ਕਿਉਂ ਘੱਟ ਉਮਰ ਦੀਆਂ ਔਰਤਾਂ ਦੀ ਬੱਚੇਦਾਨੀ ਕੱਢੀ ਜਾ ਰਹੀ?

ਲਕਸ਼ਮੀ

ਸਿਰਫ਼ 24 ਸਾਲ ਦੀ ਉਮਰ ਵਿੱਚ ਹੀ ਲਕਸ਼ਮੀ ਦੀ ਬੱਚੇਦਾਨੀ ਕੱਟ ਕੇ ਕੱਢ ਦਿੱਤੀ ਗਈ।

ਲਕਸ਼ਮੀ ਦਾ ਸਾਲ ਭਰ ਤੋਂ ਮਾਹਵਾਰੀ ਦੌਰਾਨ ਜ਼ਿਆਦਾ ਖ਼ੂਨ ਵਹਿ ਰਿਹਾ ਸੀ। ਇਸਦੇ ਇਲਾਜ ਲਈ ਉਹ ਇੱਕ ਡਾਕਟਰ ਕੋਲ ਗਈ ਜਿਸਨੇ ਉਸਨੂੰ ਕਿਹਾ ਕਿ ਉਸ ਵਿੱਚ ਕੈਂਸਰ ਦੇ ਲੱਛਣ ਹਨ ਤੇ ਜੇ ਅਪਰੇਸ਼ਨ ਨਾ ਕੀਤਾ ਗਿਆ ਤਾਂ ਉਸਦੀ ਮੌਤ ਹੋ ਸਕਦੀ ਹੈ।

ਗਦਾ ਅਨੁਸ਼ਾ ਨੂੰ ਵੀ ਕੈਂਸਰ ਦਾ ਡਰ ਦਿਖਾਇਆ ਗਿਆ। ਆਦੀਵਾਸੀ ਪਤਲੋਮ ਸ਼ਾਂਤੀ ਨੂੰ ਕਿਹਾ ਗਿਆ ਕਿ ਉਸ ਦੇ ਢਿੱਡ ਵਿੱਚ ਟੋਆ ਬਣ ਰਿਹਾ ਹੈ।

ਕਈਆਂ ਨੂੰ ਤਾਂ ਸਿੱਧਾ ਹੀ ਕਿਹਾ ਗਿਆ ਕਿ ਜੇ ਅਪਰੇਸ਼ਨ ਨਹੀਂ ਕਰਵਾਉਣਗੀਆਂ ਤਾਂ ਮਰ ਜਾਣਗੀਆਂ।

ਤੇਲੰਗਾਨਾ ਦੇ ਕਈ ਇਲਾਕਿਆਂ ਵਿੱਚ ਤਾਂ ਜੇ ਤੁਸੀਂ ਪੁੱਛੋਂ ਕਿ ਬੱਚੇਦਾਨੀ ਦਾ ਅਪਰੇਸ਼ਨ ਕਿਸ ਕਿਸ ਦਾ ਹੋਇਆ ਹੈ ਤਾਂ ਜ਼ਿਆਦਾਤਰ ਔਰਤਾਂ ਮੇਰਾ, ਮੇਰਾ, ਮੇਰਾ ਕਹਿੰਦੀਆਂ ਹੱਥ ਖੜ੍ਹੇ ਕਰ ਦੇਣਗੀਆਂ।

ਲਕਸ਼ਮੀ ਅਤੇ ਇਹਨਾਂ ਸਾਰੀਆਂ ਨੂੰ ਬੱਚੇਦਾਨੀ ਦੇ ਅਪਰੇਸ਼ਨ ਦੀ ਸਲਾਹ ਪ੍ਰਾਈਵੇਟ ਡਾਕਟਰਾਂ ਨੇ ਦਿੱਤੀ ਸੀ ਤੇ ਨਿੱਜੀ ਹਸਪਤਾਲਾਂ ਵਿੱਚ ਹੀ ਇਹ ਸਾਰੇ ਅਪਰੇਸ਼ਨ ਹੋਏ।

ਸਰਕਾਰੀ ਅੰਕੜਿਆਂ ਮੁਤਾਬਕ ਬੱਚੇਦਾਨੀ ਦੇ 67 ਫ਼ੀਸਦੀ ਅਪਰੇਸ਼ਨ ਨਿੱਜੀ ਹਸਪਤਾਲਾਂ ਵਿੱਚ ਹੀ ਹੁੰਦੇ ਹਨ।

ਕਿਉਂ ਕੀਤੇ ਜਾਂਦੇ ਹਨ ਇਹ ਅਪਰੇਸ਼ਨ?

