ਵਰ, ਵਿਚੋਲੇ ਤੇ ਆਈਲੈੱਟਸ-3: ਜੋੜੀਆਂ ਸਵਰਗਾਂ ਦੀ ਥਾਂ ਆਈਲੈੱਟਸ ਕੇਂਦਰਾਂ 'ਚ ਬਣਨ ਲੱਗੀਆਂ
- ਸੁਖਚਰਨ ਪ੍ਰੀਤ
- ਬੀਬੀਸੀ ਪੰਜਾਬੀ ਲਈ

ਤਸਵੀਰ ਸਰੋਤ, Sukhcharan preet/BBC
ਕਰਨਵੀਰ ਤੇ ਉਸ ਦੇ ਭਰਾ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ
ਨੌਜਵਾਨਾਂ ਨਾਲ ਜਦੋਂ ਕੋਈ ਸੰਵਾਦ ਰਚਾਉਂਦਾ ਹੈ ਤਾਂ ਆਮ ਤੌਰ 'ਤੇ ਸੁਆਲ ਭਵਿੱਖ ਦੀਆਂ ਯੋਜਨਾਵਾਂ ਬਾਰੇ ਹੁੰਦਾ ਹੈ।
ਜੇ ਮੌਜੂਦਾ ਦੌਰ ਦੀ ਗੱਲ ਕੀਤੀ ਜਾਵੇ ਤਾਂ ਵਿਦੇਸ਼ ਜਾ ਕੇ ਪੜ੍ਹਨ ਜਾਂ ਪੱਕੇ ਤੌਰ 'ਤੇ ਬਾਹਰਲੇ ਮੁਲਕਾਂ ਵਿੱਚ ਵਸਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।
ਕਿਉਂ ਪੈਲੀਆਂ ਵੇਚ ਕੇ ਵੀ ਵਿਦੇਸ਼ ਜਾਂਦੇ ਹਨ ਪੰਜਾਬੀ?
ਆਈਲੈੱਟਸ ਕਰਵਾਉਣ ਅਤੇ ਵੀਜ਼ਾ ਕੰਸਲਟੈਂਸੀ ਵਰਗੇ ਵਪਾਰਕ ਅਦਾਰੇ ਸ਼ਹਿਰੀ ਆਬਾਦੀਆਂ ਵਿੱਚ ਖੁੰਬਾਂ ਵਾਂਗ ਉੱਗੇ ਹਨ।
ਛੋਟੇ-ਛੋਟੇ ਕੋਚਿੰਗ ਸੈਂਟਰਾਂ ਤੋਂ ਸ਼ੂਰੂ ਹੋਏ ਇਹ ਵਪਾਰਕ ਅਦਾਰੇ ਵੱਡੀਆਂ ਇਮਾਰਤਾਂ ਵਿੱਚ ਤਬਦੀਲ ਹੋ ਗਏ ਹਨ।
ਕੀ ਹੈ IELTS?
- ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ (IELTS) ਉਹ ਪਰੀਖਿਆ ਹੈ ਜਿਸਦੇ ਜ਼ਰੀਏ ਅੰਗਰੇਜ਼ੀ ਭਾਸ਼ਾ ਵਿੱਚ ਕਿਸੇ ਦੀ ਮੁਹਾਰਤ ਪਰਖੀ ਜਾਂਦੀ ਹੈ।
- ਉਹ ਮੁਲਕ ਜਿੱਥੇ ਅੰਗਰੇਜ਼ੀ ਸੰਚਾਰ ਦਾ ਮੁੱਖ ਸਾਧਨ ਹੈ ਉਨ੍ਹਾਂ ਦੇਸ਼ਾਂ ਨੇ ਆਵਾਸੀਆਂ ਦੀ ਭਾਸ਼ਾ 'ਚ ਪ੍ਰਵੀਣਤਾ ਲਈ ਆਈਲੈੱਟਸ ਨੂੰ ਪੈਮਾਨਾ ਬਣਾਇਆ ਹੈ।
- ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ, ਕੈਨੇਡਾ ਤੇ ਹੋਰ ਮੁਲਕਾਂ ਵਿੱਚ ਪੜ੍ਹਾਈ ਕਰਨ ਜਾਂ ਕੰਮ ਕਰਨ ਨੂੰ ਲੈ ਕੇ ਆਈਲੈੱਟਸ ਵਿੱਚ ਬੈਂਡ ਸਿਸਟਮ ਅਪਣਾਇਆ ਜਾਂਦਾ ਹੈ।
ਨਵਾਂ ਵਿਹਾਰਕ ਤਾਣਾ-ਬਾਣਾ ਬਣਿਆ
ਨੌਜਵਾਨਾਂ ਵਿੱਚ ਇਹ ਰੁਝਾਨ ਇੰਨੀ ਤੇਜ਼ੀ ਨਾਲ ਵਧਿਆ ਹੈ ਕਿ ਜਿਨ੍ਹਾਂ ਮੁੰਡੇ, ਕੁੜੀਆਂ ਲਈ ਚੰਗੇ ਮੁਲਕਾਂ ਵਿੱਚ ਪੜ੍ਹਨ ਜਾਣਾ ਜਾਂ ਪੱਕੇ ਤੌਰ 'ਤੇ ਵਸਣਾ ਆਰਥਿਕ ਤੌਰ 'ਤੇ ਅਸੰਭਵ ਜਿਹੀ ਗੱਲ ਹੈ, ਉਹ ਵੀ ਭਵਿੱਖ ਵਿੱਚ ਕੁਝ ਚੰਗਾ ਵਾਪਰਨ ਦੀ ਆਸ ਵਿੱਚ ਆਈਲੈੱਟਸ ਕਰ ਰਹੇ ਹਨ।
ਵਿਦੇਸ਼ੀਂ ਵਸਣ ਦੇ ਇਸ ਰੁਝਾਨ ਨੇ ਜਿੱਥੇ ਕੁਝ ਪੁਰਾਣੀਆਂ ਰਵਾਇਤਾਂ ਨੂੰ ਤੋੜਿਆ ਹੈ ਉੱਥੇ ਨਵੀਆਂ ਰੀਤਾਂ ਦਾ ਨਵਾਂ ਵਿਹਾਰਕ ਤਾਣਾ-ਬਾਣਾ ਸਿਰਜਿਆ ਹੈ।
ਤਸਵੀਰ ਸਰੋਤ, Sukhcharan preet/BBC
ਸ਼ਰਨਦੀਪ ਕੌਰ ਦੇ ਪਰਿਵਾਰ ਵਾਲੇ ਉਸ ਦੇ ਲਈ ਆਈਲੈੱਟਸ ਦੇ ਆਧਾਰ 'ਤੇ ਰਿਸ਼ਤੇ ਦੀ ਭਾਲ ਕਰ ਰਹੇ ਹਨ
ਲਵਪ੍ਰੀਤ ਕੌਰ ਚਾਰ ਭੈਣਾਂ ਵਿੱਚੋਂ ਸਭ ਤੋਂ ਵੱਡੀ ਹੈ। ਪਿਤਾ ਦੀ ਮੌਤ ਹੋ ਚੁੱਕੀ ਹੈ।
ਲਵਪ੍ਰੀਤ ਆਈਲੈੱਟਸ ਕਰ ਚੁੱਕੀ ਹੈ ਅਤੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਵਿਦੇਸ਼ ਵਿੱਚ ਵਸਣਾ ਚਾਹੁੰਦੀ ਹੈ ਤਾਂ ਜੋ ਆਪਣੀ ਮਾਂ ਅਤੇ ਛੋਟੀਆਂ ਭੈਣਾਂ ਨੂੰ ਵੀ ਚੰਗੀ ਜ਼ਿੰਦਗੀ ਦੇ ਸਕੇ।
ਕਿਵੇਂ ਆਈਲੈੱਟਸ ਦੇ ਕੋਚਿੰਗ ਸੈਂਟਰ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਹਨ?
