#BudgetwithBBC: ਬਜਟ ਤੇ ਕਟਾਖਸ਼ : ਕੈਟਰੀਨਾ ਕੈਫ਼ ਖੇਤੀ ਉਤਸ਼ਾਹਤ ਯੋਜਨਾ!

ਬਜਟ

ਬਜਟ 'ਤੇ ਇੱਕ ਸੀਨੀਅਰ ਗ਼ਰੀਬ ਦਾ ਇੰਟਰਵਿਊ ਕੁਝ ਇਸ ਪ੍ਰਕਾਰ ਹੈ -

ਸਵਾਲ - ਬਜਟ ਦਾ ਐਲਾਨ ਹੋਇਆ ਹੈ ਕਿ ਪੇਂਡੂ ਖੇਤਰਾਂ ਵਿੱਚ ਪੰਜ ਲੱਖ ਵਾਈ-ਫ਼ਾਈ ਹੌਟ-ਸਪੌਟ ਬਣਾਏ ਜਾਣਗੇ।

ਸੀਨੀਅਰ ਗ਼ਰੀਬ - ਨੌਜਵਾਨ ਇੱਕ ਵਾਰ ਫੇਸਬੁੱਕ ਤੇ ਵੱਟਸਐਪ ਵਿੱਚ ਲੱਗਣ ਤਾਂ ਰੁਜ਼ਗਾਰ ਦੀ ਮੰਗ ਖ਼ਤਮ ਹੋ ਜਾਵੇਗੀ।

ਸਵਾਲ - ਦੱਸਦੇ ਹਨ ਕਿ ਬਜਟ ਵਿੱਚ ਗ਼ਰੀਬਾਂ ਲਈ ਬਹੁਤ ਕੁਝ ਕੀਤਾ ਗਿਆ ਹੈ, ਤੁਹਾਨੂੰ ਕੀ ਲੱਗਦਾ ਹੈ?

ਸੀਨੀਅਰ ਗਰੀਬ—ਕਿਸ ਬਜਟ ਵਿੱਚ ਗ਼ਰੀਬਾਂ ਲਈ ਬਹੁਤ ਕੁਝ ਨਹੀਂ ਕੀਤਾ ਜਾਂਦਾ। ਕੀਤਾ ਬਹੁਤ ਜਾਂਦਾ ਹੈ, ਬੱਸ ਪੂਰਾ ਹੁੰਦਾ ਦਿਸਦਾ ਨਹੀਂ। ਇਸ ਮੁਲਕ ਦਾ ਗ਼ਰੀਬ ਬਹੁਤ ਜ਼ਿੱਦੀ ਹੈ, ਗ਼ਰੀਬੀ ਛੱਡਣ ਨੂੰ ਰਾਜ਼ੀ ਨਹੀਂ ਹੈ।

ਹੁਣ ਗ਼ਰੀਬਾਂ ਨੂੰ ਗ਼ਰੀਬੀ ਵਿੱਚ ਮਜ਼ੇ ਆਉਣ ਲੱਗੇ ਹਨ। ਇਸ ਮੁਲਕ ਵਿੱਚ ਗ਼ਰੀਬ ਸਟਾਰਡਮ ਦਾ ਭੁੱਖਾ ਹੈ। ਉਸ ਨੂੰ ਪਤਾ ਹੈ ਕਿ ਉਸ ਦੀ ਗ਼ਰੀਬੀ ਚਲੀ ਗਈ ਤਾਂ 'ਪੀਪਲੀ ਲਾਈਵ' ਵਰਗੀਆਂ ਫ਼ਿਲਮਾਂ ਦੇ ਸੈਂਟਰ ਵਿੱਚੋਂ ਗ਼ਰੀਬ ਗਾਇਬ ਨਾ ਹੋ ਜਾਣ।

ਜੀਐੱਸਟੀ ਵਾਲੇ ਗਰੀਬ ਹਨ...