ਇਹਨਾਂ ਅਪਰੇਸ਼ਨਾਂ ਨੂੰ ਸਮਾਜਿਕ ਕਾਰਕੁਨ ਗੈਰਜ਼ਰੂਰੀ ਦੱਸਦੇ ਹਨ। ਉਹਨਾਂ ਮੁਤਬਕ "ਇਹਨਾਂ ਦਾ ਮਕਸਦ ਹੈ ਮਰੀਜ਼ਾਂ ਤੋਂ ਮੋਟੀ ਫ਼ੀਸ ਵਸੂਲ ਕਰਨਾ"।

ਮਰੀਜ਼ ਜਾਂ ਉਹਨਾਂ ਦੇ ਪਰਿਵਾਰ ਵਾਲੇ ਸਿੱਧੇ ਆਪਣੀਆਂ ਜੇਬਾਂ 'ਚੋਂ ਪੈਸਾ ਭਰ ਰਹੇ ਹਨ।

ਬਹੁਤ ਸਾਰੇ ਮਾਮਲੇ ਇਹੋ-ਜਿਹੇ ਹਨ ਜਿਨ੍ਹਾਂ ਵਿੱਚ ਸਰਕਾਰੀ ਸਿਹਤ ਬੀਮੇ ਤਹਿਤ ਮੁਫ਼ਤ ਇਲਾਜ ਦੀ ਵੀ ਸਹੂਲਤ ਹਾਸਲ ਹੁੰਦੀ ਹੈ।

ਸਮਾਜਿਕ ਕਾਰਕੁਨ ਭਾਰਤ ਭੂਸ਼ਨ ਕਹਿੰਦੇ ਹਨ ਕਿ ਇਹ ਇੱਕ ਅਜਿਹਾ ਘੋਟਾਲਾ ਹੈ "ਜਿਸ ਵਿੱਚ ਡਾਕਟਰ, ਕਵੈਕਸ, ਆਰਐਮਪੀ, ਡਾਇਗਨੋਸਟਿਕ ਸੈਂਟਰ ਸਾਰੇ ਹੀ ਮਿਲੇ ਹੋਏ ਹਨ"।

ਕੌਡੀਪੱਲੀ ਕਾਰਕੁਨ ਉਸ ਹਸਪਤਾਲ ਵਿੱਚ ਗਏ ਜਿਸਦਾ ਨਾਮ ਵੀ ਕੁਝ ਦੂਸਰੇ ਹਸਪਤਾਲਾਂ ਵਾਂਗ ਬੱਚੇਦਾਨੀ ਕੱਢਣ ਦੇ ਅਪਰੇਸ਼ਨਾਂ ਵਿੱਚ ਬਾਰ ਬਾਰ ਆ ਰਿਹਾ ਸੀ।

ਐਨੇ ਜ਼ਿਆਦਾ ਅਪਰੇਸ਼ਨ ਅਤੇ ਉਹ ਵੀ ਐਨੀ ਛੋਟੀ ਉਮਰ ਵਿੱਚ ਆਖਰ ਕਿਉਂ? ਇਸ ਸਵਾਲ ਦਾ ਜਵਾਬ ਇਸ ਹਸਪਤਾਲ ਦੇ ਮਾਲਿਕ 'ਡਾਕਟਰ' ਪਰਭਾਕਰ ਮੁਸ਼ਕਿਲ ਨਾਲ ਹੀ ਦੇ ਸਕੇ।

ਉਹਨਾਂ ਨੇ ਇਹ ਜ਼ਰੂਰ ਕਿਹਾ, "ਅਜਿਹੇ ਅਪਰੇਸ਼ਨਾਂ ਲਈ ਡਾਕਟਰ ਹੈਦਰਾਬਾਦ ਤੋਂ ਆਉਂਦੇ ਹਨ।"

