ਨਜ਼ਰੀਆ: ਮੋਦੀ ਨੂੰ 'ਮਹਾਨ' ਬਣਨ ਤੋਂ ਕੀ ਰੋਕਦਾ ਹੈ ?

Image copyright Getty Images

ਸੁਣਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇੱਕ ਯਾਦਗਾਰੀ ਵਿਰਾਸਤ ਛੱਡਣਾ ਚਾਹੁੰਦੇ ਹਨ। ਅੱਜ ਤੋਂ 100 ਸਾਲ ਬਾਅਦ ਉਨ੍ਹਾਂ ਦੀ ਵਿਰਾਸਤ ਨੂੰ ਕਿਵੇਂ ਦੇਖਿਆ ਜਾਵੇਗਾ? ਜਦੋਂ ਮੋਦੀ ਕਾਲ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਨ੍ਹਾਂ ਨੂੰ ਕਿਸ ਤਰ੍ਹਾਂ ਯਾਦ ਕੀਤਾ ਜਾਵੇ?

ਜੇਕਰ ਪੰਜ ਅਜਿਹੇ ਨੇਤਾਵਾਂ ਦੇ ਨਾਂ ਗਿਣਾਉਣੇ ਹੋਣ ਜਿਨ੍ਹਾਂ ਨੇ ਪਿਛਲੇ 100 ਸਾਲਾਂ 'ਚ ਇਤਿਹਾਸ ਦੇ ਪੰਨਿਆਂ 'ਤੇ ਅਸਰ ਛੱਡਿਆ ਹੈ ਤਾਂ ਉਹ ਨਾਂ ਕਿਹੜੇ ਹੋਣਗੇ?

ਤੁਹਾਡੇ ਨਾਂ ਮੇਰੀ ਸੂਚੀ ਤੋਂ ਵੱਖ ਹੋ ਸਕਦੇ ਹਨ। ਮੇਰੀ ਸੂਚੀ 'ਚ ਪੰਜ ਨਾਂ ਹਨ-

  • ਮਹਾਤਮਾ ਗਾਂਧੀ
  • ਜਵਾਹਰ ਲਾਲ ਨਹਿਰੂ
  • ਬੀਆਰ ਅੰਬੇਦਕਰ
  • ਇੰਦਰਾ ਗਾਂਧੀ
  • ਮਨਮੋਹਨ ਸਿੰਘ।

ਇਨ੍ਹਾਂ ਨਾਵਾਂ 'ਤੇ ਸ਼ਾਇਦ ਸਾਰਿਆਂ ਦੀ ਸਹਿਮਤੀ ਨਾ ਹੋਵੇ।

Image copyright Getty Images

ਪਹਿਲੇ ਤਿੰਨ ਨਾਵਾਂ 'ਤੇ ਸ਼ਾਇਦ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਪਰ ਆਖ਼ਰੀ ਦੋ ਨਾਵਾਂ 'ਤੇ ਲੋਕਾਂ ਦੀ ਵੱਖ ਵੱਖ ਰਾਏ ਹੋ ਸਕਦੀ ਹੈ।

ਇੰਦਰਾ ਗਾਂਧੀ ਕਿਉਂਕਿ ਉਨ੍ਹਾਂ ਨੇ ਬੰਗਲਾਦੇਸ਼ ਨੂੰ ਅਜ਼ਾਦ ਕਰਵਾਉਣ 'ਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸ ਲਈ ਉਨ੍ਹਾਂ ਨੂੰ ਦੁਰਗਾ ਵੀ ਕਿਹਾ ਜਾਂਦਾ ਹੈ।

ਕੀ 1975 ਤੋਂ 1977 ਤੱਕ ਦੀ ਐਮਰਜੈਂਸੀ ਉਨ੍ਹਾਂ ਦੀ ਸੰਘਰਸ਼ਮਈ ਵਿਰਾਸਤ ਨੂੰ ਕਮਜ਼ੋਰ ਕਰਦੀ ਹੈ?

