ਟਵਿੱਟਰ ਦੇ ਫ਼ਰਜ਼ੀ ਫ਼ੌਲੋਵਰ ਵੇਚਣ ਦੇ ਇਲਜ਼ਾਮਾਂ ਵਿੱਚ ਘਿਰੀ ਕੰਪਨੀ ਦੀ ਜਾਂਚ ਸ਼ੁਰੂ

ਟਵਿਟਰ Image copyright Getty Images

ਨਿਊਯਾਰਕਦੇ ਮੁੱਖ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਨਕਲੀ ਫ਼ੌਲੋਵਰ ਵੇਚਣ ਵਾਲੀ ਇੱਕ ਕੰਪਨੀ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

ਵਕੀਲ ਐਰਿਕ ਸ਼ਨਾਇਡਰਮੈਨ ਦਾ ਕਹਿਣਾ ਹੈ ਕਿ ਨਿਊਯਾਰਕ ਵਿੱਚ ਅਜਿਹਾ ਕੰਮ ਅਪਰਾਧ ਹੈ।

ਨਿਊਯਾਰਕ ਟਾਈਮਜ਼ ਦੇ ਮੁਤਾਬਕ ਦੇਵੂਮੀ ਨਾਮੀ ਕੰਪਨੀ 'ਤੇ ਲੱਖਾਂ ਅਸਲ ਲੋਕਾਂ ਦੀ ਪਛਾਣ ਚੋਰੀ ਕਰਨ ਦਾ ਇਲਜ਼ਾਮ ਹੈ।

ਹਾਲਾਕਿ ਕੰਪਨੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰਦੀ ਰਹੀ ਹੈ।

ਸ਼ਨੀਵਰ ਨੂੰ ਨਿਊਯਾਰਕ ਟਾਈਮਜ਼ ਨੇ ਦੇਵੂਮੀ ਕੰਪਨੀ 'ਤੇ ਵਿਸਥਾਰ 'ਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।

ਇਸ ਰਿਪੋਰਟ ਵਿੱਚ ਅਜਿਹੇ ਕਈ ਲੋਕਾਂ ਦੇ ਇੰਟਰਵਿਊ ਛਾਪੇ ਗਏ ਜਿਨ੍ਹਾਂ ਦੇ ਸੋਸ਼ਲ ਮੀਡੀਆ ਦੇ ਖਾਤਿਆਂ ਦੀਆਂ ਜਾਣਕਾਰੀਆਂ ਅਤੇ ਪ੍ਰੋਫ਼ਾਈਲ ਤਸਵੀਰਾਂ ਨੂੰ ਚੋਰੀ ਕੀਤਾ ਗਿਆ। ਇਨ੍ਹਾਂ ਰਾਹੀਂ ਅਸਲ ਦਿਖਣ ਵਾਲੇ ਬੋਟ ਤਿਆਰ ਕੀਤੇ ਗਏ।

ਕੀ ਹੁੰਦਾ ਹੈ ਬੋਟ?

  • ਬੋਟ ਉਹ ਕੰਪਿਊਟਰ ਪ੍ਰੋਗਰਾਮ ਹੁੰਦੇ ਹਨ ਜਿਨ੍ਹਾਂ ਨੂੰ ਖ਼ਾਸਤੌਰ 'ਤੇ ਆਪਣੇ ਆਪ ਚੱਲਣ ਲਈ ਵਿਕਸਿਤ ਕੀਤਾ ਜਾਂਦਾ ਹੈ।
  • ਇਹ ਆਟੋਮੈਟਿਕ ਪ੍ਰੋਗਰਾਮ ਟਵੀਟ, ਰੀਟਵੀਟ ਜਾਂ ਲਾਈਕ ਵਰਗੇ ਕੰਮ ਆਸਾਨੀ ਨਾਲ ਲਗਾਤਾਰ ਕਰ ਸਕਦੇ ਹਨ।

ਬੋਟ ਦਾ ਕਿਵੇਂ ਹੁੰਦਾ ਹੈ ਇਸਤੇਮਾਲ?