ਉਹ ਆਯੁਰਵੇਦ ਦੇ ਡਾਕਟਰ ਹਨ ਪਰ ਉਹਨਾਂ ਦਾ ਪੀਰਾ ਨਰਸਿੰਗ ਹੋਮ ਸ਼ਹਿਰ ਵਿੱਚ ਮੌਜੂਦ ਹੈ।

ਨਾ ਰਸੀਦ ਨਾ ਰਿਪੋਰਟ

ਰਮਾ ਨੂੰ ਤਾਂ ਅਪਰੇਸ਼ਨ ਮਗਰੋਂ ਕੋਈ 45 ਦਿਨ ਹਸਪਤਾਲ ਵਿੱਚ ਰਹਿਣਾ ਪਿਆ।

ਇੱਕ ਛੋਟੇ ਜਿਹੇ ਟਿੱਲੇ 'ਤੇ ਕਨਾਨ ਪਿੰਡ ਵਿੱਚ ਆਪਣੇ ਘਰ ਵਿੱਚ ਬੈਠੀ ਨੇ ਸਾਨੂੰ ਦੱਸਿਆ ਕਿ ਪਹਿਲੀ ਵਾਰ ਤੋਂ ਬਾਅਦ ਫ਼ੇਰ ਅਪਰੇਸ਼ਨ ਹੋਇਆ ਫ਼ੇਰ ਵੀ ਇਨਫੈਕਸ਼ਨ ਜਾਣ ਨੂੰ 45 ਦਿਨ ਲੱਗੇ।

ਉਹ ਕਹਿੰਦੀ ਹੈ, "ਅਪਰੇਸ਼ਨ ਵਿੱਚ ਬਹੁਤ ਸਾਰੇ ਪੈਸੇ ਖ਼ਰਚ ਹੋਏ, ਸਾਰੇ ਮੇਰੇ ਪਤੀ ਨੇ ਦਿੱਤੇ।"

ਲੇਕਿਨ ਰਮਾ ਦੇ ਪਤੀ ਕੋਲ ਨਾ ਤਾਂ ਕਿਸੇ ਟੈਸਟ ਦੀ ਕਾਪੀ ਹੈ ਤੇ ਨਾ ਹੀ ਦਿੱਤੇ ਹੋਏ ਪੈਸਿਆਂ ਦੀ ਰਸੀਦ।

ਉਹ ਕਹਿੰਦੇ ਹਨ, "ਸਾਨੂੰ ਡਾਕਟਰ ਸਾਹਬ 'ਤੇ ਯਕੀਨ ਹੈ।"

ਉਹ ਡਾਕਟਰ ਨੂੰ ਸਾਲਾਂ ਤੋਂ ਜਾਣਦੇ ਹਨ। ਕੁਝ ਅਜਿਹਾ ਹੀ ਹਾਲ ਬਹੁਤ ਸਾਰੀਆਂ ਹੋਰ ਔਰਤਾਂ ਦਾ ਵੀ ਹੈ ਜਿਨ੍ਹਾਂ ਦੇ ਅਪਰੇਸ਼ਨ ਹੋਏ ਹਨ।

ਉਹਨਾਂ ਕੋਲ ਕੋਈ ਰਸੀਦ ਨਹੀਂ ਹੈ ਤੇ ਨਾ ਹੀ ਡਾਇਗਨੋਸਟਿਕ ਸੈਂਟਰ ਵੱਲੋਂ ਕੀਤੇ ਟੈਸਟਾਂ ਦੀ ਕਾਪੀ ਹੈ।

ਨਿਜ਼ਾਮਾਬਾਦ ਦੇ ਸਰਾਇਪੱਲੀ ਸਰਕਾਰੀ ਸਿਹਤ ਕੇਂਦਰ ਵਿੱਚ ਕੰਮ ਕਰ ਰਹੀ ਜੇਐਸ ਰਾਜਵਰੀ ਕਹਿੰਦੀ ਹੈ ਕਿ ਇਨ੍ਹਾਂ ਹਸਪਤਾਲਾਂ ਵਿੱਚ ਸਿਖਲਾਈ ਪ੍ਰਾਪਤ ਡਾਕਟਰ ਨਹੀਂ ਹੁੰਦੇ।