ਮਰਦਾਂ ਨਾਲ ਭਰੀ ਸਿਆਸੀ ਦੁਨੀਆਂ ਵਿੱਚ ਇੰਦਰਾ ਦਾ ਕੱਦ ਬੇਹੱਦ ਉੱਚਾ ਸੀ ਅਤੇ ਸੱਚਮੁਚ ਉਹ ਇੱਕ ਦਬੰਗ ਨੇਤਾ ਸੀ। ਉਨ੍ਹਾਂ ਦੀ ਸ਼ਖਸੀਅਤ ਤੋਂ ਆਤਮਵਿਸ਼ਵਾਸ ਝਲਕਦਾ ਸੀ।

ਮਨਮੋਹਨ: ਆਰਥਿਕ ਉਦਾਰਵਾਦ ਦੇ ਨਾਇਕ

ਮਨਮੋਹਨ ਸਿੰਘ ਨੂੰ ਇਨ੍ਹਾਂ ਪੰਜ ਨੇਤਾਵਾਂ ਦੀ ਸੂਚੀ 'ਚ ਸ਼ਾਮਿਲ ਕਰਨਾ ਕਈ ਲੋਕਾਂ ਨੂੰ ਹੈਰਾਨ ਕਰ ਸਕਦਾ ਹੈ। ਪਰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਪ੍ਰਧਾਨ ਮੰਤਰੀ ਹੋਣਾ ਨਹੀਂ, ਬਲਕਿ ਵਿੱਤ ਮੰਤਰੀ ਦੀ ਹੈਸੀਅਤ ਨਾਲ ਸੀ।

Image copyright Getty Images

ਵਿੱਤ ਮੰਤਰੀ ਮਨਮੋਹਨ ਸਿੰਘ ਹੀ ਸੀ ਜਿਨ੍ਹਾਂ ਨੇ ਭਾਰਤ ਦੇ ਅਰਥਚਾਰੇ ਨੂੰ ਕੌਮਾਂਤਰੀ ਬਜ਼ਾਰ ਨਾਲ ਜੋੜਿਆ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ 'ਚ ਨਿਵੇਸ਼ ਦਾ ਕਾਮਯਾਬ ਸੱਦਾ ਦਿੱਤਾ।

ਅੱਜ ਸਾਨੂੰ ਸਮਝ ਆਉਂਦਾ ਹੈ ਕਿ 1991 'ਚ ਮਨਮੋਹਨ ਸਿੰਘ ਦਾ ਅਰਥਚਾਰੇ ਦੇ ਉਦਾਰੀਕਰਨ ਦਾ ਫੈਸਲਾ ਕਿੰਨਾ ਸਹੀ ਸੀ। ਸਾਲ 1991 ਤੋਂ ਪਹਿਲਾਂ ਦਾ ਭਾਰਤ ਮਨਮੋਹਨ ਸਿੰਘ ਦੇ ਕਦਮ ਕਾਰਨ ਇੱਕ ਨਵੇਂ ਦੌਰ ਵਿੱਚ ਸ਼ਾਮਿਲ ਹੋ ਗਿਆ।

ਏਪੀਜੇ ਅਬਦੁੱਲ ਕਲਾਮ ਅਤੇ ਅਟਲ ਬਿਹਾਰੀ ਵਾਜਪਈ ਵੀ ਪੰਜ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਸਕਦੇ ਹਨ।

ਮੋਦੀ: ਗ਼ੈਰ-ਰਵਾਇਤੀ ਢੰਗ ਨਾਲ ਕੰਮ ਕਰਨ ਦੀ ਹਿੰਮਤ

ਨਰਿੰਦਰ ਮੋਦੀ ਦੇ ਆਲੋਚਕ ਬਹੁਤ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੀ ਸੰਖਿਆ ਵੱਧ ਰਹੀ ਹੈ। ਪਰ ਉਹ ਵੀ ਆਪਣਾ ਨਾਂ ਇਤਿਹਾਸ 'ਚ ਲਿਖਵਾਉਣ ਦੀ ਯੋਗਤਾ ਰੱਖਦੇ ਹਨ।