ਲਵਪ੍ਰੀਤ ਸੋਚਦੀ ਹੈ ਕਿ ਆਈਲੈੱਟਸ ਵਿੱਚੋਂ ਲਏ ਅੱਠ ਬੈਂਡ ਅਤੇ ਰਿਸ਼ਤੇਦਾਰਾਂ ਦੀ ਮਦਦ, ਉਸ ਦੇ ਸੁਪਨੇ ਪੂਰੇ ਕਰਨ ਵਿੱਚ ਸਹਾਈ ਹੋਣਗੇ।
ਵਿਦੇਸ਼ ਜਾਣ ਲਈ ਸਭ ਕੁਝ ਦਾਅ 'ਤੇ
ਆਈਲੈੱਟਸ ਪਾਸ ਕਰਨਾ ਕੁੜੀਆਂ ਲਈ ਵਿਆਹ ਦਾ ਸਬੱਬ ਬਣ ਰਿਹਾ ਹੈ। ਸ਼ਰਨਦੀਪ ਕੌਰ ਨੇ ਬੀ. ਟੈੱਕ. ਕਰ ਕੇ ਆਈਲੈੱਟਸ ਪਾਸ ਕਰ ਲਿਆ ਹੈ।
ਸ਼ਰਨਦੀਪ ਨੂੰ ਲੱਗਦਾ ਹੈ ਕਿ ਉਸ ਦਾ ਚੰਗਾ ਭਵਿੱਖ ਸਿਰਫ਼ ਵਿਦੇਸ਼ ਵਿੱਚ ਹੈ।
ਸ਼ਰਨਦੀਪ ਦੇ ਮਾਪੇ ਉਸ ਨੂੰ ਵਿਆਹ ਕਰਵਾ ਕੇ ਹੀ ਬਾਹਰ ਭੇਜਣਾ ਚਾਹੁੰਦੇ ਹਨ, ਜਿਸ ਕਰਕੇ ਉਹ ਸ਼ਰਨਦੀਪ ਲਈ ਰਿਸ਼ਤਾ ਲੱਭ ਰਹੇ ਹਨ।
ਤਸਵੀਰ ਸਰੋਤ, Sukhcharan preet/BBC
ਹਰਪਾਲ ਸਿੰਘ ਨੇ ਆਈਲੈੱਟਸ ਕਰਕੇ ਕੈਨੇਡਾ ਦੇ ਵਿਦਿਆਰਥੀ ਵੀਜ਼ੇ ਲਈ ਅਰਜ਼ੀ ਲਗਾਈ ਹੈ। ਹਰਪਾਲ ਸਿੰਘ ਦੀ ਮਾਤਾ ਬਚਪਨ ਵਿੱਚ ਹੀ ਗੁਜ਼ਰ ਗਈ ਸੀ।
ਪਿਤਾ ਕੋਲ ਮਹਿਜ਼ ਤਿੰਨ ਏਕੜ ਜ਼ਮੀਨ ਸੀ ਜੋ ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਦੀ ਵਿਦੇਸ਼ 'ਚ ਪੜ੍ਹਾਈ ਕਰਵਾਉਣ ਲਈ ਵੇਚ ਦਿੱਤੀ।
ਹਰਪਾਲ ਵਿਦੇਸ਼ ਜਾ ਕੇ ਆਪਣੇ ਸੁਫ਼ਨੇ ਪੂਰੇ ਕਰਨ ਦੇ ਨਾਲ-ਨਾਲ ਆਪਣੇ ਪਿਤਾ ਨੂੰ ਸੁੱਖ-ਸਹੂਲਤਾਂ ਦੇਣਾ ਚਾਹੁੰਦਾ ਹੈ।
ਸ਼ਹਿਰ ਪੜ੍ਹਨ ਭੇਜਦੇ ਨਹੀਂ, ਵਿਦੇਸ਼ ਭੇਜਣ ਲਈ ਤਿਆਰ
ਕਰਨਵੀਰ ਕੌਰ ਕਹਿੰਦੀ ਹੈ, "ਮੇਰੀ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਸੀ, ਮਾਪਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਜਾਜ਼ਤ ਦੇ ਦਿੱਤੀ। ਪਹਿਲਾਂ ਮੈਨੂੰ ਲੱਗਦਾ ਸੀ ਕਿ ਮਾਪੇ ਇਜਾਜ਼ਤ ਨਹੀਂ ਦੇਣਗੇ ਕਿਉਂਕਿ ਕੁੜੀਆਂ ਨੂੰ ਇਕੱਲਿਆਂ ਸ਼ਹਿਰ ਵੀ ਪੜ੍ਹਨ ਨਹੀਂ ਭੇਜਿਆ ਜਾਂਦਾ।''
"ਜੇ ਮੇਰਾ ਵੀਜ਼ਾ ਲਗਦਾ ਹੈ ਤਾਂ ਮੈਂ ਵਿਦੇਸ਼ ਜਾ ਕੇ ਪੜ੍ਹਾਈ ਕਰਾਂਗੀ ਅਤੇ ਆਪਣੇ ਸੁਫ਼ਨੇ ਪੂਰੇ ਕਰਾਂਗੀ।"
ਤਸਵੀਰ ਸਰੋਤ, Sukhcharan preet/BBC
ਮੰਗਾ ਸਿੰਘ ਖੇਤੀਬਾੜੀ ਕਰਦੇ ਹਨ ਪਰ ਆਪਣੀ ਬੇਟੀ ਨੂੰ ਆਈਲੈੱਟਸ ਕਰਵਾ ਕੇ ਵਿਦੇਸ਼ ਭੇਜਣਾ ਚਾਹੁੰਦੇ ਹਨ।