"ਪਹਿਲਾਂ ਤਾਂ ਉਹ ਮਰੀਜ਼ਾਂ ਨੂੰ ਕਹਿੰਦੇ ਹਨ ਕਿ ਇੱਥੋਂ ਦੂਸਰੇ ਡਾਕਟਰ ਆਉਣਗੇ ਪਰ ਅਜਿਹਾ ਨਹੀਂ ਹੁੰਦਾ। ਜੇ ਕੋਈ ਸਿਖਲਾਈ ਪ੍ਰਪਤ ਗਾਇਨੋਕਾਲੋਜਿਸਟ ਆ ਵੀ ਗਈ ਤਾਂ ਵੀ ਕੀ? ਕੋਈ ਐਨਸਥੀਸੀਏ ਵਾਲਾ ਮਾਹਿਰ ਨਹੀਂ ਤੇ ਨਾ ਹੀ ਅਪਰੇਸ਼ਨ ਤੋਂ ਬਾਅਦ ਸਾਫ਼ ਸੁਥਰੀ ਦੇਖ ਭਾਲ ਦੀ ਸੇਵਾ।"

ਰਾਜੇਸ਼ਵਰੀ ਇਸ ਹਸਪਤਾਲ ਵਿੱਚ ਸਿਹਤ ਅਸਿਸਟੈਂਟ ਹੈ ਤੇ ਦਸਦੀ ਹੈ ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਜਾਣਦੀ ਹੈ ਜਿਹੜੀਆਂ ਬੱਚੇਦਾਨੀ ਕੱਢਣ ਦਾ ਅਪਰੇਸ਼ਨ ਕਰਾ ਚੁੱਕੀਆਂ ਹਨ।

ਬਹੁਤੇ ਅਪਰੇਸ਼ਨ ਨਿੱਜੀ ਹਸਪਤਾਲਾਂ ਵਿੱਚ

ਤੇਲੰਗਾਨਾ ਦੀ ਸਰਕਾਰੀ ਸਿਹਤ ਬੀਮਾ ਯੋਜਨਾ ਦੇ ਸਾਬਕਾ ਅਧਿਕਾਰੀ ਡਾ. ਗੋਪਾਲ ਰਾਓ ਕਹਿੰਦੇ ਹਨ, "ਬੱਚੇਦਾਨੀ ਦੇ ਐਨੇ ਅਪਰੇਸ਼ਨਾਂ ਦਾ ਮਾਮਲਾ ਸਰਕਾਰ ਦੀ ਨਜ਼ਰ ਵਿੱਚ ਹੈ ਅਤੇ ਔਰਤਾਂ ਦੀਆਂ ਬੀਮਾਰੀਆਂ ਦੇ ਡਾਕਟਰ ਵੀ ਸਾਹਮਣੇ ਆ ਰਹੇ ਹਨ। ਇਸ ਬਾਰੇ ਜਾਗਰੂਕਤਾ ਅਭਿਆਨ ਵੀ ਸ਼ੁਰੂ ਕੀਤਾ ਗਿਆ ਹੈ।"

ਉਹਨਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਨ੍ਹਾਂ ਗੈਰਜ਼ਰੂਰੀ ਅਪਰੇਸ਼ਨਾਂ ਦਾ ਕਾਰਨ ਸਰਕਾਰੀ ਸਿਹਤ ਬੀਮਾ ਯੋਜਨਾ ਹੈ।

ਇਸਦੇ ਨਾਲ ਇਹ ਵੀ ਸੱਚ ਹੈ ਕਿ ਬੱਚੇਦਾਨੀ ਦੇ ਦੋ ਤਿਹਾਈ ਅਪਰੇਸ਼ਨ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਨਿੱਜੀ ਹਸਪਤਾਲਾਂ ਵਿੱਚ ਹੋ ਰਹੇ ਹਨ।

ਭਾਰਤ ਸਰਕਾਰ ਦੇ ਤਾਜ਼ਾਂ ਸਿਹਤ ਸਰਵੇ ਮੁਤਾਬਕ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਬੱਚੇਦਾਨੀ ਦੇ ਅਪਰੇਸ਼ਨ ਦਾ ਫ਼ੀਸਦ 8.9 ਅਤੇ 7.7 ਹੈ। ਜਦ ਕਿ ਸਮੁੱਚੇ ਮੁਲਕ ਵਿੱਚ ਇਹ 3.2 ਹੈ।