Image copyright AFP

ਉਨ੍ਹਾਂ ਨੇ ਆਪਣੇ 56 ਇੰਚ ਦੀ ਛਾਤੀ ਦਿਖਾਉਣ ਦੀ ਬਜਾਇ ਆਪਣੇ ਕੱਦ ਨੂੰ ਬੁਲੰਦ ਕਰਨ ਵਿੱਚ ਲੱਗ ਜਾਣਾ ਚਾਹੀਦਾ ਹੈ ਅਤੇ ਸੌੜੀ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ।

ਗਾਂਧੀ ਨੂੰ ਜਿਉਂਦੇ ਜੀਅ ਹੀ ਇਤਿਹਾਸ ਦੀ ਉਪਾਧੀ ਮਿਲ ਗਈ ਸੀ। ਜਵਾਹਰ ਲਾਲ ਨਹਿਰੂ 'ਚਾਚਾ ਨਹਿਰੂ' ਬਣ ਚੁੱਕੇ ਸਨ। ਪ੍ਰਧਾਨ ਮੰਤਰੀ ਦੇ ਨਜ਼ਦੀਕੀ ਲੋਕਾਂ ਨੂੰ ਲੱਗਦਾ ਹੈ ਕਿ ਉਹ ਇਸ ਤਰਜ਼ 'ਤੇ ਇੱਕ ਵਿਰਾਸਤ ਛੱਡਣਾ ਚਾਹੁੰਦੇ ਹਨ।

ਨਰਿੰਦਰ ਮੋਦੀ 'ਚ ਬਹੁਤ ਸਾਰੇ ਅਜਿਹੇ ਗੁਣ ਹਨ ਜੋ ਉਨ੍ਹਾਂ ਨੂੰ ਮਹਾਨਤਾ ਦੀਆਂ ਬੁਲੰਦੀਆਂ ਤੱਕ ਲੈ ਕੇ ਜਾ ਸਕਦੇ ਹਨ, ਉਨ੍ਹਾਂ ਦੇ ਆਲੋਚਕ ਵੀ ਮੰਨਦੇ ਹਨ ਕਿ ਉਹ ਸਭ ਤੋਂ ਚੰਗੇ ਸੰਚਾਰਕਾਂ 'ਚੋਂ ਇੱਕ ਹਨ। ਆਮ ਲੋਕਾਂ ਨਾਲ ਜੁੜਨ ਦੀ ਸਮਰਥਾ ਉਨ੍ਹਾਂ ਦੇ ਹੱਡੀਂ ਰਚੀ ਹੈ।

Image copyright Getty Images

ਕਦੇ-ਕਦੇ ਉਨ੍ਹਾਂ 'ਚ ਇੱਕ ਗ਼ੈਰ-ਰਵਾਇਤੀ ਤਰੀਕੇ ਨਾਲ ਕੰਮ ਕਰਨ ਦੀ ਹਿੰਮਤ ਦਿਖਦੀ ਹੈ, ਜਿਸ ਵਿੱਚ ਹਮੇਸ਼ਾ ਕਾਮਯਾਬੀ ਨਹੀਂ ਮਿਲਦੀ ਪਰ ਇਸ ਨਾਲ ਉਨ੍ਹਾਂ ਦੀ ਹਿੰਮਤ ਨਹੀਂ ਟੁੱਟਦੀ।

ਪ੍ਰਧਾਨ ਮੰਤਰੀ ਮੋਦੀ ਬੜੀ ਮਿਹਨਤ ਨਾਲ ਰੋਜ਼ ਦੇਰ ਤੱਕ ਕੰਮ ਕਰਦੇ ਹਨ ਅਤੇ ਚੰਗੀ ਸਿਹਤ ਦੇ ਮਾਲਕ ਹਨ। ਜਦੋਂ ਦੇ ਉਹ ਪ੍ਰਧਾਨ ਮੰਤਰੀ ਬਣੇ ਹਨ। ਮੈਨੂੰ ਨਹੀਂ ਯਾਦ ਕਿ ਉਨ੍ਹਾਂ ਨੇ ਕਦੀ ਛੁੱਟੀ ਲਈ ਹੋਵੇ।