ਸਵਾਲ—ਵੇਖੋ ਤੁਸੀਂ ਮਜ਼ਾਕ ਕਰ ਰਹੇ ਹੋ, ਮੈਂ ਸੰਜੀਦਾ ਸਵਾਲ ਪੁੱਛ ਰਿਹਾ ਹਾਂ। ਗ਼ਰੀਬਾਂ ਦੇ ਲਈ ਬਜਟ ਤੋਂ ਤੁਹਾਨੂੰ ਕੀ ਉਮੀਦਾਂ ਹਨ?

ਸੀਨੀਅਰ ਗ਼ਰੀਬ—ਇਸ ਮੁਲਕ ਵਿੱਚ ਗ਼ਰੀਬ ਦੀ ਥਿਊਰੀ ਬਦਲ ਚੁੱਕੀ ਹੈ। ਹੁਣ ਇਸ ਮੁਲਕ ਵਿੱਚ ਹਰ ਕੋਈ ਗ਼ਰੀਬ ਹੈ। ਆਲਟੋ ਕਾਰ ਵਾਲਾ ਮਰਸੀਡੀਜ਼ ਵਾਲੇ ਅੱਗੇ ਗ਼ਰੀਬ ਹੈ। ਦੋ ਰੋਟੀਆਂ ਖਾਣ ਵਾਲਾ ਮੈਕਡੌਨਲਡ ਦੇ ਬਰਗਰ ਖਾਣ ਵਾਲੇ ਸਾਹਮਣੇ ਗ਼ਰੀਬ ਹੈ।

ਮੈਂ ਇੱਥੇ ਕਨਾਟ ਪਲੇਸ ਦੇ ਹਨੂੰਮਾਨ ਮੰਦਿਰ ਵਿੱਚ ਬੈਠ ਕੇ ਭੀਖ ਮੰਗ ਰਿਹਾ ਹਾਂ ਪਰ ਮੇਰੇ ਅੱਗੇ ਪੂਰਬੀ ਦਿੱਲੀ ਮੰਗੋਲਪੁਰੀ ਦੇ ਹਨੁਮਾਨ ਮੰਦਿਰ ਦਾ ਭਿਖਾਰੀ ਗ਼ਰੀਬ ਹੈ।

ਅਤੇ ਮੈਂ ਖੁਦ ਅਮਰੀਕਾ ਦੇ ਸਵਾਮੀ ਨਾਰਾਇਣ ਮੰਦਰ ਦੇ ਸਾਹਮਣੇ ਭੀਖ ਮੰਗਣ ਵਾਲੇ ਭਿਖਾਰੀ ਦੇ ਸਾਹਮਣੇ ਗ਼ਰੀਬ ਹਾਂ। ਸਾਰੇ ਗ਼ਰੀਬ ਹਨ।

ਤੁਸੀਂ ਵੇਖੋ ਗ਼ਰੀਬਾਂ ਦੇ ਲ਼ਈ ਬਹੁਤ ਕੁਝ ਹੋ ਰਿਹਾ ਹੈ। ਸਾਡੇ ਦੇਸ ਦੇ ਵੱਡੇ ਸਨਅਤਕਾਰ ਅਮਰੀਕਾ ਦੇ ਵੱਡੇ ਸਨਅਤਕਾਰਾਂ ਅੱਗੇ ਗ਼ਰੀਬ ਹਨ ਤਾਂ ਸਾਡੇ ਵੱਡੇ ਸਨਅਤਕਾਰਾਂ ਦੀ ਗ਼ਰੀਬੀ ਦੂਰ ਹੋ ਰਹੀ ਹੈ, ਉਨ੍ਹਾਂ ਦੀਆਂ ਜਾਇਦਾਦਾਂ ਵਧ ਰਹੀਆਂ ਹਨ।