ਔਰਤਾਂ ਦਾ ਸਰੀਰ ਕੱਟ ਕੇ ਪੈਸੇ ਕਮਾਉਣ ਦਾ ਇਹ ਧੰਦਾ ਸਿਰਫ਼ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੱਕ ਹੀ ਸੀਮਿਤ ਨਹੀਂ ਹਨ ਬਲਕਿ ਬਿਹਾਰ, ਗੁਜਰਾਤ ਅਤੇ ਕਈ ਦੂਸਰੇ ਸੂਬਿਆਂ ਵਿੱਚ ਵੀ ਫੈਲ ਚੁੱਕਿਆ ਹੈ। ਉੱਥੇ ਵੀ ਅੰਕੜਾ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਚੁੱਕਿਆ ਹੈ।

ਸਿਹਤ 'ਤੇ ਅਸਰ

ਮਾਹਵਾਰੀ ਖ਼ਤਮ ਹੋਣ ਦੀ ਉਮਰ ਤੋਂ ਕਾਫ਼ੀ ਪਹਿਲਾਂ ਕੀਤੇ ਜਾ ਰਹੇ ਇਨ੍ਹਾਂ ਅਪਰੇਸ਼ਨਾਂ ਦੀ ਗ਼ਰੀਬ ਔਰਤਾਂ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।

ਲਕਸ਼ਮੀ ਜੇ ਦਸ ਕਦਮ ਵੀ ਤੁਰੇ ਤਾਂ ਉਸਦੇ ਦਰਦ ਹੋਣ ਲਗਦਾ ਹੈ, ਦਮ ਚੜ੍ਹ ਜਾਂਦਾ ਹੈ।

ਉਹ ਦਸਦੀ ਹੈ, "ਪਿਛਲੇ ਮਹੀਨੇ ਤੋਂ ਮੇਰੇ ਬਹੁਤ ਦਰਦ ਹੈ। ਮੈਂ ਨਾ ਖੜ੍ਹੀ ਹੋ ਸਕਦੀ ਹਾਂ ਤੇ ਨਾ ਹੀ ਬੈਠ ਸਕਦੀ ਹਾਂ"

ਕੁਝ ਸਾਲ ਪਹਿਲਾਂ ਅਜਿਹੇ ਹੀ ਅਪਰੇਸ਼ਨ ਤੋਂ ਬਾਅਦ ਸ਼ਬਾਨਾ ਨੂੰ "ਲਗਾਤਾਰ ਡਾਕਟਰਾਂ ਦੇ ਚੱਕਰ ਲਾਉਣੇ ਪੈ ਰਹੇ ਹਨ ਅਤੇ ਲੱਖਾਂ ਰੁਪਏ ਖਰਚ ਹੋ ਚੁੱਕੇ ਹਨ"।

ਭਰੇ ਮਨ ਨਾਲ ਉਹ ਕਹਿੰਦੀ ਹੈ, "ਪਤੀ ਕਹਿੰਦੇ ਹਨ ਕਿ ਮੈਂ ਸਾਰਾ ਪੈਸਾ ਤੇਰੇ ਤੇ ਹੀ ਫੂਕੀ ਜਾਵਾਂ ਜਾਂ ਜ਼ਿੰਦਗੀ ਵਿੱਚ ਕੁਝ ਹੋਰ ਵੀ ਕਰਾਂ।"

ਔਰਤ ਰੋਗਾਂ ਦੀ ਮਾਹਿਰ ਲਕਸ਼ਮੀ ਰਤਨਾ ਮੈਨੋਪਾਜ਼ਲ ਸੋਸਾਈਟੀ ਦੀ ਹੈਦਰਾਬਾਦ ਵਿੱਚ ਸਕੱਤਰ ਰਹਿ ਚੁੱਕੇ ਹਨ।

