ਗੁਰਦਾਸਪੁਰ: ਬਟਾਲਾ 'ਚ ਅਮੋਨੀਆ ਗੈਸ ਹੁਣ ਵੀ ਡਰਾ ਰਹੀ!

ਗੁਰਦਾਸਪੁਰ ਅਮੋਨੀਆ ਗੈਲ ਲੀਕ Image copyright BBC/GURPREET CHAWLA
ਫੋਟੋ ਕੈਪਸ਼ਨ ਇਲਾਕੇ ਵਿੱਚ ਅਮੋਨੀਆ ਗੈਸ ਦੀ ਦੁਰਗੰਧ ਦੀ ਕੁਝ ਲੋਕ ਹੁਣ ਵੀ ਸ਼ਿਕਾਇਤ ਕਰ ਰਹੇ ਹਨ।

ਗੁਰਦਾਸਪੁਰ ਦੇ ਸ਼ਹਿਰ ਬਟਾਲਾ 'ਚ ਬੀਤੀ ਦੇਰ ਸ਼ਾਮ ਕਾਹਨੂੰਵਾਨ ਰੋਡ 'ਤੇ ਬਰਫ਼ ਵਾਲੀ ਫ਼ੈਕਟਰੀ ਵਿੱਚ ਲੀਕ ਹੋਈ ਅਮੋਨੀਆ ਗੈਸ ਲੋਕਾਂ ਨੂੰ ਅਜੇ ਵੀ ਤੰਗ ਕਰ ਰਹੀ ਹੈ।

ਕੱਲ੍ਹ ਦੇਰ ਸ਼ਾਮ ਫੈਕਟਰੀ ਵਿੱਚ ਗੈਸ ਸਿਲੰਡਰ ਫਟਣ ਨਾਲ ਗੈਸ ਲੀਕ ਹੋਣੀ ਸ਼ੁਰੂ ਹੋ ਗਈ।

ਇਸ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰਨਾਂ ਦੀ ਹਾਲਤ ਨਾਜ਼ੁਕ ਹੈ।

ਬਚਾਅ ਕਾਰਜ ਦੌਰਾਨ ਤਿੰਨ ਫਾਇਰਮੈਨ ਵੀ ਗੈਸ ਚੜ੍ਹਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਉਣੇ ਪਏ।

ਇਨ੍ਹਾਂ ਨੂੰ ਬਚਾ-ਕਾਰਜ ਦੌਰਾਨ ਕੱਢਿਆ ਗਿਆ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

Image copyright BBC Gurpreet Singh Chawla

ਫੈਕਟਰੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਹਾਦਸੇ ਤੋਂ ਬਾਅਦ ਆਪੋ ਆਪਣੇ ਘਰ ਛੱਡ ਦਿੱਤੇ ਸਨ।

ਸਥਾਨਕ ਵਾਸੀ ਰਣਜੀਤ ਸਿੰਘ ਨੇ ਦੱਸਿਆ, ''ਮੈਂ ਦਿਲ ਦਾ ਮਰੀਜ਼ ਹਾਂ ਤੇ ਗੈਸ ਲੀਕ ਨਾਲ ਦਿੱਕਤ ਹੋਣੀ ਸ਼ੁਰੂ ਹੋ ਗਈ ਹੈ।''

ਉਨ੍ਹਾਂ ਦੱਸਿਆ ਕਿ ਅੱਜ ਵੀ ਉਹ ਆਪਣੇ ਘਰ ਇਕੱਲੇ ਹੀ ਵਾਪਿਸ ਆਏ ਹਨ ਅਤੇ ਬੱਚਿਆਂ ਨੂੰ ਇਸਤੋਂ ਦੂਰ ਹੀ ਰੱਖਿਆ ਗਿਆ ਹੈ।

ਦਲਜੀਤ ਸਿੰਘ ਦਾ ਕਹਿਣਾ, ''ਹਾਦਸੇ ਕਾਰਨ ਸਾਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ। ਅੱਗੇ ਤੋਂ ਇਹ ਹਾਦਸਾ ਨਾ ਵਾਪਰੇ ਇਸ ਲਈ ਫੈਕਟਰੀ ਦਾ ਬੰਦ ਹੋਣੀ ਚਾਹੀਦੀ ਹੈ।''

Image copyright BBC/GURPREET CHAWLA
ਫੋਟੋ ਕੈਪਸ਼ਨ ਗੈਸ ਲੀਕ ਹੋਣ ਤੋਂ ਬਾਅਦ ਹਾਦਸੇ ਦੀ ਤਸਵੀਰ

ਐਸ.ਡੀ.ਐਮ. ਬਟਾਲਾ ਰੋਹਿਤ ਗੁਪਤਾ ਦਾ ਕਹਿਣਾ ਹੈ ਕਿ ਹਾਦਸੇ ਦੀ ਮੈਜਿਸਟ੍ਰੇਟ ਦੀ ਜਾਂਚ ਦੇ ਆਦੇਸ਼ ਦਿੱਤੇ ਜਾ ਰਹੇ ਹਨ।

ਕੱਲ੍ਹ ਫ਼ੈਕਟਰੀ ਵਿੱਚ ਕੰਮ ਚੱਲ ਰਿਹਾ ਸੀ ਕਿ ਅਚਾਨਕ ਉੱਥੇ ਪਿਆ ਇੱਕ ਗੈਸ ਸਿਲੰਡਰ ਫੱਟ ਗਿਆ।

ਸਿਲੰਡਰ ਵਿੱਚੋਂ ਜ਼ਹਿਰੀਲੀ ਅਮੋਨੀਆ ਗੈਸ ਲੀਕ ਹੋਈ ਤੇ ਪੂਰੀ ਫ਼ੈਕਟਰੀ ਵਿੱਚ ਫੈਲ ਗਈ।

ਕੁਝ ਸਮੇਂ ਬਾਅਦ ਦੂਜਾ ਸਿਲੰਡਰ ਵੀ ਫੱਟ ਗਿਆ ਜਿਸ ਕਾਰਨ ਫ਼ੈਕਟਰੀ ਦੇ ਅੰਦਰ ਇੱਕ ਮਜ਼ਦੂਰ ਦੀ ਮੌਤ ਹੋ ਗਈ।

Image copyright BBC Gurpreet Singh Chawal
ਫੋਟੋ ਕੈਪਸ਼ਨ ਕੱਲ੍ਹ ਹੋਈ ਗੈਸ ਲੀਕ ਤੋਂ ਬਾਅਦ ਬਚਾਅ ਕਾਰਜ ਦੀ ਤਸਵੀਰ

ਫ਼ੈਕਟਰੀ ਦੇ ਮਾਲਕ ਗੁਰਸ਼ਰਨਜੀਤ ਸਿੰਘ ਅਤੇ ਉਸ ਦੇ ਛੋਟੇ ਭਰਾ ਤੇ ਇੱਕ ਰਾਜ ਮਿਸਤਰੀ ਦੀ ਗੈਸ ਚੜ੍ਹਨ ਨਾਲ ਹਾਲਤ ਵਿਗੜ ਗਈ।

ਫਾਇਰ ਅਫ਼ਸਰ ਰਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਫ਼ਿਲਹਾਲ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਹਾਦਸੇ ਨਾਲ ਨਜਿੱਠਣ ਲਈ ਕੋਈ ਸਾਜੋ-ਸਾਮਾਨ ਉਪਲਬਧ ਨਹੀਂ ਕਰਵਾਇਆ ਗਿਆ, ਭਰੋਸਾ ਜ਼ਰੂਰ ਦਿੱਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)