ਗ਼ਰੀਬੀ ਦੂਰ ਹੋ ਰਹੀ ਹੈ। ਜਿਨ੍ਹਾਂ ਆਗੂਆਂ ਦੇ ਸਕੂਟਰ ਕਦੇ ਰਿਜ਼ਰਵ 'ਤੇ ਚੱਲਦੇ ਸੀ, ਉਨ੍ਹਾਂ ਲਈ 50-50 ਪੈਟਰੋਲ ਪੰਪ ਹਨ ਪਰ ਹਨ ਉਹ ਵੀ ਗ਼ਰੀਬ। ਉਨ੍ਹਾਂ ਨੂੰ 100 ਪੈਟਰੋਲ ਪੰਪ ਚਾਹੀਦੇ ਹਨ।

ਇਸ ਲਈ ਹਰ ਕੋਈ ਗ਼ਰੀਬ ਹੈ। ਮੈਂ ਅਸਲੀ ਗ਼ਰੀਬ ਹਾਂ। ਮੇਰੇ ਨਾਲ ਜੋ ਬੈਠੇ ਹਨ ਉਹ ਸ਼ੇਅਰ ਬਾਜ਼ਾਰ ਵਾਲੇ ਗ਼ਰੀਬ ਹਨ। ਸ਼ੇਅਰ ਬਾਜ਼ਾਰ ਵਿੱਚ ਲੁੱਟਾ ਕੇ ਬੈਠੇ ਹਨ। ਉਹ ਦੂਰ ਜਾ ਕੇ ਜੋ ਬੈਠੇ ਹਨ ਉਹ ਨੋਟਬੰਦੀ ਵਾਲੇ ਗ਼ਰੀਬ ਹਨ।

ਇਨ੍ਹਾਂ ਦੇ ਸਾਰੇ ਨੋਟ ਨੋਟਬੰਦੀ ਵਿੱਚ ਬੇਕਾਰ ਹੋ ਗਏ ਹਨ ਅਤੇ ਜੋ ਉਹ ਜੋ ਬੈਠੇ ਹਨ ਉਹ ਜੀਐੱਸਟੀ ਵਾਲੇ ਗਰੀਬ ਹਨ।

ਜੀਐੱਸਟੀ ਵਿੱਚ ਇਨ੍ਹਾਂ ਦਾ ਸਾਰਾ ਧੰਦਾ ਰਿਕਾਰਡ 'ਤੇ ਆ ਗਿਆ ਤਾਂ ਇਹ ਗ਼ਰੀਬ ਹੋ ਗਏ ਹਨ ਪਰ ਮੈਂ ਅਸਲੀ ਗ਼ਰੀਬ ਹਾਂ ਨਾ ਕਿ ਜੀਐੱਸਟੀ ਤੇ ਨੋਟਬੰਦੀ ਵਾਲਾ ਗ਼ਰੀਬ।

ਕੈਟਰੀਨਾ ਕੈਫ਼ ਖੇਤੀਬਾੜੀ ਉਤਸ਼ਾਹਤ ਯੋਜਨਾ

ਸਵਾਲ - ਖੇਤੀ ਦੀ ਬਿਹਤਰੀ ਲਈ ਕੀ ਠੋਸ ਕੀਤੇ ਜਾਣਾ ਚਾਹੀਦਾ ਹੈ? ਤੁਹਾਨੂੰ ਇਸ ਬਜਟ ਵਿੱਚ ਗ਼ਰੀਬੀ ਹਟਾਉਣ ਦੀ ਕਿਹੜੀ ਯੋਜਨਾ ਦੀ ਲੋੜ ਸੀ?