ਉਹ ਕਹਿੰਦੇ ਹਨ, "ਬੁਨਿਆਦੀ ਹਾਰਮੋਨ ਓਵਰੀਆਂ ਵਿੱਚ ਤਿਆਰ ਹੁੰਦਾ ਹੈ। ਇਸ ਲਈ ਮਾਹਵਾਰੀ ਖ਼ਤਮ ਹੋਣ ਦੀ ਉਮਰ ਤੋਂ ਪਹਿਲਾਂ ਬੱਚੇਦਾਨੀ ਕੱਢਣ ਨਾਲ ਉਸ ਹਾਰਮੋਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਦੂਸਰੇ ਅਸਰ ਵੀ ਪੈਂਦੇ ਹਨ।"

ਉਹ ਦਸਦੇ ਹਨ ਕਿ ਮਾਹਵਾਰੀ ਖ਼ਤਮ ਹੋਣ ਦੀ ਉਮਰ 51 ਤੋਂ 52 ਸਾਲ ਹੁੰਦੀ ਹੈ।

ਭਾਰਤ ਭੂਸ਼ਣ ਦਸਦੇ ਹਨ, "ਇਨ੍ਹਾਂ ਅਪਰੇਸ਼ਨਾਂ ਦਾ ਇੱਕ ਨੁਕਸਾਨ ਇਹ ਹੁੰਦਾ ਹੈ ਕਿ ਇਹ ਗ਼ਰੀਬ ਔਰਤਾਂ ਭਵਿੱਖ ਵਿੱਚ ਕੋਈ ਕੰਮ ਕਰਨ ਦੇ ਯੋਗ ਨਹੀਂ ਰਹਿੰਦੀਆਂ।

ਉਹ ਅੱਗੇ ਦਸਦੇ ਹਨ, "ਗਰੀਬ ਪਰਿਵਾਰਾਂ ਵਿੱਚ ਪਤੀ-ਪਤਨੀ ਦੋਵੇਂ ਕੰਮ ਕਰਦੇ ਹਨ ਤਾਂ ਹੀ ਕਬੀਲਦਾਰੀ ਚਲਦੀ ਹੈ। ਅਪਰੇਸ਼ਨ ਮਗਰੋਂ ਇੱਕ ਬੰਦੇ ਦੀ ਕਮਾਈ ਬੰਦ ਹੋ ਜਾਂਦੀ ਹੈ ਜਿਸ ਨਾਲ ਪਰਿਵਾਰ ਦੀ ਆਰਥਿਕ ਰੀੜ੍ਹ ਟੁੱਟ ਜਾਂਦੀ ਹੈ।"

ਭਾਰਤ ਭੂਸ਼ਣ ਦਸਦੇ ਹਨ, "ਇਹ ਉਸ ਸਮੇਂ ਹੁੰਦਾ ਹੈ ਜਦੋਂ ਆਰਥਿਕ ਤੌਰ 'ਤੇ ਕਮਜ਼ੋਰ ਜਾਂ ਗਰੀਬ ਲੋਕ ਪਹਿਲਾਂ ਹੀ ਪਤਨੀ ਜਾਂ ਬੇਟੀ- ਜਿਸਦਾ ਵੀ ਅਪਰੇਸ਼ਨ ਹੋ ਰਿਹਾ ਹੋਵੇ, ਉਸਨੂੰ ਬਚਾਉਣ ਲਈ ਕਰਜ਼ ਲੈ ਕੇ, ਜ਼ਮੀਮ ਵੇਚ ਕੇ ਜਾਂ ਗਹਿਣੇ ਰੱਖ ਕੇ ਪੈਸੇ ਜੁਟਾਉਣ ਲਈ ਮਜਬੂਰ ਹੋ ਜਾਂਦੇ ਹਨ।"

ਕਥਿਤ ਤੌਰ 'ਤੇ ਕਮਾਈ ਦੇ ਲਾਲਚ ਵਿੱਚ ਕੀਤੇ ਗਏ ਇਨ੍ਹਾਂ ਅਪਰੇਸ਼ਨਾਂ ਦਾ ਸਭ ਤੋਂ ਦੁਖੀ ਕਰਨ ਵਾਲਾ ਪੱਖ ਤਾਂ ਇਹ ਹੈ ਕਿ ਇਹਨਾਂ ਵਿੱਚੋਂ ਕਈ ਘੱਟ ਉਮਰ ਦੀਆਂ ਔਰਤਾਂ ਕਦੇ ਮਾਂ ਨਹੀਂ ਬਣ ਸਕਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