ਮੇਰੀ ਦਾੜ੍ਹੀ ਤੇ ਟੋਪੀ ਦੇਖ ਕੇ ਹਮਲਾ ਕੀਤਾ ਗਿਆ- ਕਸ਼ਮੀਰੀ ਵਿਦਿਆਰਥੀ

ਕਸ਼ਮੀਰੀ ਵਿਦਿਆਰਥੀ Image copyright TWITTER/ @iam_javid
ਫੋਟੋ ਕੈਪਸ਼ਨ 'ਜਾਵੇਦ ਇਕਬਾਲ ਜਗਲ' ਨਾਮ ਦੇ ਟਵਿਟੱਟਰ ਹੈਂਡਲ ਤੋਂ ਇਹ ਤਸਵੀਰ ਟਵੀਟ ਕੀਤੀ ਗਈ ਹੈ।

ਹਰਿਆਣਾ ਦੇ ਜ਼ਿਲ੍ਹਾ ਮਹਿੰਦਰਗੜ੍ਹ ਵਿੱਚ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਕੀਤੇ ਹਮਲੇ ਤੋਂ ਬਾਅਦ ਇੱਕ ਵਾਰ ਫੇਰ ਸੂਬੇ ਵਿੱਚ ਘੱਟਗਿਣਤੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹਾ ਹੋ ਗਿਆ ਹੈ।

ਹਰਿਆਣਾ ਸੈਂਟਰਲ ਯੂਨੀਵਰਸਿਟੀ ਦੇ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਸ਼ੁੱਕਰਵਾਰ ਦੀ ਨਮਾਜ਼ ਪੜ੍ਹ ਕੇ ਵਾਪਸ ਆ ਰਹੇ ਸਨ।

ਹਮਲੇ ਵਿੱਚ ਫੱਟੜ ਹੋਏ ਆਫ਼ਤਾਬ ਅਹਿਮਦ ਨੇ ਆਪਣੀ ਹੱਡਬੀਤੀ ਸੁਣਾਈ।

ਆਫ਼ਤਾਬ ਨੇ ਦੱਸਿਆ, "ਮੈਂ ਜੁਮੇ ਦੀ ਨਮਾਜ਼ ਪੜ੍ਹਨ ਲਈ ਤਿਆਰ ਹੋ ਕੇ ਮਸਜਿਦ ਗਿਆ ਸੀ। ਮੇਰੇ ਦਾੜ੍ਹੀ ਹੈ ਤੇ ਮੇਰੇ ਸਿਰ 'ਤੇ ਟੋਪੀ ਵੀ ਸੀ। ਮੈਂ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ।"

ਆਫ਼ਤਾਬ ਦਾ ਇਲਜ਼ਾਮ ਹੈ ਕਿ ਹਮਲਾਵਰ ਇੱਕ ਦਰਜਨ ਤੋਂ ਵੱਧ ਸਨ। ਉਨ੍ਹਾਂ ਨੇ ਮਸਜਿਦ 'ਚੋਂ ਨਿਕਲਦਿਆਂ ਹੀ ਆਫ਼ਤਾਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ।

ਆਫ਼ਤਾਬ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੇਵਜ੍ਹਾ ਕੁੱਟਿਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦਾ ਕੁਝ ਦੇਰ ਪਹਿਲਾਂ ਉੱਤਰ ਪ੍ਰਦੇਸ਼ ਦੇ ਕੁਝ ਨੌਜਵਾਨਾਂ ਨਾਲ ਵੀ ਝਗੜਾ ਹੋਇਆ ਸੀ। ਇਸ ਕਰਕੇ ਉਨ੍ਹਾਂ ਨੇ ਕਸ਼ਮੀਰੀ ਵਿਦਿਆਰਥੀ ਨੂੰ ਉਨ੍ਹਾਂ ਦਾ ਹੀ ਹਮਾਇਤੀ ਸਮਝ ਕੇ ਉਸ ਉੱਪਰ ਹਮਲਾ ਕਰ ਦਿੱਤਾ।

ਹਾਲਾਂਕਿ ਆਫ਼ਤਾਬ ਨੂੰ ਪੁਲਿਸ ਦੀ ਇਹ ਸਫ਼ਾਈ ਹਜਮ ਨਹੀਂ ਹੋ ਰਹੀ।

Image copyright Aftab Ahmad
ਫੋਟੋ ਕੈਪਸ਼ਨ ਆਫ਼ਤਾਬ ਦਾ ਕਹਿਣਾ ਹੈ ਕਿ ਹਮਲੇ ਮਗਰੋਂ ਉਹ ਡਰੇ ਹੋਏ ਹਨ।

ਆਫ਼ਤਾਬ ਨੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੂੰ ਦੱਸਿਆ, "ਉਹ ਮੈਨੂੰ ਕੁੱਟ ਰਹੇ ਸਨ ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਮੇਰਾ ਕਸੂਰ ਕੀ ਹੈ। ਮੈਂ ਆਖ਼ਰ ਕੀਤਾ ਕੀ ਹੈ ਜੋ ਤੁਸੀਂ ਮੈਨੂੰ ਕੁੱਟ ਰਹੇ ਹੋ।"