ਸੀਨੀਅਰ ਗ਼ਰੀਬ --- ਖੇਤੀ ਵਿੱਚ ਕੁੜੀਆਂ ਦੀ ਦਿਲਚਸਪੀ ਖਤਮ ਹੋ ਚੁੱਕੀ ਹੈ। 50ਵੇਂ ਦਹਾਕੇ ਵਿੱਚ ਵਿਜੰਤੀ ਮਾਲਾ ਵਰਗੀਆਂ ਕੁੜੀਆਂ ਖੇਤੀ ਵਿੱਚ ਦਿਲਚਸਪੀ ਰੱਖਦੀਆਂ ਸਨ।

1957 ਵਿੱਚ ਆਈ ਫਿਲਮ 'ਨਯਾ ਦੌਰ' ਵਿੱਚ ਵਿਜੰਤੀ ਮਾਲਾ ਦਿਲੀਪ ਕੁਮਾਰ ਦੇ ਨਾਲ ਖੇਤੀ ਵਿੱਚ ਮਦਦ ਕਰਦੀ ਸੀ। ਅੱਜ ਦੇ ਦੌਰ ਦੀਆਂ ਕੁੜੀਆਂ ਕਿਸਾਨੀ ਨਹੀਂ ਕਰਦੀਆਂ ਹਨ।

ਕੈਟਰੀਨਾ ਕੈਫ ਖੇਤੀਬਾੜੀ ਹੱਲਾਸ਼ੇਰੀ ਯੋਜਨਾ ਬਣਾਈ ਜਾਣੀ ਚਾਹੀਦੀ ਸੀ। ਕੁੜੀਆਂ ਨੂੰ ਖੇਤੀ ਵਿੱਚ ਸਬਸਿਡੀ ਦਿੱਤੀ ਜਾਣੀ ਚਾਹੀਦੀ ਸੀ।

ਫੋਟੋ ਕੈਪਸ਼ਨ ਕੀ ਮਹਿੰਗਾ ਕੀ ਸਸਤਾ?

ਕੈਟਰੀਨਾ ਕੈਫ ਦੇ ਚੱਕਰ ਵਿੱਚ ਮਜ਼ਬੂਤ ਨੌਜਵਾਨ ਵੀ ਖੇਤੀ ਵਿੱਚ ਆਉਂਦੇ। ਇਸ ਤਰ੍ਹਾਂ ਖੇਤੀ ਦਾ ਪੂਰਨ ਵਿਕਾਸ ਹੁੰਦਾ। ਸਾਨੂੰ ਆਊਟ ਆਫ ਦਿ ਬਾਕਸ ਥਿੰਕਿੰਗ ਦੀ ਜ਼ਰੂਰਤ ਹੈ।

ਮੈਂ ਆਸ ਰੱਖਦਾ ਹਾਂ ਕਿ ਆਲੀਆ ਭੱਟ, ਕੈਟਰੀਨਾ ਕੈਫ ਵਰਗੀਆਂ ਕੁੜੀਆਂ ਵਿਜੰਤੀ ਮਾਲਾ ਤੋਂ ਪ੍ਰੇਰਣਾ ਲੈ ਕੇ ਪਿੰਡਾਂ ਵੱਲ ਰੁਖ਼ ਕਰਨ ਅਤੇ ਖੇਤੀਬਾੜੀ ਕਰਨ। ਅਗਲੇ ਬਜਟ ਵਿੱਚ ਆਲੀਆ ਭੱਟ ਖੇਤੀਬਾੜੀ ਮਜ਼ਦੂਰ ਯੋਜਨਾ ਬਣਾਈ ਜਾ ਸਕਦੀ ਹੈ।

ਫਿਰ ਉਹ ਸੀਨੀਅਰ ਗ਼ਰੀਬ ਦੂਜੇ ਟੀਵੀ ਚੈੱਨਲਾਂ ਨੂੰ ਬਾਈਟ ਦੇਣ ਵਿੱਚ ਮਗਨ ਹੋ ਗਿਆ। ਬਜਟ ਦਾ ਦਿਨ ਹੈ- ਇਸ ਦਿਨ ਹਰ ਚੈੱਨਲ ਨੂੰ ਸੀਨੀਅਰ ਗ਼ਰੀਬ ਦੀ ਬਾਈਟ ਦੀ ਲੋੜ ਹੈ।

(ਲੇਖਕ ਦਿੱਲੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ ਅਤੇ ਆਰਥਿਕ ਮਾਮਲਿਆਂ ਦੇ ਮਾਹਿਰ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)