਾਂ ਸਾਧਵੀ ਪ੍ਰਾਚੀ ਵੀ ਕਾਸਗੰਜ ਆਉਣ ਦੀ ਕੋਸ਼ਿਸ਼ ਕਰ ਰਹੀ ਸਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ।

Image copyright SAMEERATMAJ MISHRA/BBC

ਕਾਸਗੰਜ ਵਿੱਚ ਸ਼ੁਕਰਵਾਰ ਸ਼ਾਮ ਨੂੰ ਹੋਈ ਹਿੰਸਾ ਉਸ ਵਕਤ ਸ਼ੁਰੂ ਹੋਈ ਜਦੋਂ ਕੁਝ ਨੌਜਵਾਨ ਤਿਰੰਗਾ ਯਾਤਰਾ ਕੱਢ ਰਹੇ ਸੀ ਅਤੇ ਬੱਡੂਨਗਰ ਇਲਾਕੇ ਵਿੱਚ ਮੁਸਲਿਮ ਭਾਈਚਾਰੇ ਦੇ ਕੁਝ ਨੌਜਵਾਨਾਂ ਦੇ ਨਾਲ ਉਨ੍ਹਾਂ ਦੀਆਂ ਝੜਪਾਂ ਹੋਈਆਂ।

ਇਨ੍ਹਾਂ ਹੀ ਝੜਪਾਂ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਅਤੇ ਗੋਲੀਬਾਰੀ ਵੀ ਹੋਈ।

ਇਸ ਘਟਨਾ ਵਿੱਚ ਚੰਦਨ ਗੁਪਤਾ ਨਾਂ ਦੇ ਇੱਕ ਸ਼ਖਸ ਦੀ ਮੌਤ ਹੋ ਗਈ ਅਤੇ ਨੌਸ਼ਾਦ ਨਾਂ ਦਾ ਇੱਕ ਨੌਜਵਾਨ ਗੋਲੀ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਅਲੀਗੜ੍ਹ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)