ਮੰਗਾ ਸਿੰਘ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਕਹਿੰਦੇ ਹਨ, "ਮੈਂ ਆਪਣੀ ਬੇਟੀ ਨੂੰ ਬਾਹਰ ਭੇਜਣਾ ਚਾਹੁੰਦਾ ਹਾਂ, ਇਸ ਲਈ ਉਸ ਨੂੰ ਆਈਲੈੱਟਸ ਕਰਵਾ ਰਿਹਾ ਹਾਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਸ ਲਈ ਚੰਗਾ ਰਿਸ਼ਤਾ ਮਿਲ ਸਕੇ ਅਤੇ ਵਿਆਹ ਸਮੇਤ ਹੋਰ ਖਰਚਿਆਂ ਤੋਂ ਵੀ ਬੱਚਤ ਹੋ ਸਕੇ।"
ਹਰਪਾਲ ਸਿੰਘ ਅਤੇ ਕਰਨਵੀਰ ਕੌਰ ਦੇ ਪਿਤਾ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਮਾਪਿਆਂ ਦੀ ਨੁਮਾਇੰਦਗੀ ਕਰਦੇ ਲਗਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਇਸ ਕਰ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲਾਈ ਹੈ ਤਾਂ ਜੋ ਉਹ ਚੰਗਾ ਪੈਸਾ ਕਮਾ ਕੇ ਸੁੱਖ-ਸਹੂਲਤਾਂ ਮਾਣ ਸਕਣ ਅਤੇ ਉਨ੍ਹਾਂ ਦੀ ਜ਼ਿੰਦਗੀ ਵੀ ਸੁਖਾਲੀ ਹੋ ਸਕੇ।
ਕਿਵੇਂ ਆਈਲੈੱਟਸ ਬਣਾਉਂਦੇ 'ਜੋੜੀਆਂ'?
ਭੋਲਾ ਸਿੰਘ ਵਿਰਕ 'ਗੋਬਿੰਦ ਟੂਰ ਐਂਡ ਟਰੈੱਵਲਜ਼' ਦੇ ਨਾਮ ਉੱਤੇ ਵੀਜ਼ਾ ਕੰਸਲਟੈਂਸੀ ਅਤੇ ਕੋਚਿੰਗ ਸੈਂਟਰ ਚਲਾਉਂਦੇ ਹਨ।
ਉਹ ਆਪਣੇ ਕਾਰੋਬਾਰ ਬਾਰੇ ਦੱਸਦੇ ਹਨ, "ਸਾਡੇ ਕੋਲ ਬਹੁਤ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਆਈਲੈੱਟਸ ਕਰਨ ਅਤੇ ਵੀਜ਼ੇ ਸਬੰਧੀ ਸਲਾਹ-ਮਸ਼ਵਰਾ ਲੈਣ ਆਉਂਦੇ ਹਨ।''
ਤਸਵੀਰ ਸਰੋਤ, Sukhcharan preet/BBC
"ਇਨ੍ਹਾਂ ਵਿਚ ਕਈ ਅਜਿਹੇ ਵਿਦਿਆਰਥੀਆਂ ਦੇ ਮਾਪੇ ਵੀ ਆ ਜਾਂਦੇ ਹਨ ਜਿਨ੍ਹਾਂ ਦੇ ਮੁੰਡਾ ਜਾਂ ਕੁੜੀ ਪੜ੍ਹਨ ਵਿੱਚ ਹੁਸ਼ਿਆਰ ਹੁੰਦੇ ਹਨ ਪਰ ਆਰਥਿਕ ਕਾਰਨਾਂ ਕਰਕੇ ਵਿਦੇਸ਼ ਨਹੀਂ ਜਾ ਸਕਦੇ।''
"ਅਜਿਹੇ ਮਾਮਲਿਆਂ ਵਿੱਚ ਅਸੀਂ ਉਨ੍ਹਾਂ ਮੁਤਾਬਕ ਲੜਕੇ ਜਾਂ ਲੜਕੀ ਵਾਲਿਆਂ ਨਾਲ ਇਹ ਗੱਲ ਸਾਂਝੀ ਕਰ ਲੈਂਦੇ ਹਾਂ ਜਿਸ ਕਰਕੇ ਉਹ ਆਪਸੀ ਸਹਿਮਤੀ ਨਾਲ ਵਿਦੇਸ਼ ਜਾਣ ਵਿੱਚ ਕਾਮਯਾਬ ਹੋ ਜਾਂਦੇ ਹਨ।"