"ਮੈਂ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਮੈਂ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ।"

ਆਫ਼ਤਾਬ ਦਸਦੇ ਹਨ, "ਉਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ, ਮੈਂ ਬੇਹੋਸ਼ ਹੋ ਗਿਆ ਸੀ। ਕਈ ਲੋਕ ਦੇਖ ਰਹੇ ਸਨ ਪਰ ਮਦਦ ਲਈ ਕੋਈ ਅੱਗੇ ਨਹੀਂ ਆਇਆ।"

ਆਫ਼ਤਾਬ ਨੇ ਅੱਗੇ ਦੱਸਿਆ, "ਮੈਂ ਨਹੀਂ ਜਾਣਦਾ ਕਿ ਹਮਲਾਵਰ ਕੌਣ ਸਨ, ਉਨ੍ਹਾਂ ਨੇ ਮੇਰੇ 'ਤੇ ਹਮਲਾ ਕਿਉਂ ਕੀਤਾ ਪਰ ਇਸ ਤੋਂ ਮਗਰੋਂ ਮੈਂ ਡਰਿਆ ਹੋਇਆ ਹਾਂ। ਪੜ੍ਹਾਈ ਪੂਰੀ ਕਰਨੀ ਮੁਸ਼ਕਿਲ ਹੋਵੇਗੀ।"

ਹਰਿਆਣਾ ਸੈਂਟਰਲ ਯੂਨੀਵਰਸਿਟੀ ਵਿੱਚ ਭੂਗੋਲ ਵਿਸ਼ੇ ਵਿੱਚ ਐਮਐਸਸੀ ਕਰ ਰਹੇ ਆਫ਼ਤਾਬ ਦੱਸਿਆ ਕਿ ਕਿ ਜਦੋਂ ਉਹ ਇੱਥੇ ਪੜ੍ਹਨ ਆਏ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਡਰ ਸੀ ਪਰ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਹਮਲਾ ਹੋ ਜਾਵੇਗਾ।

ਆਫ਼ਤਾਬ ਕਹਿੰਦੇ ਹਨ, "ਕਸ਼ਮੀਰੀ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੇ ਸਵਾਲਾਂ ਅਤੇ ਮਿਹਣੇ ਸਹਿਣੇ ਪੈਂਦੇ ਹਨ ਪਰ ਅਸੀਂ ਕਦੇ ਜਵਾਬ ਨਹੀਂ ਦਿੰਦੇ। ਹੁਣ ਅਨਜਾਣ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹਨਾਂ ਨੇ ਜਾਨੀ ਹਮਲਾ ਕੀਤਾ ਹੈ। ਇਹ ਇੱਕ ਸੋਚਿਆ ਸਮਝਿਆ ਹਮਲਾ ਸੀ।"

ਪੁਲਿਸ ਦਾ ਕੀ ਕਹਿਣਾ ਹੈ?

ਪੁਲਿਸ ਦਾ ਕਹਿਣਾ ਹੈ ਕਿ ਹਮਲਾ ਸੜਕ 'ਤੇ ਹੋਏ ਇੱਕ ਝਗੜੇ ਨੂੰ ਲੈ ਕੇ ਹੋਇਆ ਸੀ ਤੇ ਤਿੰਨਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਐਸਪੀ ਨਾਰਨੌਲ ਕਮਲਦੀਪ ਗੋਇਲ ਨੇ ਬੀਬੀਸੀ ਨੂੰ ਦੱਸਿਆ, "ਸ਼ੁੱਕਰਵਾਰ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਮੋਟਰਸਾਈਕਲਾਂ ਦੀ ਟੱਕਰ ਨੂੰ ਲੈ ਕੇ ਪੰਜ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਇਸ ਮਗਰੋਂ ਮੋਟਰਸਾਈਕਲ ਵਾਲੇ ਨੌਜਵਾਨ ਕੁਝ ਹੋਰ ਮੁੰਡਿਆਂ ਨੂੰ ਲੈ ਕੇ ਉੱਥ ਆ ਗਏ।"

ਪੁਲਿਸ ਮੁਤਾਬਕ ਫੜੇ ਗਏ ਤਿੰਨੇ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੋਵਾਂ ਕਸ਼ਮੀਰੀ ਮੁੰਡਿਆਂ ਨੂੰ ਪੰਜ ਮੁੰਡਿਆਂ ਨਾਲ ਖੜ੍ਹੇ ਦੇਖਿਆ ਸੀ।

ਇਸ ਲਈ ਉਹਨਾਂ ਨੇ ਇਨ੍ਹਾਂ ਤਿੰਨਾਂ ਨੂੰ ਉਹਨਾਂ ਦੇ ਸਾਥੀ ਸਮਝ ਕੇ ਕੁੱਟਿਆ। ਫੱਟੜ ਹੋਏ ਵਿਦਿਆਰਥੀ ਉਸ ਸਮੇਂ ਨਮਾਜ਼ ਪੜ੍ਹ ਕੇ ਵਾਪਸ ਆ ਰਹੇ ਸਨ।

