ਪ੍ਰੈੱਸ ਰੀਵਿਊ: ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਿਲਾਂਗਾ, ਮੰਤਰੀਆਂ ਨੂੰ ਨਹੀਂ - ਕੈਪਟਨ ਅਮਰਿੰਦਰ

Capt Amarinder Singh Image copyright NARINDER NANU/AFP/Getty Images

ਇੰਡੀਅਨ ਐਕਪ੍ਰੈੱਸ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਲੇ ਇਨਸਾਨ ਹਨ ਅਤੇ ਉਹ ਉਨ੍ਹਾਂ ਨਾਲ ਮੁਲਾਕਾਤ ਕਰਨਗੇ।

ਪਰ ਇਸ ਦੇ ਨਾਲ ਅਖ਼ਬਾਰ ਮੁਤਾਬਕ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਉਨ੍ਹਾਂ ਦੇ ਸਾਰੇ ਮੰਤਰੀਆਂ ਨਾਲ ਮੁਲਾਕਾਤ ਨਹੀਂ ਕਰਨਗੇ।

ਕੈਪਟਨ ਨੇ ਕਿਹਾ ਸਾਰੇ ਹੀ ਟਰੂਡੋ ਨੂੰ ਪਸੰਦ ਕਰਦੇ ਹਨ ਅਤੇ ਪੰਜਾਬ ਵਿੱਚ ਉਨ੍ਹਾਂ ਦਾ ਸਵਾਗਤ ਹੈ।

ਉਨ੍ਹਾਂ ਕਿਹਾ, ਮੈਨੂੰ ਉਨ੍ਹਾਂ ਕੋਲੋ ਕੋਈ ਪਰੇਸ਼ਾਨੀ ਨਹੀਂ ਹੈ ਪਰ ਮੈਨੂੰ ਉਨ੍ਹਾਂ ਦੇ ਕੁਝ ਮੰਤਰੀਆਂ ਤੋਂ ਪਰੇਸ਼ਾਨੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਲਈ ਬੋਰਡ ਦੀਆਂ ਪ੍ਰੀਖਿਆਵਾਂ ਦੀ ਚਿੰਤਾ ਤੋਂ ਨਿਜਾਤ ਪਾਉਣ ਦੇ ਮੰਤਰਾਂ ਵਾਲੀ ਇੱਕ ਕਿਤਾਬ 'ਐਗਜ਼ਾਮ ਵਾਰਿਅਰਜ਼' ਜਾਰੀ ਕੀਤੀ ਹੈ।

Image copyright Getty Images

ਇਸ ਵਿੱਚ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਇੱਕ ਸੰਦੇਸ਼ ਦਿੱਤਾ ਹੈ, "ਪ੍ਰੀਖਿਆ ਵਿੱਚ ਜੰਗਜੂ ਭੇਜੋ ਨਾ ਕਿ ਚਿੰਤਤ ਵਿਦਿਆਰਥੀਆਂ ਨੂੰ।"

ਇਹ ਕਿਤਾਬ 25 ਪੰਨਿਆਂ ਦੀ ਹੈ, ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਲਈ 25 ਮੰਤਰ ਦੱਸੇ ਸਨ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਸੀ ਉਹ ਪ੍ਰੀਖਿਆਵਾਂ ਨੂੰ ਤਿਓਹਾਰ ਵਾਂਗ ਸਮਝਣ।

ਦਿ ਹਿੰਦੁਸਤਾਨ ਟਾਈਮਜ਼ ਅਖ਼ਬਾਰ 'ਚ ਲੱਗੀ ਖ਼ਬਰ ਮੁਤਾਬਕ ਐਮਬੀਏ ਦੀ ਡਿਗਰੀ ਅਤੇ ਡਿਪਲੋਮਾ ਕੋਰਸਾਂ ਦੇ ਸਿਲੈਬਸ ਵਿੱਚ ਜਲਦ ਹੀ ਭਾਰਤੀ 'ਨੈਤਿਕਤਾਂ ਅਤੇ ਸਿਧਾਂਤ' ਕੋਰਸ ਵੀ ਜੁੜ ਜਾਵੇਗਾ।

ਇਸ ਦੇ ਨਾਲ ਹੀ ਇਸ ਵਿੱਚ ਰਾਸ਼ਟਰੀਕਰਨ, ਆਰਥਿਕ ਨੀਤੀ ਅਤੇ ਸੈਨਾ ਦੀ ਰਣਨੀਤੀ ਬਾਰੇ ਇੱਕ ਪ੍ਰਾਚੀਨ ਗ੍ਰੰਥ 'ਕੌਟੱਲਿਆ ਅਰਥ-ਸ਼ਾਸਤਰ' ਸ਼ਾਮਿਲ ਕੀਤਾ ਜਾ ਰਿਹਾ ਹੈ।

ਇਹ ਨਵਾਂ ਸਿਲੈਬਸ ਭਵਿੱਖ ਦੇ ਸੀਈਓਜ਼ ਅਤੇ ਸੀਐੱਮਡੀਜ਼ ਨੂੰ "ਚੰਗੀਆਂ ਕਦਰਾਂ-ਕੀਮਤਾਂ" ਪ੍ਰਦਾਨ ਕਰਨ ਲਈ ਏਆਈਸੀਟੀਈ ਵੱਲੋਂ ਤਿਆਰ ਕੀਤਾ ਗਿਆ ਹੈ।

ਦਿ ਡਾਨ ਦੀ ਖ਼ਬਰ ਜਾਣਕਾਰੀ ਦਿੰਦੀ ਹੈ ਕਿ ਪਾਕਿਸਤਾਨ ਦੇ ਸਵਾਤ ਇਲਾਕੇ ਵਿੱਚ ਆਰਮੀ ਕੈਂਪ ਨੇੜੇ ਇੱਕ ਆਤਮਘਾਤੀ ਹਮਲਾਵਰ ਦੇ ਨਾਲ ਕਰੀਬ 11 ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਹੈ।

ਮਿਲਟ੍ਰੀ ਮੀਡੀਆ ਵਿੰਗ ਨੇ ਜਾਣਕਾਰੀ ਦਿੱਤੀ ਕਿ ਆਰਮੀ ਕੈਂਪ ਦੇ ਖੇਡ ਇਲਾਕੇ ਵਿੱਚ ਵਾਪਰੇ ਇਸ ਹਾਦਸੇ ਵਿੱਚ 13 ਹੋਰ ਸੈਨਿਕ ਜਖ਼ਮੀ ਹੋਏ ਹਨ।

ਅਖ਼ਬਾਰ ਨੇ ਏਐੱਫਪੀ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਲਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)