ਦੂਜੇ ਪਾਸੇ ਉਨ੍ਹਾਂ ਦੇ ਵਿਰੋਧੀ ਰਾਹੁਲ ਗਾਂਧੀ ਇਨ੍ਹਾਂ ਚਾਰ ਸਾਲਾਂ ਦੌਰਾਨ ਕਈ ਵਾਰ ਛੁੱਟੀ ਮਨਾਉਣ ਵਿਦੇਸ਼ ਜਾ ਚੁੱਕੇ ਹਨ।

ਵਿਦੇਸ਼ੀ ਦੌਰਿਆਂ ਦੇ ਦੋ ਲਾਭ

ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦਰਜਨਾਂ ਦੇਸਾਂ ਦਾ ਸਰਕਾਰੀ ਦੌਰਾ ਕੀਤਾ। ਇਸ ਲਈ ਲੋਕ ਉਨ੍ਹਾਂ ਦੀ ਆਲੋਚਨਾ ਵੀ ਕਰਦੇ ਹਨ ਅਤੇ ਕੁਝ ਉਨ੍ਹਾਂ ਦਾ ਮਜ਼ਾਕ ਵੀ ਉਡਾਉਂਦੇ ਹਨ।

ਪਰ ਉਨ੍ਹਾਂ ਦੇ ਲਗਾਤਾਰ ਵਿਦੇਸ਼ੀ ਦੌਰਿਆਂ ਨਾਲ ਦੋ ਲਾਭ ਹੋਏ ਹਨ-

ਪਹਿਲਾਂ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਕੱਦ ਵਧਿਆ ਹੈ। ਮੈਂ ਹਾਲ ਹੀ ਵਿੱਚ ਅਜਿਹੇ ਦੋ ਦੇਸਾਂ ਤੋਂ ਆਇਆ ਹਾਂ, ਜਿੱਥੇ ਨਰਿੰਦਰ ਮੋਦੀ ਸਰਕਾਰੀ ਦੌਰੇ 'ਤੇ ਗਏ ਸਨ। ਇਹ ਦੇਸ ਹਨ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ।

ਇਨ੍ਹਾਂ ਦੋ ਦੇਸਾਂ ਵਿੱਚ ਕਈ ਲੋਕਾਂ ਨੇ ਮੈਨੂੰ ਕਿਹਾ ਕਿਵੇਂ ਮੋਦੀ ਦੇ ਦੌਰੇ ਤੋਂ ਬਾਅਦ ਭਾਰਤ ਬਾਰੇ ਉਨ੍ਹਾਂ ਦੀ ਰਾਏ ਬੇਹਤਰ ਹੋਈ ਹੈ। ਉਹ ਇਹ ਕਹਿੰਦੇ ਹਨ ਕਿ ਉਹ ਮੋਦੀ ਨੂੰ ਬਹੁਤ ਪਸੰਦ ਕਰਦੇ ਹਨ।

Image copyright TWITTER/@NARENDRAMOD

ਦੂਜਾ ਲਾਭ ਇਹ ਹੋਇਆ ਕਿ ਪਰਵਾਸੀ ਭਾਰਤੀ ਭਾਰਤ ਨਾਲ ਪਹਿਲਾਂ ਨਾਲੋਂ ਵੱਧ ਮਜ਼ਬੂਤ ਤਰੀਕੇ ਨਾਲ ਜੁੜੇ। ਅਸੀਂ ਜਾਣਦੇ ਹਾਂ ਕਿ ਉਹ ਜਿੱਥੇ ਵੀ ਜਾਂਦੇ ਹਨ ਪਰਵਾਸੀ ਭਾਰਤੀਆਂ ਨਾਲ ਜੋਸ਼ ਨਾਲ ਮਿਲਦੇ ਹਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਆ ਕੇ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹਨ।

ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ 'ਚ ਰਹਿਣ ਵਾਲੇ ਪਰਵਾਸੀ ਭਾਰਤੀ ਨਰਿੰਦਰ ਮੋਦੀ ਨੂੰ ਆਪਣਾ ਹੀਰੋ ਮੰਨਦੇ ਹਨ। ਇਨ੍ਹਾਂ ਵਿੱਚ ਮੁਸਲਮਾਨ ਅਤੇ ਇਸਾਈ ਵੀ ਸ਼ਾਮਿਲ ਹਨ।

ਕਿੱਥੇ ਹੋ ਰਹੀ ਹੈ ਭੁੱਲ?

ਪ੍ਰਧਾਨ ਮੰਤਰੀ ਮੋਦੀ ਕੋਲ ਚੰਗੀ ਵਿਰਾਸਤ ਛੱਡਣ ਦਾ ਮੌਕਾ ਹੈ। ਜੇਕਰ ਉਨ੍ਹਾਂ ਨੇ ਅਗਲੇ ਸਾਲ ਦੀਆਂ ਚੋਣਾਂ ਜਿੱਤੀਆਂ ਤਾਂ ਉਨ੍ਹਾਂ ਕੋਲ ਸਮਾਂ ਵੀ ਹੈ, ਸਿਹਤ ਵੀ ਹੈ, ਭਾਸ਼ਣ ਵੀ ਹੈ ਅਤੇ ਲੋਕਾਂ ਨਾਲ ਜੁੜਣ ਦੀ ਅਦਾ ਵੀ ਹੈ।

ਇਸ ਲਈ ਇੱਕ ਲੰਬੇ ਸਮੇਂ ਤੱਕ ਸ਼ਾਸਨ ਵਿੱਚ ਰਹਿਣਾ ਪਵੇਗਾ, ਕੁਝ 'ਗੇਮ ਚੇਂਜਿੰਗ' ਸਕੀਮਾਂ ਲਿਆਉਣੀਆਂ ਹੋਣਗੀਆਂ ਅਤੇ ਉਨ੍ਹਾਂ 'ਤੇ ਅਮਲ ਕਰਨਾ ਹੋਵੇਗਾ।

Image copyright Getty Images

ਉਨ੍ਹਾਂ ਕੋਲ ਸ਼ਬਦ ਹਨ, ਉਹ ਜ਼ਬਰਦਸਤ ਭਾਸ਼ਣ ਦੇਣ ਵਾਲੇ ਨੇਤਾ ਹਨ। ਉਨ੍ਹਾਂ ਵਿੱਚ ਸਿਰਕੱਢ ਆਗੂ ਬਣਨ ਵਾਲੇ ਕਈ ਗੁਣ ਹਨ ਪਰ ਆਪਣਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਲਿਖਵਾਉਣ ਲਈ ਅਤੇ ਅਮਰ ਰਹਿਣ ਦਾ ਮੌਕਾ ਉਹ ਗਵਾ ਰਹੇ ਹਨ।