Image copyright TWITTER/ @iam_javid

ਕਮਲਦੀਪ ਗੋਇਲ ਨੇ ਦੱਸਿਆ ਕਿ ਕੁੱਲ ਛੇ ਹਮਲਾਵਰਾਂ ਦੀ ਪਛਾਣ ਹੋਈ ਹੈ ਤੇ ਬਾਕੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।

ਉਮਰ ਅਬਦੁੱਲਾ ਤੋਂ ਮੰਗੀ ਮਦਦ

ਆਫ਼ਤਾਬ ਅਤੇ ਉਹਨਾਂ ਨਾਲ ਫੱਟੜ ਹੋਏ ਅਮਜ਼ਦ ਅਲੀ ਹਾਲੇ ਹੋਸਟਲ ਵਿੱਚ ਹੀ ਹਨ। ਆਫ਼ਤਾਬ ਕਹਿੰਦੇ ਹਨ ਕਿ ਉਹਨਾਂ ਨੇ ਟਵੀਟ ਰਾਹੀਂ ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੂੰ ਘਟਨਾ ਬਾਰੇ ਦੱਸਿਆ ਹੈ।

'ਜਾਵੇਦ ਇਕਬਾਲ ਜਗਲ' ਨਾਮ ਦੇ ਟਵਿੱਟਰ ਹੈਂਡਲ ਤੋਂ ਸ਼ੁੱਕਰਵਾਰ ਰਾਤ ਨੂੰ ਕੀਤੇ ਗਏ ਟਵੀਟ ਵਿੱਚ ਫੱਟੜ ਆਫ਼ਤਾਬ ਦੀਆਂ ਤਸਵੀਰਾਂ ਨਾਲ ਲਿਖਿਆ ਗਿਆ ਸੀ, "ਸਰ, ਅਸੀਂ ਸੈਂਟਰਲ ਯੂਨੀਵਰਸਿਟੀ ਆਫ਼ ਹਰਿਆਣਾ ਦੇ ਵਿਦਿਆਰਥੀ ਹਾਂ। ਅਸੀਂ ਕੈਂਪਸ ਤੋਂ ਬਾਹਰ ਨਮਾਜ਼ ਪੜ੍ਹਨ ਲਈ ਗਏ ਸੀ ਅਤੇ ਕੁਝ ਸਥਾਨਕ ਗੁੰਡਿਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ।"

ਇਸ ਮਗਰੋਂ ਉਮਰ ਨੇ ਟਵੀਟ ਕਰਕੇ ਜਵਾਬ ਦਿੱਤਾ, "ਇਹ ਭਿਆਨਕ ਹੈ ਅਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਜੋ ਕਿਹਾ ਸੀ ਉਸ ਭਾਵਨਾ ਦੇ ਖਿਲਾਫ਼ ਹੈ। ਮੈਨੂੰ ਉਮੀਦ ਹੈ ਕਿ ਹਰਿਆਣਾ ਪ੍ਰਸ਼ਾਸਨ ਜਲਦ ਹੀ ਹਿੰਸਾ ਦੇ ਖਿਲਾਫ਼ ਕਦਮ ਚੁੱਕੇਗਾ।"

ਜੰਮੂ ਤੇ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਇਸ ਬਾਰੇ ਤੁਰੰਤ ਪ੍ਰਤੀਕਿਰਿਆ ਦਿੱਤੀ।

ਉਹਨਾਂ ਨੇ ਟਵੀਟ ਕੀਤਾ, "ਹਰਿਆਣਾ ਦੇ ਜ਼ਿਲ੍ਹਾ ਮਹਿੰਦਰਗੜ੍ਹ ਵਿੱਚ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲੇ ਦੀ ਰਿਪੋਰਟ ਸੁਣ ਕੇ ਹੈਰਾਨ ਤੇ ਪ੍ਰੇਸ਼ਾਨ ਹਾਂ। ਮੈਂ ਅਧਿਕਾਰੀਆਂ ਨੂੰ ਜਾਂਚ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕਰਦੀ ਹਾਂ।"

ਮਹਿਬੂਬਾ ਮੁਫ਼ਤੀ ਦੇ ਟਵੀਟ ਦਾ ਜਵਾਬ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲਿਖਿਆ ਹੈ ਕਿ ਮੁਲਜ਼ਮਾਂ ਨੂੰ ਸਜ਼ਾ ਜ਼ਰੂਰ ਹੋਵੇਗੀ।

ਉਹਨਾਂ ਨੇ ਲਿਖਿਆ, "ਮਾਮਲਾ ਬਾਈਕ ਦੀ ਟੱਕਰ ਵਰਗੀ ਛੋਟੀ ਘਟਨਾ ਤੋਂ ਸ਼ੁਰੂ ਹੋਇਆ। ਤਿੰਨ ਵਿਅਕਤੀ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)