ਇਲਜ਼ਾਮ ਹੈ ਕਿ ਜੋ ਲੋਕ ਸੋਸ਼ਲ ਮੀਡੀਆ 'ਤੇ ਆਪਣੇ ਫ਼ੌਲੋਵਰ ਵਧਾਉਣਾ ਚਾਹੁੰਦੇ ਹਨ ਉਹ ਪੈਸੇ ਦੇ ਕੇ ਇਨ੍ਹਾਂ ਬੋਟਸ ਦੀਆਂ ਸੇਵਾਵਾਂ ਹਾਸਿਲ ਕਰ ਸਕਦੇ ਹਨ।

ਇਹ ਸੇਵਾਵਾਂ ਲੈਣ ਵਾਲਿਆਂ ਵਿੱਚ ਅਦਾਕਾਰ, ਸਿਆਸਤਦਾਨ, ਪੱਤਰਕਾਰ ਤੇ ਸਨਅਤਕਾਰ ਸ਼ਾਮਲ ਹਨ।

ਸੋਸ਼ਲ ਮੀਡੀਆ 'ਤੇ ਵਾਧੂ ਫ਼ੌਲੋਵਰ ਦੇਖ ਕੇ ਕਿਸੇ ਦੇ ਅਸਰ ਨੂੰ ਮਾਪਿਆ ਜਾਂਦਾ ਹੈ। ਇਸ ਨਾਲ ਜਨਤਾ ਦੀ ਰਾਏ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

Image copyright LOIC VENANCE/AFP/Getty Images

ਸ਼ਨਾਇਡਰਮੈਨ ਦਾ ਕਹਿਣਾ ਹੈ ਕਿ ਇਸ ਕਰਕੇ ਲੋਕਤੰਤਰ 'ਤੇ ਵੀ ਅਸਰ ਹੁੰਦਾ ਹੈ।

ਆਪਣੀ ਵੈੱਬਸਾਈਟ 'ਤੇ ਦੇਵੂਮੀ ਢਾਈ ਲੱਖ ਫ਼ੌਲੋਵਰ ਵੇਚਣ ਦਾ ਦਾਅਵਾ ਕਰਦੀ ਹੈ। ਕੀਮਤਾਂ ਤਕਰੀਬਨ 12 ਡਾਲਰ ਤੋਂ ਸ਼ੁਰੂ ਹੁੰਦੀਆਂ ਹਨ।

ਇਹੀ ਨਹੀਂ ਯੂਜ਼ਰ ਇੱਥੋਂ ਆਪਣੀਆਂ ਪੋਸਟਾਂ 'ਤੇ ਲਾਈਕ ਅਤੇ ਰੀਟਵੀਟ ਵੀ ਖ਼ਰੀਦ ਸਕਦੇ ਹਨ।

ਦੇਵੂਮੀ ਲਿੰਕਡਈਨ, ਯੂਟਿਊਬ, ਸਾਊਂਡਕਲਾਊਡ ਅਤੇ ਪਿਨਟਰੇਸਟ 'ਤੇ ਵੀ ਫ਼ੌਲੋਵਰ ਅਤੇ ਲਾਈਕਸ ਵੇਚਦੀ ਹੈ।

ਕੰਪਨੀ ਨਿਊਯਾਰਕ ਸਿਟੀ ਵਿੱਚ ਰਜਿਸਟਰਡ ਹੈ। ਨਿਊਯਾਰਕ ਟਾਈਮਜ਼ ਦਾ ਦਾਅਵਾ ਹੈ ਕਿ ਦਫ਼ਤਰ ਫਲੋਰਿਡਾ ਵਿੱਚ ਹੈ ਅਤੇ ਮੁਲਾਜ਼ਮ ਫਿਲੀਪੀਂਸ ਤੋਂ ਕੰਮ ਕਰਦੇ ਹਨ।

ਉੱਥੇ ਹੀ ਟਵਿਟਰ ਦਾ ਕਹਿਣਾ ਹੈ ਕਿ ਦੇਵੂਮੀ ਅਤੇ ਅਜਿਹੀਆਂ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ।

ਇਸਤੋਂ ਪਹਿਲਾਂ ਟਵਿੱਟਰ 'ਤੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਇਨਕਾਰ ਲਗਦੇ ਰਹੇ ਹਨ।

ਕੰਪਨੀ ਦਾ ਕਹਿਣਾ ਹੈ ਕਿ ਉਹ ਅਜਿਹੇ ਅਕਾਊਂਟ ਰੱਦ ਕਰ ਦੇਵੇਗੀ ਜਿਨ੍ਹਾਂ ਨੇ ਰੀਟਵੀਟ, ਫ਼ੌਲੋਵਰ ਜਾਂ ਲਾਈਕ ਖ਼ਰੀਦੇ ਹੋਣਗੇ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਵੂਮੀ ਕੋਲ 35 ਲੱਥ ਬੋਟ ਹਨ ਜਿਨ੍ਹਾਂ ਨੂੰ ਬਾਰ ਬਾਰ ਵੇਚਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)