ਪਿਛਲੇ ਚਾਰ ਸਾਲਾਂ ਵਿੱਚ ਸਮਾਜ ਜਾਤੀ ਅਤੇ ਫਿਰਕਾਪ੍ਰਸਤੀ ਦੀ ਲੀਕ ਕਾਰਨ ਕਾਫੀ ਵੰਡੀ ਪੈ ਗਈ ਹੈ। ਇਸ ਦੇ ਜ਼ਿੰਮੇਵਾਰ ਉਹ ਆਪ ਹਨ। ਇਤਿਹਾਸਕਾਰ ਇਸ ਦਾ ਜ਼ਿੰਮੇਵਾਰ ਉਨ੍ਹਾਂ ਨੂੰ ਹੀ ਮੰਨਦੇ ਹਨ। ਗਊ ਰੱਖਿਅਕਾਂ ਦੀ ਵਧਦੀ ਹਿੰਸਾ ਦੇ ਜ਼ਿੰਮੇਵਾਰ ਉਹੀ ਹੋਣਗੇ। ਅਜਿਹੇ ਹੋਰ ਵੀ ਕਈ ਮਸਲੇ ਹਨ ਜੋ ਉਨ੍ਹਾਂ ਦਾ ਘੇਰਾ ਤੰਗ ਕਰਦੇ ਹਨ। ਧਾਰਮਿਕ ਕੱਟੜਵਾਦ ਅਤੇ ਫਿਰਕਾਪ੍ਰਸਤੀ ਉੱਤੇ ਉਨ੍ਹਾਂ ਦੀ ਖਾਮੋਸ਼ੀ ਉਨ੍ਹਾਂ ਨੂੰ ਮਹਾਨ ਬਣਨ ਤੋਂ ਰੋਕਦੀ ਹੈ।

'ਗੇਮ ਚੇਂਜਰ ਆਇਡੀਆਜ਼ ਦੀ ਲੋੜ'

ਪ੍ਰਧਾਨ ਮੰਤਰੀ ਇਹ ਜਰੂਰ ਕਹਿੰਦੇ ਹਨ ਕਿ ਉਹ 130 ਕਰੋੜ ਭਾਰਤੀਆਂ ਦੇ ਪ੍ਰਧਾਨ ਮੰਤਰੀ ਹਨ ਪਰ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਉਹ ਖ਼ੁਦ ਨੂੰ ਪਾਰਟੀ ਦੇ ਸਮਰਥਕਾਂ ਅਤੇ ਆਪਣੇ 'ਭਗਤਾਂ' ਦਾ ਪ੍ਰਧਾਨ ਮੰਤਰੀ ਹੀ ਸਮਝਦੇ ਹਨ।

Image copyright Getty Images

ਉਨ੍ਹਾਂ ਨੂੰ ਚੰਗੀ ਵਿਰਾਸਤ ਛੱਡਣ ਲਈ ਸਭ ਦਾ ਪ੍ਰਧਾਨ ਮੰਤਰੀ ਬਣਨਾ ਪਵੇਗਾ। ਭਾਰਤ ਦੇ ਬਹੁ ਸੱਭਿਆਚਾਰਕ ਸਮਾਜ ਦੇ ਖਿੱਲਰਦੇ ਤਾਣੇ-ਬਾਣੇ ਨੂੰ ਜੋੜਨਾ ਪਵੇਗਾ ।

ਸੌੜੀ ਸੋਚ ਅਤੇ ਸੌੜੀ ਸਿਆਸਤ ਤੋਂ ਉਪਰ ਉੱਠਣਾ ਹੋਵੇਗਾ ਅਤੇ ਫੇਰ ਗੇਮ ਚੇਂਜਰ ਆਇਡੀਆਜ਼ ਲਿਆਉਣੇ ਹੋਣਗੇ। ਜਿਨ੍ਹਾਂ ਨਾਲ ਦੇਸ ਇੱਕ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਸਕੇ।

ਅਸੀਂ ਸਾਰੇ ਇਹ ਜਾਣਦੇ ਹਾਂ ਕਿ ਖ਼ੁਦ ਨੂੰ ਮਹਾਨ ਕਹਿਣ ਜਾਂ ਸੋਚਣ ਨਾਲ ਕੋਈ ਮਹਾਨ ਨਹੀਂ ਹੋ ਜਾਂਦਾ। ਦੇਸ ਮਹਾਨ ਕਹੇ ਤਾਂ ਕੋਈ ਮਹਾਨ ਹੁੰਦਾ ਹੈ। ਤਾਂ ਹੀ ਆਉਣ ਵਾਲੇ ਦੌਰ 'ਚ ਇਤਿਹਾਸਕਾਰ ਉਨ੍ਹਾਂ ਦੀ ਵਿਰਾਸਤ ਨੂੰ ਪਛਾਣਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)